ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਮਾਪਿਆਂ ਵੱਲੋਂ ਸੇਂਟ ਮੈਰੀ ਸਕੂਲ ਅੱਗੇ ਧਰਨਾ ਤੇ ਚੱਕਾ ਜਾਮ

Posted On October - 12 - 2019

ਸਕੂਲ ਦੇ ਬਾਹਰ ਰੋਸ ਮੁਜ਼ਾਹਰਾ ਕਰਦੇ ਹੋਏ ਵਿਦਿਆਰਥੀਆਂ ਦੇ ਮਾਪੇ।

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 11 ਅਕਤੂਬਰ
ਇੱਥੋਂ ਦੇ ਸੇਂਟ ਮੈਰੀ ਸਕੂਲ ਫੇਜ਼-11 ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਗੇਟ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ ਅਤੇ ਸੜਕ ’ਤੇ ਚੱਕਾ ਜਾਮ ਕਰਕੇ ਪ੍ਰਿੰਸੀਪਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲਗਪਗ ਦੋ ਘੰਟਿਆਂ ਤੱਕ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਧਿਰਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਲਈ ਕਿਹਾ। ਸਕੂਲ ਮੈਨੇਜਮੈਂਟ ਦੇ ਨੁਮਾਇੰਦਿਆਂ ਦੇ ਭਰੋਸੇ ਮਗਰੋਂ ਮਾਪਿਆਂ ਦਾ ਗੁੱਸਾ ਸ਼ਾਂਤ ਹੋਇਆ ਅਤੇ ਧਰਨਾ ਖ਼ਤਮ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਪ੍ਰਿੰਸੀਪਲ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਸਬੰਧਤ ਵਿਸ਼ਾ ਅਧਿਆਪਕਾਂ ਨਾਲ ਤਾਲਮੇਲ ਕਰਨ ਨਹੀਂ ਦਿੱਤਾ ਜਾਂਦਾ ਹੈ ਤੇ ਪ੍ਰਿੰਸੀਪਲ ਦਾ ਮਾਪਿਆਂ ਪ੍ਰਤੀ ਰਵੱਈਆ ਵੀ ਠੀਕ ਨਹੀਂ ਹੈ। ਬੱਚਿਆਂ ਨੂੰ ਲਿਫ਼ਟ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ। ਪ੍ਰਿੰਸੀਪਲ ਨੇ ਨਵਾਂ ਹੁਕਮ ਲਾਗੂ ਕਰ ਦਿੱਤਾ ਹੈ ਕਿ ਬੱਚਿਆਂ ਨੂੰ ਸਕੂਲ ਲਿਆਉਣ ਤੇ ਲੈ ਜਾਣ ਵਾਲੇ ਮਾਪੇ ਆਪਣਾ ਵਾਹਨ ਸਕੂਲ ਦੀ ਪਾਰਕਿੰਗ ਵਿੱਚ ਨਹੀਂ ਲਿਆ ਸਕਦੇ। ਮਾਪਿਆਂ ਨੇ ਦੱਸਿਆ ਕਿ ਇਸ ਸਬੰਧੀ ਸਕੂਲ ਮੈਨੇਜਮੈਂਟ ਦੇ ਸਕੱਤਰ ਰੈਨੀ ਥਾਮਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਅੱਜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮਾਪਿਆਂ ਨੂੰ ਦਰਪੇਸ਼ ਮੁਸ਼ਕਲਾਂ ਵੱਲ ਫੌਰੀ ਧਿਆਨ ਦਿੱਤਾ ਜਾਵੇ ਅਤੇ ਪ੍ਰਿੰਸੀਪਲ ਦੇ ਰੁੱਖੇ ਵਤੀਰੇ ਕਾਰਨ ਉਨ੍ਹਾਂ ਦਾ ਇੱਥੋਂ ਤਬਾਦਲਾ ਕੀਤਾ ਜਾਵੇ।

ਪ੍ਰਿੰਸੀਪਲ ਨੇ ਆਪਣੇ ’ਤੇ ਲੱਗੇ ਦੋਸ਼ ਨਕਾਰੇ
ਪ੍ਰਿੰਸੀਪਲ ਮੈਡਮ ਮੋਨਿਕਾ ਨੇ ਮਾਪਿਆਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਤੇ ਮਨਘੜਤ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ, ਉਹ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚੇ ਨੂੰ ਛੱਡਣ ਆਈ ਗੱਡੀ ਦੀ ਟੱਕਰ ਵੱਜਣ ਕਾਰਨ ਇੱਕ ਬੱਚੇ ਨੂੰ ਸੱਟ ਲੱਗ ਗਈ ਸੀ। ਇਸ ਮਗਰੋਂ ਸਕੂਲ ਵਿੱਚ ਨਿੱਜੀ ਵਾਹਨਾਂ ਦੇ ਦਾਖ਼ਲੇ ’ਤੇ ਰੋਕ ਲਗਾਈ ਗਈ ਹੈ, ਜਿਸ ਦਾ ਮਾਪਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਕਲਾਸਾਂ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਬੱਚਿਆਂ ਨੂੰ ਲਿਫ਼ਟ ਦੀ ਵਰਤੋਂ ਨਾ ਕਰਨ ਦੇਣ ਦੇ ਦੋਸ਼ ਵੀ ਝੂਠੇ ਹਨ।

ਪ੍ਰਿੰਸੀਪਲ ਨੂੰ ਹਟਾਉਣ ਲਾਇਕ ਕੋਈ ਦੋਸ਼ ਨਹੀਂ: ਸਕੱਤਰ
ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਸਕੱਤਰ ਰੈਨੀ ਥਾਮਸ ਦਾ ਕਹਿਣਾ ਹੈ ਕਿ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਮਿਲੀ ਸੀ, ਪਰ ਇਸ ਵਿੱਚ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਅਜਿਹਾ ਕੁਝ ਨਹੀਂ ਹੈ ਕਿ ਉਨ੍ਹਾਂ ਨੂੰ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ’ਤੇ ਦਸਤਖ਼ਤ ਕਰਨ ਵਾਲੇ ਕਈ ਮਾਪਿਆਂ ਨੇ ਸਕੂਲ ਕਮੇਟੀ ਨੂੰ ਲਿਖ ਕੇ ਦਿੱਤਾ ਹੈ ਕਿ ਉਨ੍ਹਾਂ ਤੋਂ ਇਹ ਕਹਿ ਕੇ ਸਾਈਨ ਕਰਵਾਏ ਗਏ ਸਨ ਕਿ ਸਕੂਲ ਵਿੱਚ ਜੈਨਰੇਟਰ ਲਗਾਉਣ ਲਈ ਚਿੱਠੀ ਦੇਣੀ ਹੈ ਅਤੇ ਉਨ੍ਹਾਂ ਨੇ ਬਿਨਾਂ ਪੜ੍ਹੇ ਪੱਤਰ ’ਤੇ ਦਸਤਖ਼ਤ ਕਰ ਦਿੱਤੇ ਸਨ। ਸਕੱਤਰ ਨੇ ਕਿਹਾ ਕਿ ਇਸ ਦੇ ਬਾਵਜੂਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਤੇ ਪ੍ਰਿੰਸੀਪਲ ਖ਼ਿਲਾਫ਼ ਲਗਾਏ ਦੋਸ਼ਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Comments Off on ਮਾਪਿਆਂ ਵੱਲੋਂ ਸੇਂਟ ਮੈਰੀ ਸਕੂਲ ਅੱਗੇ ਧਰਨਾ ਤੇ ਚੱਕਾ ਜਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.