ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਭੁੱਲੇ ਵਿਸਰੇ ਲੋਕ ਗੀਤ ਦੋਹੇ

Posted On October - 19 - 2019

ਗੁਰਸ਼ਰਨ ਕੌਰ ਮੋਗਾ

ਗੁਆਂਢੀਆਂ ਦੀ ਕੁੜੀ ਦਾ ਵਿਆਹ ਸੀ। ਬਰਾਤ ਦੇ ਪਹੁੰਚਣ ਦੀ ਉਡੀਕ ਹੋ ਰਹੀ ਸੀ। ਸਾਰਾ ਆਂਢ ਗੁਆਂਢ ਵਿਆਹ ਵਾਲੇ ਘਰ ਇਕੱਠਾ ਹੋਇਆ ਬਰਾਤ ਦੇ ਸਵਾਗਤ ਲਈ ਤਿਆਰ ਸੀ। ਇਹ ਕੋਈ ਚਾਲੀ ਕੁ ਸਾਲ ਪਹਿਲਾਂ ਦੇ ਪੰਜਾਬ ਵਿਚ ਇਕ ਮਲਵਈ ਵਿਆਹ ਦੀਆਂ ਰੌਣਕਾਂ ਸਨ। ਨਾਨਕੀਆਂ ਦਾਦਕੀਆਂ ਗੀਤ ਗਾ ਰਹੀਆਂ ਸਨ। ਪਰੀਹੇ ਪੱਬਾਂ ਭਾਰ ਹੋਏ ਬਰਾਤ ਲਈ ਚਾਹ ਪਾਣੀ ਦਾ ਇੰਤਜ਼ਾਮ ਕਰ ਰਹੇ ਸਨ।
ਇੰਨੇ ਨੂੰ ਬਰਾਤ ਆ ਪਹੁੰਚੀ। ਪਿੰਡ ਦੇ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਲੜਕੀ ਦੇ ਪਿਤਾ ਨੇ ਬਰਾਤੀਆਂ ਨੂੰ ਜੀ ਆਇਆਂ ਕਿਹਾ। ਉਦੋਂ ਵਿਆਹ ਘਰਾਂ ਵਿਚ ਹੀ ਕੀਤੇ ਜਾਂਦੇ ਸਨ, ਪੈਲੇਸ ਸੱਭਿਆਚਾਰ ਬਾਅਦ ਵਿਚ ਆਇਆ ਹੈ। ਕੁੜੀ ਦੀ ਚਾਚੀ ਜੰਗੀਰੋ ਕੁਝ ਸੋਚ ਰਹੀ ਸੀ। ਬਰਾਤੀ ਆਪਣੇ ਨਾਲ ਕੋਈ ਵਾਜੇ ਵਾਲੇ ਨਹੀਂ ਲੈ ਕੇ ਆਏ ਸਨ। ਕੁੜੀਆਂ ਰਿਬਨ ਕਟਾਉਣ ਲਈ ਆ ਕੇ ਦਰਵਾਜ਼ੇ ਵਿਚ ਖੜ੍ਹੀਆਂ ਸਨ। ਜਦੋਂ ਸਾਰੀ ਬਰਾਤ ਵੀ ਦਰਵਾਜ਼ੇ ਕੋਲ ਆ ਗਈ ਤਾਂ ਚਾਚੀ ਨੇ ਇਕ ਪਾਸਿਓਂ ਘੁੰਡ ਜਿਹਾ ਕੱਢ ਕੇ ਦੋਹਾ ਲਾਇਆ:
ਵਾਜਾ ਨਾ ਲਿਆਂਦਾ ਵੱਜਦਾ ਕੁੜਮਾ,
ਗਲੀਏਂ ਨਾ ਪਾਇਆ ਸ਼ੋਰ
ਸਾਡੇ ਭਾਣੇ ਜੰਨ ਢੁੱਕੀ,
ਕੋਈ ਲੋਕਾਂ ਭਾਣੇ ਜੀ ਉੱਚਿਓ ਸੱਜਣੋ ,ਚੋਰ।
ਸਾਰੇ ਖ਼ੁਸ਼ ਹੋ ਗਏ। ਬੰਦਿਆਂ ਨੇ ਕੁੜੀਆਂ ਤੇ ਔਰਤਾਂ ਨੂੰ ਘਰ ਦੇ ਅੰਦਰ ਭੇਜ ਦਿੱਤਾ ਅਤੇ ਬਰਾਤੀ ਚਾਹ ਪਕੌੜਿਆਂ ਦੁਆਲੇ ਹੋ ਗਏ। ਲੋਕ ਗੀਤਾਂ ਦਾ ਇਹ ਵਿਲੱਖਣ ਅੰਗ ਦੋਹੇ ਅੱਜਕੱਲ੍ਹ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲੈ ਰਹੇ ਹਨ।
ਮਲਵਈ ਸੱਭਿਆਚਾਰ ਅਤੇ ਲੋਕ ਗੀਤਾਂ ਵਿਚ ਦੋਹਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੁੰਡੇ ਦੇ ਵਿਆਹ ਵੇਲੇ ਭੈਣਾਂ ਆਪਣੇ ਭਰਾ ਦੀ ਸਿਫ਼ਤ ਕਰਦੀਆਂ ਗਾਉਂਦੀਆਂ:
ਜਿਸ ਦਿਨ ਵੀਰਾ ਤੂੰ ਜਨਮਿਆ
ਆਪਣੀ ਮਾਂ ਨੇ ਰਿੰਨੀ ਖੀਰ
ਕੰਧੀਂ ਚਾਨਣ ਹੋ ਗਿਆ ਕੋਈ ਜੱਗ ਵਿਚ ਹੋ ਗਿਆ
ਵੇ ਅੰਤੋਂ ਪਿਆਰਿਆ, ਸੀਰ।
ਦੋਹਾ ਲਾਉਣ ਵਾਲੀ ਔਰਤ ਉੱਚੀ ਆਵਾਜ਼ ਦੀ ਮਾਲਕ ਅਤੇ ਦੋਹਾ ਕਲਾ ਦੀ ਮਾਹਿਰ ਹੁੰਦੀ ਸੀ। ਦੋਹਾ ਦੋ ਸਤਰੀ ਗੀਤ ਹੈ। ਪਹਿਲੀ ਸਤਰ ਵਿਚ ਜਿਸ ਨੂੰ ਦੋਹਾ ਲਾਉਣਾ ਹੈ, ਉਸ ਨੂੰ ਸੰਬੋਧਨ ਕਰ ਕੇ ਭਾਵ ਸਪੱਸ਼ਟ ਕੀਤਾ ਜਾਂਦਾ ਹੈ ਅਤੇ ਦੂਸਰੀ ਸਤਰ ਨੂੰ ਪੂਰੀ ਕਰਨ ਤੋਂ ਪਹਿਲਾਂ ਫਿਰ ਕੋਈ ਵਿਸ਼ੇਸ਼ਣ ਲਾ ਕੇ ਅੰਤਲਾ ਸ਼ਬਦ ਬੋਲਿਆ ਜਾਂਦਾ ਹੈ। ਇਹ ਵਾਹਵਾ ਦਮਖ਼ਮ ਵਾਲੀ ਔਰਤ ਦਾ ਕੰਮ ਹੈ। ਹਾਰੀ ਸਾਰੀ ਦੋਹਾ ਨਹੀਂ ਲਾ ਸਕਦੀ।
ਪਿੰਡਾਂ ਵਿਚ ਪਟਵਾਰੀ ਦੀ ਬੜੀ ਟੌਹਰ ਹੁੰਦੀ ਹੈ ਕਿਉਂਕਿ ਪਿੰਡਾਂ ਵਿਚ ਜ਼ਿਆਦਾਤਰ ਲੋਕ ਖੇਤੀ ਕਰਦੇ ਹਨ ਅਤੇ ਜ਼ਮੀਨ ਦਾ ਸਾਰਾ ਰਿਕਾਰਡ ਪਟਵਾਰੀ ਕੋਲ ਹੁੰਦਾ ਹੈ। ਇਸ ਲਈ ਭਰਾ ਨੂੰ ਸਿਹਰਾ ਬੰਨ੍ਹਦਿਆਂ ਵਿਆਂਦੜ ਦੀਆਂ ਭੈਣਾਂ ਆਪਣੇ ਭਰਾ ਨੂੰ ਪਟਵਾਰੀ ਦੇ ਬਰਾਬਰ ਸਮਝ ਕੇ ਦੋਹਾ ਲਾਉਂਦੀਆਂ:
ਵੀਰਾ ਵੇ ਪਟਵਾਰੀਆ ਧੁੱਪੇ ਜਾਵੇਂ ਕੁਮਲਾ
ਜੇ ਮੈਂ ਹੋਵਾਂ ਬੱਦਲੀ ਕੋਈ ਸੂਰਜ ਲਵਾਂ
ਵੇ ਵੀਰਨ ਮੇਰਿਆ, ਛਿਪਾ।
ਸੁਰਮਾ ਪਾਉਣ ਵੇਲੇ ਭਰਜਾਈ ਨੇ ਦੋਹਾ ਲਾਉਣਾ:
ਪਹਿਲੀ ਸਲਾਈ ਰਸ ਭਰੀ ਦਿਉਰਾ,ਦੂਜੀ ਤਿੱਲੇ ਦੀ ਤਾਰ
ਤੀਜੀ ਸਲਾਈ ਤਾਂ ਪਾਵਾਂ ਜੇ ਮੋਹਰਾਂ ਦੇਵੇਂ
ਵੇ ਜੀਵਣ ਜੋਗਿਆ, ਚਾਰ।
ਕੁੜੀ ਦੇ ਵਿਆਹ ਵਿਚ ਆਮ ਤੌਰ ’ਤੇ ਬਰਾਤੀ ਇਨ੍ਹਾਂ ਦੋਹਿਆਂ ਦਾ ਸ਼ਿਕਾਰ ਬਣਦੇ। ਬਰਾਤੀ ਜਦੋਂ ਖਾਣਾ ਖਾਣ ਲੱਗਦੇ ਤਾਂ ਕੋਈ ਗਾਉਂਦੀ:
ਚਤਰਾਂ ਨੂੰ ਚਤਰਾਈਆਂ, ਹਾਂ ਜੀ,
ਗਿਆਨੀਆਂ ਨੂੰ ਗਿਆਨ
ਤੈਨੂੰ ਆਪਣੇ ਪੇਟ ਦੀ ਤੇਰਾ ਥਾਲੀ ਵੱਲ
ਵੇ ਜ਼ਰਾ ਕੰਨ ਕਰੀਂ, ਧਿਆਨ।
ਜਾਂ ਫਿਰ ਦੋਹਾ ਲਾਉਂਦੀਆਂ:
ਘਰ ਬਿਗਾਨਾ ਢਿੱਡ ਆਪਣਾ ਹਾਂ ਜੀ ਥੋੜ੍ਹਾ ਥੋੜ੍ਹਾ ਖਾ
ਜੇ ਤੈਨੂੰ ਹੈਜ਼ਾ ਹੋ ਗਿਆ, ਸਾਥੋਂ ਵੈਦ ਸੱਦਿਆ ਨਾ
ਵੇ ਵੱਡੇ ਢਿੱਡ ਵਾਲਿਆ, ਜਾ।
ਕੁੜੀ ਦਾ ਸਹੁਰਾ ਇਸ ਮੌਕੇ ਔਰਤਾਂ ਦੇ ਖਾਸ ਨਿਸ਼ਾਨੇ ’ਤੇ ਹੁੰਦਾ। ਉਹ ਉਸ ਨੂੰ ਬੇਹੇ ਕੜਾਹ ਵਾਂਗ ਲੈਂਦੀਆਂ, ਠਿੱਠ ਕਰਨ ਲਈ ਗਾਉਂਦੀਆਂ:
ਮਾਸੀ ਨੇ ਮਾਸੜ ਕੁੱਟਿਆ ਹਾਂ ਜੀ ਨਵੀਂ ਚਲਾਈ ਰੀਤ
ਪੰਚਾਇਤੀ ਗੱਲਾਂ ਹੋ ਗਈਆਂ ਕੌਣ ਕਰੇ ਮਾਸੀ ਦੀ,
ਮੈਂ ਸੱਚ ਆਖ ਰਹੀ, ਰੀਸ।
ਦੋਹੇ ਆਮ ਤੌਰ ’ਤੇ ਔਰਤਾਂ ਭਰਾ ਨੂੰ ਜਾਂ ਬਰਾਤੀਆਂ ਨੂੰ ਲਾਉਂਦੀਆਂ, ਪਰ ਕਈ ਵਾਰ ਕੋਈ ਕੁਜੋੜ ਵਿਆਹ ਦੀ ਨਾਇਕਾ ਆਪਣੇ ਦਿਲ ਦੀ ਭੜਾਸ ਵੀ ਕੱਢ ਲੈਂਦੀ ਸੀ:
ਤੂੰ ਬੁੱਢਾ ਮੈਂ ਬਾਲਕੀ ਢੋਲਾ ਜੋੜੀ ਨਾ ਆਈ ਰਾਸ
ਮੇਰੀਆਂ ਲਿਸ਼ਕਣ ਕਾਲੀਆਂ ਮੀਢੀਆਂ,
ਵੇ ਤੇਰੀ ਦਾੜ੍ਹੀ ਦੇ ਚਿੱਟੇ,
ਸਹੇੜ ਮਾਪਿਆਂ ਦੀਏ, ਵਾਲ।
ਸ਼ਾਮ ਨੂੰ ਡੋਲੀ ਤੁਰਨ ਵੇਲੇ ਜੰਗੀਰੋ ਚਾਚੀ ਉਦਾਸ ਜਿਹਾ ਮੂੰਹ ਬਣਾ ਕੇ ਗਾ ਰਹੀ ਹੁੰਦੀ:
ਧੀ ਹੋਵੇ ਤਾਂ ਧਨ ਹੋਵੇ ਹਾਂ ਜੀ ਨਿੱਧਰੀ ਧੀ ਨਾ ਹੋ
ਦੇਈਏ ਸੋਨ ਕਟੋਰੀਆਂ, ਸਾਡੀ ਜੱਗ ਵਿਚ ਸ਼ੋਭਾ,
ਜੀ ਸਮਝ ਗਿਆਨੀਓ, ਹੋ।
ਕੋਈ ਹੋਰ ਬੋਲਦੀ :
ਦੋ ਖ਼ਰਬੂਜ਼ੇ ਵੱਟਮੇ ਹਾਂ ਜੀ ਮਿੱਠੇ ਉਨ੍ਹਾਂ ਦੇ ਬੀ
ਜੇ ਸੋਡਾ ਪੁੱਤ ਲਾਡਲਾ ਸਾਡੀ ਪੁੱਤਾਂ ਬਰਾਬਰ,
ਜੀ ਉੱਚਿਓ ਸੱਜਣੋ, ਧੀ।
ਇਸੇ ਤਰ੍ਹਾਂ ਮੁੰਡੇ ਦੇ ਵਿਆਹ ਤੋਂ ਬਾਅਦ ਜਦੋਂ ਸ਼ਾਮ ਨੂੰ ਨਵੀਂ ਵਿਆਹੀ ਵਹੁਟੀ ਘਰ ਪੈਰ ਪਾਉਂਦੀ ਤਾਂ ਨਣਾਨ ਇਹ ਦੋਹਾ ਲਾ ਕੇ ਆਪਣੀ ਭਰਜਾਈ ਦਾ ਸਵਾਗਤ ਕਰਦੀ:
ਉੱਤਰ ਭਾਬੋ ਡੋਲੀਓਂ ਦੇਖ ਸਹੁਰੇ ਦਾ ਬਾਰ
ਕੰਧਾਂ ਚਿੱਤਮ ਚਿੱਤੀਆਂ ਕੋਈ ਹਾਥੀ ਝੂਲਣ,
ਨੀਂ ਅੰਤੋਂ ਪਿਆਰੀਏ, ਬਾਹਰ।
ਪੁੱਤ ਦੇ ਵਿਆਹ ਦੀ ਖ਼ੁਸ਼ੀ ਵਿਚ ਖੀਵੀ ਮਾਂ ਨੂੰਹ-ਪੁੱਤ ਦੀ ਜਚਦੀ ਜੋੜੀ ਦੇਖ ਕੇ ਦੋਹਾ ਲਾਉਂਦੀ:
ਛੰਨਾ ਭਰਿਆ ਦੁੱਧ ਦਾ ਸੋਹਣਿਆ ਘੁੱਟੀਂ ਘੁੱਟੀਂ ਪੀ
ਥੋਡੀ ਜੋੜੀ ਦੇਖ ਕੇ ਮੇਰਾ ਸੀਤਲ ਹੋ ਗਿਆ,
ਵੇ ਅੰਤੋਂ ਪਿਆਰਿਆ, ਜੀ।
ਹੁਣ ਲੋਕ ਗੀਤਾਂ ਦਾ ਇਹ ਕਾਵਿ ਮਈ ਅਤੇ ਦਿਲਚਸਪ ਰੂਪ ਲੋਪ ਹੋ ਚੁੱਕਾ ਹੈ। ਚਾਚੀਆਂ ਤਾਈਆਂ, ਮਾਮੀਆਂ ਮਾਸੀਆਂ, ਭੂਆ ਭੈਣਾਂ ਸਭ ਡੀਜੇ ਦੇ ਕੰਨ ਪਾੜਵੇਂ ਸ਼ੋਰ ’ਤੇ ਨੱਚ ਲੈਂਦੀਆਂ ਹਨ। ਦੋਹਿਆਂ ਦਾ ਦੌਰ ਅਤੇ ਟੌਹਰ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ।
ਦੋਹਾ ਖੂੰਜੇ ਲੱਗਿਆ ਹਾਂ ਜੀ ਹੱਥ ਜੋੜ ਕੇ ਕਰੇ ਦੁਆ
ਤੁਸੀਂ ਬੇਸ਼ੱਕ ਮੈਨੂੰ ਭੁੱਲ ਗਏ,
ਮੈਨੂੰ ਥੋਡੇ ਵਿਆਹਾਂ ਦਾ ਬੜਾ ਹੀ,
ਜੀਵਨ ਜੋਗਿਓ, ਚਾਅ।
ਸੰਪਰਕ: 98766-35262


Comments Off on ਭੁੱਲੇ ਵਿਸਰੇ ਲੋਕ ਗੀਤ ਦੋਹੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.