ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ

Posted On October - 19 - 2019

ਸਿਨੇ ਪੰਜਾਬੀ

ਵਿੱਦਿਆਨਾਥ ਸੇਠ ਦੀ ਪੈਦਾਇਸ਼ 29 ਫਰਵਰੀ 1916 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਉਸਨੇ ਗ੍ਰੈਜੂਏਸ਼ਨ ਲਾਹੌਰ ਦੇ ਦਿਆਲ ਸਿੰਘ ਮਜੀਠੀਆ ਕਾਲਜ ਤੋਂ 1937 ਵਿਚ ਕੀਤੀ। ਤਿੰਨ ਭਰਾਵਾਂ ’ਚੋਂ ਸਭ ਤੋਂ ਛੋਟੇ ਵਿੱਦਿਆ ਨੇ ਮੌਸੀਕੀ ਦੀ ਤਾਲੀਮ ਗੰਧਰਵ ਮਹਾਂ-ਵਿੱਦਿਆਲਿਆ, ਲਾਹੌਰ ਤੋਂ ਹਾਸਲ ਕਰਨ ਬਾਅਦ ਬੀਮਾ ਏਜੰਟ ਦਾ ਕੰਮ ਸ਼ੁਰੂ ਕਰ ਦਿੱਤਾ। 1975 ਵਿਚ ਉਹ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੀ ਨੌਕਰੀ ਤੋਂ ਸੇਵਾ-ਮੁਕਤ ਹੋ ਗਿਆ।
ਉਸਦੀ ਗੁਲੂਕਾਰੀ ਦਾ ਆਗ਼ਾਜ਼ 1938 ਵਿਚ ਰੇਡੀਓ ਸਟੇਸ਼ਨ, ਲਾਹੌਰ ਤੋਂ ਹੋਇਆ ਜਿੱਥੇ ਉਸਨੇ ਸ਼ੁਰੂ-ਸ਼ੁਰੂ ਵਿਚ ਭਜਨ ਪੇਸ਼ ਕੀਤੇ। ਸਭ ਤੋਂ ਪਹਿਲਾਂ 1939 ਵਿਚ ਵਿੱਦਿਆਨਾਥ ਸੇਠ ਨਾਲ ਮੈਗਾਫੋਨ ਰਿਕਾਰਡ ਕੰਪਨੀ ਨੇ ਗੀਤਾਂ ਦੀ ਰਿਕਾਰਡਿੰਗ ਕਰਨ ਲਈ ਸੰਪਰਕ ਕੀਤਾ ਸੀ। ਮੌਸੀਕਾਰ ਗ਼ੁਲਾਮ ਅਹਿਮਦ ਚਿਸ਼ਤੀ ਦੀ ਮੁਰੱਤਿਬ ਮੌਸੀਕੀ ’ਚ ਜੋ ਪਹਿਲਾ ਭਜਨ ਉਸਦੀ ਆਵਾਜ਼ ’ਚ ਰਿਕਾਰਡ ਕੀਤਾ ਗਿਆ ਸੀ, ਉਸਦੇ ਬੋਲ ਸਨ ‘ਆਵਤ ਮੋਰੀ ਗਲੀਅਨ ਮੇਂ ਗਿਰਧਾਰੀ’ (ਮੀਰਾਬਾਈ)।
ਰੇਡੀਓ ਸਟੇਸ਼ਨ, ਲਾਹੌਰ ’ਤੇ ਹੀ ਸ਼ਾਸਤਰੀ ਗਾਇਨ ਲਈ ਜਦੋਂ ਉਸਦੀ ਆਵਾਜ਼ ਦੀ ਅਜ਼ਮਾਇਸ਼ ਕੀਤੀ ਗਈ ਤਾਂ ਪਾਰਖੂ ਦੇ ਰੂਪ ਵਿਚ ਸੰਗੀਤ-ਨਿਰਦੇਸ਼ਕ ਫ਼ਿਰੋਜ਼ ਨਿਜ਼ਾਮੀ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੇ ਹੀ ਵਿੱਦਿਆ ਨੂੰ ਰੇਡੀਓ ਸਟੇਸ਼ਨ ’ਤੇ ਗਾਉਣ ਲਈ ਪ੍ਰੇਰਿਤ ਕੀਤਾ। ਲਾਹੌਰ ਰੇਡੀਓ ਸਟੇਸ਼ਨ ’ਤੇ ਉਸਨੇ ਤਕਰੀਬਨ 10 ਸਾਲਾਂ ਤੀਕਰ ਆਪਣੇ ਸੁਰੀਲੇ ਸੁਰਾਂ ਦਾ ਜਾਦੂ ਬਿਖੇਰਿਆ। ਲਾਹੌਰ ’ਚ ਰਹਿੰਦਿਆਂ ਗੁਲੂਕਾਰੀ ਦੇ ਆਰੰਭਿਕ ਦੌਰ ਵਿਚ ਉਸਦੇ ਜੋ ਭਜਨ ਮਸ਼ਹੂਰ ਹੋਏ ਉਹ ਸਨ ‘ਭਜਨ ਬਿਨਾ ਬਾਵਰੇ’, ‘ਮਨ ਫੂਲਾ ਫੂਲਾ ਫਿਰੇ ਜਗਤ ਮੇਂ ਕੈਸਾ ਨਾਤਾ ਰੇ’ (ਐੱਨ 14661), ‘ਚਦਰੀਆ ਝੀਨੀ ਝੀਨੀ’, ‘ਰਹਿਨਾ ਨੀ ਦੇਸ਼ ਬਿਰਾਨਾ ਰੇ’ (ਐੱਨ 14721) ਆਦਿ। 1943 ਵਿਚ ਵਿੱਦਿਆਨਾਥ ਸੇਠ ਦੀ ਗਾਇਨ ਕਲਾ ਤੋਂ ਮੁਤਾਸਿਰ ਹੁੰਦਿਆਂ ਮਸ਼ਹੂਰ ਸੰਗੀਤਕਾਰ ਪੰਡਤ ਗੋਬਿੰਦਰਾਮ ਨੇ ਉਸਨੂੰ ਬੰਬੇ ਸੱਦਿਆ ਅਤੇ ਗੀਤਾਂ ਦਾ ਰਿਆਜ਼ ਕਰਵਾਇਆ, ਪਰ ਘਰੋਂ ਸੱਦਾ ਆ ਜਾਣ ਕਾਰਨ ਉਸਨੂੰ ਮੁੜਨਾ ਪਿਆ।
1947 ਵਿਚ ਦੇਸ਼ ਵੰਡ ਤੋਂ ਬਾਅਦ ਉਹ ਲਾਹੌਰ ਨੂੰ ਛੱਡ ਕੇ ਪੁਰਾਣੀ ਦਿੱਲੀ ਦੇ ਸੀਤਾਰਾਮ ਬਾਜ਼ਾਰ ’ਚ ਆਣ ਵਸਿਆ। ਇਸੇ ਤਰ੍ਹਾਂ ਹੀ ਸਬੱਬ ਵੱਸ ਵਿੱਦਿਆਨਥ ਸੇਠ ਨੂੰ ਚਿੱਤਰਕਲਾ ਮੰਦਿਰ, ਬੰਬੇ ਦੀ ਸਮਰ ਘੋਸ਼ ਨਿਰਦੇਸ਼ਿਤ ਹਿੰਦੀ ਫ਼ਿਲਮ ‘ਰੂਪ ਰੇਖਾ’ (1948) ਵਿਚ ਸਹਾਇਕ ਮੌਸੀਕਾਰ ਬਣਨ ਦਾ ਸ਼ਰਫ਼ ਹਾਸਲ ਹੋਇਆ। ਇਸ ਫ਼ਿਲਮ ਵਿਚ ਉਸਨੇ 5 ਗੀਤ ਵੀ ਗਾਏ ‘ਆਜ ਗੀਤ ਕੇ ਬੋਲ ਬੋਲ ਮੇਂ ਉਮੜਾ ਹੈ ਤੂਫ਼ਾਨ’, ‘ਫੂਲ

ਮਨਦੀਪ ਸਿੰਘ ਸਿੱਧੂ

ਕਿਤਨੇ ਨਿਰਾਲੇ ਕਿਸੀ ਨੇ ਪਿਆਰ ਸੇ ਪਾਲੇ’ (ਮੁਨੱਵਰ ਸੁਲਤਾਨਾ), ‘ਸਜਨੀ ਕਿਓਂ ਪਿਆਰ ਜਤਾਇਆ ਥਾ’, ‘ਨੈਨ ਮਿਲਨ ਕੀ ਬਾਤ ਕਿਸੀਸੇ ਕਹੀਏ ਨਾ’ (ਮੁਨੱਵਰ ਸੁਲਤਾਨਾ, ਸੁਰਿੰਦਰ ਕੌਰ) ਤੇ ਆਪਣੇ ਗਾਏ ਪੰਜਵੇਂ ਗੀਤ ‘ਓ ਗੋਰੀ ਕਾਹੇ ਪ੍ਰੀਤ ਕਰੇ’ ਦਾ ਸੰਗੀਤ ਉਸਨੇ ਆਪ ਤਰਤੀਬ ਕੀਤਾ ਸੀ ਜਦੋਂ ਕਿ ਬਾਕੀ ਗੀਤਾਂ ਦੇ ਸੰਗੀਤਕਾਰ ਰਵੀ ਰਾਏ ਚੌਧਰੀ, ਪੰਡਤ ਅਮਰਨਾਥ ਤੇ ਐੱਸ. ਡੀ. ਬਾਤਿਸ਼ ਸਨ। 1950 ਵਿਚ ਉਸਨੇ ਮਸ਼ਹੂਰ ਫ਼ਿਲਮ ਕੰਪਨੀ ਫ਼ਿਲਮ ਕਾਰਪੋਰੇਸ਼ਨ ਆਫ ਇੰਡੀਆ ਦੀਆਂ ਫ਼ਿਲਮਾਂ ਵਿਚ ਗੀਤ ਗਾਇਨ ਸਬੰਧੀ ਇਕਰਾਰ ਕਰ ਲਿਆ ਸੀ, ਪਰ ਉਸਨੂੰ ਫ਼ਿਲਮਾਂ ਵਿਚ ਗੀਤ ਗਾਉਣ ਦਾ ਮੌਕਾ ਮਿਲ ਨਾ ਸਕਿਆ।
ਵਿੱਦਿਆਨਾਥ ਸੇਠ ਦੇ ਤਕਰੀਬਨ 100 ਤੋਂ ਜ਼ਿਆਦਾ ਗ੍ਰਾਮੋਫੋਨ ਰਿਕਾਰਡ ਜਾਰੀ ਹੋਏ ਜਿਨ੍ਹਾਂ ਵਿਚ ਪੰਜਾਬੀ ਲੋਕ ਗੀਤ, ਹਿੰਦੀ ਗੀਤ, ਗ਼ਜ਼ਲਾਂ ਅਤੇ ਭਜਨ ਸ਼ਾਮਲ ਹਨ। ਇਨ੍ਹਾਂ ਰਿਕਾਰਡਾਂ ਵਿਚ ਮੌਜੂਦ ਉਸਦੇ ਗਾਏ ਮਸ਼ਹੂਰ ਗੀਤ ਹਨ ‘ਕਿਸ ਕਾਰਨ ਭਰ ਆਏ ਆਂਸੂ’, ‘ਬਲਮਾ ਚੋਰੀ ਚੋਰੀ ਆਨਾ’, ‘ਮਾਟੀ ਨਏ ਨਏ ਰੂਪ ਧਰੇ’, ‘ਏਕ ਦਿਨ ਬਚਪਨ ਜਵਾਨੀ’, ‘ਸਜਨੀ ਕਿਓਂ ਤੁਝਸੇ ਪਿਆਰ’, ‘ਆਂਖੇ ਮਿਲਾ ਕੇ ਆਪਸੇ’, ‘ਜੀਨਾ ਹੈ ਤੋ ਮੌਜ ਕਰੋ’, ‘ਏਕ ਦਿਨ ਆਏ ਏਕ ਦਿਨ ਜਾਏ’ ਅਤੇ ਰਿਕਾਰਡ ਹੋਏ ਭਜਨ ‘ਕੌਨ ਮੀਤ ਕਯਾ ਪ੍ਰੀਤ’, ‘ਮਨ ਕਾਹੇ ਕਰਤ ਗੁਮਾਨਾ’, ‘ਰਾਮ ਬਨਵਾਸ ਕਥਾ-ਰਮਾਇਣ’ (ਭਾਗ 1-2), ‘ਅਭਿਮੰਨਿਊ ਚੱਕਰਵਿਊ ਭੇਦਨ’ (ਭਾਗ 1-2), ‘ਹਰ ਬਿਨ ਤੇਰਾ ਮੇਰੇ ਮਨੁਵਾ’ ਤੇ ‘ਦੁਨੀਆ ਦਰਸ਼ਨ ਕਾ ਹੈ ਮੇਲਾ’ ਸੁਣ ਕੇ ਇੰਜ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਰੱਬ ਦੀ ਇਬਾਦਤ ਕਰ ਰਹੇ ਹਨ।
ਉਸਨੇ ਪੰਜਾਬੀ ਜ਼ੁਬਾਨ ਵਿਚ ਵੀ ਖ਼ੂਬਸੂਰਤ ਲੋਕ ਗੀਤ ਗਾਏ। ਜ਼ੁਬਾਨਜ਼ਦ ਹੋ ਚੁੱਕੇ ਇਨ੍ਹਾਂ ਲੋਕ ਗੀਤਾਂ ਦੇ ਬੋਲ ਹਨ ‘ਤੂੰ ਬੋਲ ਭਾਵੇਂ ਨਾ ਬੋਲ, ਪਰ ਵੱਸ ਅੱਖੀਆਂ ਦੇ ਕੋਲ’, ‘ਮੇਰਾ ਪਿਆਰ ਕਰਨ ਨੂੰ ਜੀ ਕਰਦਾ’, ‘ਚਿੱਕ ਦੇ ਪਿੱਛੋਂ ਝਾਕ ਰਹੇ ਨੇ ਦੋ ਮਸਤਾਨੇ ਨੈਣ ਪਤਾ ਨੀ ਕੀ ਆਖ ਰਹੇ ਨੇ ਦੋ ਮਸਤਾਨੇ ਨੈਣ’ ਅਤੇ ਸੁਰਿੰਦਰ ਕੌਰ ਨਾਲ ਦੋ ਗੀਤ ‘ਹੀਰੇ ਚੱਲੀ ਏਂ ਤੂੰ ਅੱਜ’ ਤੇ ਦੂਜਾ ‘ਕੁਝ ਮੰਗ ਲੈ ਨੀਂ ਅਸੀਂ ਕਾਮਲ ਜੋਗੀ’, ‘ਜਦ ਯਾਦ ਗੋਰੀ ਤੇਰੀ ਆਵੇ ਛਮ-ਛਮ ਰੋਣ ਅੱਖੀਆਂ ਦਿਲ ਗ਼ਮ ਵਿਚ ਗੋਤੇ ਖਾਵੇ’, ‘ਸੱਜਣਾ ਵੇ ਮੇਰੀ ਵੀਣ੍ਹੀ ਛੱਡ ਦੇ’ (ਪ੍ਰਕਾਸ਼ ਕੌਰ), ‘ਸਾਡੀ ਪੈ ਗਈ ਗੂੜ੍ਹੀ ਪ੍ਰੀਤ’ (ਸੁਰਿੰਦਰ ਕੌਰ), ‘ਮਿੱਟੀ ਦਾ ਪੁਤਲਾ’ (ਭਾਗ 1-2/ਪ੍ਰਕਾਸ਼ ਕੌਰ) ਤੇ ‘ਜਦ ਤੇਰੀ-ਮੇਰੀ ਮੇਰੀ-ਤੇਰੀ ਇਕ ਮਰਜ਼ੀ’ (ਪ੍ਰਕਾਸ਼ ਕੌਰ) ਆਦਿ ਨੂੰ ਸੁਣ ਕੇ ਅੱਜ ਵੀ ਮਨ ਨੂੰ ਸਕੂਨ ਮਿਲਦਾ ਹੈ।ਆਪਣੇ ਦੌਰ ਦੇ ਮਸ਼ਹੂਰ ਤੇ ਮਕਬੂਲ ਗੁਲੂਕਾਰ ਵਿੱਦਿਆਨਾਥ ਸੇਠ 18 ਜੂਨ 2015 ਨੂੰ 99 ਸਾਲਾਂ ਦੀ ਉਮਰ ਵਿਚ ਦਿੱਲੀ ਵਿਖੇ ਵਫ਼ਾਤ ਪਾ ਗਏ। 1996 ਵਿਚ 77 ਸਾਲਾਂ ਦੀ ਉਮਰ ਵਿਚ ਉਨ੍ਹਾਂ ਦੀ ਪਤਨੀ ਵੀ ਫ਼ੌਤ ਹੋ ਗਈ ਸੀ। ਉਨ੍ਹਾਂ ਦਾ ਇਕ ਪੁੱਤਰ ਹੈ ਜੋ ਅੱਜਕੱਲ੍ਹ ਇੰਗਲੈਂਡ ਰਹਿੰਦਾ ਹੈ।
ਸੰਪਰਕ: 97805-09545


Comments Off on ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.