ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਮਿੰਨੀ ਕਹਾਣੀਆਂ

Posted On October - 13 - 2019

ਛੋਟਾ ਨੋਟ

ਦੁਸਹਿਰੇ ਦੇ ਦਿਨ ਪੂਜਾ ਵੇਲੇ ਦਸ ਸਾਲਾਂ ਦੀ ਮੋਨਾ ਨੇ ਆਪਣੇ ਪਾਪਾ ਦੇ ਕੰਨ ਪਿੱਛੇ ਜੌਂ ਟੰਗੇ ਤਾਂ ਉਸ ਦੇ ਪਾਪਾ ਨੇ ਪੰਜ ਸੌ ਰੁਪਏ ਦਾ ਨੋਟ ਕੱਢ ਕੇ ਉਸ ਨੂੰ ਫੜਾਉਂਦਿਆਂ ਕਿਹਾ, ‘‘ਲੈ ਮੋਨਾ ਬੇਟਾ, ਇਹ ਪੈਸੇ ਮੰਮੀ ਕੋਲ ਸੰਭਾਲ ਦੇ… ਤੇਰੀ ਮਨਪਸੰਦ ਦੀ ਡੌਲ ਲੈ ਦੇਵੇਗੀ…।’’
ਨਾਲ ਹੀ ਖੜ੍ਹੀ ਮੋਨਾ ਦੀ ਹਮਉਮਰ ਸਹੇਲੀ ਰਮੱਈਆ ਨੇ ਵੀ ਮੋਨਾ ਦੇ ਪਾਪਾ ਦੇ ਜੌਂ ਟੰਗ ਦਿੱਤੇ ਤਾਂ ਪਾਪਾ ਨੇ ਉਸ ਨੂੰ ਜੇਬ ਫਰੋਲ ਕੇ ਪੰਜਾਹ ਰੁਪਏ ਦਾ ਨੋਟ ਦੇ ਦਿੱਤਾ। ਇਸ ’ਤੇ ਮੋਨਾ ਨੇ ਭੋਲੇਪਣ ਵਿਚ ਕਿਹਾ, ‘‘ਪਾਪਾ, ਇਸ ਦਾ ਨੋਟ ਤਾਂ ਛੋਟਾ ਹੈ… ਇਹ ਵੀ ਤਾਂ ਮੇਰੇ ਜਿਹੀ ਡੌਲ ਲਵੇਗੀ…।’’
‘‘ਨਹੀਂ ਪੁੱਤਰ… ਰਮੱਈਆ ਵੱਡੇ ਖਿਡੌਣਿਆਂ ਨਾਲ ਨਹੀਂ ਖੇਡਦੀ…।’’ ਪਾਪਾ ਨੇ ਕਿਹਾ ਤੇ ਚਲੇ ਗਏ। ਰਮੱਈਆ ਉਨ੍ਹਾਂ ਦੀ ਨੌਕਰਾਣੀ ਦੀ ਬੇਟੀ ਸੀ।

– ਹਰਿੰਦਰ ਸਿੰਘ ਗੋਗਨਾ
ਸੰਪਰਕ: 98723-25960

ਤਿੰਨ ਧੀਆਂ

ਸੇਵਾਮੁਕਤ ਫ਼ੌਜੀ ਦਰਬਾਰਾ ਸਿੰਘ ਲੰਮੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ ਸੀ। ਉਸ ਦੀ ਪਤਨੀ ਮਿੰਦਰ ਕੌਰ ਵੀ ਉਸ ਦੇ ਜਾਣ ਮਗਰੋਂ ਅੱਧੀ ਰਹਿ ਗਈ ਸੀ। ਉਸ ਦੇ ਤਿੰਨ ਪੁੱਤਰ ਸਨ। ਵੱਡੇ ਦੋਵਾਂ ਪੁੱਤਰਾਂ ਨੂੰ ਤਾਂ ਦਰਬਾਰਾ ਸਿੰਘ ਨੇ ਹੱਲਾਸ਼ੇਰੀ ਦੇ ਕੇ ਆਪਣੇ ਹੱਥੀਂ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਸੀ, ਪਰ ਛੋਟਾ ਪੁੱਤਰ ਕਿਸੇ ਕਾਰਨ ਉਦੋਂ ਭਰਤੀ ਨਹੀਂ ਸੀ ਹੋ ਸਕਿਆ। ਦਰਬਾਰਾ ਸਿੰਘ ਨੇ ਆਪਣੇ ਜਿਉਂਦੇ ਜੀਅ ਹੀ ਆਪਣੇ ਪੁੱਤਰਾਂ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਅੱਡ ਕਰ ਦਿੱਤਾ ਸੀ। ਆਪ ਉਹ ਛੋਟੇ ਪੁੱਤਰ ਨਾਲ ਰਲ ਗਏ ਸਨ। ਛੋਟੇ ਪੁੱਤਰ ਦਾ ਕੰਮ-ਕਾਰ ਕੋਈ ਬਹੁਤਾ ਸੈੱਟ ਨਹੀਂ ਸੀ। ਦਰਬਾਰਾ ਸਿੰਘ ਦੀ ਆਪਣੀ ਪੈਨਸ਼ਨ ਕਰਕੇ ਡੰਗ ਟੱਪ ਰਿਹਾ ਸੀ, ਪਰ ਹੁਣ ਪਿਓ ਦੀ ਮੌਤ ਮਗਰੋਂ ਛੋਟੇ ਪੁੱਤਰ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਸੀ। ਉਹ ਵੀ ਹੁਣ ਕਿਸੇ ਅਫ਼ਸਰ ਦੀ ਗੱਡੀ ’ਤੇ ਚੰਗੀ ਤਨਖ਼ਾਹ ਦੇਖ ਕੇ ਡਰਾਈਵਰ ਲੱਗ ਗਿਆ ਸੀ। ਮਸਾਂ ਮਹੀਨੇ ਮਗਰੋਂ ਘਰ ਗੇੜਾ ਮਾਰਦਾ।
ਮਾਂ ਦੀ ਸਿਹਤ ਦਿਨੋ-ਦਿਨ ਹੋਰ ਵਿਗੜ ਰਹੀ ਸੀ। ਤਿੰਨਾਂ ਪੁੱਤਰਾਂ ’ਚੋਂ ਕਿਸੇ ਕੋਲ ਵੀ ਏਨਾ ਸਮਾਂ ਨਹੀਂ ਸੀ ਕਿ ਉਹ ਮਾਂ ਨੂੰ ਹਸਪਤਾਲ ਦਾਖ਼ਲ ਕਰਾ ਸਕਦੇ। ਮਰਨ ਕਿਨਾਰੇ ਪਈ ਮਿੰਦਰ ਕੌਰ ਆਖ਼ਰ ਕਿਸੇ ਤਰੀਕੇ ਹਸਪਤਾਲ ਪਹੁੰਚੀ। ਉਸ ਦੇ ਨਾਲ ਦੇ ਬੈੱਡ ’ਤੇ ਪਈ ਇਕ ਔਰਤ ਉਦਾਸ ਸੀ ਜਿਸ ਨੇ ਹੁਣੇ ਕੁਝ ਕੁ ਸਮਾਂ ਪਹਿਲਾਂ ਇਕ ਕੁੜੀ ਨੂੰ ਜਨਮ ਦਿੱਤਾ ਸੀ। ਉਸ ਨੇ ਮਿੰਦਰ ਕੌਰ ਨੂੰ ਇਸ ਹਾਲਤ ਵਿਚ ਇਕੱਲਿਆਂ ਦੇਖ ਕੇ ਪੁੱਛਿਆ, ‘‘ਮਾਤਾ ਜੀ, ਤੁਹਾਡੇ ਕਿੰਨੇ ਬੱਚੇ ਹਨ?’’ ‘‘ਤਿੰਨ,’’ ਮਿੰਦਰ ਕੌਰ ਨੇ ਲੰਮਾ ਸਾਹ ਭਰ ਕੇ ਕਿਹਾ। ਉਸ ਇਸਤਰੀ ਨੇ ਆਪਣੀ ਨਵਜੰੰਮੀ ਧੀ ਵੱਲ ਵੇਖ ਕੇ ਸੋਚਿਆ ਕਿ ਮਾਤਾ ਜ਼ਰੂਰ ਤਿੰਨ ਧੀਆਂ ਦੀ ਮਾਂ ਹੋਵੇਗੀ ਜੋ ਇਸ ਤਰ੍ਹਾਂ ਰੁਲ ਰਹੀ ਹੈ, ਬੇਗਾਨੇ ਪੁੱਤ ਕਿੱਥੇ ਹਾਲ ਪੁੱਛਦੇ ਹਨ। ਕਾਸ਼! ਮਾਤਾ ਦੇ ਵੀ ਕੋਈ ਪੁੱਤਰ ਹੁੰਦਾ।

– ਮਨਦੀਪ ਸਿੰਘ ਸ਼ੇਰੋਂ
ਸੰਪਰਕ: 73076-25006

ਅੱਧੀ ਟਿਕਟ

ਮੈਂ ਨਕੋਦਰ ਤੋਂ ਜਲੰਧਰ ਜਾਣ ਵਾਲੀ ਰੋਡਵੇਜ਼ ਦੀ ਬੱਸ ’ਚ ਬੈਠਾ ਪਤਾ ਨਹੀਂ ਕਿਹੜੇ ਖ਼ਿਆਲਾਂ ’ਚ ਗੁੰਮ ਸੀ ਕਿ ਨਾਲ ਬੈਠੀਆਂ ਸਵਾਰੀਆਂ ਦੇ ਨਾਲ ਆਏ ਚਾਰ ਕੁ ਸਾਲ ਦੇ ਬੱਚੇ ਦੇ ਰੌਲੇ ਨੇ ਧਿਆਨ ਉਨ੍ਹਾਂ ਵੱਲ ਖਿੱਚਿਆ। ਬੱਚਾ ਮਾਂ-ਪਿਉ ਦੀ ਗੋਦੀ ’ਚੋਂ ਉੱਛਲ-ਉੱਛਲ ਇਕੱਲਾ ਕਿਸੇ ਖਾਲੀ ਸੀਟ ’ਤੇ ਬਹਿਣਾ ਚਾਹੁੰਦਾ ਸੀ। ਦਸ ਮਿੰਟ ਇਸੇ ਕਾਵਾਂ ਰੌਲੀ ’ਚ ਨਿਕਲ ਗਏ।
ਏਨੇ ਨੂੰ ਕੰਡਕਟਰ ਟਿਕਟਾਂ ਕੱਟਣ ਆ ਗਿਆ। ਨਾਲ ਬੈਠੀ ਸਵਾਰੀ ਵੱਲੋਂ ਸੱਠ ਰੁਪਏ ਫੜਾ ਦੋ ਟਿਕਟਾਂ ਮੰਗਣ ’ਤੇ ਕੰਡਕਟਰ ਨੇ ਕਿਹਾ, ‘‘ਬੱਚੇ ਦੀ ਅੱਧੀ ਟਿਕਟ ਹੋਰ ਲੱਗੇਗੀ।’’
‘‘ਪਰ ਇਹ ਤਾਂ ਛੋਟਾ ਐ ਅਜੇ। ਨਾਲੇ ਇਸ ਨੇ ਕਿਹੜਾ ਸੀਟ ’ਤੇ ਬੈਠਣਾ ਏ?’’ ਬੱਚੇ ਦਾ ਪਿਓ ਸਫ਼ਾਈ ਦੇ ਰਿਹਾ ਸੀ।
‘‘ਕਿੰਨੇ ਸਾਲ ਦਾ ਏ ਤੁਹਾਡਾ ਬੱਚਾ?’’
‘‘ਜੀ ਤਿੰਨ ਸਾਲ ਦਾ,’’ ਇਸ ਵਾਰ ਬੱਚੇ ਦੀ ਮਾਂ ਬੋਲੀ।
‘‘ਤਿੰਨ ਸਾਲ ਦੇ ਬੱਚੇ ਦੀ ਅੱਧੀ ਟਿਕਟ ਲੱਗਦੀ ਹੈ। ਹਾਂ, ਜੇ ਤੁਸੀਂ ਟਿਕਟ ਨਹੀਂ ਲੈਣੀ ਤਾਂ ਤੁਹਾਡੀ ਮਰਜ਼ੀ… ਪਰ ਜੇ ਕੋਈ ਚੈੱਕਰ ਰਸਤੇ ਵਿਚ ਪੁੱਛੇ ਤਾਂ ਇਸ ਦੀ ਉਮਰ ਪੌਣੇ ਤਿੰਨ ਸਾਲ ਦੱਸਣਾ… ਨਹੀਂ ਤਾਂ ਜੁਰਮਾਨਾ ਲੱਗੇਗਾ,’’ ਕੰਡਕਟਰ ਨੇ ਸਪੱਸ਼ਟ ਕਰਦਿਆਂ ਕਿਹਾ। ‘‘ਪੌਣੇ ਤਿੰਨ ਕਿਉਂ ਜੀ, ਅਸੀਂ ਤਾਂ ਢਾਈ ਸਾਲ ਹੀ ਦੱਸਾਂਗੇ… ਅਸੀਂ ਜ਼ਰੂਰ ਕਟਾਉਣੀ ਐ ਅੱਧੀ ਟਿਕਟ,’’ ਪੂਰੇ ਪੰਦਰਾਂ ਰੁਪਏ ਬਚ ਜਾਣ ’ਤੇ ਸੰਤੁਸ਼ਟੀ ਦੇ ਭਾਵ ਬੱਚੇ ਦੀ ਮਾਂ ਦੇ ਚਿਹਰੇ ’ਤੇ ਸਾਫ਼ ਝਲਕ ਰਹੇ ਸਨ। ਕੰਡਕਟਰ ਦੇ ਅੱਗੇ ਵਧਣ ਤੋਂ ਬਾਅਦ ਦੋਵੇਂ ਪਤੀ ਪਤਨੀ ਆਪਣੀਆਂ ਗੱਲਾਂ ਵਿਚ ਰੁੱਝ ਗਏ। ਉਨ੍ਹਾਂ ਦੀਆਂ ਗੱਲਾਂ ਤੋਂ ਪ੍ਰਤੀਤ ਹੋ ਰਿਹਾ ਸੀ ਕਿ ਉਹ ਆਪਣੀ ‘ਗ਼ਰੀਬੀ’ ਦੂਰ ਕਰਨ ਲਈ ਸ਼ਹਿਰ ਕਿਸੇ ਬਾਬੇ ਨੂੰ ਮਿਲਣ ਜਾ ਰਹੇ ਸਨ।
‘‘ਜਸ ਦੀ ਮਾਸੀ ਕਹਿੰਦੀ ਸੀ ਉਹ ਮੰਗਦਾ ਕੁਝ ਨਹੀਂ… ਆਪਣੀ ਸ਼ਰਧਾ ਹੈ ਜੋ ਮਰਜ਼ੀ ਮੱਥਾ ਟੇਕ ਦੇ ਦਿਓ… ਉਹ ਤਾਂ ਕਹਿੰਦੀ ਸੀ ਕਿ ਅਸੀਂ ਜਦ ਵੀ ਜਾਂਦੇ ਹਾਂ ਇੱਕੀ ਸੌ ਦਾ ਮੱਥਾ ਟੇਕ ਦਿੰਦੇ ਹਾਂ… ਸਾਡੇ ’ਤੇ ਬਾਬਾ ਜੀ ਦੀ ਬਹੁਤ ਕਿਰਪਾ ਐ। ਪੂਰੇ ਵਾਰੇ-ਨਿਆਰੇ ਨੇ!! …ਮੈਂ ਤਾਂ ਕਹਿੰਦੀ ਆਂ ਗਿਆਰਾਂ ਕੁ ਸੌ ਦਾ ਮੱਥਾ ਆਪਾਂ ਵੀ ਟੇਕ ਦਿਆਂਗੇ।’’ ਆਦਮੀ ਨੇ ‘ਹੂੰ’ ਆਖ ਕੇ ਉਸ ਦੀ ਗੱਲ ’ਚ ਹਾਮੀ ਭਰੀ ਤੇ ਮੈਨੂੰ ਸਾਰੇ ਰਸਤੇ ਇਸ ਸਵਾਲ ਨੇ ਘੁੰਮਣ-ਘੇਰੀ ’ਚ ਪਾਈ ਰੱਖਿਆ ਕਿ ਗ਼ਰੀਬੀ ਕਿਸ ਦੀ ਦੂਰ ਹੋਵੇਗੀ ਤੇ ਅੱਧੀ ਟਿਕਟ ਦੇ ਬਚਾਏ ਹੋਏ ਪੈਸੇ ਕਿਸ ਲੇਖੇ ਲੱਗਣਗੇ।

– ਰਾਕੇਸ਼ ਅਗਰਵਾਲ ਸ਼ਾਹਕੋਟ
ਸੰਪਰਕ: 94177-71324

ਸਮਾਰਟ ਮੋਬਾਈਲ

ਬਾਰਾਂ ਜਮਾਤਾਂ ਪਾਸ ਨੌਜਵਾਨ ਪੁੱਤ ਨੇ ਆਪਣੇ ਬਾਪੂ ਨੂੰ ਖੇਤ ਵਿਚ ਰੋਟੀ ਫੜਾਉਂਦਿਆਂ ਚਾਅ ਨਾਲ ਦੱਸਿਆ, “ਬਾਪੂ, ਸਰਕਾਰ ਦੀਵਾਲੀ ਵੇਲੇ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਮੋਬਾਈਲ ਫੋਨ ਦੇਵੇਗੀ। ਅੱਜ ਐਲਾਨ ਹੋਇਐ।” ਬਾਪ ਨੇ ਮਿੱਟੀ ਨਾਲ ਲਿੱਬੜੇ ਹੱਥਾਂ ਨੂੰ ਝਾੜਦਿਆਂ ‘ਹੂੰਅ…’ ਕਿਹਾ ਅਤੇ ਚਿੰਤਾਤੁਰ ਲਹਿਜੇ ਨਾਲ ਰੋਟੀ ਫੜ ਲਈ। ਉਹ ਉਦਾਸ ਹੋ ਕੇ ਸੋਚ ਰਿਹਾ ਸੀ, “ਜਿਹੜਾ ਮਾੜਾ-ਮੋਟਾ ਮੁੰਡਾ ਡੱਕਾ ਤੋੜਦੈ, ਇਹ ਤਾਂ ਫਿਰ ਉਹਤੋਂ ਵੀ ਜਾਊ। ਸਾਰਾ ਦਿਨ ਉਂਗਲਾਂ ਜਿਹੀਆਂ ਮਾਰਦਾ ਰਹੂ ਘਰੇ ਬੈਠਾ। ਨਾਲੇ ਮੋਬਾਈਲ ਕਿਹੜਾ ਊਈਂ ਚੱਲ ਪਊ, ਉਹਦੇ ’ਚ ਹਰ ਮਹੀਨੇ ਪੈਸੇ ਵੀ ਤਾਂ ਪਾਉਣੇ ਪੈਣਗੇ। ਇਹਦੇ ਨਾਲੋਂ ਤਾਂ ਕੋਈ ਮੁੰਡਿਆਂ ਨੂੰ ਆਹਰੇ ਲਾਉਣ ਦੀ ਵਿਉਂਤ ਬਣਾ ਲੈਂਦੇ। ਹਰਲ-ਹਰਲ ਕਰਦੇ ਫਿਰਦੇ ਨੇ ਮੇਰੇ ਬਿੱਕਰ ਵਰਗੇ ਹੋਰ ਮੁੰਡੇ।” ਚਿੰਤਾਤੁਰ ਲਹਿਜੇ ਵਿਚ ਉਹ ਅਰਦਾਸ ਕਰ ਰਿਹਾ ਸੀ, “ਸੱਚੇ ਪਾਤਸ਼ਾਹ! ਸਰਕਾਰ ਦੇ ਪਹਿਲਾਂ ਕੀਤੇ ਵਾਅਦਿਆਂ ਵਾਂਗੂੰ ਇਹ ਵਾਅਦਾ ਵੀ ਲਾਰਾ ਹੀ ਨਿਕਲੇ।” ਅੰਤਾਂ ਦੀ ਭੁੱਖ ਲੱਗੀ ਹੋਣ ਦੇ ਬਾਵਜੂਦ ਉਸ ਦਾ ਰੋਟੀ ਖਾਣ ਨੂੰ ਜੀਅ ਨਹੀਂ ਸੀ ਕਰ ਰਿਹਾ।

– ਮੋਹਨ ਸ਼ਰਮਾ
ਸੰਪਰਕ: 94171-48866


Comments Off on ਮਿੰਨੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.