ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਮਨੁੱਖ ਅਤੇ ਮਨੋਵਿਗਿਆਨਕ ਲੋੜਾਂ

Posted On October - 12 - 2019

ਡਾ. ਆਗਿਆਜੀਤ ਸਿੰਘ

ਜਨਮ ਤੋਂ ਹੀ ਮਨੁੱਖ ਦੀਆਂ ਕਈ ਪ੍ਰਕਾਰ ਦੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਜੀਣ ਲਈ ਦੁੱਧ ਪੀਣ ਦੀ ਅਤੇ ਸਾਹ ਲੈਣ ਲਈ ਹਵਾ ਦੀ ਲੋੜ ਪੈਂਦੀ ਹੈ। ਜਦੋਂ ਬੱਚਾ ਜੰਮਦਾ ਹੈ, ਤਾਂ ਉਸ ਦੀ ਪਹਿਲੀ ਆਵਾਜ਼ ਰੋਣ ਦੀ ਹੁੰਦੀ ਹੈ। ਦਰਅਸਲ, ਇਹ ਉਸਦੀ ਭਾਸ਼ਾ ਹੈ ਜਿਹੜੀ ਮਾਂ ਨੂੰ ਸੰਕੇਤ ਕਰਦੀ ਹੈ ਕਿ ਉਸ ਨੂੰ ਭੁੱਖ ਲੱਗੀ ਹੈ। ਇੰਜ ਹੀ ਬੱਚੇ ਨੂੰ ਪਿਆਸ ਬੁਝਾਉਣ ਲਈ ਪਾਣੀ ਪੀਣ ਦੀ ਲੋੜ ਹੁੰਦੀ ਹੈ। ਆਰਾਮ ਕਰਨ ਲਈ ਸੌਣ ਦੀ ਲੋੜ ਹੁੰਦੀ ਹੈ। ਜੇ ਇਹ ਲੋੜਾਂ ਪੂਰੀਆਂ ਨਾ ਹੋਣ ਤਾਂ ਉਸ ਨੂੰ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ। ਇਹ ਸਾਰੀਆਂ ਹੀ ਸਰੀਰਿਕ ਲੋੜਾਂ ਹਨ।
ਸਰੀਰਿਕ ਅਤੇ ਸਮਾਜਿਕ ਲੋੜਾਂ ਦੇ ਨਾਲ ਹੀ ਹਰ ਵਿਅਕਤੀ ਦੀਆਂ ਕਈ ਪ੍ਰਕਾਰ ਦੀਆਂ ਭਾਵਨਾਤਮਕ ਅਤੇ ਮਨੋਵਿਗਿਆਨਕ ਲੋੜਾਂ ਵੀ ਹੁੰਦੀਆਂ ਹਨ ਜਿਹੜੀਆਂ ਉਸ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਜਿਸ ਨਾਲ ਉਸ ਦੀ ਮਾਨਸਿਕ ਸਿਹਤ ਬਰਕਰਾਰ ਰਹਿੰਦੀ ਹੈ। ਇਸ ਵਿਚ ਸਮਾਜਿਕ ਲੋੜਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਜਿੱਥੇ ਭਾਵਨਾਤਮਕ ਲੋੜਾਂ ਅੰਦਰੂਨੀ ਅਵਸਥਾਵਾਂ ਹਨ, ਉੱਥੇ ਸਮਾਜਿਕ ਲੋੜਾਂ ਵਿਅਕਤੀਆਂ ਨੂੰ ਦੂਜੇ ਲੋਕਾਂ ਨਾਲ ਚੰਗੇ ਸਬੰਧ ਕਾਇਮ ਰੱਖਣ ਲਈ ਅਤੇ ਆਪਣੇ ਤੇ ਦੂਸਰਿਆਂ ਬਾਰੇ ਭਾਵਨਾਵਾਂ ਸਥਾਪਿਤ ਕਰਨ ਲਈ ਨਿਰਦੇਸ਼ ਦਿੰਦੀਆਂ ਹਨ। ਇਸ ਵਿਚ ਆਪਣੇ ਬਾਰੇ, ਦੂਸਰਿਆਂ ਬਾਰੇ ਅਤੇ ਸਬੰਧਾਂ ਬਾਰੇ ਭਾਵਨਾਵਾਂ ਸ਼ਾਮਲ ਹੁੰਦੀਆਂ ਹਨ। ਇਹ ਭਾਵਨਾਤਮਕ ਅਤੇ ਸਮਾਜਿਕ ਲੋੜਾਂ ਹੀ ਮਨੁੱਖ ਦੀਆਂ ਮਨੋਵਿਗਿਆਨ ਲੋੜਾਂ ਹਨ।
ਵਿਅਕਤੀ ਨੂੰ ਸਭ ਤੋਂ ਜ਼ਰੂਰੀ ਮਨੋਵਿਗਿਆਨਕ ਲੋੜ ਪਿਆਰ ਦੀ ਹੁੰਦੀ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਦੂਜੇ ਉਸ ਨੂੰ ਪਿਆਰ ਕਰਨ ਅਤੇ ਉਸ ਦੀ ਇੱਜ਼ਤ ਕਰਨ। ਹਰ ਬੱਚਾ ਆਪਣੇ ਮਾਂ-ਬਾਪ ਤੋਂ ਪਿਆਰ ਮੰਗਦਾ ਹੈ, ਉਨ੍ਹਾਂ ਦਾ ਧਿਆਨ ਚਾਹੁੰਦਾ ਹੈ। ਭੈਣ ਭਾਈ ਇਕ ਦੂਜੇ ਤੋਂ ਅਤੇ ਹੋਰ ਰਿਸ਼ਤੇਦਾਰਾਂ ਤੋਂ ਪਿਆਰ ਦੀ ਆਸ ਕਰਦੇ ਹਨ। ਹਰ ਵਿਦਿਆਰਥੀ ਚਾਹੁੰਦਾ ਹੈ ਕਿ ਉਸ ਦੇ ਅਧਿਆਪਕ ਉਸ ਨੂੰ ਪਿਆਰ ਦੀ ਨਜ਼ਰ ਨਾਲ ਦੇਖਣ। ਹਰ ਕਰਮਚਾਰੀ ਚਾਹੁੰਦਾ ਹੈ ਕਿ ਉਸ ਦੇ ਅਧਿਕਾਰੀ ਉਸ ਦੀ ਪ੍ਰਸ਼ੰਸਾ ਕਰਨ ਅਤੇ ਉਸ ਦੇ ਕੰਮਾਂ ਦੀ ਸ਼ਲਾਘਾ ਕਰਨ। ਪਿਆਰ ਦੀ ਭਾਵਨਾ ਬਹੁਤ ਹੀ ਉੱਤਮ ਹੈ। ਜਿਨ੍ਹਾਂ ਬੱਚਿਆਂ ਵਿਚ ਅਜਿਹੀ ਭਾਵਨਾ ਪੈਦਾ ਹੋ ਜਾਵੇ ਕਿ ਉਸ ਦੇ ਮਾਪੇ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ, ਉਨ੍ਹਾਂ ਵਿਚ ਅਣ-ਸੁਰੱਖਿਆ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਜਿਹੜੇ ਵਿਦਿਆਰਥੀ ਇਹ ਮਹਿਸੂਸ ਕਰਦੇ ਹਨ ਕਿ ਅਧਿਆਪਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਵਿਚ ਹੀਣਤਾ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਜਿਹੜੇ ਵਿਦਿਆਰਥੀ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਸਹਿਪਾਠੀ ਨਫ਼ਰਤ ਕਰਦੇ ਹਨ, ਉਨ੍ਹਾਂ ਵਿਚ ਮੁਜ਼ਰਮੀ ਭਾਵਨਾਵਾਂ ਪੈਦਾ ਹੋ ਜਾਣਗੀਆਂ ਜਿਹੜੀਆਂ ਖ਼ਤਰਨਾਕ ਸਿੱਧ ਹੋ ਸਕਦੀਆਂ ਹਨ।
ਪਿਆਰ ਦੇ ਨਾਲ ਹੀ ਹਰ ਵਿਅਕਤੀ ਸਮਾਜਿਕ ਪ੍ਰਵਾਨਗੀ ਚਾਹੁੰਦਾ ਹੈ, ਭਾਵ ਸਮਾਜ ਉਸ ਨੂੰ ਸਵੀਕਾਰ ਕਰੇ ਕਿ ਉਹ ਵੀ ਸਮਾਜ ਦਾ ਚੰਗਾ, ਹੋਣਹਾਰ ਤੇ ਸਿਹਤਮੰਦ ਅੰਗ ਹੈ ਅਤੇ ਉਹ ਵੀ ਸਮਾਜ ਦਾ ਕੋਈ ਸਾਰਥਕ ਕੰਮ ਕਰਨ ਦੇ ਯੋਗ ਹੈ। ਹਰ ਬੱਚਾ ਚਾਹੁੰਦਾ ਹੈ ਕਿ ਮਾਪੇ ਉਸ ਦੇ ਕੰਮਾਂ ਦੀ ਸ਼ਲਾਘਾ ਕਰਨ ਅਤੇ ਉਸ ਦੀਆਂ ਕਮਜ਼ੋਰੀਆਂ ਨੂੰ ਅੱਖੋਂ ਓਹਲੇ ਕਰ ਦੇਣ। ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦੂਜਿਆਂ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਬੱਚਾ ਭਿੰਨ ਪ੍ਰਕਾਰ ਦੀਆਂ ਯੋਗਤਾਵਾਂ, ਸਮਰੱਥਾਵਾਂ ਅਤੇ ਕੁਸ਼ਲਤਾਵਾਂ ਲੈ ਕੇ ਪੈਦਾ ਹੁੰਦਾ ਹੈ। ਹਰ ਬੱਚੇ ਵਿਚ ਵਿਅਕਤੀਗਤ ਭਿੰਨਤਾ ਹੁੰਦੀ ਹੈ। ਮਾਪਿਆਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਬਾਰੇ ਇਕੱਲੇ ਹੀ ਸਮਝਾਉਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੇ ਹਉਮੈ ਨੂੰ ਠੇਸ ਲੱਗੇਗੀ। ਇਸ ਨਾਲ ਉਨ੍ਹਾਂ ਵਿਚ ਸਵੈ-ਭਰੋਸਾ, ਸਵੈ-ਵਿਸ਼ਵਾਸ ਅਤੇ ਸਵੈ-ਸਨਮਾਨ ਦੀਆਂ ਭਾਵਨਾਵਾਂ ਨੀਵੇਂ ਪੱਧਰ ਦੀਆਂ ਹੋ ਜਾਣਗੀਆਂ। ਇਸ ਲਈ ਹਰ ਬੱਚੇ ਨੂੰ ਹਉਮੈ ਦੀ ਪੂਰਤੀ ਲਈ ਲੋੜ ਹੁੰਦੀ ਹੈ।
ਬਹੁਤ ਸਾਰੇ ਮਨੋਵਿਗਿਆਨੀ ਇਹ ਮੰਨਦੇ ਹਨ ਕਿ ਪ੍ਰਾਪਤੀ ਦੀ ਲੋੜ ਇਕ ਪ੍ਰਮੁੱਖ ਮਨੋਵਿਗਿਆਨਕ ਪ੍ਰਯੋਜਨ ਨੂੰ ਜਨਮ ਦਿੰਦੀ ਹੈ। ਪ੍ਰਾਪਤੀ ਦੀ ਲੋੜ ਲੋਕਾਂ ਨੂੰ ਵਧੀਆ ਤੇ ਵੱਡੀ ਸ੍ਰੇਸ਼ਟਤਾ ਪ੍ਰਾਪਤੀ ਲਈ ਯਤਨ ਕਰਨ ਦਾ ਕਾਰਨ ਬਣਦੀ ਹੈ। ਹਰੇਕ ਵਿਦਿਆਰਥੀ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਉਪਲੱਬਧੀਆਂ ਪ੍ਰਾਪਤ ਕਰੇ, ਆਪਣੇ ਟੀਚਿਆਂ ’ਤੇ ਪਹੁੰਚੇ ਅਤੇ ਸਫਲਤਾ ਪ੍ਰਾਪਤ ਕਰੇ, ਪਰ ਹਰ ਵਿਅਕਤੀ ਆਪਣੇ ਟੀਚੇ ’ਤੇ ਨਹੀਂ ਪਹੁੰਚ ਸਕਦਾ ਕਿਉਂਕਿ ਉਸ ਨੂੰ ਟੀਚਾ ਪ੍ਰਾਪਤੀ ਦੇ ਰਾਹ ਵਿਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਰੁਕਾਵਟਾਂ ਆਰਥਿਕ ਵੀ ਹੋ ਸਕਦੀਆਂ ਹਨ ਅਤੇ ਸਮਾਜਿਕ ਵੀ। ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਕੇ ਹੀ ਉਹ ਆਪਣਾ ਟੀਚਾ ਪ੍ਰਾਪਤ ਕਰ ਸਕਦਾ ਹੈ।

ਡਾ. ਆਗਿਆਜੀਤ ਸਿੰਘ

ਜ਼ਿੰਦਗੀ ਵਿਚ ਸਫਲਤਾ ਦੀ ਲੋੜ ਉਪਲੱਬਧੀ ਨਾਲ ਹੀ ਜੁੜੀ ਹੋਈ ਹੁੰਦੀ ਹੈ। ਸਫਲਤਾ ਇਕ ਪੌੜੀ ਵਾਂਗ ਹੈ, ਜਦੋਂ ਇਕ ਵਿਅਕਤੀ ਜ਼ਿੰਦਗੀ ਦੀਆਂ ਪੌੜੀਆਂ ’ਤੇ ਉੱਪਰ ਵੱਲ ਜਾਂਦਾ ਹੈ ਤਾਂ ਉਸ ਵਿਚ ਸਫਲਤਾ ਦਾ ਅਹਿਸਾਸ ਹੁੰਦਾ ਹੈ। ਜੇ ਇੰਜ ਨਹੀਂ ਹੁੰਦਾ ਤਾਂ ਉਸ ਵਿਚ ਅਸਫਲਤਾਵਾਂ ਦੀਆਂ ਭਾਵਨਾਵਾਂ ਦਾ ਵਿਕਾਸ ਹੋਵੇਗਾ ਅਤੇ ਜ਼ਿੰਦਗੀ ਵਿਚ ਉਸ ਦੀ ਖ਼ੁਸ਼ੀ ਖੁਸ ਜਾਵੇਗੀ। ਇਸ ਲਈ ਜ਼ਿੰਦਗੀ ਵਿਚ ਸਫਲਤਾ ਦੀ ਪੌੜੀ ’ਤੇ ਚੜ੍ਹਨਾ ਬਹੁਤ ਜ਼ਰੂਰੀ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਸਮਾਜ ਵਿਚ ਕੋਈ ਸਥਾਨ ਹੋਵੇ, ਕੋਈ ਰੁਤਬਾ ਹੋਵੇ ਜਿਸ ਕਾਰਨ ਉਸ ਨੂੰ ਪਛਾਣ ਮਿਲੇ ਅਤੇ ਸਮਾਜ ਵਿਚ ਉਸ ਦਾ ਨਾਂ ਪ੍ਰਸਿੱਧ ਹੋਵੇ। ਇਹ ਵੀ ਇਕ ਮਨੋਵਿਗਿਆਨਕ ਲੋੜ ਹੈ। ਇਸ ਨਾਲ ਉਸ ਦੀ ਹਉਮੈ ਦੀ ਲੋੜ ਵੀ ਪੂਰੀ ਹੁੰਦੀ ਹੈ। ਕੋਈ ਵੀ ਵਿਅਕਤੀ ਆਪਣੇ ਨਾਂ ਨਾਲ ਨਹੀਂ ਬਲਕਿ ਆਪਣੇ ਕੰਮ ਨਾਲ ਹੀ ਪਛਾਣਿਆ ਜਾਂਦਾ ਹੈ। ਇਨ੍ਹਾਂ ਮਨੋਵਿਗਿਆਨਕ ਲੋੜਾਂ ਤੋਂ ਬਿਨਾਂ ਇਹ ਵੀ ਜ਼ਰੂਰੀ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਸੁਰੱਖਿਅਤ ਮਹਿਸੂਸ ਕਰੇ। ਸੁਰੱਖਿਆ ਕੇਵਲ ਆਰਥਿਕ ਜਾਂ ਸਰੀਰਿਕ ਪੱਖ ਤੋਂ ਹੀ ਨਹੀਂ, ਮਨੋਵਿਗਿਆਨਕ ਪੱਖ ਤੋਂ ਵੀ ਹੋਣੀ ਚਾਹੀਦੀ ਹੈ। ਉਹ ਭਾਵਨਾਤਮਕ ਪੱਖ ਤੋਂ ਮਹਿਸੂਸ ਕਰੇ ਕਿ ਉਹ ਸਮਾਜਿਕ ਤੌਰ ’ਤੇ ਸੁਰੱਖਿਅਤ ਹੈ। ਉਸ ਨੂੰ ਸੰਵੇਗਾਤਮਕ ਪੱਖੋਂ ਸੰਪੂਰਨ ਹੋਣਾ ਚਾਹੀਦਾ ਹੈ। ਉਸ ਨੂੰ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ, ਉਸ ਦਾ ਵਤੀਰਾ ਸਾਕਾਰਾਤਮਕ ਹੋਣਾ ਚਾਹੀਦਾ ਹੈ। ਉਹ ਆਪਣੇ ਆਪ ਨੂੰ ਚੰਗਾ ਅਤੇ ਲਾਹੇਵੰਦ ਵਿਅਕਤੀ ਮਹਿਸੂਸ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਸਮਾਜ ਦੇ ਨਿਰਮਾਣ ਲਈ ਬਹੁਤ ਕੁਝ ਕਰਨ ਦੇ ਯੋਗ ਹੋਵੇ।
ਸਭ ਤੋਂ ਵੱਡੀ ਮਨੋਵਿਗਿਆਨਕ ਲੋੜ ਤਾਂ ਸਬੰਧਤਾ ਦੀ ਲੋੜ ਹੈ। ਮਨੁੱਖ ਸਮਾਜੀ ਜੀਵ ਹੈ। ਉਹ ਸਮੂਹ ਵਿਚ ਰਹਿੰਦਾ ਹੈ ਅਤੇ ਦੂਜੇ ਲੋਕਾਂ ਨਾਲ ਸਬੰਧ ਬਣਾਉਂਦਾ ਹੈ ਜਿਸ ਰਾਹੀਂ ਉਸ ਦਾ ਵਿਵਹਾਰ ਬਣਦਾ ਹੈ। ਇਹ ਲੋੜ ਵਾਤਾਵਰਨ ਤੋਂ ਹੀ ਸਿੱਖੀ ਜਾਂਦੀ ਹੈ। ਸਬੰਧਤਾ ਦੀ ਲੋੜ ਨਾਕਾਰਾਤਮਕ ਤਜਰਬਿਆਂ ਤੋਂ ਪੈਦਾ ਹੁੰਦੀ ਹੈ ਜੋ ਅਣਸੁਰੱਖਿਅਤਾ ਦੀ ਭਾਵਨਾ ਪੈਦਾ ਕਰਦੀ ਹੈ। ਜਦੋਂ ਅਸੀਂ ਖ਼ਤਰੇ ਵਿਚ ਹੁੰਦੇ ਹਾਂ ਤਾਂ ਅਸੀਂ ਭਾਵਾਨਾਤਮਕ ਸਹਾਰੇ ਲਈ ਦੂਸਰਿਆਂ ਵੱਲ ਤੱਕਦੇ ਹਾਂ। ਸਪੱਸ਼ਟ ਹੈ ਕਿ ਇਕੱਠੇ ਰਹਿਣ ਦੇ ਮਨੋਵਿਗਿਆਨਕ ਲਾਭ ਵੀ ਹਨ। ਕੇਵਲ ਦੂਸਰੇ ਲੋਕ ਹੀ ਹੁੰਦੇ ਹਨ ਜੋ ਤੁਹਾਨੂੰ ਉਤਸ਼ਾਹਿਤ ਕਰ ਸਕਦੇ ਹਨ, ਜਦੋਂ ਤੁਸੀਂ ਉਦਾਸ ਜਾਂ ਸੰਕਟ ਵਿਚ ਹੁੰਦੇ ਹੋ ਤਾਂ ਉਹ ਤੁਹਾਡਾ ਸਾਥ ਦੇ ਸਕਦੇ ਹਨ। ਬਿਨਾਂ ਸ਼ੱਕ ਲੋਕਾਂ ਨੂੰ ਇਕ ਦੂਸਰੇ ਦੀ ਜ਼ਰੂਰਤ ਹੈ ਤਾਂ ਜੋ ਉਹ ਜ਼ਿੰਦਗੀ ਨੂੰ ਵਧੀਆ ਬਣਾ ਸਕਣ। ਸਬੰਧਤਾ ਦੀ ਲੋੜ ਦੋਸਤ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ। ਇਸ ਵਿਚ ਦੂਜਿਆਂ ਦਾ ਸਤਿਕਾਰ ਕਰਨ ਅਤੇ ਸਮਾਜੀਕਰਨ ਸ਼ਾਮਲ ਹੈ। ਸਬੰਧਤਾ ਦੀ ਲੋੜ ਵਿਚ ਅਪਣੱਤ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ।
ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਸੋਹਣੀ, ਸੁਹਾਵਣੀ, ਸਵਾਦਲੀ, ਰੰਗਦਾਰ ਤੇ ਮਜ਼ੇਦਾਰ ਬੀਤੇ ਅਤੇ ਅਸੀਂ ਆਪਣੀ ਜ਼ਿੰਦਗੀ ਦਾ ਅਨੰਦ ਮਾਣ ਸਕੀਏ ਤਾਂ ਇਨ੍ਹਾਂ ਸਾਰੀਆਂ ਮਨੋਵਿਗਿਆਨਕ ਲੋੜਾਂ ਦੀ ਪੂਰਤੀ ਹੋਣੀ ਬਹੁਤ ਜ਼ਰੂਰੀ ਹੈ। ਹਕੀਕਤ ਇਹ ਹੈ ਕਿ ਸਾਡੀਆਂ ਮਨੋਵਿਗਿਆਨਕ ਲੋੜਾਂ ਦੀ ਪੂਰਤੀ ਠੀਕ ਢੰਗ ਨਾਲ ਨਹੀਂ ਹੁੰਦੀ, ਜਿਸ ਕਰਕੇ ਅਸੀਂ ਮਾਯੂਸ, ਨਿਰਾਸ਼ ਅਤੇ ਵਿਸ਼ਾਦੀ ਭਾਵਨਾਵਾਂ ਵਿਚ ਗਰਕ ਜਾਂਦੇ ਹਾਂ ਅਤੇ ਜ਼ਿੰਦਗੀ ਦੁੱਭਰ ਬਣਾ ਲੈਂਦੇ ਹਾਂ। ਇੰਜ ਹੀ ਉਹ ਵਿਅਕਤੀ ਕਿਸੇ ਮਾਨਸਿਕ ਵਿਕਾਰ ਦਾ ਸ਼ਿਕਾਰ ਬਣ ਜਾਂਦਾ ਹੈ ਅਤੇ ਉਸ ਦੀ ਮਾਨਸਿਕ ਸਿਹਤ ਵਿਗੜਦੀ ਹੈ ਅਤੇ ਬਾਅਦ ਵਿਚ ਕਈ ਪ੍ਰਕਾਰ ਦੀਆਂ ਮਨੋ-ਸਰੀਰਿਕ ਬਿਮਾਰੀਆਂ ਦਾ ਜਨਮ ਹੁੰਦਾ ਹੈ। ਠੀਕ ਤਾਂ ਇਹ ਹੀ ਹੈ ਕਿ ਵਿਅਕਤੀ ਨੂੰ ਮਨੋਵਿਗਿਆਨ ਦਾ ਗਿਆਨ ਹੋਵੇ ਅਤੇ ਆਪਣੀ ਸਵੈ-ਕੌਂਸਲਿੰਗ ਕਰਕੇ ਆਪਣੇ ਆਪ ਨੂੰ ਦੂਜੇ ਲੋਕਾਂ ਨਾਲ ਸਮਾਯੋਜਿਤ ਕਰਕੇ ਜ਼ਿੰਦਗੀ ਨੂੰ ਸੋਹਣਾ ਤੇ ਸੁਹਾਵਣਾ ਬਣਾ ਕੇ ਰੱਖੇ।
* ਸਾਬਕਾ ਮੁਖੀ ਮਨੋਵਿਗਿਆਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 94781-69464


Comments Off on ਮਨੁੱਖ ਅਤੇ ਮਨੋਵਿਗਿਆਨਕ ਲੋੜਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.