ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਮਿੰਨੀ ਕਹਾਣੀਆਂ

Posted On October - 27 - 2019

ਘੁੱਪ ਹਨੇਰਾ
ਅੱਜ ਵੀ ਮੈਂ ਰੋਜ਼ਾਨਾ ਵਾਂਗ ਕੰਮ ’ਤੇ ਜਾਣ ਤੋਂ ਪਹਿਲਾਂ ਸਵੇਰੇ ਤਿਆਰ ਹੋ ਕੇ ਟੀਵੀ ’ਤੇ ਖ਼ਬਰਾਂ ਸੁਣ ਰਿਹਾ ਸਾਂ। ਅੱਠਵੀਂ ’ਚ ਪੜ੍ਹਦੀ ਮੇਰੀ ਬੇਟੀ ਸਕੂਲ ਜਾਣ ਲਈ ਕਾਹਲੀ-ਕਾਹਲੀ ਤਿਆਰ ਹੁੰਦੀ ਭੱਜੀ ਫਿਰਦੀ ਸੀ। ਮੇਰਾ ਧਿਆਨ ਕਦੇ ਟੀਵੀ ਵੱਲ ਅਤੇ ਕਦੇ ਬੇਟੀ ਦੇ ਕਾਹਲਪੁਣੇ ਵੱਲ ਚਲਿਆ ਜਾਂਦਾ। ਏਨੇ ਚਿਰ ਨੂੰ ਖ਼ਬਰਾਂ ਤਾਂ ਖ਼ਤਮ ਹੋ ਗਈਆਂ ਅਤੇ ਟੀਵੀ ’ਤੇ ਨਵੀਆਂ ਆ ਰਹੀਆਂ ਕੈਸੇਟਾਂ ਦੀਆਂ ਮਸ਼ਹੂਰੀਆਂ ਚੱਲ ਪਈਆਂ ਜਿਨ੍ਹਾਂ ਵਿਚ ਜ਼ਿਆਦਾਤਰ ਧਾਰਮਿਕ ਗੀਤਾਂ ਅਤੇ ਕੀਰਤਨ ਦੀਆਂ ਸਨ ਕਿਉਂਕਿ ਕੁਝ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਆਉਣ ਵਾਲਾ ਸੀ। ਫਿਰ ਅਚਾਨਕ ‘‘ਪਾਪਾ ਜੀ’’ ਸ਼ਬਦ ਮੇਰੇ ਕੰਨੀ ਪਏ। ਮੇਰੀ ਬੇਟੀ ਤਿਆਰ ਹੋ ਕੇ ਮੇਰੇ ਸਾਹਮਣੇ ਖੜ੍ਹੀ ਸੀ। ‘‘ਹਾਂ ਬੇਟੇ?’’ ਮੈਂ ਸਹਿਜ ਸੁਭਾਅ ਬੋਲਿਆ। ਉਹ ਤਰਲਾ ਜਿਹਾ ਪਾ ਕੇ ਕਹਿਣ ਲੱਗੀ, ‘‘ਪਾਪਾ, ਮੈਂ ਕਿੰਨੇ ਦਿਨਾਂ ਦਾ ਤੁਹਾਨੂੰ ਪੰਜ ਸੌ ਰੁਪਏ ਦੇਣ ਨੂੰ ਕਿਹਾ, ਮੈਂ ਇਕ ਦੋ ਕਿਤਾਬਾਂ ਲੈਣੀਆਂ ਅਤੇ ਕੁਝ ਹੋਰ ਸਕੂਲ ਦਾ ਸਾਮਾਨ ਵੀ।’’
‘‘ਬੇਟੇ, ਉਹ ਤਾਂ ਮੈਂ ਤੇਰੀ ਮੰਮੀ ਨੂੰ ਤੇਰੇ ਵਾਸਤੇ ਉਸੇ ਦਿਨ ਦੇ ਦਿੱਤੇ ਸੀ।’’ ਮੈਂ ਕਿਹਾ। ‘‘ਹੈਂ…।’’ ਬੇਟੀ ਨੇ ਹੈਰਾਨ ਜਿਹਾ ਹੋ ਕੇ ਕਿਹਾ। ਇਸ ਤੋਂ ਪਹਿਲਾਂ ਕਿ ਮੈਂ ਪਤਨੀ ਨੂੰ ਕੁਝ ਪੁੱਛਦਾ, ਉਹ ਮੇਰੇ ਲਈ ਚਾਹ ਦਾ ਕੱਪ ਲੈ ਕੇ ਆਉਂਦੀ ਬੋਲਦੀ ਆ ਰਹੀ ਸੀ, ‘‘ ਲੈ… ਉਹ ਤਾਂ ਮੈਂ ਸੰਗਤ ਨਾਲ ਬਾਬਾ ਜੀ ਦੇ ਡੇਰੇ ’ਤੇ ਗਈ ਸੀ, ਉੱਥੇ ਖ਼ਰਚ ਹੋ ਗਏ। ਕੁਝ ਕਿਰਾਇਆ ਭਾੜਾ ਲੱਗ ਗਿਆ, ਬਾਕੀ ਬਚੇ ਬਾਬਾ ਜੀ ਨੂੰ ਮੱਥਾ ਟੇਕ ਦਿੱਤੇ। ਕੋਈ ਨੀ ਅੱਗ ਲੱਗਦੀ ਇਹਦੀਆਂ ਕਿਤਾਬਾਂ ਨੂੰ, ਆ ਜਾਣਗੀਆਂ।’’ ਉਹ ਇਕੋ ਸਾਹੇ ਸਾਰੀ ਗੱਲ ਕਹਿ ਗਈ। ਸੰਯੋਗ ਨਾਲ ਤਦੇ ਚੱਲ ਰਹੇ ਟੀਵੀ ਤੋਂ ਸ਼ਬਦ ਦੀ ਆਵਾਜ਼ ਆਈ, ‘‘ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਆ।’’ ਪਰ ਮੈਨੂੰ ਅੱਜ ਲੱਗ ਰਿਹਾ ਸੀ ਜਿਵੇਂ ਹਾਲੇ ਵੀ ਜੱਗ ਅੰਦਰ ਚਾਰੇ ਪਾਸੇ ਘੁੱਪ ਹਨੇਰੇ ਦਾ ਪਸਾਰਾ ਹੋਵੇ।
– ਜਗਦੀਸ਼ ਪ੍ਰੀਤਮ
ਸੰਪਰਕ: 75083-51981

ਖ਼ਬਰ
‘‘ਯਾਰ ਅੱਜ ਅਖ਼ਬਾਰ ਦੀ ਸਭ ਤੋਂ ਵੱਡੀ ਤੇ ਪ੍ਰਸਿੱਧ ਖ਼ਬਰ ਕਿਹੜੀ ਹੈ…?’’ ‘‘ਮੰਤਰੀ ਜੀ ਦੀ ਪੈਦਲ ਯਾਤਰਾ…।’’
‘‘ਹੋਰ ਕੋਈ ਖ਼ਬਰ…?’’ ‘‘ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਹੜਤਾਲ ਦੀ ਧਮਕੀ…।’’
‘‘ਇਸ ਤੋਂ ਇਲਾਵਾ ਹੋਰ ਕੋਈ ਖ਼ਬਰ…?’’ ‘‘ਪ੍ਰਧਾਨ ਮੰਤਰੀ ਦਾ ਜਨਤਾ ਦੇ ਨਾਂ ਆਪਸੀ ਭਾਈਚਾਰੇ ਦਾ ਸੰਦੇਸ਼…?’’
‘‘ਬੱਸ! ਇਹੀ ਖ਼ਬਰਾਂ ਹਨ, ਇਸ ਤੋਂ ਇਲਾਵਾ ਹੋਰ ਕਿਹੜੀ ਖ਼ਬਰ…?’’
‘ਅੱਛਾ…! ਤੂੰ ਆਪ ਹੀ ਵੇਖ ਲੈ। ਮੈਨੂੰ ਤਾਂ ਇਹ ਖ਼ਬਰਾਂ ਨਜ਼ਰ ਆਈਆਂ…।’’
ਦੂਜੇ ਦੋਸਤ ਨੇ ਪਹਿਲੇ ਦੋਸਤ ਤੋਂ ਅਖ਼ਬਾਰ ਲੈ ਲਈ। ਉਸ ਨੇ ਅਖ਼ਬਾਰ ਬੜੇ ਗ਼ੌਰ ਨਾਲ ਵੇਖੀ ਤਾਂ ਉਸ ਨੂੰ ਬਿਲਕੁਲ ਨੁੱਕਰੇ ਲੱਗੀ ਖ਼ਬਰ ਨਜ਼ਰ ਆਈ ਤੇ ਆਪਣੇ ਦੋਸਤ ਨੂੰ ਕਹਿਣ ਲੱਗਾ।
‘‘ਤੂੰ ਆਹ ਖ਼ਬਰ ਨਹੀਂ ਵੇਖੀ…?’’
‘‘ਕਿਹੜੀ ਖ਼ਬਰ ਐ ਭਾ…?’’
‘‘ਨਵੀਂ ਦਿੱਲੀ ’ਚ ਅਨੇਕਾਂ ਝੁੱਗੀਆਂ ਨੂੰ ਅੱਗ ਲੱਗ ਗਈ, ਉਸ ’ਚ ਅਨੇਕਾਂ ਵਿਅਕਤੀ ਸੜ ਕੇ ਮਰ ਗਏ।’’
‘‘ਅੱਛਾ…! ਇੰਨੀ ਵੱਡੀ ਖ਼ਬਰ, ਐਡਾ ਭਿਆਨਕ ਦੁਖਾਂਤ ਤੇ ਨਿੱਕੀ ਜਿਹੀ ਖ਼ਬਰ…!’’ ‘‘ਲੋਕ ਰਾਜ ਜੁ ਹੋਇਆ…।’’
ਪਹਿਲੇ ਦੋਸਤ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਤੇ ਦੂਜਾ ਦੋਸਤ ਵੀ ਚਿੰਤਾ ’ਚ ਡੁੱਬ ਗਿਆ।
– ਵਰਿੰਦਰ ਆਜ਼ਾਦ
ਸੰਪਰਕ: 98150-21527

ਪਿੰਜਰਾ
ਦੋ ਤਿੰਨ ਦਿਨਾਂ ਤੋਂ ਬੇਹੱਦ ਗਰਮੀ ਪੈ ਰਹੀ ਸੀ।
ਉਹ ਟੀਵੀ ਮੂਹਰੇ ਬੈਠਾ ਖ਼ਬਰਾਂ ਸੁਣ ਰਿਹਾ ਸੀ। ਅਚਾਨਕ ਬਹੁਤ ਤੇਜ਼ ਹਨੇਰੀ ਚੱਲਣ ਦੀ ਆਵਾਜ਼ ਦੇ ਨਾਲ ਹੀ ਬੂਹੇ-ਬਾਰੀਆਂ ਤਾੜ-ਤਾੜ ਖੜਕਣ ਲੱਗੇ। ਕਾਲੀ-ਬੋਲੀ ਹਨੇਰੀ ਦੇ ਨਾਲ ਆਸਮਾਨ ’ਤੇ ਘਟਾ-ਟੋਪ ਛਾ ਗਈ। ਸ਼ਾਹ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਪਾ ਦਿੱਤੀ ਸੀ। ਫੇਰ ਸ਼ੈੱਡ ਦੀ ਟੀਨ ਦੀ ਛੱਤ ਤੋਂ ਜ਼ੋਰ-ਜ਼ੋਰ ਦੀ ਕਣੀਆਂ ਡਿੱਗਣ ਦੀ ਆਵਾਜ਼ ਆਈ। ਵੇਖਦੇ ਹੀ ਵੇਖਦੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ। ਉਸ ਨੂੰ ਅੰਦਰ ਹੁੰਮਸ ਮਹਿਸੂਸ ਹੋਈ। ਟੀਵੀ ਬੰਦ ਕਰਕੇ ਉਹ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਬਾਲਕਨੀ ਦੀ ਛੱਤ ਹੇਠ ਪਈ ਮੰਜੀ ’ਤੇ ਬੈਠ ਗਿਆ। ਬਾਹਰ ਦਾ ਨਜ਼ਾਰਾ ਹੀ ਹੋਰ ਸੀ।
ਮੀਂਹ ਦੀ ਠੰਢੀ ਹਵਾ ਦੇ ਛਰਾਟਿਆਂ ਨੇ ਪਿਛਲੇ ਦਿਨਾਂ ਦੀ ਗਰਮੀ ਨੂੰ ਦੂਰ ਭਜਾ ਦਿੱਤਾ ਸੀ। ਬੱਦਲ ਪੂਰੇ ਜ਼ੋਰ ਦੀ ਗੜ੍ਹਕ ਰਿਹਾ ਸੀ। ਬਿਜਲੀ ਵਾਰ-ਵਾਰ ਬੱਦਲਾਂ ਵਿਚਦੀ ਚਮਕਦੀ ਤੇ ਨਾਲ ਦੀ ਨਾਲ ਜ਼ੋਰਦਾਰ ਗੜਗੜਾਹਟ ਹੁੰਦੀ। ਮੀਂਹ ਦੀਆਂ ਠੰਢੀਆਂ ਫੁਹਾਰਾਂ ਉਸ ਉਪਰ ਪੈ ਰਹੀਆਂ ਸਨ। ਉਹ ਚੱਪਲਾਂ ਲਾਹ ਕੇ ਮੰਜੀ ’ਤੇ ਲੱਤਾਂ ਲਮਕਾ ਕੇ ਬੈਠ ਗਿਆ। ਫਰਸ਼ ’ਤੇ ਤੇਜ਼ ਵਗਦੇ ਪਾਣੀ ਵਿਚ ਉਹ ਨੰਗੇ ਪੈਰਾਂ ਨਾਲ ਛਪ-ਛਪ ਕਰਨ ਲੱਗਾ। ਅਕਹਿ ਆਨੰਦ ਦੀ ਅਵਸਥਾ ਵਿਚ ਗੜੂੰਦ ਉਹ ਕੁਦਰਤ ਦੇ ਬਲਿਹਾਰੇ ਜਾ ਰਿਹਾ ਸੀ। ਅਜੇ ਪੰਜਰਾਂ ਕੁ ਮਿੰਟ ਹੀ ਹੋਏ ਸਨ ਕਿ ਪਤਨੀ ਦੀ ਤੇਜ਼ ਆਵਾਜ਼ ਨਾਲ ਤ੍ਰਭਕ ਗਿਆ।
‘‘ਪੱਖਾ ਚੱਲਦਾ ਹੀ ਛੱਡ ਆਏ। ਹਜ਼ਾਰ ਵਾਰ ਕਹਿ-ਕਹਿ ਕੇ ਥੱਕ ਗਈ, ਪਰ ਤੁਹਾਡੇ ’ਤੇ ਕੋਈ ਅਸਰ ਨਹੀਂ ਹੁੰਦਾ। ਭਕਾਵੀ ਰੱਖੀ ਆਂ ਮੈਂ ਤਾਂ ਸਾਰੇ ਟੱਬਰ ਦੀ!’’ ਉਹ ਭਰੀ-ਪੀਤੀ ਢਾਕਾਂ ’ਤੇ ਹੱਥ ਧਰੀ ਉਸ ਦੇ ਸਿਰਹਾਣੇ ਖੜ੍ਹੀ ਸੀ। ‘‘ਨਾਲੇ ਆਹ ਮੀਂਹ ’ਚ ਭਿੱਜੀ ਜਾਨੇ ਓ। ਨਾਲੇ ਮੰਜੀ ਭਿੱਜੀ ਜਾਂਦੀ ਐ। ਤੁਹਾਨੂੰ ਤਾਂ ਕੋਈ ਪਤਾ ਈ ਨਹੀਂ ਲੱਗਦਾ। ਪਤਾ ਨਹੀਂ ਹਰ ਵੇਲੇ ਕੀਹਦੇ ਖਿਆਲਾਂ ’ਚ ਗੁਆਚੇ ਰਹਿੰਨੇ ਓ?’’ ਅਜਿਹੇ ਮੌਕਿਆਂ ’ਤੇ ਉਹ ਕੁਝ ਨਹੀਂ ਬੋਲਦਾ। ਕਿਸੇ ਮੁਜਰਮ ਵਾਂਗ ਚੁੱਪਚਾਪ ਕਟਹਿਰੇ ਵਿਚ ਖੜ੍ਹਾ ਰਹਿੰਦਾ ਹੈ। ਉਸ ਨੂੰ ਇੰਜ ਜਾਪਿਆ ਜਿਵੇਂ ਕਿਸੇ ਨੇ ਬਹਿਸ਼ਤ ਵਿਚੋਂ ਧੱਕਾ ਦੇ ਕੇ ਧਰਤੀ ’ਤੇ ਪਟਕਾ ਮਾਰਿਆ ਹੋਵੇ।
ਮੀਂਹ ਉਵੇਂ ਜਿਵੇਂ ਪੈ ਰਿਹਾ ਸੀ, ਬੱਦਲ ਉਵੇਂ ਜਿਵੇਂ ਗੜ੍ਹਕ ਰਿਹਾ ਸੀ, ਬਿਜਲੀ ਉਵੇਂ ਜਿਵੇਂ ਚਮਕ ਰਹੀ ਸੀ, ਪਰ ਹੁਣ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਕੁਦਰਤ ਦਾ ਉਹ ਸਾਰਾ ਤਲਿਸਮ ਜੋ ਕੁਝ ਸਮਾਂ ਪਹਿਲਾਂ ਉਸ ਨੂੰ ਸ਼ਰਸ਼ਾਰ ਕਰ ਰਿਹਾ ਸੀ, ਇਕਦਮ ਕਿਧਰੇ ਛਾਈਂ-ਮਾਈਂ ਹੋ ਗਿਆ ਸੀ। ਉਸ ਨੂੰ ਇੰਜ ਜਾਪਿਆ ਜਿਵੇਂ ਦੋ ਦਿਨ ਪਹਿਲਾਂ ਵਾਲੀ ਧੁੱਪ ਅਤੇ ਲੋਅ ਉਸ ਦਾ ਪਿੰਡਾ ਲੂਹ ਰਹੀ ਹੋਵੇ!
– ਜਸਬੀਰ ਢੰਡ
ਸੰਪਰਕ: 94172-87399


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.