ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਰਾਹੋਂ ਦਾ ‘ਦਿੱਲੀ ਦਰਵਾਜ਼ਾ’

Posted On October - 16 - 2019

ਬਹਾਦਰ ਸਿੰਘ ਗੋਸਲ
ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਕਸਬਾ ਰਾਹੋਂ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਇਹ ਕਸਬਾ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਹੈ। ਜੇ ਇਸ ਕਸਬੇ ਦੇ ਇਤਿਹਾਸ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 16ਵੀਂ ਸ਼ਤਾਬਦੀ ਵਿਚ ਇਹ ਕਸਬਾ ਮੁਗਲਾਂ ਦੇ ਸਮੇਂ ਬਹੁਤ ਹੀ ਉੱਨਤ ਅਤੇ ਪ੍ਰਸਿੱਧ ਵਪਾਰਕ ਕੇਂਦਰ ਰਿਹਾ ਹੈ। ਉਸ ਵੇਲੇ ਇਸ ਕਸਬੇ ਦੀ ਅਬਾਦੀ ਲਗਭਗ ਡੇਢ ਲੱਖ ਦੇ ਕਰੀਬ ਸੀ, ਜੋ ਬਹੁਤਾਤ ਮੁਸਲਮਾਨਾਂ ਦੀ ਸੀ।
ਉਸ ਸਮੇਂ ਰਾਹੋਂ ਦੇ ਚਾਰੇ ਪਾਸੇ ਚਾਰ ਵੱਡੇ ਦਰਵਾਜ਼ੇ ਸਨ, ਜਿਨ੍ਹਾਂ ਵਿਚ ਦਿੱਲੀ ਦਰਵਾਜ਼ਾ ਅਤੇ ਲਾਹੌਰੀ ਦਰਵਾਜ਼ਾ ਬਹੁਤ ਮਸ਼ਹੂਰ ਸਨ। ਦਿੱਲੀ ਦਰਵਾਜ਼ੇ ਦੀ ਮਹੱਤਤਾ ਇਹ ਸੀ ਕਿ ਇਹ ਇਸ ਕਸਬੇ ਅਤੇ ਦਿੱਲੀ ਦੇ ਵਿਚਕਾਰ ਵਪਾਰ ਦੀ ਨਿਸ਼ਾਨੀ ਸੀ। ਇਹ ਦਰਵਾਜ਼ਾ ਰਾਹੋਂ ਨੂੰ ਮਾਛੀਵਾੜਾ, ਸਰਹਿੰਦ, ਥਾਨੇਸਰ ਕਰਨਾਲ, ਪਾਨੀਪਤ ਅਤੇ ਸੋਨੀਪਤ ਰਾਹੀਂ ਦਿੱਲੀ ਨੂੰ ਜੋੜਦਾ ਸੀ। ਇਸ ਸ਼ਹਿਰ ਤੋਂ ਵਪਾਰੀ ਵੱਡੇ ਪੱਧਰ ’ਤੇ ਵਪਾਰ ਕਰਨ ਲਈ ਦਿੱਲੀ ਜਾਂਦੇ ਅਤੇ ਦਿੱਲੀ ਦੇ ਵੱਡੇ-ਵੱਡੇ ਸੌਦਾਗਰ ਇਸ ਦਰਵਾਜ਼ੇ ਰਾਹੀਂ ਰਾਹੋਂ ਦਾਖਲ ਹੁੰਦੇ ਸਨ। ਇਸ ਕਸਬੇ ਵਿਚ ਰਹਿੰਦੇ ਲੋਕ ਰੇਸ਼ਮੀ ਕੱਪੜੇ ਦੀ ਬੁਣਾਈ ਕਰਦੇ ਸਨ ਅਤੇ ਉਸ ’ਤੇ ਲੱਗਣ ਵਾਲੇ ਗੋਟੇ ਤੇ ਕਿਨਾਰੀ ਦੇ ਉਹ ਵਿਸ਼ੇਸ਼ ਕਾਰੀਗਰ ਸਨ। ਰਾਹੋਂ ਰੈਡੀਮੇਡ (ਤਿਆਰਸ਼ੁਦਾ) ਕੱਪੜਿਆਂ ਦਾ ਵੱਡਾ ਕੇਂਦਰ ਸੀ। ਦਿੱਲੀ ਦੇ ਵਪਾਰੀ ਵੀ ਇਸ ਰੇਸ਼ਮੀ ਕੱਪੜੇ ਦੀ ਅਤੇ ਖਾਸ ਤੌਰ ’ਤੇ ਤਿਆਰ ਗੋਟਾ-ਕਨਾਰੀ ਦੀ ਖਿੱਚ ਸਦਕਾ ਹੀ ਇਸ ਕਸਬੇ ਵਿਚ ਵਪਾਰ ਲਈ ਆਉਂਦੇ ਸਨ। ਉਸ ਸਮੇਂ ਇਨ੍ਹਾਂ ਮੁਸਲਮਾਨ ਬੁਣਕਰ ਕਾਰੀਗਰਾਂ ਸਦਕਾ ਉਨ੍ਹਾਂ ਦਾ ਦੇਸ਼ ਵਿੱਚ ਚੰਗਾ ਨਾਂ ਸੀ।
ਵਪਾਰੀਆਂ ਦਾ ਦਿੱਲੀ ਤੋਂ ਰਾਹੋਂ ਆਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਲੋਕ ਰਾਹੋਂ ਦੇ ਇਲਾਕੇ ਤੋਂ ਦੇਸੀ ਖੰਡ ਵੀ ਖਰੀਦ ਕੇ ਲੈ ਜਾਂਦੇ। ਇਸ ਕਾਰਨ ਦੇਸੀ ਖੰਡ ਦਾ ਵਪਾਰ ਵੀ ਚੰਗਾ ਉੱਨਤ ਹੋਇਆ। ਅੱਜ-ਕੱਲ੍ਹ ਵੀ ਇਹ ਇਲਾਕਾ ਗੰਨੇ ਦੇ ਉਤਪਾਦਨ ਅਤੇ ਨਵਾਂਸ਼ਹਿਰ ਖੰਡ ਮਿੱਲ ਲਈ ਪ੍ਰਸਿੱਧ ਹੈ।
ਪੁਰਾਣੇ ਕਸਬੇ ਦੇ ਮੁੱਖ ਕਿਲ੍ਹੇ ਨੂੰ ਮਿਲਾਉਣ ਵਾਲੇ ਚਾਰ ਦਰਵਾਜ਼ੇ ਵੱਖ-ਵੱਖ ਦਿਸ਼ਾਵਾਂ ਵਿਚ ਬਣਾਏ ਗਏ ਸਨ। ਲਾਹੌਰ ਵਾਲੇ ਪਾਸੇ ਲਾਹੌਰੀ ਗੇਟ ਵੀ ਇਸੇ ਕਰਕੇ ਪ੍ਰਸਿੱਧ ਸੀ ਕਿ ਦਿੱਲੀ ਤੋਂ ਆਉਣ ਵਾਲੇ ਸੌਦਾਗਰ ਜਾਂ ਸ਼ਾਹੀ ਫੌਜਾਂ ਦਿੱਲੀ ਗੇਟ ਤੋਂ ਹੋ ਕੇ ਲਾਹੌਰ ਗੇਟ ਰਾਹੀਂ ਲਾਹੌਰ ਜਾਂਦੀਆਂ ਸਨ। ਇਸ ਤਰ੍ਹਾਂ ਰਾਹੋਂ ਅਤੇ ਦਿੱਲੀ, ਲਾਹੌਰ ਦੇ ਸ਼ਾਹੀ ਰਾਹ ਲਈ ਵੀ ਇੱਕ ਕੜੀ ਸੀ। ਹੁਣ ਬਾਕੀ ਤਿੰਨ ਦਰਵਾਜ਼ਿਆਂ ਦਾ ਕੋਈ ਨਿਸ਼ਾਨ ਨਹੀਂ ਮਿਲਦਾ ਪਰ ਦਿੱਲੀ ਗੇਟ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਮੋਈ, ਬਿਨਾਂ ਕਿਸੇ ਸੰਸਥਾ ਜਾਂ ਸਰਕਾਰੀ ਦੇਖਭਾਲ ਦੇ ਦਿਨ ਕੱਟੀ ਕਰ ਰਿਹਾ ਹੈ। ਉਸ ਦੀ ਪੁਰਾਣੀ ਸ਼ਾਨ ਜਾਂ ਬਹੁਮੁੱਲਾ ਇਤਿਹਾਸ ਖ਼ਤਮ ਹੋਣ ਕਿਨਾਰੇ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖ ਫ਼ੌਜਾਂ ਅਤੇ ਮੁਗਲਾਂ ਦੀ ਰਾਹੋਂ ਵਿਚ ਹੋਈ ਲੜਾਈ ਕਾਰਨ ਇਸ ਕਸਬੇ ਦਾ ਕਾਫੀ ਨੁਕਸਾਨ ਹੋਇਆ। ਪੁਰਾਣਾ ਕਸਬਾ ਥੇਹ ਬਣ ਗਿਆ ਜਿਸ ’ਤੇ ਅੱਜ ਦਾ ਨਵਾਂ ਕਸਬਾ ਵਸਿਆ ਹੋਇਆ ਹੈ। ਪੁਰਾਣੀਆਂ ਸਭ ਇਮਾਰਤਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਇਹ ਦਿੱਲੀ ਦਰਵਾਜ਼ਾ ਵੀ ਥੇਹ ’ਤੇ ਵਸੇ ਕਸਬੇ ਦੇ ਚੜ੍ਹਦੇ ਵੱਲ ਢਲਾਣ ਉੱਤਰ ਕੇ ਦੇਖਣ ਨੂੰ ਮਿਲਦਾ ਹੈ। ਇਹ ਦਰਵਾਜ਼ਾ ਆਪਣੀ ਪੁਰਾਣੀ ਸ਼ਾਨ ਨੂੰ ਭੁੱਲ ਵਿਰਾਸਤੀ ਸੰਭਾਲ ਲਈ ਤਰਲੇ ਪਾਉਂਦਾ ਨਜ਼ਰ ਆਉਂਦਾ ਹੈ।
ਇੱਥੇ ਇਹ ਗੱਲ ਵਰਨਣਯੋਗ ਬਣਦੀ ਹੈ ਕਿ ਜਦੋਂ ਜਲੰਧਰ-ਦੁਆਬਾ ਦੇ ਹਾਕਮ ਸ਼ਮਸ ਖਾਂ ਨੂੰ ਸਿੰਘਾਂ ਦੇ ਰਾਹੋਂ ਵੱਲ ਜਾਣ ਦਾ ਪਤਾ ਲੱਗਿਆ ਤਾਂ ਉਸ ਨੇ ਜੰਗ ਦਾ ਐਲਾਨ ਕਰ ਦਿੱਤਾ ਅਤੇ ਸਮਕਾਲੀ ਪ੍ਰਸਿੱਧ ਇਤਿਹਾਸਕਾਰ ਖਾਫ਼ੀ ਖਾਂ ਦੇ ਕਥਨ ਅਨੁਸਾਰ ਇੱਕ ਲੱਖ ਤੋਂ ਵੱਧ ਮੁਸਲਮਾਨ ਜਿਨ੍ਹਾਂ ਵਿਚ ਬਹੁਤੇ ਇਸ ਇਲਾਕੇ ਦੇ ਜੁਲਾਹੇ ਕਾਰਗੀਰ ਅਤੇ ਗੋਟਾ, ਕਿਨਾਰੀ ਦਾ ਕੰਮ ਕਰਨ ਵਾਲੇ ਛੋਟੇ ਕਾਰੀਗਰ ਸਨ, ਨੇ ਇਕੱਠੇ ਹੋ ਕੇ ਸਿੰਘਾਂ ’ਤੇ ਹਮਲਾ ਕੀਤਾ, ਪਰ ਸਿੰਘਾਂ ਨੇ ਸਿੱਧੀ ਟੱਕਰ ਲੈਣ ਦੀ ਥਾਂ ਯੁੱਧ ਚਾਲ ਨੀਤੀ ਅਪਣਾਈ ਅਤੇ ਹਨੇਰੇ ਵਿਚ ਮੋਰਚਾ ਛੱਡ ਪੱਤਰੇ ਵਾਚ ਗਏ। ਸ਼ਮਸ ਖਾਂ ਆਪਣੀ ਜਿੱਤ ਸਮਝ ਕੇ ਥੋੜੇ ਜਿਹੇ ਫੌਜੀ ਕਿਲ੍ਹੇ ਵਿਚ ਛੱਡ ਕੇ ਆਪਣੀ ਰਾਜਧਾਨੀ ਚਲਾ ਗਿਆ। ਪਿਛਿਓਂ ਸਿੰਘਾਂ ਨੇ ਰਾਹੋਂ ਦੇ ਕਿਲ੍ਹੇ ’ਤੇ ਹਮਲਾ ਕਰਕੇ ਉਸ ਦੀ ਫ਼ੌਜ ਨੂੰ ਭਜਾ ਦਿੱਤਾ ਅਤੇ 12 ਅਕਤੂਬਰ 1710 ਈ: ਨੂੰ ਰਾਹੋਂ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਉਸ ਵੇਲੇ ਕਿਲ੍ਹੇ ਨੂੰ ਕਈ ਸੁਰੰਗਾਂ ਨਾਲ ਵੀ ਜੋੜਿਆ ਹੋਇਆ ਸੀ। ਇਹ ਸੁਰੰਗਾਂ ਚਾਰੇ ਦਰਵਾਜ਼ਿਆਂ ਤੱਕ ਜਾਂਦੀਆ ਹਨ ਪਰ ਅੱਜ ਇਹ ਦੇਖਣ ਨੂੰ ਨਹੀਂ ਮਿਲਦੀਆਂ। ਦਿੱਲੀ ਦਰਵਾਜ਼ੇ ਦੇ ਅੰਦਰ ਕਸਬੇ ਵਾਲੇ ਪਾਸੇ ਬਹੁਤ ਸਾਰੀਆਂ ਦੁਕਾਨਾਂ ਬਣ ਚੁੱਕੀਆਂ ਹਨ। ਭਾਵੇਂ ਕਿ ਇਹ ਇਲਾਕਾ ਕਾਫੀ ਖੁੱਲ੍ਹਾ ਹੈ ਪਰ ਬਜ਼ੁਰਗਾਂ ਦਾ ਦੱਸਣਾ ਹੈ ਕਿ ਬਾਬਾ ਰੌਸ਼ਨ ਸ਼ਾਹ, ਜੋ ਪ੍ਰਸਿੱਧ ਸੂਫੀ ਫਕੀਰ ਹੋਏ ਹਨ, ਦੇ ਸਮੇਂ ਤੋਂ ਕਦੇ ਕਿਸੇ ਨੇ ਇਸ ਦਿੱਲੀ ਦਰਵਾਜ਼ੇ ਦੀ ਸਾਰ ਨਹੀਂ ਲਈ। ਇੱਥੋਂ ਤੱਕ ਕਿ ਉਸ ਫਕੀਰ ਦੇ ਪੈਰੋਕਾਰਾਂ ਨੇ ਵੀ ਕਦੇ ਰੰਗ-ਰੋਗਨ ਕਰਾਉਣ ਦੀ ਖੇਚਲ ਨਹੀਂ ਕੀਤੀ।
ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੁਰਾਤਨ ਵਿਰਾਸਤੀ ਵਿਰਸੇ ਦੀ ਸਰਕਾਰੀ ਤੌਰ ’ਤੇ ਸੰਭਾਲ ਕੀਤੀ ਜਾਵੇ ਤਾਂ ਕਿ ਰਾਹੋਂ ਵਿਚ ਬਣੇ ਇਸ ਦਿੱਲੀ ਦਰਵਾਜ਼ੇ ਨੂੰ ਲੰਬੇ ਸਮੇਂ ਤੱਕ ਲੋਕਾਂ ਨੂੰ ਦੇਖਣ ਅਤੇ ਇਤਿਹਾਸ ਨੂੰ ਜਾਣਨ ਦਾ ਸੁਨਹਿਰੀ ਮੌਕਾ ਮਿਲ ਸਕੇ।
ਸੰਪਰਕ: 98764-52223


Comments Off on ਰਾਹੋਂ ਦਾ ‘ਦਿੱਲੀ ਦਰਵਾਜ਼ਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.