ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ

Posted On October - 22 - 2019

ਅਮਰਜੀਤ ਚੰਦਨ

ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਕੋਈ ਚਿਤ੍ਰਕਾਰ ਅਪਣੀ ਬਣਾਈ ਤਸਵੀਰ ਉੱਤੇ ਇਸਰਾਂ ਦਸਤਖ਼ਤ ਕਰਦਾ ਹੁੰਦਾ ਸੀ: ‘ਲਿਖੀ ਲਾਲ ਸਿੰਘ ਮੁਸੱਵਰ ਨੇ’। ਯਾਨੀ ਕਿ ਤਸਵੀਰ ਲਿਖੀ ਵੀ ਜਾਂਦੀ ਏ।
ਰੂਪੀ ਕੌਰ ਚੀਮਾ ਟੁੱਟ ਐਸੀ ਚਿਤ੍ਰਕਾਰ ਹੈ, ਜੋ ਚਿਤ੍ਰ ਵਾਹੁੰਦੀ ਤਾਂ ਹੈ ਈ ਤੇ ਨਾਲ਼-ਨਾਲ਼ ਚਿਤ੍ਰਾਂ ਨੂੰ ਸੱਚੀਮੁੱਚੀ ਲਿਖਦੀ ਵੀ ਹੈ। ਲਿਖਦੀ ਇਸ ਲਿਹਾਜ਼ ਨਾਲ਼ ਕਿ ਸਦੀਆਂ ਪੁਰਾਣੀ ਮੁਗ਼ਲਾਂ ਦੇ ਵੇਲੇ ਤੇ ਪਾਲੀ ਸੰਸਕ੍ਰਿਤ ਦੇ ਪੱਤਰਿਆਂ ਤੇ ਵਾਹੀਆਂ ਮਿਨੀਏਚਰ ਸ਼ੈਲੀ ਦੀਆਂ ਮੂਰਤਾਂ ਨਾਲ਼ ਕੀਤੀ ਖ਼ੁਸ਼ਨਵੀਸੀ (ਕੈਲਿਗਰਾਫ਼ੀ) ਵਾਲ਼ੀ ਜੁਗਤ ਵੀ ਵਰਤਦੀ ਹੈ। (ਇਹ ਜੁਗਤ 19ਵੀਂ ਸਦੀ ਵਿਚ ਕਾਂਗੜਾ ਗੁਲੇਰ ਕਲਾ ਵਿਚ ਬੜੀ ਵਰਤੀ ਜਾਂਦੀ ਸੀ।) ਰੂਪੀ ਸੂਫ਼ੀਬਾਣੀ ਤੇ ਗੁਰਬਾਣੀ ਦੇ ਹਰਫ਼ ਮੋਤੀਆਂ ਹਾਰ ਪਿਰੋ-ਪਿਰੋ ਕੇ ਲਿਖਦੀ ਏ। ਇਹ ਪਿਰੋਣਾ ਹੈਰਾਨ ਕਰਦਾ ਹੈ, ਕਿਉਂਕਿ ਸਾਨੂੰ ਹਰਫ਼ਾਂ ਨੂੰ ਇਸ ਕਿਸਮ ਦੀ ਸੁਹਣੀ ਚਿਣਾਈ ਵਿਚ ਵੇਖਣ ਦੀ ਆਦਤ ਨਹੀਂ। ਅਪਣੀ ਬੋਲੀ ਤੋਂ ਸਾਡੀ ਤੱਕਣੀ ਵੀ ਵਿਜੋਗੀ ਗਈ ਏ। ਰੂਪੀ ਦੇ ਲਿਖੇ ਹਰਫ਼ ਪੱਥਰ ਵਿਚ ਉੱਕਰੇ ਲਗਦੇ ਨੇ; ਪੱਥਰ ਲੀਕਾਂ ਜਾਂ ਧਾਤ ਵਿਚ ਢਾਲ਼ੇ ਹਰਫ਼, ਜੋ ਅਪਣੀ ਥਾਂ ਨਾਲ਼ ਐਸੇ ਜੁੜੇ ਬੈਠੇ ਨੇ ਕਿ ਕੋਈ ਇਨ੍ਹਾਂ ਨੂੰ ਹਿਲਾ ਨਹੀਂ ਸਕਦਾ। ਗੁਰਮੁਖੀ ਪੰਜਾਬੀ ਦੀ ਮਾਂ-ਲਿੱਪੀ ਹੈ। ਰੂਪੀ ਦੱਸਦੀ ਏ: “ਮੈਨੂੰ ਡਰ ਲਗਦਾ ਸੀ ਕਿ ਮੈਨੂੰ ਪੰਜਾਬੀ ਲਿਖਣੀ ਭੁੱਲ ਨਾ ਜਾਏ। ਫੇਰ ਮੈਂ ਪੰਜਾਬੀ ਦੀ ਖ਼ੁਸ਼ਨਵੀਸੀ ਕਰਨ ਲਗ ਪਈ। ਮੇਰਾ ਡਰ ਹਟ ਗਿਆ।’

ਅਮਰਜੀਤ ਚੰਦਨ

ਸਿੱਖ ਰੀਤ ਵਿਚ ਜਨਮਸਾਖੀਆਂ ਤੇ ਗੁਰਬਾਣੀ ਦੀਆਂ ਹੱਥੀਂ-ਲਿਖੀਆਂ ਪੋਥੀਆਂ ਇੰਜ ਹੀ ਸ਼ਿੰਗਾਰੀਆਂ ਜਾਂਦੀਆਂ ਸਨ। ਦਸਮੇਸ਼ ਗੁਰੂ ਗੋਬਿੰਦ ਸਿੰਘ ਦੀ ਸੰਗਤ ਦੇ ਗੁਰੂ ਗ੍ਰੰਥ ਦੀਆਂ ਨਕਲਾਂ ਲਿਖਣ ਵਾਲ਼ੇ ਖ਼ੁਸ਼ਨਵੀਸ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਡੇ ਵੱਡੇ ਸ਼ਹੀਦ ਹੋ ਗੁਜ਼ਰੇ।
ਗੁਰਬਾਣੀ ਕੁਦਰਤ ਦੀ ਵਡਿਆਈ ਨਾਲ਼ ਭਰੀ ਪਈ ਏ। ਰੂਪੀ ਨੇ ਗੁਰਬਾਣੀ ਵਿਚ ਰਹਿੰਦੇ ਪੰਛੀਆਂ ਤੇ ਲਹਿਰਦੇ ਬੂਟਿਆਂ, ਰੁੱਖਾਂ ਤੇ ਫਲਾਂ ਦੀਆਂ ਤਸਵੀਰਾਂ ਬਣਾ ਕੇ ਪੁੰਨ ਖੱਟਿਆ ਏ।
ਈਰਾਨ ਵਿਚ ਰੂਪ-ਵਿਗਿਆਨੀ (ਮੌਰਫ਼ੌਲੌਜੀ) ਇਲਮੁਲ-ਹਰੂਫ਼ ਜਾਂ ਹਰੂਫ਼ੀ ਵਾਲ਼ੇ ਇਸਲਾਮੀ ਦਾਨੇ ਹਰਫ਼ਾਂ ਵਿਚ ਰੱਬ ਵੇਂਹਦੇ ਸਨ। ਰੂਮੀ ਤੇ ਬੁੱਲ੍ਹੇ ਸ਼ਾਹ ਹੁਰੀਂ ਇਕ ਨੁਕਤੇ ਇਕ ਬਿੰਦੂ ਦੀ ਗੱਲ ਕਰਦੇ ਨੇ। ਕੋਈ ਰੂਪੀ ਦੇ ਸੂਫ਼ੀਬਾਣੀ ਤੇ ਗੁਰਬਾਣੀ ਦੇ ਵਾਹੇ ਸੁਲੇਖ ਵਿਚ ਵੀ ਰੱਬ ਵੇਖ ਸਕਦਾ ਏ।
20ਵੀਂ ਸਦੀ ਦੇ ਪੰਜਾਬ ਵਿਚ ਦੋ ਵਾਰ ਪਰਲੋ ਆਈ – ਸੰਨ ਸੰਤਾਲ਼ੀ ਦੀ ਤੇ ਫੇਰ ਪਰਦੇਸ-ਗਮਨ ਦੀ। ਸੰਤਾਲ਼ੀ ਵਿਚ ਲੋਕ ਧੱਕੇ ਨਾਲ਼ ਪਰਦੇਸੀ ਰਫ਼ੂਜੀ ਬਣਾ ਦਿੱਤੇ ਗਏ; ਫੇਰ ਲੱਖਾਂ ਅਪਣੀ ਮਰਜ਼ੀ ਨਾਲ਼ ਪਰਦੇਸੀ ਬਣੇ। ਕੋਈ ਵਿਰਲਾ ਈ ਪੰਜਾਬੀ ਹੋਏਗਾ, ਜਿਹਨੂੰ ਅਪਣਾ ਘਰ ਨਹੀਂ ਛੱਡਣਾ ਪਿਆ। ਹਰ ਕਿਸੇ ਨੂੰ ਅਪਣੇ ਘਰ ਦੀ ਤਲਾਸ਼ ਹੈ। ਫੇਰ ਰੂਪੀ ਨੇ ਨਿੱਕੀ ਉਮਰੇ ਅਪਣੇ ਮਾਪਿਆਂ ਨਾਲ਼ ਕੈਲਿਫ਼ੋਰਨੀਆ ਅਮਰੀਕਾ ਦਾ ਦੂਸਰਾ ਪਰਦੇਸ ਸਹੇੜ ਲਿਆ। ਰੂਪੀ ਦੇ ਚਿਤ੍ਰ ਇਨ੍ਹਾਂ ਹਾਦਸਿਆਂ ਦੀ ਪੀੜ ਨਾਲ਼ ਪਰੁੱਚੇ ਹੋਏ ਨੇ।
ਚੰਡੀਗੜ੍ਹ ਦੀ ਜੰਮਪਲ਼ ਰੂਪੀ ਦੇ ਵਡਿੱਕੇ ਸਿਆਲ਼ਕੋਟ ਦੀ ਡਸਕਾ ਤਹਿਸੀਲ ਦੇ ਜਾਮਕੇ ਤੇ ਸਹਜੋਕੇ ਪਿੰਡਾਂ ਚੋਂ ਸੰਤਾਲ਼ੀ ਵੇਲੇ ਉਠ ਕੇ ਵਾਹਗੇ ਪਾਰ ਚਲੇ ਗਏ ਸਨ। ਰੂਪੀ ਵੱਡੇ ਉਜਾੜੇ ਦੀਆਂ ਹੱਡਬੀਤੀਆਂ ਸੁਣਨ ਵਾਲ਼ੀ ਦੂਜੀ ਪੀੜ੍ਹੀ ਦੀ ਗਵਾਹ ਹੈ। ਇਹਨੇ ਬਹੁਤ ਸਾਰੀਆਂ ਤਸਵੀਰਾਂ ਸਾਂਝੇ ਅਣਵੰਡੇ ਪੰਜਾਬ ਦੇ ਨਕਸ਼ੇ ’ਤੇ ਬਣਾਈਆਂ ਨੇ।
ਰੂਪੀ ਇਨ੍ਹਾਂ ਤਸਵੀਰਾਂ ਵਿਚ ਝਰੀਟਾਂ ਨਾਲ਼ ਭਰੀ ਘਰ ਖੁੱਸਣ ਦੀ ਗੁੰਗੀ ਫ਼ਿਲਮ ਦਿਖਾਉਂਦੀ ਹੈ। ਚਲਦੀ ਰੀਲ ਟੁੱਟਦੀ ਰਹਿੰਦੀ ਹੈ; ਤੇ ਮੁੜ ਮੁੜ ਜੋੜ ਕੇ ਚਲਾਣੀ ਪੈਂਦੀ ਏ। ਮੌਤ ਵਰਗੀ ਚੁੱਪ ਪੱਸਰੀ ਹੋਈ ਏ। ਕੋਈ ਆਵਾਜ਼ ਨਹੀਂ ਸੁਣੀਂਦੀ। ਚੜ੍ਹਦਿਓਂ ਲਹਿੰਦੇ ਵਲ ਤੇ ਲਹਿੰਦਿਓਂ ਚੜ੍ਹਦੇ ਵਲ ਭੱਜੀਆਂ ਜਾਂਦੀਆਂ ਰੇਲਗੱਡੀਆਂ ਖ਼ਾਲੀ ਨੇ। ਰੇਲ ਦੀਆਂ ਲੀਹਾਂ ਕਿਸੇ ਪੁੱਟ ਛੱਡੀਆਂ ਨੇ। ਦੋਹਵੀਂ ਪਾਸੀਂ ਸਿਵੇ ਬਲ਼ਦੇ ਨੇ। ਪੰਜਾਬ ਦੀ ਧਰਤੀ ਕਰਤਾਰਪੁਰੇ ਦੀਆਂ ਬਾਬੇ ਦੇ ਵੇਲੇ ਦੀਆਂ ਪੈਲ਼ੀਆਂ ਲਗਦੀ ਏ।

ਰੂਪੀ ਕੌਰ ਅਤੇ ਉਸ ਦੀਆਂ ਕਲਾਕ੍ਰਿਤਾਂ। (ਫੋਟੋਆਂ: ਲਾਰਾ ਕੌਰ

ਰੂਪੀ ਅਪਣੀ ਸਾਰੀ ਕਲਾ ਵਿਚ ਸਾਂਝੇ ਪੰਜਾਬ ਦੀ ਸਿਆਸੀ ਧਿਰ ਬਣਦੀ ਹੈ। ਪੰਜਾਬੀਅਤ ਦੀ ਖਰੀ ਮਿਸਾਲ – ਸੂਫ਼ੀਬਾਣੀ ਤੇ ਗੁਰਬਾਣੀ ਜਿਹਦੇ ਚਾਨਣ ਮੁਨਾਰੇ ਹਨ। ਇਹ ਦੇਖੋ, ਸੁਹਜ ਏਨਾ ਸਿਆਸੀ ਵੀ ਹੋ ਸਕਦਾ ਹੈ। ਪਤਾ ਨਹੀਂ, ਰੂਪੀ ਦੇ ਹੱਥੀਂ ਬਣਾਏ ਕਾਗ਼ਜ਼ ਤੇ ਰੰਗਾਂ ਵਿਚ ਏਨਾ ਦੁੱਖ ਤੇ ਏਨਾ ਸੁਹਜ ਸਮਾ ਲੈਣ ਦੀ ਸ਼ਕਤੀ ਕਿੱਥੋਂ ਆਉਂਦੀ ਹੈ?

ਕਲਾਮ ਰੂਪੀ ਚੀਮਾ ਚਿਤ੍ਰਕਾਰ

ਮੈਨੂੰ ਡਰ ਲਗਦਾ ਸੀ
ਮੈਂ ਪੰਜਾਬੀ ਲਿਖਣੀ ਭੁੱਲ ਨ ਜਾਵਾਂ
ਭੁੱਲ ਨ ਜਾਵੇ ਲਿਖਣਾ
ਖੁੱਲ੍ਹਾ ਊੜਾ ਤੇ ਇਸ ਤੋਂ ਪਹਿਲਾਂ ਜੋ ਏਕਮ ਹੈ

ਙੰਙਾ ਞੰੰਞਾ
ਊ ਆ ਏ
ਈ ਆ ਊ

ਮੈਂ ਲਿਖਣੇ ਲਾਗੀ
ਲੇ ਕਰ ਕਾਨੀ ਤੇ ਮਸ
ਕਾਗਤ ਉੱਤੇ
ਕਾਰ ਕਲਮ ਦੀ ਕੱਲਮਕੱਲੀ
ਲਹੂ ਪਸੀਨੇ ਦੁੱਧ ਦੇ ਅੱਖਰ
ਰੰਗ ਸੁਰੰਗੇ ਧੂਸਰ ਮਿੱਟੀ ਰੰਗੇ
ਨਾਲ਼ ਮੇਰੇ ਓ੍ਹ ਰੋਵਣ ਹੱਸਣ ਗਾਵਣ ਲੱਗੇ

ਨੀਲ ਆਕਾਸ਼ ਕਾਗਤ ਉੱਤੇ ਲੱਥਿਆ
ਚਮਕਣ ਲੱਗੇ ਅੱਖਰ ਦਮਕਣ ਤਾਰੇ
ਹਰ ਰੰਗ ਰੰਗੀਲਾ ਅੱਖਰ ਦਰਪਣ
ਦਰਪਣ ਅੱਗੇ ਦਰਪਣ ਧਰਿਓ
ਅੱਖੀਆਂ ਮੁੰਦ ਕਰ ਦਰਸਣ ਕਰਿਓ

ਜੜ੍ਹ ਲੱਭੀ
ਮੁੜ ਜਨਮ ਲਿਆ
ਮੈਂ ਨਿਰਭਉ ਹੋ ਗਈ

ਹੁਣ ਮੈਂ ਨਈਂ ਡਰਦੀ॥

-ਅ. ਚੰ.


Comments Off on ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.