ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਯੂਰੋਪ ਦੀ ਮੁੜ ਸੁਰਜੀਤੀ : ਸੁਹਜ ਕਲਾ, ਸਮਾਜ ਤੇ ਸੱਭਿਆਚਾਰ

Posted On October - 26 - 2019

ਰਣਦੀਪ ਮੱਦੋਕੇ

ਤਸਵੀਰਸਾਜ਼ ਅਤੇ ਦਸਤਾਵੇਜ਼ੀ ਫ਼ਿਲਮਸਾਜ਼ ਰਣਦੀਪ ਮੱਦੋਕੇ ਦੇ ਇਸ ਕਾਲਮ ਵਿਚ ਪੱਛਮੀ ਕਲਾ ਦੇ ਮੱਧਕਾਲ ਤੋਂ ਆਧੁਨਿਕ ਕਾਲ ਤਕ ਦੇ ਇਤਿਹਾਸਕ ਵਿਕਾਸ, ਕਲਾ ਅਤੇ ਕਲਾਕਾਰਾਂ ਬਾਰੇ ਚਰਚਾ ਕੀਤੀ ਜਾਵੇਗੀ।

ਲਿਓਨਾਰਦੋ ਦਾ ਵਿੰਚੀ

ਯੂਰੋਪ ਦੀ ਮੁੜ-ਸੁਰਜੀਤੀ (Renaissance) ਦਾ ਆਗਾਜ਼ ਭਾਵੇਂ ਇਤਾਲਵੀ ਗਣਰਾਜ ਤੋਂ 15ਵੀਂ ਸਦੀ ਵਿਚ ਹੁੰਦਾ ਹੈ, ਪਰ ਇਸਦਾ ਪ੍ਰਭਾਵ ਪੂਰੇ ਯੂਰੋਪ ਉੱਪਰ ਪਿਆ। ਮੁੜ ਸੁਰਜੀਤ ਬਾਰੇ ਦੋ ਤਰ੍ਹਾਂ ਦੇ ਵਿਚਾਰ ਹਨ ਇਕ ਇਸਨੂੰ ਮੱਧਯੁੱਗ ਤੋਂ ਆਧੁਨਿਕਤਾ ਵੱਲ ਕ੍ਰਾਂਤੀਕਾਰੀ ਤਬਦੀਲੀ ਮੋੜੇ ਵਜੋਂ ਪ੍ਰਭਾਸ਼ਿਤ ਕਰਦਾ ਹੈ ਅਤੇ ਦੂਜਾ ਸਿਰਫ਼ ਮੱਧਯੁੱਗ ਅਤੇ ਆਧੁਨਿਕਤਾ ਵਿਚਕਾਰ ਅਹਿਮ ਲਕੀਰ ਕਹਿੰਦਾ ਹੈ ਜੋ ਮੱਧਯੁੱਗ ਨੂੰ ਕੋਈ ਵੱਡੀ ਚੁਣੌਤੀ ਨਹੀਂ, ਸਗੋਂ ਸਿਰਫ਼ ਮੱਧਯੁੱਗ ਤੋਂ ਆਧੁਨਿਕਤਾ ਵੱਲ ਦੇ ਸਫ਼ਰ ਵਿਚਲਾ ਇਕ ਅਹਿਮ ਪੜਾਅ ਸੀ ਕਿਉਂਕਿ ਅੱਠਵੀਂ ਤੋਂ ਬਾਰ੍ਹਵੀਂ ਸਦੀ ਤਕ ਪਹਿਲਾਂ ਹੀ ਇਸਦਾ ਮੁੱਢ ਬੱਝ ਚੁੱਕਾ ਸੀ। ਹਾਂ, ਮੁੜ ਸੁਰਜੀਤੀ ਅੰਦੋਲਨ ਸਮੇਂ ਭਾਵੇਂ ਆਧੁਨਿਕ ਪੂੰਜੀ ਆਰਥਿਕਤਾ ਦਾ ਮੁੱਢ ਬੱਝ ਚੁੱਕਾ ਸੀ, ਪਰ ਅਜੇ ਆਧੁਨਿਕ ਮੱਧ ਵਰਗੀ ਜਮਾਤ ਆਪਣੇ ਮੁੱਢਲੇ ਪੜਾਅ ਵਿਚ ਵੀ ਨਹੀਂ ਉੱਭਰੀ ਸੀ, ਪਰ ਸਿਧਾਂਤਕ ਤੌਰ ’ਤੇ ਇਤਾਲਵੀ ਮੁੜ ਸੁਰਜੀਤ ਨੂੰ ਅਸੀਂ ਸਿਰੇ ਤੋਂ ਆਧੁਨਿਕ ਵਿਗਿਆਨਕ ਉਥਾਨ ਤਾਂ ਨਹੀਂ ਕਹਿ ਸਕਦੇ ਜਿਵੇਂ ਕਿ ਬਹੁਗਿਣਤੀ ਉਦਾਰਵਾਦੀਆਂ ਦਾ ਮੰਨਣਾ ਹੈ ਕਿ ਯੂਰੋਪ ਦੀ ਮੁੜ ਸੁਰਜੀਤੀ ਨੇ ਕਲਾਸਕੀ ਦਰਸ਼ਨ, ਸਾਹਿਤ ਅਤੇ ਕਲਾ ਦੀ ਮੁੜ ਸੁਰਜੀਤੀ ਦੀ ਸ਼ੁਰੂਆਤ ਕੀਤੀ, ਸਗੋਂ ਇਹ ਪੁਰਾਤਨ ਅਤੇ ਨਵੇਂ ਵਿਚਾਰ ਦੀ ਮੁੱਢਲੀ ਜਿਹੀ ਕਸ਼ਮਕਸ਼ ਸੀ। ਹਾਲੇ ਮੱਧਯੁੱਗੀ ਕੈਥੋਲਿਕ ਮੱਤ ਅਤੇ ਸੱਤਾ ਦੀ ਜਕੜ ਸਮਾਜਿਕ ਸੱਭਿਆਚਾਰਕ ਸਿਆਸੀ ਅਤੇ ਵਿੱਤੀ ਖੇਤਰਾਂ ਵਿਚ ਮਜ਼ਬੂਤ ਸੀ। ਇੱਥੇ ਅਸੀਂ ਮੁੜ ਸੁਰਜੀਤੀ ਕਲਾ ਅੰਦੋਲਨ ਬਾਰੇ ਗੱਲ ਕਰ ਰਹੇ ਹਾਂ, ਭਾਵੇਂ ਇਹ ਕਲਾ ਅੰਦੋਲਨ ਪੁਰਾਣੀਆਂ ਧਾਰਨਾਵਾਂ ਦੇ ਉਲਟ ਕੁਝ ਨਵਾਂ ਸਿਰਜਣ ਦਾ ਪਿੜ ਬੰਨ੍ਹ ਰਿਹਾ ਸੀ, ਪਰ ਅਜੇ ਤਕ ਵੀ ਸਥਾਪਤੀ ਦੇ ਪ੍ਰਭਾਵ ਹੇਠ ਸੀ ਜਾਂ ਕਹਿ ਲਵੋ ਦਾਖਲ ਤੋਂ ਮੁਕਤ ਨਹੀਂ ਸੀ। ਵਿਅਕਤੀਗਤ ਆਜ਼ਾਦੀ ਦੇ ਵਿਚਾਰਾਂ ਨੂੰ ਅਜੇ ਬੂਰ ਨਹੀਂ ਸੀ ਪਿਆ। ਮੁੜ ਸੁਰਜੀਤੀ ਕਾਲ ਦਾ ਜਨ ਸਾਧਾਰਨ ਅਜੇ ਪੂਰੀ ਤਰ੍ਹਾਂ ਗਿਰਜਾ ਦੇ ਪ੍ਰਭਾਵ ਵਿਚ ਅਧਿਆਤਮਕ ਚੱਕਰਾਂ ਵਿਚ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ, ਜਿੱਥੇ ਅਜੇ ਧਾਰਮਿਕ ਅਤੇ ਸਿਆਸੀ ਗੱਠਜੋੜ ਨੂੰ ਸਵਾਲ ਕਰਨ ਦਾ ਵਿਚਾਰ ਵਿਆਪਕ ਨਹੀਂ ਸੀ।
ਪਰ ਮੁੜ ਸੁਰਜੀਤੀ ਕਾਲ ਦੀ ਕਲਾ ਸਿਰਜਣਾ ਅਤੇ ਸਮਾਜਿਕ ਸਿਆਸੀ ਦਸ਼ਾ ਦਾ ਜਿਵੇਂ ਉੱਪਰ ਜ਼ਿਕਰ ਕੀਤਾ ਹੈ, ਇੱਥੇ ਚੁਫੇਰੇ ਸਮਾਜਿਕ ਵਰਗ ਵੰਡ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਿਰਜਣਾ ਦੇ ਖੇਤਰ ਵਿਚ ਜੇਕਰ ਸਮਾਜਿਕ ਰੁਤਬੇ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਇਹ ਸਾਫ਼ ਨਜ਼ਰ ਆਵੇਗੀ। ਕੁਆਤਰੋਚੈਂਤੋ (Quattrocento) ਮੁੜ ਸੁਰਜੀਤੀ ਦੇ ਪਹਿਲੇ ਚਰਨ ਵਿਚ ਅਜਿਹੇ ਕਲਾਕਾਰ ਵੀ ਹੋਏ ਜੋ ਸਮਾਜ ਦੇ ਹੇਠਲੇ ਵਰਗਾਂ ਵਿਚੋਂ ਆਏ ਸਨ ਜਿਨ੍ਹਾਂ ਦਾ ਜ਼ਿਕਰ ਕਦੇ ਵੀ ਪੇਸ਼ੇਵਰ ਕਲਾਕਾਰਾਂ ਵੱਜੋਂ ਨਹੀਂ ਹੋਇਆ ਕਿਉਂਕਿ ਉਹ ਸਥਾਪਿਤ ਅਕਾਦਮਿਕ ਅਦਾਰਿਆਂ ਤੋਂ ਕਲਾ ਸਿੱਖਿਆ ਹਾਸਲ ਨਹੀਂ ਸਨ ਅਤੇ ਇਨ੍ਹਾਂ ਕਲਾਕਾਰਾਂ ਨੇ ਉੱਚ ਵਰਗ ਦੇ ਕਲਾਕਾਰਾਂ ਦੀਆਂ ਕਾਰਜਸ਼ਾਲਾਵਾਂ ਵਿਚੋਂ ਦਹਾਕਿਆਂ ਬੱਧੀ ਸਹਾਇਕ ਦੇ ਤੌਰ ’ਤੇ ਕੰਮ ਕਰਦਿਆਂ ਕਲਾ ਦਾ ਗਿਆਨ ਹਾਸਲ ਕੀਤਾ ਸੀ। ਭਾਵੇਂ ਇਨ੍ਹਾਂ ਕਲਾਕਾਰਾਂ ਦੀ ਕਲਾ ਦੇ ਸਿਧਾਂਤਕ ਮਾਨਦੰਡ ਅਤੇ ਵਿਸ਼ੇ ਅਕਾਦਮਿਕ ਕਲਾਕਾਰਾਂ ਤੋਂ ਵੱਖ ਨਹੀਂ ਸਨ, ਪਰ ਕੁਲੀਨ ਵਰਗ ਵਿਚ ਇਨ੍ਹਾਂ ਨੂੰ ਕੋਈ ਬਹੁਤੀ ਪ੍ਰਵਾਨਗੀ ਨਹੀਂ ਮਿਲੀ। ਇਨ੍ਹਾਂ ਕਲਾਕਾਰਾਂ ਵਿਚੋਂ ਆਂਦਰਿਆ ਡੇਲ ਕੈਸਟਾਗਨੋ ਕਿਸਾਨ ਦਾ ਪੁੱਤ ਸੀ, ਪਾਬਲੋ ਓਸਲੋ ਇਕ ਨਾਈ, ਫਿਲਿਪੋ ਲਿੱਪੀ ਕਸਾਈ, ਪੋਲਾਜੁਓਲੀ ਮੁਰਗੀ ਪਾਲਕ ਪਰਿਵਾਰ ਵਿਚੋਂ ਸਨ। ਇਨ੍ਹਾਂ ਦੀ ਪਛਾਣ ਕਲਾਕਾਰ ਹੋਣ ਦੇ ਬਾਵਜੂਦ ਸਾਡੇ ਭਾਰਤੀ ਜਾਤਵਾਦੀ ਸਮਾਜ ਵਾਂਗ ਹੀ ਇਨ੍ਹਾਂ ਦੇ ਪੁਸ਼ਤੈਨੀ ਕਿੱਤਿਆਂ, ਵਰਗ ਜਾਂ ਫਿਰ ਇਨ੍ਹਾਂ ਦੇ ਉਸਤਾਦਾਂ ਕਰਕੇ ਹੀ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਨੂੰ ਗਵਾਰਾਂ ਵੱਜੋਂ ਹੀ ਦੇਖਿਆ ਜਾਂਦਾ ਸੀ ਕਿਉਂਕਿ ਉੱਚ ਵਰਗ ਅਕਸਰ ਨਿਮਨ ਵਰਗ ਬਾਰੇ ‘ਘਾਈਆਂ ਦੇ ਪੁੱਤਾਂ ਕੰਮ ਘਾਹ ਖੋਤਣਾ’ ਹੀ ਆਂਕਦਾ ਹੈ।

ਰਣਦੀਪ ਮੱਦੋਕੇ

ਯੂਰੋਪੀ ਮੁੜ-ਸੁਰਜੀਤੀ ਦੇ ਪਾਸਾਰ ਨੂੰ ਅਸੀਂ ਦਸਵੀਂ ਦਹਿਸਦੀ ਦੇ ਪਹਿਲੇ ਅੱਧ ਵਿਚਕਾਰ ਫੈਲਿਆ ਦੇਖਦੇ ਹਾਂ। ਇਸ ਸਮੇਂ ਦੇ ਪ੍ਰਮੁੱਖ ਕਲਾਕਾਰ, ਦਾਰਸ਼ਨਿਕ ਅਤੇ ਵਿਗਿਆਨੀ ਲਿਓਨਾਰਦੋ ਦਾ ਵਿੰਚੀ, ਮਾਈਕਲਐਂਜਲੋ, ਡੇਸੀਡੇਰਿਅਸ ਇਰਾਸਮਸ, ਰੇਨੇ ਡੇਸਕੈਰਟਸ, ਗਲੀਲਿਓ, ਨਿਕੋਲਸ ਕੋਪ੍ਰਨਿਕਸ, ਥੋਮਸ ਹੌਬਸ, ਜੈਫਰੀ ਚੌਸਰ, ਦਾਂਤੇ ਅਤੇ ਵਿਲੀਅਮ ਸੇਕਸਪੀਅਰ ਆਦਿ ਸਨ। ਇਸ ਸਮੇਂ ਦੌਰਾਨ ਸਾਹਿਤ, ਕਲਾ ਦਰਸ਼ਨ ਵਿਗਿਆਨ ਅਤੇ ਮਨੁੱਖਤਾਵਾਦੀ ਸਿਧਾਂਤਾਂ ’ਤੇ ਕੰਮ ਹੋਇਆ ਜੋ ਅਜੋਕੇ ਆਧੁਨਿਕਤਾਵਾਦ ਦਾ ਸਾਮਾ ਬਣਿਆ। ਮੁੜ ਸੁਰਜੀਤੀ ਦੇ ਸਾਹਿਤ ਕਲਾ ਵਿਗਿਆਨ ਅਤੇ ਦਰਸ਼ਨ ਦੀਆਂ ਤੰਦਾਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਸਨ ਜਿਸਦਾ ਅਸਰ ਇਨ੍ਹਾਂ ਸਾਰੇ ਖੇਤਰਾਂ ’ਤੇ ਇਕ ਦੂਜੇ ਦੇ ਪੂਰਕ ਵੱਜੋਂ ਸਾਫ਼ ਦਿਖਦਾ ਹੈ। ਸਾਹਿਤ ਅਤੇ ਕਲਾ ਅਚੇਤ ਸੁਚੇਤ ਵਿਚ ਕਦੀਮ ਤੋਂ ਧਰਮ ਅਤੇ ਸੱਤਾ ਦੇ ਗੱਠਜੋੜ ਦਾ ਗੁਣਗਾਨ ਕਰਨ ਲਈ ਜ਼ਬਤਬੱਧ ਸੀ। ਮੁੜ ਸੁਰਜੀਤੀ ਕਲਾ ਅੰਦੋਲਨ ਦੇ ਕਲਾਕਾਰਾਂ ਨੇ ਵਿਅਕਤੀਗਤ ਆਜ਼ਾਦੀ ਅਤੇ ਵਿਚਾਰ ਰੱਖਣ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ।
ਮੁੜ ਸੁਰਜੀਤੀ ਦੌਰਾਨ ਕਲਾ, ਇਮਾਰਤਸਾਜ਼ੀ ਅਤੇ ਵਿਗਿਆਨ ਦੀਆਂ ਤੰਦਾਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਸਨ। ਅਸਲ ਵਿਚ ਇਹ ਇਕ ਅਲੋਕਾਰੀ ਸਮਾਂ ਸੀ ਜਦੋਂ ਅਧਿਐਨ ਦੇ ਸਾਰੇ ਖੇਤਰ ਇਕਜੁੱਟ ਹੋ ਰਹੇ ਸਨ। ਉਦਾਹਰਨ ਲਈ ਵਿੰਚੀ ਵਰਗੇ ਕਲਾਕਾਰਾਂ ਨੇ ਵਿਗਿਆਨਕ ਸਿਧਾਂਤਾਂ, ਜਿਵੇਂ ਕਿ ਸਰੀਰ ਵਿਗਿਆਨ ਨੂੰ ਉਨ੍ਹਾਂ ਦੇ ਕੰਮ ਵਿਚ ਸ਼ਾਮਲ ਕੀਤਾ ਤਾਂ ਜੋ ਉਹ ਮਨੁੱਖੀ ਸਰੀਰ ਨੂੰ ਅਸਾਧਾਰਨ ਸ਼ੁੱਧਤਾ ਨਾਲ ਆਪਣੇ ਚਿੱਤਰਾਂ ਵਿਚ ਸਿਰਜ ਸਕਣ। ਫਿਲਿਪੋ ਬਰਨੇਲੈਸਚੀ ਵਰਗੇ ਇਮਾਰਤਸਾਜ਼ ਨੇ ਗਣਿਤ ਇੰਜਨੀਅਰਿੰਗ ਦਾ ਸੰਯੋਜਨ ਕਰਕੇ ਵਿਸ਼ਾਲ ਗੁੰਬਦਾਂ ਵਾਲੀਆਂ ਇਮਾਰਤਾਂ ਦੇ ਨਮੂਨੇ ਤਿਆਰ ਕਰਨ ਲਈ ਅਧਿਐਨ ਕੀਤਾ। ਡੇਸਕੈਰਟਸ ਅਤੇ ਗਲੀਲਿਓ ਵਰਗੇ ਖਗੋਲ ਵਿਗਿਆਨੀਆਂ ਨੇ ਸੌਰ ਮੰਡਲ, ਧਰਤੀ ਅਤੇ ਗ੍ਰਹਿਾਂ ਬਾਰੇ ਨਵੇਂ ਵਿਚਾਰ ਅਤੇ ਦ੍ਰਿਸ਼ਟੀ ਪ੍ਰਦਾਨ ਕੀਤੀ।
ਮੁੜ-ਸੁਰਜੀਤੀ ਕਲਾ ਯਥਾਰਥਵਾਦ ਅਤੇ ਕੁਦਰਤਵਾਦ ਦੀ ਖੋਜ ਕਰਦੀ ਹੈ। ਕਲਾਕਾਰਾਂ ਨੇ ਮਨੁੱਖਾਂ ਅਤੇ ਵਸਤੂਆਂ ਨੂੰ ਸਹੀ-ਜੀਵੰਤ ਯਥਾਰਥ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੇ ਕੰਮ ਵਿਚ ਡੂੰਘਾਈ ਜੋੜਨ ਲਈ ਤਕਨੀਕਾਂ ਜਿਵੇਂ ਪਰਿਪੇਖ, ਪਰਛਾਵੇਂ ਅਤੇ ਰੌਸ਼ਨੀ ਦੀ ਵਰਤੋਂ ਕੀਤੀ। ਭਾਵਨਾਵਾਂ ਵਰਗੇ ਗੁਣਾਂ ਨੂੰ ਕਲਾਕਾਰਾਂ ਨੇ ਦ੍ਰਿਸ਼ ਕਲਾ ਵਿਚ ਛੋਹਣ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਕੁਝ ਸਭ ਤੋਂ ਮਸ਼ਹੂਰ ਕਲਾਤਮਕ ਰਚਨਾਵਾਂ ਜਿਹੜੀਆਂ ਮੁੜ ਸੁਰਜੀਤ ਵੇਲੇ ਸਿਰਜੀਆਂ ਸਨ, ਉਨ੍ਹਾਂ ਵਿਚੋਂ ਮੋਨਾਲਿਜ਼ਾ, ਹਜਰਤ ਈਸਾ ਦਾ ਆਖਰੀ ਰਾਤਰੀ ਭੋਜ, ਡੇਵਡ ਦਾ ਬੁੱਤ ਅਤੇ ਆਦਮ ਦੀ ਉਤਪਤੀ ਆਦਿ ਲਿਓਨਾਰਦੋ ਦਾ ਵਿੰਚੀ ਅਤੇ ਮਾਈਕਲਐਂਜਲੋ ਨੇ ਬਣਾਏ। ਸੋ ਅਗਲੇ ਅੰਕਾਂ ਵਿਚ ਅਸੀਂ ਯੂਰੋਪੀਅਨ ਕਲਾ ਅਤੇ ਇਸਦੇ ਪਾਸਾਰ ਅਤੇ ਕਲਾ ਵਿਚ ਸਮਾਜਿਕ, ਸਿਆਸੀ, ਧਾਰਮਿਕ ਅਤੇ ਵਿੱਤੀ ਪ੍ਰਭਾਵਾਂ ਬਾਰੇ ਗੱਲ ਕਰਾਂਗੇ।

ਸੰਪਰਕ: 98146-93368


Comments Off on ਯੂਰੋਪ ਦੀ ਮੁੜ ਸੁਰਜੀਤੀ : ਸੁਹਜ ਕਲਾ, ਸਮਾਜ ਤੇ ਸੱਭਿਆਚਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.