ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਭਾਈ ਕਾਨ੍ਹ ਸਿੰਘ ਰਚਿਤ ‘ਮਹਾਨ ਕੋਸ਼’ ਦੇ ਮੁੜ ਛਪਣ ਦੀ ਉਮੀਦ ਬੱਝੀ

Posted On October - 9 - 2019

ਰਵੇਲ ਸਿੰਘ ਭਿੰਡਰ
ਪਟਿਆਲ, 8 ਅਕਤੂਬਰ
ਪੰਜਾਬੀ ਦੇ ਪਹਿਲੇ ਪ੍ਰਮਾਣਿਕ ਇਨਸਾਈਕਲੋਪੀਡੀਆ ਵਜੋਂ ਜਾਣੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਦੇ ਮੁੜ ਛਪਣ ਦੀ ਉਮੀਦ ਬੱਝ ਗਈ ਹੈ। ਭਾਸ਼ਾ ਵਿਭਾਗ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ‘ਮਹਾਨ ਕੋਸ਼’ ਦਾ ਅਗਲਾ ਅਡੀਸ਼ਨ ਪਾਠਕਾਂ ਦੇ ਹੱਥ ਵਿਚ ਹੋਵੇਗਾ। ਇਸ ਅਡੀਸ਼ਨ ਵਿਚ 10 ਹਜ਼ਾਰ ਕਾਪੀਆਂ ਛਾਪੇ ਜਾਣ ਦੀ ਵਿਉਂਤਬੰਦੀ ਹੈ।
ਦੱਸਣਯੋਗ ਹੈ ਕਿ ਭਾਸ਼ਾ ਵਿਭਾਗ ਦੇ ਪੁਸਤਕ ਭੰਡਾਰ ਵਿਚ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਦੀਆਂ ਕਾਪੀਆਂ ਖ਼ਤਮ ਹੋਣ ਨੂੰ ਕਰੀਬ ਚਾਰ ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ। ਸਰਕਾਰ ਦੀ ਵਿੱਤੀ ਤੰਗੀ ਕਾਰਨ ਭਾਸ਼ਾ ਵਿਭਾਗ ਇਸ ਮਹਾਨ ਕੋਸ਼ ਦੀ ਮੁੜ ਛਪਾਈ ਕਰਾਉਣ ਤੋਂ ਅਸਮਰਥ ਸੀ, ਭਾਵੇਂ ਇਸ ਦੇ ਰੀਪ੍ਰਿੰਟ ਲਈ ਸਮੇਂ-ਸਮੇਂ ਯਤਨ ਹੁੰਦੇ ਵੀ ਰਹੇ ਪਰ ਅੱਧ-ਵਿਚਾਲੇ ਹੀ ਲਟਕ ਜਾਂਦੇ ਸਨ। ਹੁਣ ਵਰ੍ਹਿਆਂ ਬਾਅਦ ਇਸ ਕੋਸ਼ ਦੀ ਰੀ-ਪ੍ਰਿੰਟਿੰਗ ਦੀ ਵਾਰੀ ਆ ਗਈ ਹੈ। ਇਹ ਕੋਸ਼ ਪੰਜਾਬੀ ਦੀ ਪਹਿਲੀ ਅਜਿਹੀ ਸ਼ਾਹਕਾਰ ਰਚਨਾ ਹੈ, ਜਿਸ ਦਾ ਕਿ ਹਰ ਅਡੀਸ਼ਨ ਹੱਥੋ-ਹੱਥੀ ਵਿਕ ਰਿਹਾ ਹੈ ਤੇ ਹੁਣ ਤੱਕ ਇਸ ਦੇ ਅੱਠ ਅਡੀਸ਼ਨ ਛਪ ਚੁੱਕੇ ਹਨ। ਅਜਿਹੀ ਰਿਕਾਰਡ ਤੋੜ ਮਾਣਮੱਤੀ ਵਿਕਰੀ ਦੇ ਬਾਵਜੂਦ ਵੀ ਕੋਸ਼ ਨੂੰ ਮੁੜ ਛਾਪਣ ਲਈ ਵਰ੍ਹਿਆਂਬੱਧੀ ਗੈਰ-ਸੰਜੀਦਗੀ ਦਾ ਮਾਹੌਲ ਬਣਿਆ ਰਿਹਾ ਹੈ। ਇਸ ਕੋਸ਼ ਦਾ ਅੱਠਵਾਂ ਅਡੀਸ਼ਨ ਸਾਲ 2011 ਵਿੱਚ ਛਪਿਆ ਸੀ।
ਦੱਸਣਯੋਗ ਹੈ ਕਿ ਪਟਿਆਲਾ ਰਿਆਸਤ ਦੇ ‘ਮਹਿਕਮਾ ਪੰਜਾਬੀ’ ਮਗਰੋਂ ਇਸ ‘ਮਹਾਨ ਕੋਸ਼’ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪੰਜਾਬ ਹਵਾਲੇ ਕੀਤੇ ਗਏ ਸਨ। ਉਂਜ ‘ਮਹਾਨ ਕੋਸ਼’ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਵਿੱਤੀ ਮੱਦਦ ਜ਼ਰੀਏ ਤਿਆਰ ਹੋਇਆ ਸੀ। 1930 ਵਿਚ ਇਸ ਕੋਸ਼ ਨੂੰ ਦਰਬਾਰ ਪਟਿਆਲਾ ਨੇ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਸੀ। ਪੁਰਾਣੇ ਸਮੇਂ ਇਸ ਕੋਸ਼ ’ਤੇ 51 ਹਜ਼ਾਰ ਰੁਪਏ ਦਾ ਖਰਚ ਆਇਆ ਸੀ ਤੇ ਇਹ ਸਾਰਾ ਖਰਚ ਪਟਿਆਲਾ ਰਿਆਸਤ ਨੇ ਓਟਿਆ ਸੀ। ਮਹਾਨ ਕੋਸ਼ ਆਪਣੇ ਆਪ ਵਿਚ ਗਿਆਨ ਦਾ ਸੋਮਾ ਹੈ। ਇਸ ਵਿਚਲੇ ਪੰਜਾਬ ,ਪੰਜਾਬੀ ਭਾਸ਼ਾ ਤੇ ਧਰਮ, ਸਭਿਆਚਾਰ ਤੇ ਹੋਰ ਪੱਖ ਜਿਵੇਂ ਕਿ ਇਤਿਹਾਸ, ਮਿਥਿਹਾਸ, ਬਨਸਪਤੀ, ਸੰਗੀਤ, ਵਿਦਿਆ ਤੇ ਵੈਦਿਕ ਆਦਿ ਤੱਥ ਆਦਿ ਅੱਜ ਵੀ ਪ੍ਰਮਾਣਿਕ ਮੰਨੇ ਜਾਂਦੇ ਹਨ। ਖੋਜਾਰਥੀਆਂ, ਭਾਸ਼ਾ ਵਿਗਿਆਨੀਆਂ ਤੇ ਪੁਸਤਕ ਪ੍ਰੇਮੀਆਂ ਲਈ ਇਹ ਕੋਸ਼ ਇੱਕ ਧੁਰੇ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਪ੍ਰੰਤੂ ਚਿੰਤਕਾਂ ਨੂੰ ਗਿਲਾ ਹੈ ਕਿ ਜਿਹੜੀ ਰਚਨਾ ਜਾਂ ਕੋਸ਼ ਪਾਠਕਾਂ ਦੀ ਮੰਗ ਬਣ ਰਿਹਾ ਹੈ, ਭਾਸ਼ਾ ਵਿਭਾਗ ਉਸ ਨੂੰ ਲਗਾਤਾਰ ਛਾਪਣ ਤੋਂ ਅਸਮਰੱਥ ਬਣਿਆ ਹੋਇਆ ਹੈ।
ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਮਹਾਨ ਕੋਸ਼ ਦਾ ਅਗਲਾ ਅਡੀਸ਼ਨ ਕੰਟਰੋਲਰ ਪ੍ਰਿੰਟਿੰਗ ਪ੍ਰੈਸ ਜ਼ਰੀਏ ਪ੍ਰਾਈਵੇਟ ਫਰਮ ਪਾਸੋਂ ਛਪਾਈ ਅਧੀਨ ਹੈ ਤੇ ਸੰਭਾਵਨਾ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਛਪ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਸ਼ ਦੀ ਮੰਗ ਵੱਧ ਹੋਣ ਕਾਰਨ ਐਤਕੀਂ ਇਸ ਦੇ ਨੌਵੇਂ ਅਡੀਸ਼ਨ ਲਈ 10 ਹਜ਼ਾਰ ਕਾਪੀਆਂ ਛਪਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਵੇਂ ਅਡੀਸ਼ਨ ਵਿੱਚ ਕੁਝ ਸੋਧ ਵੀ ਕੀਤੀ ਗਈ ਹੈ। ਵੱਡ-ਅਕਾਰੀ ਤੇ ਸੁੰਦਰ ਛਪਾਈ ਕਰਕੇ ਇਸ ਦੇ ਰੀ-ਪ੍ਰਿੰਟ ਹੋਣ ’ਤੇ 60 ਹਜ਼ਾਰ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ।


Comments Off on ਭਾਈ ਕਾਨ੍ਹ ਸਿੰਘ ਰਚਿਤ ‘ਮਹਾਨ ਕੋਸ਼’ ਦੇ ਮੁੜ ਛਪਣ ਦੀ ਉਮੀਦ ਬੱਝੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.