ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ……

Posted On October - 18 - 2019

ਜਸਕਰਨ ਲੰਡੇ
ਮੈਂ ਇੱਕ ਪਿੰਡ ਦਾ ਸਰਕਾਰੀ ਸਕੂਲ ਬੋਲਦਾਂ ਹਾਂ। ਮੇਰਾ ਜਨਮ ਆਜ਼ਾਦੀ ਤੋਂ ਦਸ ਸਾਲ ਬਾਅਦ ਹੋਇਆ ਸੀ। ਮੇਰੇ ਪੈਦਾ ਹੋਣ ਵਿੱਚ ਪਿੰਡ ਦੇ ਪੰਚ, ਸਰਪੰਚ, ਨੰਬਰਦਾਰ, ਸੰਧੂਰੇ ਚੌਕੀਦਾਰ ਤੋਂ ਲੈ ਕੇ ਹਰ ਅਮੀਰ ਗਰੀਬ ਨੇ ਆਪਣਾ ਆਪਣਾ ਯੋਗਦਾਨ ਪਾਇਆ ਸੀ। ਇਸ ਤਰ੍ਹਾਂ ਮੈਂ ਕਿਸੇ ਇੱਕ ਧਰਮ ਫਿਰਕੇ ਜਾਤ ਗੋਤ ਦਾ ਨਹੀਂ ਪੂਰੇ ਪਿੰਡ ਦਾ ਲਾਡਲਾ ਸਕੂਲ ਸੀ। ਮੈਨੂੰ ਯਾਦ ਐ ਜਦੋਂ ਮੇਰੀ ਸ਼ਤੀਰਾ ਵਾਲੀ ਛੱਤ ਪਈ ਤਾਂ ਇਸ ਛੱਤ ’ਤੇ ਗਾਰਾ ਪੰਚਾਂ ਸਰਪੰਚਾਂ ਆਦਿ ਨੇ ਆਪਣੇ ਸਿਰ ’ਤੇ ਚੁੱਕ ਕੇ ਪਾਇਆ ਸੀ। ਹੋਰ ਤਾਂ ਹੋਰ ਮੇਰੇ ਸਕੂਲ ਦੇ ਅਧਿਆਪਕਾਂ ਨੇ ਵੀ ਸੋਹਣੇ ਕੱਪੜੇ ਬਦਲ ਕੇ ਮੇਰੀ ਛੱਤ ’ਤੇ ਮਿੱਟੀ ਦੇ ਬੱਠਲ ਸੁੱਟੇ ਸੀ।
ਮੇਰੇ ਪੈਦਾ ਹੋਣ ਦੀ ਖੁਸ਼ੀ ਸਾਰੇ ਪਿੰਡ ਤੋਂ ਸਾਂਭੀ ਨਹੀਂ ਸੀ ਜਾਂਦੀ। ਲੋਕ ਆਪਣੇ ਸਾਕ ਸਬੰਧੀਆਂ ਨੂੰ ਖੁਸ਼ੀ ਖੁਸ਼ੀ ਦੱਸਦੇ ਸੀ ਕਿ ਸਾਡੇ ਪਿੰਡ ਤਾਂ ਸਕੂਲ ਖੁੱਲ੍ਹ ਗਿਆ। ਹੁਣ ਸਾਡਾ ਪਿੰਡ ਤਰੱਕੀ ਕਰਜੂ ਜਵਾਕ ਪੜ੍ਹੇ ਲਿਖੇ ਹੋਣਗੇ। ਮੈਂ ਵੀ ਆਪਣੇ ਤਨੋ ਮਨੋ ਬੱਚਿਆਂ ਦੀ ਸੇਵਾ ਕੀਤੀ। ਸੱਚ ਜਾਣਿਓ ਆਹ ਜਾਤ ਪਾਤ ਦੀ ਕੰਧ ਤਾਂ ਮੈਂ ਹੀ ਛੋਟੀ ਕੀਤੀ ਸੀ ਪਹਿਲਾਂ ਲੋਕ ਇੱਕ ਦੂਜੇ ਨਾਲ ਲੱਗ ਕੇ ਭਿੱਟੇ ਜਾਣ ਤੋਂ ਡਰਦੇ ਸੀ ਪਰ ਸਕੂਲ ਵਿੱਚ ਬੱਚੇ ਇਕੱਠੇ ਬੈਠ ਕੇ ਪੜ੍ਹਦੇ ਲਿਖਦੇ ਇਕੱਠੇ ਖੇਡਦੇ ਰਲ ਮਿਲ ਕੇ ਰਹਿੰਦੇ ਸਨ। ਹੋਰ ਤਾਂ ਹੋਰ ਇਕੱਠੇ ਬੈਠ ਕੇ ਅੱਧੀ ਛੁੱਟੀ ਇੱਕ ਦੂਜੇ ਨਾਲ ਰੋਟੀ ਵੀ ਖਾਂਦੇ ਸਨ। ਇਸੇ ਤਰ੍ਹਾਂ ਮੇਰੇ ਕਰ ਕੇ ਜਾਤ ਪਾਤ ਬਹੁਤ ਘੱਟ ਹੋਈ ਸੀ। ਮੇਰੇ ’ਚੋਂ ਪੜ੍ਹਨ ਵਾਲੇ ਬਹੁਤੇ ਬੱਚੇ ਆਪਣੀ ਰੋਜ਼ੀ ਰੋਟੀ ਦੇ ਕਾਬਲ ਵੀ ਬਣੇ। ਜੇ ਬਹੁਤੇ ਨਹੀਂ ਤਾਂ ਆਪਣੇ ਦਿਲ ਦੇ ਵਲਵਲੇ ਇੱਕ ਦੂਜੇ ਨਾਲ ਸਾਂਝੇ ਕਰਨ ਲਈ ਚਿੱਠੀ ਪੱਤਰ ਲਿਖਣ ਜੋਗੇ ਤਾਂ ਹੋ ਕੇ ਨਿਕਲਦੇ ਸੀ। ਮੇਰੇ ਪੁਰਾਣੇ ਵਿਦਿਆਰਥੀ ਮੇਰੇ ਮੂਹਰਦੀ ਲੰਘਣ ਸਮੇਂ ਮੈਨੂੰ ਨਮਸਕਾਰ ਕਰ ਕੇ ਜ਼ਰੂਰ ਜਾਂਦੇ ਸੀ। ਗੱਲ ਕੀ ਮੇਰਾ ਦਿਲ ਤੋਂ ਸਤਿਕਾਰ ਕਰਦੇ ਸਨ। ਮੇਰੇ ਵਿੱਚ ਪੜ੍ਹਾਉਣ ਵਾਲੇ ਮਾਸਟਰ ਨੂੰ ਤਾਂ ਲੋਕ ਮਣਾਂ ਮੂੰਹੀ ਪਿਆਰ ਦਿੰਦੇ ਸਨ। ਬੱਚੇ ਗੁਰੂ ਜੀ ਕਹਿ ਕੇ ਬਲਾਉਂਦੇ ਸਨ। ਆਪਣੇ ਅਧਿਆਪਕ ਲਈ ਲੱਸੀ ਦੁੱਧ ਦਹੀਂ, ਮੂਲੀ ,ਸਾਗ, ਗੱਲ ਕੀ ਆਪਣੇ ਘਰ ਪੈਦਾ ਹੋਈ ਹਰ ਚੀਜ਼ ਖੁਸ਼ੀ ਨਾਲ ਭੇਟ ਕਰਦੇ।ਅਧਿਆਪਕ ਵੀ ਸਾਰੇ ਬੱਚਿਆਂ ਨੂੰ ਬਿਨਾਂ ਭੇਦਭਾਵ ਦੇ ਦਿਲੋਂ ਪੜ੍ਹਾਉਦੇ ਸਨ। ਪੜ੍ਹਾਉਣ ਸਮੇਂ ਸਖ਼ਤੀ ਵੀ ਬਹੁਤ ਵਰਤ ਲੈਂਦੇ ਸਨ। ਕਈ ਮਾਸਟਰ ਤਾਂ ਥਾਣੇਦਾਰ ਵਾਂਗ ਡੰਡਾ ਹਮੇਸ਼ਾ ਨਾਲ ਰੱਖਦੇ ਸਨ। ਮਜਾਲ ਐ ਕਿਸੇ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪੇ ਕਦੇ ਮਾਸਟਰ ਨੂੰ ਕਹਿਣ ਕੇ ਸਾਡੇ ਬੱਚੇ ਨੂੰ ਕਿਉਂ ਝਿੜਕਦੇ ਓ। ਉਹਦੋਂ ਮੈਂ ਸਰਕਾਰ ਦਾ ਲਾਡਲਾ ਸੀ।
ਪਰ ਹੁਣ ਤਾਂ ਮੇਰਾ ਹਾਲ ਨਾ ਹੀ ਪੁੱਛੋ ਤਾਂ ਚੰਗਾ ਹੈ। ਅੱਜ ਕੱਲ ਸਰਕਾਰਾਂ ਦੀ ਨਿਲਾਇਕੀ ਕਾਰਨ ਸਭ ਦੇ ਦਿਲੋਂ ਲੱਥ ਗਿਆ ਹਾਂ। ਅੱਜ ਕੱਲ ਜੋ ਮੇਰੇ ਵਿਚ ਪੜ੍ਹਨ ਵਾਲਿਆਂ ਨਾਲ ਉਨ੍ਹਾਂ ਦੇ ਪੁੱਤ ਪੋਤੇ ਕਰਦੇ ਹਨ ਉਹੀ ਮੇਰੇ ਨਾਲ ਹੋ ਰਹੀ ਹੈ। ਜਿਵੇਂ ਬਜ਼ੁਰਗਾਂ ਨੂੰ ਤੂੜੀ ਵਾਲੇ ਕੋਠੇ ਜਾਂ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਮੈਨੂੰ ਵੀ ਲੋਕ ਤੂੜੀ ਵਾਲੇ ਕੋਠੇ ਵਰਗਾ ਹੀ ਸਮਝ ਰਹੇ ਹਨ। ਮੇਰੀ ਰਿਪੇਅਰ ਹੋਈ ਨੂੰ ਜੁੱਗ ਬੀਤ ਗਏ ਹਨ। ਛੱਤਾਂ ਡਿੱਗੂ ਡਿੱਗੂ ਕਰਦੀਆ ਹਨ। ਜਿਵੇਂ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਕਈ ਦਾਨੀ ਸੱਜਣ, ਕੇਲੇ, ਸੇਬ, ਕੰਬਲ ਆਦਿ ਦੇ ਕੇ ਫੋਟੋ ਖਿੱਚਾ ਕੇ ਤੁਰਦੇ ਬਣਦੇ ਹਨ।
ਉਸੇ ਤਰ੍ਹਾਂ ਮੇਰੇ ਬੱਚਿਆਂ ਨੂੰ ਵੀ ਕੋਈ ਨਾ ਕੋਈ ਦਾਨੀ ਸੱਜਣ, ਕੁਝ ਨਾ ਕੁਝ ਦੇ ਕੇ ਫੋਟੋ ਖਿੱਚਾ ਲੈਂਦੇ ਹਨ। ਸਰਕਾਰ ਨੇ ਤਾਂ ਮੇਰੇ ਵੱਲੋਂ ਬਿਲਕੁਲ ਹੀ ਮੁੱਖ ਮੋੜ ਲਿਆ ਹੈ, ਨਾ ਮੇਰੇ ਅਧਿਆਪਕ ਪੂਰੇ ਹਨ ਨਾ ਹੀ ਮੇਰੀ ਕੋਈ ਸਾਂਭ ਸੰਭਾਲ ਕਰਨ ਲਈ ਚਪੜਾਸੀ, ਚੌਕੀਦਾਰ ਆਦਿ ਹੈ। ਹੁਣ ਤਾਂ ਬੱਸ ਮੈਂ ਰੱਬ ਆਸਰੇ ਹੀ ਆਪਣੀ ਜੂਨ ਪੂਰੀ ਕਰ ਰਿਹਾ ਹਾਂ। ਜਿਹੜਾ ਇੱਕ ਅੱਧਾ ਅਧਿਆਪਕ ਮੇਰੇ ਕੋਲ ਨੌਕਰੀ ਕਰਦਾ ਵੀ ਹੈ ਉਸਦੀ ਡਿਉਟੀ ਵੀ ਕਦੇ ਮਿਡ ਡੇਅ ਮੀਲ, ਕਦੇ ਵੋਟਾਂ ਆਦਿ ’ਤੇ ਲਾ ਰਹੇ ਹਨ। ਬੱਚੇ ਵੀ ਮੇਰੇ ਕੋਲ ਉਹ ਹੀ ਆਉਂਦੇ ਹਨ ਜਿਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਬਿਲਕੁਲ ਹੀ ਨਹੀਂ ਹਨ। ਉਨ੍ਹਾਂ ਵਿਚਾਰਿਆਂ ਨੂੰ ਤਾਂ ਸਿਰਫ਼ ਆਪਣੇ ਪੇਟ ਦੀ ਅੱਗ ਬੁਝਾਉਣ ਦਾ ਹੀ ਫ਼ਿਕਰ ਹੈ।
5ਹੁਣ ਮੈਂ ਚਾਹੁੰਦਾ ਹਾਂ ਕਿ ਜਾਂ ਤਾਂ ਮੇਰੀ ਹੋਂਦ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਜਾਵੇ ਜਾਂ ਕਾਸ਼! ਮੇਰੇ ਪਹਿਲਾਂ ਵਾਲੇ ਦਿਨ ਮੋੜਕੇ ਲਿਆਂਦੇ ਜਾਣ ਜਿਹੜੇ ਦਿਨਾਂ ਵਿਚ ਸਾਰੇ ਪਿੰਡ ਦੇ ਬੱਚੇ ਸਿਰਫ ਮੇਰੀ ਗੋਦ ਦਾ ਹੀ ਨਿੱਘ ਮਾਨਣ। ਮੈਂ ਕਿਸੇ ਦੀ ਤਰਸ ਦਾ ਪਾਤਰ ਨਹੀਂ ਬਨਣਾ ਚਾਹੁੰਦਾ।
ਸੰਪਰਕ: 94171-03413


Comments Off on ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ……
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.