ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ

Posted On October - 19 - 2019

ਡਾ. ਸਾਹਿਬ ਸਿੰਘ

ਆਮ ਬੰਦਾ ਸਦੀਆਂ ਤੋਂ ਇਹ ਮੁਹਾਰਨੀ ਪੜ੍ਹਦਾ ਆ ਰਿਹਾ ਹੈ, ‘ਮਿੱਟੀ ਦੀ ਕਾਹਦੀ ਬਾਤ! ਨਾ ਮਿੱਟੀ ਦਾ ਕੋਈ ਮੁੱਲ ਤੇ ਨਾ ਇਹਦੀ ਕਹਾਣੀ!’ ਪਰ ਬਰਨਾਲੇ ਰਹਿੰਦੇ ਫੱਕਰ ਸਾਹਿਤਕਾਰ ਨੂੰ ਇਹ ਗੱਲ ਕਚੀਚੀਆਂ ਦਿੰਦੀ। ਫਿਰ ਇਕ ਦਿਨ ਉਸਨੇ ਚੁਣੌਤੀ ਸਵੀਕਾਰ ਕਰ ਲਈ ਤੇ ਕਾਗਜ਼ਾਂ ਦੀ ਹਿੱਕ ’ਤੇ ਮਿੱਟੀ ਦੀ ਬਾਤ ਉੱਕਰਨ ਲੱਗਾ…। ਇਹ ਬਾਤ ਖ਼ੂਬ ਜਚੀ। ਨਾਵਲਕਾਰ ਓਮ ਪ੍ਰਕਾਸ਼ ਗਾਸੋ ਦਾ ਨਾਵਲ ‘ਮਿੱਟੀ ਦਾ ਮੁੱਲ’। ਫਿਰ ਇਹ ਬਾਤ ਗਾਸੋ ਦੇ ਝੋਲੇ ’ਚੋਂ ਨਿਕਲ ਕੇ ਭਾਅ ਗੁਰਸ਼ਰਨ ਸਿੰਘ ਦੀ ਟੀਮ ਨਾਲ ਸੈਰ ਕਰਦੇ ਹਰੇ ਥੈਲਿਆਂ ’ਚ ਜਾ ਸਰਕੀ, ਭਾਅ ਨੇ ਪੰਨੇ ਫਰੋਲੇ ਤੇ ਪਾਰਖੂ ਅੱਖ ਨੂੰ ਨਾਵਲ ’ਚੋਂ ਨਾਟਕ ਮਿਲ ਗਿਆ। ਨਾਟਕ ਬੋਲਿਆ, ‘ਇਸ ਧਰਤੀ ’ਤੇ ਜੋ ਕੁਝ ਵੀ ਖਲੋਤਾ ਏ, ਉਹ ਮਿੱਟੀ ’ਤੇ ਈ ਖਲੋਤਾ ਏ! ਮਿੱਟੀ ਦਾ ਬੜਾ ਮੁੱਲ ਏ, ਜੇ ਕੋਈ ਸਮਝੇ।’ ਨਾਟਕ ਪਿੰਡਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣਨ ਲੱਗਾ। ਫਿਰ ਟੀਮ ਦਰ ਟੀਮ ਇਹ ਨਾਟਕ ਚੱਲਦਾ ਰਿਹਾ ਤੇ ਇਸ ਵਰ੍ਹੇ ਭਾਅ ਜੀ ਗੁਰਸ਼ਰਨ ਸਿੰਘ ਦੇ ਨੱਬੇਵੇਂ ਜਨਮ ਦਿਹਾੜੇ ਮੌਕੇ ਭਾਅ ਦੀ ਹਯਾਤੀ ਦੇ ਅੰਤਲੇ ਪਲਾਂ ’ਚ ਪੁੱਤਰਾਂ ਵਾਂਗ ਉਨ੍ਹਾਂ ਦੀ ਸੇਵਾ ਕਰਨ ਵਾਲੇ ਪਿਆਰੇ ਕਲਾਕਾਰ ਇਕੱਤਰ ਸਿੰਘ ਦੇ ਨਿਰਦੇਸ਼ਨ ਹੇਠ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਨੇ ਕਲਾ ਭਵਨ ਚੰਡੀਗੜ੍ਹ ਵਿਖੇ ਇਹ ਨਾਟਕ ਖੇਡਿਆ।
ਮੰਚ ਮਿਲਖੀ ਘੁਮਿਆਰ ਦਾ ਕਾਰਜ ਸਥਲ ਹੈ। ਮਿਲਖੀ ਗਿੱਲੀ ਮਿੱਟੀ ਤੋਂ ਭਾਂਡੇ ਬਣਾ ਰਿਹਾ ਹੈ, ਸ਼ੀਲੋ ਰਸੋਈ ਦਾ ਕੰਮ ਕਰ ਰਹੀ ਹੈ, ਰਾਮਾ ਬਾਹਰ ਜਾਣ ਦੀ ਤਿਆਰੀ ’ਚ ਹੈ, ਮੰਚ ਮੁੱਢੋਂ ਹੀ ਭਖਿਆ ਹੋਇਆ ਹੈ। ਰਾਮੇ ਦਾ ਸੁਰ ਬਾਗੀ ਹੈ, ਮਿਲਖੀ ਰਵਾਇਤੀ ਸੁਰ ਨੂੰ ਪਰਣਾਇਆ ਹੋਇਆ ਹੈ ਜਿੱਥੇ ਸਭ ਕੁਝ ਵੱਡਿਆਂ ਅੱਗੇ ਭਾਣਾ ਮੰਨਣ ਵਰਗਾ ਹੈ। ਨਾਟਕ ਦਾ ਪਹਿਲਾ ਦ੍ਰਿਸ਼ ਇਸ ਗ਼ਰੀਬ ਘਰ ਦੀ ਧੀ ਜਨਕੋ ਨਾਲ ਵਾਪਰੇ ਧੱਕੇ ਨੂੰ ਉਜਾਗਰ ਕਰਦਾ ਹੈ, ਰਾਮਾ ਇਸ ਗੱਲੋਂ ਹਰਖਿਆ ਹੋਇਆ ਹੈ ਕਿ ਲੰਬੜਦਾਰਾਂ ਦੇ ਮੁੰਡੇ ਚੂਹੜ ਸਿੰਘ ਨੇ ਉਸਦੀ ਭੈਣ ਦੀ ਇਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਏਸੇ ਲਈ ਪਰਿਵਾਰ ਨੂੰ ਔਖਿਆਂ ਹੋ ਕੇ ਜਨਕੋ ਦਾ ਛੇਤੀ ਵਿਆਹ ਕਰਨਾ ਪਿਆ। ਰਾਮਾ ਬਦਲੇ ਦੀ ਅੱਗ ਵਿਚ ਧੁਖ ਰਿਹਾ ਹੈ, ਪਰ ਉਸਦਾ ਮਿੱਤਰ ਕਿਸ਼ਨੀ ਉਸਨੂੰ ਜਾਤੀ ਲੜਾਈ ਦੀ ਥਾਂ ਜਮਾਤੀ ਜੰਗ ਲਈ ਪ੍ਰੇਰਿਤ ਕਰ ਰਿਹਾ ਹੈ।
ਪਿੰਡ ਵਿਚ ਸਰਪੰਚੀ ਦੀ ਚੋਣ ਹੋਣੀ ਹੈ, ਲੰਬੜਦਾਰ ਸਰਪੰਚੀ ਲਈ ਖੜ੍ਹਾ ਹੈ, ਰਾਮਾ ਤੇ ਕਿਸ਼ਨੀ ਨੇ ਉਸ ਖਿਲਾਫ਼ ਮੁਹਿੰਮ ਵਿੱਢ ਦਿੱਤੀ ਹੈ। ਆਖਿਰ ਉਸਨੂੰ ਹਰਾ ਦਿੱਤਾ। ਹੁਣ ਲੰਬੜਦਾਰ ਇਸ ਗੱਲ ਤੋਂ ਅੱਗ ਬਬੂਲਾ ਹੈ। ਇਸਦੇ ਸਮਾਨਅੰਤਰ ਨਾਟਕ ਦੀ ਨਾਇਕਾ ਮਿੰਦੋ ਦਾ ਕਿਰਦਾਰ ਉੱਭਰ ਰਿਹਾ ਹੈ ਜੋ ਬਾਜ਼ੀਗਰਾਂ ਦੀ ਧੀ ਹੈ ਤੇ ਲੋਹੇ ਦੀ ਬਾਤ ਪਾ ਰਹੀ ਹੈ। ਚੂਹੜ ਸਿੰਘ ਮਿੰਦੋ ’ਤੇ ਅੱਖ ਰੱਖਦਾ ਹੈ ਤੇ ਇਕ ਤਰ੍ਹਾਂ ਨਾਲ ਉਸਨੂੰ ਆਪਣੀ ਮਲਕੀਅਤ ਸਮਝਦਾ ਹੈ। ਇੱਥੇ ਰਾਮਾ ਤੇ ਚੂਹੜ ਦਾ ਟਕਰਾਉ ਹੁੰਦਾ ਹੈ, ਪਰ ਸਰਗਰਮ ਭੂਮਿਕਾ ਮਿੰਦੋ ਅਦਾ ਕਰਦੀ ਹੈ। ਇਵੇਂ ਨਾਟਕਕਾਰ ਔਰਤ ਦੀ ਜਾਨਦਾਰ ਭੂਮਿਕਾ ਪੇਸ਼ ਕਰਕੇ ਉਸਨੂੰ ਸਿਰਫ਼ ਨਾਇਕ ਦੀ ਨਾਇਕਾ ਨਾਲੋਂ ਇਕ ਸਚਮੁੱਚ ਦੀ ਕਿਰਦਾਰੀ ਅਮੀਰੀ ਵਾਲੀ ਬੁਲੰਦ ਨਾਇਕਾ ਬਣਾ ਕੇ ਦਰਸ਼ਕ ਦੇ ਸਨਮੁੱਖ ਕਰਦਾ ਹੈ ਜਿੱਥੇ ਉਹ ਜਾਤੀ ਹੈਂਕੜ ਦਾ ਠੋਕਵਾਂ ਜਵਾਬ ਵੀ ਦੇ ਸਕਦੀ ਹੈ ਤੇ ਆਪਣੇ ਪ੍ਰੇਮੀ ਰਾਮੇ ਪ੍ਰਤੀ ਮੁਹੱਬਤ ਦਾ ਇਜ਼ਹਾਰ ਵੀ ਕਰ ਸਕਦੀ ਹੈ। ਉਹ ਸਮਝ ਤੇ ਜੋਸ਼ ਦਾ ਸੰਤੁਲਨ ਕਾਇਮ ਕਰਦੀ ਹੈ।
ਹੁਣ ਨਾਟਕੀ ਟੱਕਰ ਗਰਮਾ ਗਈ ਹੈ, ਲੰਬੜਦਾਰ ਨੂੰ ਇਹ ਬਰਦਾਸ਼ਤ ਨਹੀਂ ਕਿ ਹਾਰ ਕਿਵੇਂ ਗਿਆ, ਚੂਹੜ ਨੂੰ ਬਰਦਾਸ਼ਤ ਨਹੀਂ ਕਿ ਇਕ ਸਾਧਾਰਨ ਬਾਜ਼ੀਗਰਨੀ ਉਸਦੀ ਕਠਪੁਤਲੀ ਕਿਵੇਂ ਨਹੀਂ ਬਣੀ। ਲੜਾਈ ਪ੍ਰਚੰਡ ਹੁੰਦੀ ਹੈ ਤੇ ਨਾਟਕ ਦਾ ਅੰਤ ਸ਼ੀਲੋ ਤੇ ਮਿਲਖੀ ਨੂੰ ਇਸ ਜੰਗ ਵਿਚ ਸ਼ਾਮਲ ਕਰਦਾ ਹੈ ਤੇ ਇਕ ਸਮੂਹਿਕ ਜੰਗ ਦੇ ਪ੍ਰਤੀਕ ਵਜੋਂ ਪ੍ਰਾਪਤ ਹਥਿਆਰਾਂ ਸਮੇਤ ਇਕ ਦ੍ਰਿਸ਼ ਉਜਾਗਰ ਕਰਦਾ ਹੈ ਜਿੱਥੇ ਸਭ ਵੱਡਿਆਂ ਖਿਲਾਫ਼ ਜੰਗ ਲੜਨ ਲਈ ਤਿਆਰ ਹਨ। ਇਹ ਅੰਤ ਗੁਰਸ਼ਰਨ ਸਿੰਘ ਦੇ ਇੱਛਤ ਯਥਾਰਥ ’ਚੋਂ ਨਿਕਲਿਆ ਅੰਤ ਹੈ। ਗੁਰਸ਼ਰਨ ਸਿੰਘ ਦਾ ਇਹ ਮਨਭਾਉਂਦਾ ਹਥਿਆਰ ਸੀ, ਉਹ ਹੇਠਲੀ ਉੱਤੇ ਕਰਨਾ ਲੋਚਦਾ ਸੀ, ਉਸਨੂੰ ਇਹ ਮਨਜ਼ੂਰ ਨਹੀਂ ਸੀ ਕਿ ਮਿੱਟੀ ਪੈਰਾਂ ਥੱਲੇ ਰੌਂਦੀ ਜਾਵੇ। ਉਹ ਮਿੱਟੀ ਦੇ ਜਾਇਆਂ ਦਾ ਦਰਦ ਸੀਨੇ ਸਾਂਭੀ ਫਿਰਦਾ ਸੀ।
ਇਕੱਤਰ ਸਿੰਘ ਦੀ ਟੀਮ ਨੇ ਇਸ ਨਾਟਕ ਨੂੰ ਖ਼ੂਬ ਨਿਭਾਇਆ। ਸ਼ੁਰੂ ਤੋਂ ਲੈ ਕੇ ਅੰਤ ਤਕ ਇਕ ਪਲ ਲਈ ਵੀ ਤੋਰ ਨੂੰ ਮੱਠੀ ਨਹੀਂ ਪੈਣ ਦਿੱਤਾ। ਸੰਵਾਦ ਅਦਾਇਗੀ ਠੁੱਕਦਾਰ ਸੀ। ਭਾਅ ਦੇ ਨਾਟਕਾਂ ਵਿਚ ਅਦਾਕਾਰ ਘੱਟ ਤੁਰਦੇ ਹਨ, ਸੰਵਾਦ ਗਤੀ ਵਧੇਰੇ ਮਹੱਤਵ ਰੱਖਦੀ ਹੈ। ਇਨ੍ਹਾਂ ਕਲਾਕਾਰਾਂ ਨੇ ਇਸ ਨੁਕਤੇ ਨੂੰ ਸਮਝਿਆ ਵੀ ਤੇ ਨਿਭਾਇਆ ਵੀ। ਮਿਲਖੀ ਬਣਿਆ ਰਣਦੀਪ ਭੰਗੂ ਆਪਣੀ ਨਿੱਕੀ ਕੱਦ ਕਾਠੀ ਕਰਕੇ ਜਮਾਂ ਮਾਵਾ ਛਕਣ ਵਾਲਾ ਅਮਲੀ ਲੱਗਦਾ ਸੀ, ਪਰ ਉਸਦੀ ਖ਼ੂਬੀ ਕਿਰਦਾਰ ਨੂੰ ਆਪਣੇ ਅੰਦਰ ਢਾਲ ਲੈਣ ਵਿਚ ਸੀ। ਉਸ ਦੀਆਂ ਅੱਖਾਂ ਬੋਲਦੀਆਂ, ਵਾਰ ਵਾਰ ਪੱਗ ਦਾ ਲੜ ਠੀਕ ਕਰਦਾ ਉਹ ਇੰਨਾ ਸੁਭਾਵਿਕ ਲੱਗਦਾ ਸੀ ਕਿ ਦਰਸ਼ਕ ਇੰਤਜ਼ਾਰ ਕਰਦਾ ਕਿ ਮਿਲਖੀ ਹੁਣ ਫੇਰ ਲੜ ਠੀਕ ਕਰੇ। ਪੱਗ ਦਾ ਲੜ ਖੁੱਲ੍ਹਣਾ, ਠੀਕ ਕਰਨਾ ਤੇ ਫਿਰ ਅੰਤ ਤਕ ਲੜ ਸੂਤ ਹੋ ਜਾਣਾ ਨਾਟਕ ਦੇ ਥੀਮ ਨਾਲ ਇਕਸੁਰ ਹੋਣ ਵਾਲਾ ਪ੍ਰਭਾਵ ਸੀ।
ਸ਼ੀਲੋ ਦੇ ਕਿਰਦਾਰ ’ਚ ਪ੍ਰਭਜੋਤ ਕੌਰ ਦੀ ਅਦਾਕਾਰੀ ਏਨੀ ਕੁਦਰਤੀ ਸੀ ਕਿ ਸਚਮੁੱਚ ਦੀ ਘੁਮਿਆਰਨ ਦਾ ਭੁਲੇਖਾ ਪਾਉਂਦੀ ਸੀ। ਸਿਰ ’ਤੇ ਗੁੱਛਾ ਮੁੱਛਾ ਕਰਕੇ ਧਰਿਆ ਭਾਰਾ ਦੁਪੱਟਾ, ਪੀੜ੍ਹੀ ’ਤੇ ਬੇਝਿਜਕ ਅੰਦਾਜ਼ ’ਚ ਬੈਠਣਾ ਤੇ ਬਾਹਾਂ ਨੂੰ ਪੂਰੀਆਂ ਘੁਮਾ ਕੇ ਸੰਵਾਦ ਨੂੰ ਰਿਦਮ ਦੇਣਾ, ਪ੍ਰਭਜੋਤ ਖ਼ੂਬ ਰਹੀ। ਜਸਵੀਰ ਕੁਮਾਰ ਜੱਸੀ ਨੇ ਰਾਮੇ ਦੀ ਖਿੱਝ, ਗੁੱਸਾ, ਹਿਰਖ, ਮੁਹੱਬਤ, ਝੇਂਪ ਬੜੀ ਸਹਿਜਤਾ ਨਾਲ ਪ੍ਰਗਟ ਕੀਤੇ। ਉਸਦੀ ਆਵਾਜ਼ ਤੇ ਸਪੱਸ਼ਟ ਉਚਾਰਨ ਉਸਦੀ ਕਿਰਦਾਰ ਬੁਲੰਦੀ ’ਚ ਸਹਾਈ ਹੋ ਰਹੇ ਸਨ। ਮਿੰਦੋ ਦੇ ਰੂਪ ਵਿਚ ਬਬਨਦੀਪ ਕੌਰ ਇਸ ਨਾਟਕ ਦੀ ਰੂਹ ਹੋ ਨਿੱਬੜੀ। ਇਕ ਅੱਲ੍ਹੜ ਮੁਟਿਆਰ ਦੀ ਸ਼ੋਖੀ, ਨਖਰਾ, ਅੰਦਾਜ਼ ਉਸਨੇ ਰੱਜ ਕੇ ਨਿਭਾਏ। ਉਸਦਾ ਹਾਸਾ ਮੰਚ ਤੋਂ ਮੱਕੀ ਦੇ ਦਾਣਿਆਂ ਵਾਂਗ ਖਿੱਲਾਂ ਬਣ ਬਣ ਕੇ ਦਰਸ਼ਕਾਂ ਤਕ ਪਹੁੰਚਦਾ ਤੇ ਰਾਮੇ ਨਾਲ ਸਿਰਜੇ ਮੁਹੱਬਤੀ ਪਲਾਂ ਨੂੰ ਹੋਰ ਰੁਮਾਂਸ ਬਖ਼ਸ਼ਦਾ। ਜਿਵੇਂ ਹੀ ਚੂਹੜ ਸਾਹਮਣੇ ਆਇਆ ਤਾਂ ਬਬਨਦੀਪ ਸ਼ੇਰਨੀ ਬਣ ਗਈ, ਇਹ ਭਾਵ ਦੀ ਇਕਾਇਕ ਤਬਦੀਲੀ ਕਰਨਾ ਕਿਸੇ ਚੰਗੇ ਕਲਾਕਾਰ ਦੀ ਖ਼ੂਬੀ ਹੁੰਦੀ ਹੈ। ਇਕੱਤਰ ਸਿੰਘ ਖ਼ੁਦ ਲੰਬੜਦਾਰ ਬਣਿਆ ਹੋਇਆ ਸੀ। ਜ਼ਬਤ ’ਚ ਰਹਿ ਕੇ ਕੀਤੀ ਉਸਦੀ ਅਦਾਕਾਰੀ ਖ਼ਲਨਾਇਕੀ ਨੂੰ ਪਿਆਰੇ ਰੰਗ ’ਚ ਪੇਸ਼ ਕਰ ਰਹੀ ਸੀ। ਕਿਸ਼ਨੀ ਦੇ ਰੂਪ ਵਿਚ ਗੁਰਵਿੰਦਰ ਸਿੰਘ ਤੇ ਚੂਹੜ ਦੇ ਰੂਪ ਵਿਚ ਹਰਵਿੰਦਰ ਸਿੰਘ ਔਜਲਾ ਵੀ ਇਸ ਪ੍ਰਭਾਵਸ਼ਾਲੀ ਪੇਸ਼ਕਾਰੀ ਦਾ ਮਹੱਤਵਪੂਰਨ ਅੰਗ ਬਣ ਕੇ ਵਿਚਰੇ। ਇਹ ਸ਼ਾਮ ਇਕੱਤਰ ਸਿੰਘ ਦੀ ਸੀ। ਗੁਰਸ਼ਰਨ ਸਿੰਘ ਨੂੰ ਪਿਆਰ ਕਰਨ ਵਾਲਾ ਹਰ ਸ਼ਖ਼ਸ ਜਾਣਦਾ ਹੈ ਕਿ ਇਕੱਤਰ ਸਿੰਘ ਨੇ ਸਾਡੇ ਸਾਰਿਆਂ ਦੇ ਸਿਰਾਂ ’ਤੇ ਇਕ ਰਿਣ ਚਾੜ੍ਹਿਆ ਹੋਇਆ ਹੈ, ਸਾਡੇ ਭਾਅ ਨੂੰ ਸਾਂਭ ਕੇ! ਮੈਂ ਉਮੀਦ ਕਰਦਾ ਹਾਂ ਕਿ ਭਾਅ ਦਾ ‘ਸਮੁੱਚਾ ਪਰਿਵਾਰ’ ਇਸ ਨੌਜਵਾਨ ਦੀ ਪਿੱਠ ’ਤੇ ਰਹੇਗਾ ਅਤੇ ਹਰ ਔਖੇ ਸੌਖੇ ਵੇਲੇ ਉਸਨੂੰ ਇਹ ਅਹਿਸਾਸ ਦਿਵਾਉਂਦਾ ਰਹੇਗਾ ਕਿ ਅਸੀਂ ਸਾਰੇ ਤੇਰੇ ਨਾਲ ਹਾਂ। ਮਿੱਟੀ ਦਾ ਮੁੱਲ ਤੇ ਕਲਾਕਾਰ ਦਾ ਮੁੱਲ ਇਕ ਦਿਨ ਅਵੱਸ਼ ਪਏਗਾ!

ਸੰਪਰਕ: 98880-11096


Comments Off on ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.