ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ !    ਸੰਜੇ ਕੁੰਡੂ ਹਿਮਾਚਲ ਦੇ ਨਵੇਂ ਡੀਜੀਪੀ !    ਕਰਜ਼ਾ ਮੁਆਫ਼ੀ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਦਰਸ਼ਨ !    ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

Posted On October - 8 - 2019

ਬਲਬੀਰ ਸਿੰਘ ਰਾਜੇਵਾਲ

ਅਫ਼ਸਰਸ਼ਾਹੀ ਦੀ ਧੱਕੇਸ਼ਾਹੀ

ਜਦੋਂ ਕਿਸੇ ਰਾਜ ਵਿਚ ਸਰਕਾਰੀ ਮਸ਼ੀਨਰੀ ਬੇਲਗਾਮ ਹੋ ਜਾਵੇ ਅਤੇ ਰਾਜਨੇਤਾ ਜਨਤਾ ਪ੍ਰਤੀ ਅਵੇਸਲੇ ਹੋ ਜਾਣ ਜਾਂ ਬੇਵੱਸ ਹੋ ਜਾਣ ਤਾਂ ਆਮ ਲੋਕਾਂ ਨੂੰ ਇਨਸਾਫ਼ ਮਿਲਣਾ ਦੂਰ ਦੀ ਗੱਲ ਹੋ ਜਾਂਦੀ ਹੈ। ਪੰਜਾਬ ਵਿਚ ਇਸ ਵੇਲੇ ਹਾਲਾਤ ਅਜਿਹੇ ਹੋ ਗਏ ਹਨ, ਜਿੱਥੇ ਹਰ ਕੰਮ ਵਿਚੋਂ ਸਰਕਾਰੀ ਅਧਿਕਾਰੀ ਪੈਸੇ ਨੂੰ ਤਰਜੀਹ ਦੇਣ ਲੱਗੇ ਹਨ। ਕਿਸੇ ਵੀ ਦਫ਼ਤਰ ਚਲੇ ਜਾਓ, ਬਿਨਾਂ ਮੁੱਠੀ ਗਰਮ ਕੀਤਿਆਂ ਧੱਕੇ ਅਤੇ ਪ੍ਰੇਸ਼ਾਨੀ ਹੀ ਪੱਲੇ ਪੈਂਦੀ ਹੈ। ਭ੍ਰਿਸ਼ਟਾਚਾਰ ਇੰਨਾ ਵਧ ਗਿਆ ਹੈ ਕਿ ਹਰ ਪੱਧਰ ’ਤੇ ਸੌਦੇ ਹੁੰਦੇ ਹਨ। ਕਈ ਤਰ੍ਹਾਂ ਦੇ ਮਾਫ਼ੀਆਂ ਗਰੋਹ ਬਣ ਗਏ ਹਨ। ਇਕ ਪਾਰਟੀ ਦੀ ਸਰਕਾਰ ਚਲੀ ਜਾਵੇ ਤਾਂ ਆਉਣ ਵਾਲੀ ਸਰਕਾਰ ਦੀ ਪਾਰਟੀ ਦਾ ਗਰੋਹ ਪਹਿਲਾਂ ਤਿਆਰ ਹੁੰਦਾ ਹੈ, ਜਿਸ ਦੀ ਪਹਿਲੀ ਜੱਫੀ ਅਫ਼ਸਰਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਨਾਲ ਪੈਂਦੀ ਹੈ। ਇਸ ਵਰਤਾਰੇ ਨੇ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ।
ਪਿਛਲੇ ਦਿਨੀਂ ਅਜਿਹੀ ਸਥਿਤੀ ’ਤੇ ਚਰਚਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ‘ਅਫ਼ਸਰਸ਼ਾਹੀ, ਰਾਜਨੇਤਾ ਅਤੇ ਆਮ ਲੋਕ।’ ਯੂਨੀਅਨ ਦੇ ਸੱਦੇ ’ਤੇ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਵੱਡੇ ਨੇਤਾ ਇਸ ਵਿਚਾਰ ਗੋਸ਼ਟੀ ਵਿਚ ਸ਼ਾਮਲ ਹੋਏ। ਸਭ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਜਾਬ ਦੀ ਇਸ ਤਰਾਸਦੀ ’ਤੇ ਖੁੱਲ੍ਹ ਕੇ ਵਿਚਾਰ ਰੱਖੇ। ਸਭ ਨੇ ਪੰਜਾਬ ਦੇ ਭਵਿੱਖ ਦੀ ਇਸ ਪੱਖੋਂ ਬਦ ਤੋਂ ਬਦਤਰ ਹੋ ਰਹੀ ਹਾਲਤ ’ਤੇ ਚਿੰਤਾ ਪ੍ਰਗਟਾਈ। ਸਭ ਦਾ ਮੱਤ ਸੀ ਕਿ 1988 ਤੋਂ ਬਾਅਦ ਅਫ਼ਸਰਸ਼ਾਹੀ ਨੇ ਲੋਕਾਂ ਦੀ ਸੇਵਾ ਕਰਨ ਦੀ ਥਾਂ ਆਪਣੇ ਆਪ ਨੂੰ ਰਾਜਿਆਂ ਵਾਂਗ ਸਮਝਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਪੀੜ ਪ੍ਰਗਟਾਉਂਦਿਆਂ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਸਥਿਤੀ ਨੂੰ ਸੁਧਾਰਨ। ਉਨ੍ਹਾਂ ਮੰਨਿਆ ਕਿ ਅੱਜ ਤਾਂ ਅਫ਼ਸਰਸ਼ਾਹੀ ਮੰਤਰੀਆਂ ਦੀ ਪਰਵਾਹ ਨਹੀਂ ਕਰਦੀ, ਆਮ ਲੋਕ ਤਾਂ ਉਨ੍ਹਾਂ ਲਈ ਕੋਈ ਅਹਿਮੀਅਤ ਹੀ ਨਹੀਂ ਰੱਖਦੇ।
ਇਸਦੀ ਸਭ ਤੋਂ ਵੱਡੀ ਮਿਸਾਲ ਚੰਡੀਗੜ੍ਹ-ਫ਼ਿਰੋਜ਼ਪੁਰ ਹਾਈਵੇ ਦੇ ਮੁਹਾਲੀ-ਲੁਧਿਆਣਾ ਸੈਕਸ਼ਨ ਨੂੰ ਚਹੁੰ ਮਾਰਗੀ ਕਰਨ ਦਾ ਪ੍ਰਾਜੈਕਟ ਹੈ। ਇਸ ਚਰਚਾ ਦੌਰਾਨ ਇਸ ਪ੍ਰਾਜੈਕਟ ’ਤੇ ਵਿਸਥਾਰ ਵਿਚ ਗੱਲ ਕੀਤੀ ਗਈ। ਸਾਡੇ ਪੰਜਾਬੀਆਂ ਦਾ ਸੁਭਾਅ ਹੈ ਕਿ ਜੇ ਕੋਈ ਪਿੰਡ ਵਿਚ ਕਿਸੇ ਦਾ ਰਾਹ ਬੰਦ ਕਰ ਦੇਵੇ ਤਾਂ ਸਭ ਤੋਂ ਪਹਿਲਾਂ ਖੜ੍ਹ ਕੇ ਲੜਾਈ ਹੁੰਦੀ ਹੈ। ਝਗੜਾ ਪੁਲੀਸ ਰਾਹੀਂ ਕਚਹਿਰੀਆਂ ਵਿਚ ਪੁੱਜ ਜਾਂਦਾ ਹੈ ਅਤੇ ਸਾਲਾਂ ਬੱਧੀ ਕਚਹਿਰੀਆਂ ਦੇ ਚੱਕਰ ਕੱਟਣੇ ਪੈਂਦੇ ਹਨ। ਜੇ ਸਰਕਾਰੀ ਮਸ਼ੀਨਰੀ ਹੀ ਲੋਕਾਂ ਦਾ ਰਾਹ ਬੰਦ ਕਰ ਦੇਵੇ ਤਾਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕੌਣ ਕਰੇਗਾ? ਮੁਹਾਲੀ- ਲੁਧਿਆਣਾ ਸੈਕਸ਼ਨ ਨੂੰ ਚਹੁੰ ਮਾਰਗੀ ਕਰਨ ਦੇ ਪ੍ਰਾਜੈਕਟ ਵਿਚ ਅਜਿਹਾ ਹੀ ਹੋ ਰਿਹਾ ਹੈ।
ਜਦੋਂ ਕੋਈ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸ ਲਈ ਸਭ ਤੋਂ ਪਹਿਲਾਂ ਨਿਯਮ ਤੈਅ ਹੁੰਦੇ ਹਨ। ਇਸੇ ਤਰ੍ਹਾਂ ਲਾਜ਼ਮੀ ਹੈ ਕਿ ਮੁਹਾਲੀ ਲੁਧਿਆਣਾ ਸੜਕ ਦੇ ਚਹੁੰ ਮਾਰਗੀ ਕਰਨ ਦੀ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਸਮੇਂ ਇਸ ਦੇ ਕੁਝ ਨਿਯਮ ਤੈਅ ਹੋਏ ਹੋਣਗੇ। ਸੜਕ ਦੇ ਦੋਵੇਂ ਪਾਸੇ ਵਸੇ ਪਿੰਡਾਂ ਅਤੇ ਇਨ੍ਹਾਂ ਦੀਆਂ ਸੰਪਰਕ ਸੜਕਾਂ ਲਈ ਲਾਂਘੇ ਦੇਣ ਲਈ ਵੀ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਸਮੇਂ ਹੀ ਮਿਥ ਲਿਆ ਗਿਆ ਹੋਵੇਗਾ। ਇਸ ਕੰਮ ਵਿਚ ਹਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਵੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਪ੍ਰਾਜੈਕਟ ਰਿਪੋਰਟ ਨੂੰ ਘੋਖ ਕੇ ਪਾਸ ਹੋਣ ਦੇਣ ਤਾਂ ਜੋ ਉਨ੍ਹਾਂ ਦੇ ਜ਼ਿਲ੍ਹੇ ਦੇ ਲੋਕਾਂ ਦੇ ਹਿੱਤ ਸੁਰੱਖਿਅਤ ਰਹਿਣ।

ਬਲਬੀਰ ਸਿੰਘ ਰਾਜੇਵਾਲ

ਇਸ ਵੇਲੇ ਇਸ ਸੜਕ ਦੇ ਚਹੁੰ ਮਾਰਗੀ ਕਰਨ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ, ਪਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਾਰੇ ਰਸਤੇ ’ਤੇ ਪੈਂਦੇ ਪਿੰਡਾਂ ਅਤੇ ਸੜਕਾਂ ਦੇ ਰਸਤੇ ਚਾਲੂ ਰੱਖਣ ਸਬੰਧੀ ਖ਼ਾਸਕਰ ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਪਿੰਡਾਂ ਨੂੰ ਕਿਸੇ ਤਰ੍ਹਾਂ ਦੀ ਅਗਾਊ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਜਦੋਂ ਸੜਕ ਬਣਾਉਣ ਵਾਲੇ ਠੇਕੇਦਾਰ ਪਿੰਡਾਂ ਦੇ ਰਸਤੇ ਬੰਦ ਕਰਨ ਲੱਗੇ ਹਨ ਤਾਂ ਪਿੰਡਾਂ ਵਿਚ ਰੌਲਾ ਪੈ ਗਿਆ ਹੈ। ਇਸ ਸੜਕ ’ਤੇ ਮੁਹਾਲੀ, ਰੋਪੜ, ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੈਂਦੇ ਹਨ। ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਮੁਹਾਲੀ, ਰੋਪੜ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦਾ ਇਕ ਵੀ ਅਜਿਹਾ ਪਿੰਡ ਨਹੀਂ ਛੱਡਿਆ ਜਿਸ ਨੂੰ ਸੜਕ ਪਾਰ ਕਰਨ ਲਈ ਪੁਲ ਲਾ ਕੇ ਲਾਂਘਾ ਨਾ ਦਿੱਤਾ ਹੋਵੇ। ਜ਼ਿਲ੍ਹਾ ਲੁਧਿਆਣਾ ਵਿਚ ਦਾਖਲ ਹੁੰਦਿਆਂ ਹੀ ਪਹਿਲੇ ਪਿੰਡ ਹੇਡੋਂ ਵਿਖੇ ਤਾਂ ਪੁਲ ਲਾ ਕੇ ਲੋਕਾਂ ਨੂੰ ਰਸਤਾ ਦੇ ਦਿੱਤਾ, ਉਸ ਤੋਂ ਅੱਗੇ ਲੁਧਿਆਣਾ ਤਕ ਸਿਰਫ਼ ਭੈਣੀ ਸਾਹਿਬ ਜੋ ਸੜਕ ਤੋਂ ਚਾਰ ਕਿਲੋਮੀਟਰ ਹਟ ਕੇ ਹੈ, ਇਸ ਤੋਂ ਬਿਨਾਂ ਕਿਸੇ ਪਿੰਡ ਲਈ ਕੋਈ ਰਸਤਾ ਨਹੀਂ। ਕੋਟਲਾ ਸ਼ਮਸ਼ਪੁਰ, ਬੌਂਦਲੀ, ਸਮਰਾਲੇ ਤੋਂ 24 ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਝਾੜ ਸਾਹਿਬ ਰੋਡ, ਚਾਹਿਲਾਂ, ਲੱਧੜਾਂ, ਰੋਹਲੇ, ਘੁਲਾਲ, ਢੰਡੇ, ਕਟਾਣੀ ਕਲਾਂ, ਲਾਟੋ ਜੋਗਾ, ਹੀਰਾਂ, ਮਾਨਗੜ੍ਹ, ਕੋਹਾੜਾ, ਜੰਡਿਆਲੀ, ਰਾਮਗੜ੍ਹ, ਮੰਗਲੀ ਅਤੇ ਮੁੰਡੀਆਂ ਕਿਸੇ ਵੀ ਪਿੰਡ ਨੂੰ ਜਾਣ ਲਈ ਰਸਤਾ ਨਹੀਂ। ਹਾਂ, ਨੀਲੋਂ ਪੁਲ ਲਾਗੇ ਇਕ ਪੈਟਰੋਲ ਪੰਪ ਅਤੇ ਕਟਾਣੀ ਤੋਂ ਅੱਗੇ ਇਕ ਭੱਠੇ ਨੂੰ ਪੁਲ ਲਾ ਕੇ ਹੇਠੋਂ ਲਾਂਘਾ ਦੇਣ ਦੀ ਨੈਸ਼ਨਲ ਹਾਈਵੇ ਵਾਲਿਆਂ ਨੇ ਕਿਰਪਾ ਜ਼ਰੂਰ ਕੀਤੀ ਹੈ।
ਸਮਰਾਲਾ ਝਾੜ ਸਾਹਿਬ ਸੜਕ ਉੱਤੋਂ ਅੱਧੀ ਸਦੀ ਤੋਂ ਸਮਰਾਲਾ ਤੋਂ ਨੰਗਲ ਲਈ ਬੱਸ ਸਰਵਿਸ ਚੱਲ ਰਹੀ ਹੈ ਜੋ ਇਲਾਕੇ ਦੇ ਲੋਕਾਂ ਨੂੰ ਚਮਕੌਰ ਸਾਹਿਬ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਅਤੇ ਨੈਣਾਂ ਦੇਵੀ ਜਿਹੇ ਅਹਿਮ ਧਾਰਮਿਕ ਸਥਾਨਾਂ ਨਾਲ ਜੋੜਦੀ ਹੈ। ਇਸ ਸੜਕ ’ਤੇ ਸਮਰਾਲਾ ਤਹਿਸੀਲ ਦੇ ਲਗਪਗ 24 ਪਿੰਡ ਹਨ। ਇਨ੍ਹਾਂ ਪਿੰਡਾਂ ਦੀ ਦਾਣਾ ਮੰਡੀ, ਤਹਿਸੀਲ, ਕਚਹਿਰੀ, ਥਾਣਾ, ਐੱਸ.ਡੀ.ਐੱਮ., ਬਲਾਕ ਅਤੇ ਸਾਰੇ ਸਰਕਾਰੀ ਦਫ਼ਤਰ ਅਤੇ ਖ਼ਰੀਦੋ ਫ਼ਰੋਖਤ ਆਦਿ ਲਈ ਸਮਰਾਲਾ ਸ਼ਹਿਰ ਹੀ ਹੈ। ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜੋ ਹੈ ਤਾਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ,ਪਰ ਉਹ ਵੀ ਹਾਈਵੇ ਅਧਿਕਾਰੀਆਂ ਅਤੇ ਸੜਕ ਬਣਾਉਣ ਵਾਲੇ ਠੇਕੇਦਾਰਾਂ ਦੀ ਹੀ ਬੋਲੀ ਬੋਲਦਾ ਹੈ। ਇਹ ਅਸਲੀਅਤ ਹੈ ਕਿ ਸੜਕ ’ਤੇ ਪੈਂਦੇ ਹਰ ਪਿੰਡ ਦੇ ਕਿਸਾਨਾਂ ਦੀਆਂ ਜ਼ਮੀਨਾਂ ਸੜਕ ਦੇ ਦੋਵੇਂ ਪਾਸੇ ਹਨ। ਜਿਸ ਤਰ੍ਹਾਂ ਦੀਆਂ ਦਲੀਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਰਿਹਾ ਹੈ, ਉਸ ਅਨੁਸਾਰ ਤਾਂ ਸੜਕ ਪਾਰ ਕਰਕੇ ਖੇਤੀ ਲਈ ਮਸ਼ੀਨਰੀ ਲੈ ਕੇ ਜਾਣ ਅਤੇ ਡੰਗਰ ਵੱਛਾ ਲਿਜਾਣ ਲਈ ਹਰ ਪਿੰਡ ਨੂੰ ਬਹੁਤ ਲੰਬਾ ਪੈਂਡਾ ਤੈਅ ਕਰਕੇ ਆਉਣਾ ਜਾਣਾ ਪਵੇਗਾ। ਇਹ ਸੜਕ ਨੈਸ਼ਨਲ ਹਾਈਵੇ ਹੈ, ਇਸ ਨੂੰ ਟਰੈਫਿਕ ਨਿਰਵਿਘਨ ਚਲਾਉਣ ਲਈ ਦੋਵੇਂ ਪਾਸੇ ਗਾਰਡਰ ਲਾ ਕੇ ਡੱਬੇ ਵਾਂਗ ਬੰਦ ਕਰ ਦਿੱਤਾ ਜਾਵੇਗਾ। ਜਦੋਂ ਹੁਣ ਇਹ ਸੜਕ ਇਸ ਢੰਗ ਨਾਲ ਮੁਕੰਮਲ ਹੋ ਗਈ ਹੈ ਤਾਂ ਇਹ ਪਿੰਡਾਂ ਦੇ ਲੋਕਾਂ ਲਈ ਘੱਟੋ ਘੱਟ ਇਕ ਸਦੀ ਲਈ ਮੁਸੀਬਤ ਬਣ ਜਾਵੇਗੀ।
ਸਮਰਾਲਾ ਝਾੜ ਸਾਹਿਬ ਸੜਕ ’ਤੇ ਪੁਲ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੂੰ ਇਕ ਮਹੀਨੇ ਤੋਂ ਲਗਾਤਾਰ ਧਰਨੇ ’ਤੇ ਬੈਠਣਾ ਪੈ ਰਿਹਾ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨਾਲੋਂ ਸੜਕ ਦੇ ਠੇਕੇਦਾਰ ਦੀ ਡਟ ਕੇ ਵਕਾਲਤ ਕਰ ਰਿਹਾ ਹੈ। ਕੋਟਲਾ ਸ਼ਮਸ਼ਪੁਰ ਦੇ ਲੋਕ ਹਾਈਕੋਰਟ ਵਿਚ ਹਨ। ਹਲਕਾ ਵਿਧਾਇਕ ਅਤੇ ਸੰਸਦ ਮੈਂਬਰ ਬੇਵੱਸ ਜਾਪਦੇ ਹਨ। ਅਧਿਕਾਰੀ ਕਦੇ ਸੜਕ ’ਤੇ ਚੱਲਦੇ ਟਰੈਫਿਕ ਦੇ ਸਰਵੇਖਣ ਅਤੇ ਸਬਵੇ ਬਣਾ ਕੇ ਲੋਕਾਂ ਨੂੰ ਅਸਿੱਧੀ ਸਜ਼ਾ ਦੇਣ ਦੇ ਡਰਾਮੇ ਕਰ ਰਹੇ ਹਨ। ਕੋਈ ਪੁੱਛੇ ਕਿ ਕੀ ਮੁਹਾਲੀ ਤੋਂ ਹੇਡੋਂ ਤਕ ਦਿੱਤੇ ਰਸਤਿਆਂ ਵਿਚ ਕਿਸੇ ਇਕ ਵੀ ਸੜਕ ਦੀ ਟਰੈਫਿਕ ਦਾ ਕਦੀ ਸਰਵੇਖਣ ਕਰਵਾਇਆ ਹੈ? ਘੜੂੰਆਂ ਪਿੰਡ ਲਾਗੇ ਇਕੋ ਪਿੰਡ ਵਿਚ ਅੱਧੇ ਕਿਲੋਮੀਟਰ ਵਿਚ ਦੋ ਵੱਡੇ ਪੁਲ ਤਾਂ ਲੱਗ ਸਕਦੇ ਹਨ, ਪਰ 50 ਸਾਲਾਂ ਤੋਂ ਤੀਰਥ ਅਸਥਾਨਾਂ ਨਾਲ ਜੋੜਦੀ ਝਾੜ ਸਾਹਿਬ ਸਮਰਾਲਾ ਸੜਕ ’ਤੇ ਵੱਡਾ ਪੁਲ ਕਿਉਂ ਨਹੀਂ? ਜ਼ਿਲ੍ਹਾ ਪ੍ਰਸ਼ਾਸਨ ਦੇ ਵਤੀਰੇ ’ਤੇ ਗੰਭੀਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਉਹ ਲੋਕਾਂ ਦੇ ਹਿੱਤਾਂ ਦਾ ਘਾਣ ਤਾਂ ਨਹੀਂ ਕਰ ਰਿਹਾ? ਪੰਜਾਬ ਸਰਕਾਰ ਨੂੰ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਆਖਿਰ ਜ਼ਿਲ੍ਹਾ ਲੁਧਿਆਣਾ ਦੇ ਇਸ ਸੜਕ ’ਤੇ ਪੈਂਦੇ ਪਿੰਡਾਂ ਨਾਲ ਬੇਇਨਸਾਫ਼ੀ ਕਿਉਂ ਕੀਤੀ ਜਾ ਰਹੀ ਹੈ? ਜ਼ਿਲ੍ਹਾ ਪ੍ਰਸ਼ਾਸਨ ਸਪੱਸ਼ਟ ਰੂਪ ਵਿਚ ਸਾਰੇ ਪਿੰਡਾਂ ਨੂੰ ਅਤੇ ਸਮਰਾਲਾ ਝਾੜ ਸਾਹਿਬ ਰੋਡ ’ਤੇ ਪੈਂਦੇ ਸਮਰਾਲਾ ਤਹਿਸੀਲ ਦੇ 24 ਪਿੰਡਾਂ ਨੂੰ ਮੁਸੀਬਤ ਵਿਚ ਪਾਉਣ ਲਈ ਸੜਕ ਠੇਕੇਦਾਰਾਂ ਨਾਲ ਰਲਿਆ ਜਾਪਦਾ ਹੈ। ਜੇ ਇਸਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਲੁਧਿਆਣਾ ਦੇ ਇਨ੍ਹਾਂ ਪਿੰਡਾਂ ਦੇ ਲੋਕ ਪੱਕੇ ਤੌਰ ’ਤੇ ਮੁਸੀਬਤ ਵਿਚ ਫਸ ਜਾਣਗੇ।
ਸੰਪਰਕ: 98142-28005


Comments Off on ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.