ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਮੁੱਕ ਚੱਲੀ ਬਾਜ਼ੀ

Posted On October - 19 - 2019

ਗੁਰਪ੍ਰੀਤ ਸਿੰਘ ਹੀਰਾ

ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੀਆਂ ਪੇਂਡੂ ਸੱਥਾਂ ਅੰਦਰ ਬਾਜ਼ੀਆਂ ਆਮ ਪੈਂਦੀਆਂ ਸਨ। ਘੋਲ ਹੁੰਦੇ ਸੀ, ਕਬੱਡੀ ਖੇਡੀ ਜਾਂਦੀ ਸੀ। ਮੁੱਧਕਰਾਂ ਦੇ ਬਾਲੇ ਕੱਢੇ ਜਾਂਦੇ ਸਨ ਅਤੇ ਮੂੰਗਲੀਆਂ ਫੇਰੀਆਂ ਜਾਂਦੀਆਂ ਸਨ। ਖੂਹ, ਘਰਾਟ ਚੱਲਦੇ ਸਨ, ਪਰ ਅੱਜ ਇਹ ਸਭ ਕੁਝ ਲੋਪ ਹੋ ਚੁੱਕਾ ਹੈ।
ਇਹ ਕਲਾ ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਦੇਣ ਹੈ। ਜ਼ਿਲ੍ਹਾ ਅੰਮ੍ਰਿਤਸਰ ਅੰਦਰ ਗੁਰਦੁਆਰਾ ਅਖਾੜਾ ਸਾਹਿਬ ਪੈਂਦਾ ਹੈ, ਜਿੱਥੇ ਗੁਰੂ ਸਾਹਿਬ ਪੈਂਦੇ ਖ਼ਾਨ ਨਾਲ ਜ਼ੋਰ ਕਰਿਆ ਕਰਦੇ ਸਨ। ਪੈਂਦੇ ਖ਼ਾਨ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਇੰਨਾ ਤਾਕਤਵਰ ਪਠਾਣ ਸੀ ਕਿ ਦੋ ਝੋਟਿਆਂ ਨੂੰ ਸਿੰਗਾਂ ਤੋਂ ਫੜ ਕੇ ਪਰ੍ਹੇ ਵਗ੍ਹਾ ਮਾਰਦਾ ਸੀ, ਪਰ ਗੁਰੂ ਸਾਹਿਬ ਉਸਤੋਂ ਵੀ ਤਾਕਤਵਰ ਸਨ। ਬਾਜ਼ੀ ਦਾ ਜ਼ਿਕਰ ਨਿਮਨ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ:
ਬਾਜੀਗਰਿ ਜੈਸੇ ਬਾਜੀ ਪਾਈ ।।
ਨਾਨਾ ਰੂਪ ਭੇਖ ਦਿਖਲਾਈ ।।
ਸਾਂਗੁ ਉਤਾਰਿ ਥੰਮਿ੍ਓ ਪਾਸਾਰਾ ।।
ਤਬ ਏਕੋ ਏਕੰਕਾਰਾ।। ੨।।
ਹੁਣ ਕੁਝ ਕੁ ਬੰਦੇ ਹਨ ਜੋ ਇਸ ਵਿਰਾਸਤੀ ਕਲਾ ਨੂੰ ਜਿਊਂਦਾ ਰੱਖਣ ਲਈ ਮਿਹਨਤ ਕਰ ਰਹੇ ਹਨ। ਇਨ੍ਹਾਂ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਭਾਗੋਕੇ ਦਾ ਜੰਮਪਲ ਜੋਗਿੰਦਰ ਸਿੰਘ ਵੀ ਸ਼ਾਮਲ ਹੈ। ਸਰਸ ਮੇਲੇ ਰੂਪਨਗਰ ਵਿਖੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਸਾਥੀਆਂ ਸਮੇਤ ਪਹੁੰਚੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤੀਸਰੀ ਪੀੜ੍ਹੀ ਇਸ ਵਿਰਾਸਤੀ ਕਲਾ ਨੂੰ ਜਿਉਂਦਾ ਰੱਖਣ ਲਈ ਕ੍ਰਿਆਸ਼ੀਲ ਹੈ। ਜੋਗਿੰਦਰ ਸਿੰਘ ਅਨੁਸਾਰ ਉਨ੍ਹਾਂ ਦੇ ਵਡੇਰੇ ਗੁਰੂ ਸਾਹਿਬ ਦੇ ਅਖਾੜੇ ਵਿਚ ਬਾਜ਼ੀ ਪਾਉਂਦੇ ਸਨ।
ਬਾਜ਼ੀ ਸ਼ੁਰੂ ਕਰਨ ਤੋਂ ਪਹਿਲਾਂ ਬਾਜ਼ੀਗਰ ਸਰੀਰ ਗਰਮ ਕਰਨ ਲਈ ਤਾੜਵੀ ਲਗਾਉਂਦੇ ਹਨ। ਇਸ ਉਪਰੰਤ ਬੈਕ, ਫਰੰਟ ਸਲਿੱਪ ਲਗਾਏ ਜਾਂਦੇ ਹਨ। ਫਿਰ ਇਕ ਬਾਜ਼ੀਗਰ ਸਿਰਿਆਂਂ ਤੋਂ ਬੰਨ੍ਹੀਆਂ ਦੋ ਲਾਠੀਆਂ ਵਿਚਕਾਰੋਂ ਪੈਰਾਂ ਤੋਂ ਸ਼ੁਰੂ ਕਰਕੇ ਸਾਰਾ ਸਰੀਰ ਲਗਾਉਂਦਾ ਹੈ। ਬਾਜ਼ੀਗਰ ਬਾਜ਼ੀ ਦੌਰਾਨ ਚਾਰ ਸੂਤ ਦੇ ਸਰੀਏ ਨੂੰ ਨੰਗੇ ਗਲ ’ਤੇ ਰੱਖ ਕੇ ਆਸਾਨੀ ਨਾਲ ਦੂਹਰਾ ਕਰ ਦਿੰਦੇ ਹਨ। 16 ਇੰਚ ਦੇ ਘੇਰੇ ਵਾਲੇ ਲੋਹੇ ਦੇ ਕੜੇ ਵਿਚੋਂ ਤਿੰਨ ਬਾਜ਼ੀਗਰ ਇਕੱਠੇ ਲੰਘਦੇ ਹਨ। ਚਾਰ ਫੁੱਟ ਦੀ ਉੱਚਾਈ ਵਾਲਾ ਲੱਕੜ ਦਾ ਫੱਟਾ ਧਰਤੀ ਅੰਦਰ ਗੱਡਿਆ ਜਾਂਦਾ ਹੈ, ਫੱਟੇ ਦੇ ਪਿਛਲੇ ਪਾਸੇ ਪੰਜ ਤੋਂ ਦਸ ਫੁੱਟ ਦੀ ਦੂਰੀ ’ਤੇ ਲੱਕੜ ਦੀ ਪੌੜੀ ਉੱਪਰ ਬਾਣ ਦਾ ਮੰਜਾ ਬੰਨ੍ਹਿਆ ਜਾਂਦਾ ਹੈ। ਬਾਜ਼ੀਗਰ ਪਿੱਛੋਂ ਦੌੜਦੇ ਹੋਏ ਆ ਕੇ ਫੱਟੇ ਤੋਂ ਜੰਪ ਲੈਂਦੇ ਹੋਏ ਮੰਜੇ ਦੇ ਉਪਰੋਂ ਆਸਾਨੀ ਨਾਲ ਛਾਲ ਮਾਰ ਜਾਂਦੇ ਹਨ। ਧਰਤੀ ’ਤੇ ਬੈਠ ਕੇ ਛੁਰਿਆਂ ਵਿਚੋਂ ‘ਚੌਕੀ ਦੀ ਛਾਲ’ ਲਗਾਈ ਜਾਂਦੀ ਹੈ। ਇਸ ਛਾਲ ਵਿਚ ਥੋੜ੍ਹਾ ਜਿਹਾ ਵੀ ਅੰਦਾਜ਼ਾ ਗ਼ਲਤ ਲੱਗਣ ’ਤੇ ਛੁਰਿਆਂ ਉੱਤੇ ਡਿੱਗਣ ਕਾਰਨ ਸਬੰਧਤ ਬਾਜ਼ੀਗਰ ਦੀ ਜਾਨ ਵੀ ਜਾ ਸਕਦੀ ਹੈ। ਪੁਰਾਣੇ ਸਮੇਂ ਵਿਚ ਇਹ ਛਾਲ ਲਗਾਉਣ ਵਾਲੇ ਬਾਜ਼ੀਗਰ ਤੇ ਦਰਸ਼ਕ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ ਸਨ। 12-14 ਫੁੱਟ ਦਾ ਗਾਡਰ ਦੰਦਾਂ ਨਾਲ ਚੁੱਕਦੇ ਹੋਏ ਸਿਰ ਉੱਤੋਂ ਦੀ ਪਿੱਛੇ ਸੁੱਟਿਆ ਜਾਂਦਾ ਹੈ। ਲਟਾ ਲਟ ਬਲਦੀ ਅੱਗ ਵਿਚੋਂ ਬਾਜ਼ੀਗਰ ਹੱਸ ਹੱਸ ਛਾਲਾਂ ਲਗਾਉਂਦੇ ਹਨ। ਬਾਜ਼ੀਗਰ ਦੀ ਬਾਜ਼ੀ ਅੰਦਰ ਲੰਬੀ ਛਾਲ, ਉੱਚੀ ਛਾਲ, ਤੀਹਰੀ ਛਾਲ, ਪੋਲ ਵਾਲਟ ਆਦਿ ਆਧੁਨਿਕ ਅਥਲੈਟਿਕਸ ਵੰਨਗੀਆਂ ਆਮ ਵੇਖਣ ਨੂੰ ਮਿਲਦੀਆਂ ਹਨ।
ਬਾਜ਼ੀਗਰਾਂ ਦੀ ਸਰੀਰਿਕ ਬਣਤਰ ਤੋਂ ਇਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਆਪ ਮੁਹਾਰੇ ਝਲਕਦੀ ਹੈ। ਇੰਨੀ ਜ਼ੋਰ ਅਜ਼ਮਾਇਸ਼ ਵਾਲੀ ਇਹ ਪੁਰਾਤਨ ਲੋਕ ਕਲਾ ਅੱਜ ਲੋਪ ਹੋਣ ਕਿਨਾਰੇ ਹੈ। ਇਸ ਵੇਲੇ ਪੰਜਾਬ ਭਰ ਅੰਦਰ ਮਹਿਜ਼ ਇਕਾ ਦੁੱਕਾ ਗਰੁੱਪ ਹੀ ਇਹ ਕਲਾ ਪੇਸ਼ ਕਰ ਰਹੇ ਹਨ। ਜੋਗਿੰਦਰ ਸਿੰਘ ਦੀ ਅਗਲੀ ਪੀੜ੍ਹੀ ਵੀ ਇਸ ਕਲਾ ਰਾਹੀਂ ਘਰੇਲੂ ਖ਼ਰਚੇ ਚਲਾਉਣ ਤੋਂ ਅਸਮਰੱਥ ਹੋਣ ਕਾਰਨ ਕਲਾ ਤੋਂ ਟੁੱਟ ਚੁੱਕੀ ਹੈ। ਇਸ ਵਿਰਾਸਤ ਨੂੰ ਸੰਭਾਲਣ ਵਾਲਿਆਂ ਦੀ ਅਜੇ ਤਕ ਸਰਕਾਰੀ ਪੱਧਰ ’ਤੇ ਕੋਈ ਸਾਰ ਨਹੀਂ ਲਈ ਗਈ। ਨੌਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਦੇ ਉਪਰਾਲਿਆਂ ਸਦਕਾ ਅਜੇ ਇਹ ਪੁਰਾਤਨ ਕਲਾ ਬਚੀ ਹੋਈ ਹੈ।
ਪੁਰਾਤਨ ਸਮਿਆਂ ਵਿਚ ਬਾਜ਼ੀ ਪੰਜਾਬੀ ਸੱਭਿਆਚਾਰ ਵਿਚ ਇੰਨੀ ਪ੍ਰਸਿੱਧ ਸੀ ਕਿ ਪਿੰਡਾਂ ਨੂੰ ਬਾਜ਼ੀ ਪਵਾਉਣ ਲਈ ਸਾਲਾਂ ਬੱਧੀ ਉਡੀਕ ਕਰਨੀ ਪੈਂਦੀ ਸੀ,ਪਰ ਹੁਣ ਪਿੰਡਾਂ ਦੀ ਨਵੀਂ ਪੀੜ੍ਹੀ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਸੱਭਿਆਚਾਰ ਵਿਭਾਗ ਨੂੰ ਚਾਹੀਦਾ ਹੈ ਕਿ ਅਜਿਹੀਆਂ ਸਮੂਹ ਪੁਰਾਤਨ ਲੋਕ ਕਲਾਵਾਂ ਨੂੰ ਸੂਚੀਬੱਧ ਕਰਦੇ ਹੋਏ ਇਨ੍ਹਾਂ ਨੂੰ ਪ੍ਰਫੁੱਲਿਤ ਕਰਨ ਹਿੱਤ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਪੀੜ੍ਹੀ ਦਰ ਪੀੜ੍ਹੀ ਇਸ ਲੋਕ ਕਲਾ ਨੂੰ ਜੀਵਤ ਰੱਖ ਰਹੇ ਮੁੱਠੀ ਭਰ ਬਚੇ ਇਨ੍ਹਾਂ ਬਾਜ਼ੀਗਰਾਂ ਨੂੰ ਵਿਭਾਗੀ ਛੱਤਰੀ ਹੇਠ ਲੈ ਕੇ ਸਮਾਜਿਕ ਸੁਰੱਖਿਆ ਉਪਲੱਬਧ ਕਰਵਾਈ ਜਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸਨੂੰ ਸੰਭਾਲੀ ਬੈਠੇ ਇਕਾ-ਦੁੱਕਾ ਪਰਿਵਾਰ ਵੀ ਇਸਤੋਂ ਕਿਨਾਰਾ ਕਰ ਲੈਣਗੇ।

ਸੰਪਰਕ: 96460-02556


Comments Off on ਮੁੱਕ ਚੱਲੀ ਬਾਜ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.