ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਬੱਚਿਓ! ਤੁਸੀਂ ਸਰੀ ਨਹੀਂ ਜਾਣਾ

Posted On October - 13 - 2019

ਡਾ. ਦਵਿੰਦਰ ਮੰਡ
ਆਪ ਬੀਤੀ – ਜੱਗ ਬੀਤੀ

ਵੈਨਕੂਵਰ ਹਵਾਈ ਅੱਡੇ ਤੋਂ ਮੈਂ ਛੇਤੀ ਵਿਹਲਾ ਹੋ ਗਿਆ। ਦਰਅਸਲ, ਮੈਂ ਆਪਣੇ ਬਾਰੇ ਨਿੱਜੀ ਹਵਾਲੇ ਔਨਲਾਈਨ ਸੱਚੋ-ਸੱਚ ਭਰ ਦਿੱਤੇ। ਇਕ ਵੱਡੀ ਕਤਾਰ ਵਿਚੋਂ ਮੈਨੂੰ ਇਕੱਲੇ ਨੂੰ ਇਮੀਗ੍ਰੇਸ਼ਨ ਅਫ਼ਸਰ ਨੇ ਸੱਦ ਕੇ ਇਕ ਸਵਾਲ ਪੁੱਛਿਆ, ‘‘ਕਿਹਨਾਂ ਕੋਲ ਜਾ ਰਹੇ ਹੋ?’’
‘‘ਆਪਣੇ ਤਿੰਨਾਂ ਬੱਚਿਆਂ ਕੋਲ।’’
ਬਸ ਫਿਰ ‘‘ਓ ਕੇ!’’ ਇਹ ਆਖ ਕੇ ਮੈਨੂੰ ਆਪਣਾ ਸਾਮਾਨ ਲੈਣ ਲਈ ਕਹਿ ਦਿੱਤਾ।
ਕਾਲਜ ਡੇਢ ਮਹੀਨੇ ਲਈ ਬੰਦ ਸਨ ਤੇ ਬੱਚੇ ਜ਼ਿੱਦ ਕਰਦੇ ਸਨ, ‘‘ਪਾਪਾ! ਤੁਸੀਂ ਜ਼ਰੂਰ ਆਓ।’’ ਇਕ ਚੰਗੇ ਕਾਲਜ ’ਚ ਨਿਯੁਕਤ ਪ੍ਰਾਧਿਆਪਕ ਲਈ ਬੱਚੇ ਪੜ੍ਹਾ ਕੇ ਸੈੱਟ ਕਰਨਾ ਬਾਕੀਆਂ ਨਾਲੋਂ ਥੋੜ੍ਹਾ ਸੌਖਾ ਹੋ ਜਾਂਦਾ ਹੈ। ਪਰ ਐੱਮ.ਐੱਸਸੀ. ਭੌਤਿਕ ਵਿਗਿਆਨ ਕਰ ਰਹੀ ਮੇਰੀ ਬੇਟੀ ਕਹਿਣ ਲੱਗੀ, ‘‘ਪਾਪਾ, ਦੇਸ਼ ਦਾ ਢਾਂਚਾ ਵਿਗੜਦਾ ਜਾਂਦੈ। ਉਚੇਰੀ ਪੜ੍ਹਾਈ ਕਰਕੇ ਵੀ ਕਿਹੜਾ ਛੇਤੀ ਪੱਕਾ ਹੋ ਜਾਣੈ। ਮੈਨੂੰ ਵਿਦੇਸ਼ ਜਾਣ ਦਿਓ। ਨਾਲੇ ਥੋੜ੍ਹੀਆਂ ਸਮੱਸਿਆਵਾਂ ਨੇ ਆਪਣੇ ਦੇਸ਼ ਦੀਆਂ- ਪਾਣੀ, ਬੇਰੁਜ਼ਗਾਰੀ, ਮਹਿੰਗਾਈ, ਨਸ਼ਾਖ਼ੋਰੀ, ਚੋਰ-ਬਾਜ਼ਾਰੀ…।’’ ਉਸ ਨੇ ਹੋਰ ਪਤਾ ਨਹੀਂ ਕਿੰਨੀਆਂ ਸਮੱਸਿਆਵਾਂ ਗਿਣਾ ਦਿੱਤੀਆਂ। ਮੈਂ ਵੀ ਉਸ ਦੀਆਂ ਗੱਲਾਂ ’ਚ ਆ ਗਿਆ। ਇਕਦਮ ‘ਹਾਂ’ ਕਰ ਦਿੱਤੀ। ਉਹਨੇ ਛੇਤੀ ਚੰਗੇ ਬੈਂਡ ਲੈ ਕੇ ਕੈਨੇਡਾ ਦੀ ਉਡਾਰੀ ਮਾਰ ਲਈ। ਅਸਲ ’ਚ ਮੇਰੀ ਪਤਨੀ ਦੀ ਛੋਟੀ ਭੈਣ ਉੱਥੇ ਸੈੱਟ ਹੋਣ ਕਾਰਨ ਮੈਨੂੰ ਕੋਈ ਫ਼ਿਕਰ ਵੀ ਨਹੀਂ ਸੀ। ਫਿਰ ਛੇਤੀ ਵੱਡੀ ਬੇਟੀ ਦੀ ਸਲਾਹ ਨਾਲ ਛੋਟੇ ਜੌੜੇ ਧੀ ਤੇ ਪੁੱਤਰ ਵੀ ਚੰਗੇ ਬੈਂਡ ਲੈ ਮਾਸੀ ਕੋਲ ਪਹੁੰਚ ਗਏ। ਮਾਸੀ ਨੇ ਆਪਣੇ ਘਰ ਦੇ ਹੇਠਲੇ ਹਿੱਸੇ (ਬੇਸਮੈਂਟ) ਦੇ ਕਿਰਾਏਦਾਰ ਕੱਢ ਕੇ ਇਨ੍ਹਾਂ ਤਿੰਨਾਂ ਨੂੰ ਉੱਥੇ ਰੱਖ ਲਿਆ। ਮੇਰੇ ਆਖਣ ’ਤੇ ਤਿੰਨੇ ਬੱਚੇ ਬਾਰਾਂ ਸੌ ਡਾਲਰ ਮਾਸੀ ਨੂੰ ਕਿਰਾਏ ਵਜੋਂ ਦੇਣ ਲੱਗੇ।
ਡੇਢ ਦੋ ਸਾਲ ਬਾਅਦ ਬੱਚਿਆਂ ਨੂੰ ਮਿਲਣ ਦਾ ਚਾਅ ਮੇਰੇ ਕੋਲੋਂ ਸਾਂਭਿਆ ਨਹੀਂ ਸੀ ਜਾ ਰਿਹਾ। ਮੈਂ ਸਾਮਾਨ ਸਮੇਤ ਹਵਾਈ ਅੱਡੇ ਤੋਂ ਬਾਹਰ ਇਕ ਬੈਂਚ ’ਤੇ ਆ ਬੈਠਾ। ਵੱਡੀ ਬੇਟੀ ਤੇ ਉਹਦੇ ਮਾਸੀ ਮਾਸੜ ਅਜੇ ਨਹੀਂ ਸਨ ਪਹੁੰਚੇ। ਮੇਰਾ ਫ਼ੋਨ ਚੱਲ ਨਹੀਂ ਸੀ ਰਿਹਾ। ਇੰਨੇ ਨੂੰ ਪੰਜ ਸਰਦਾਰ ਪੰਜਾਬੀਆਂ ਦਾ ਟੋਲਾ ਸਾਹਮਣੇ ਆਉਂਦਾ ਦਿਸਿਆ।
‘‘ਭਾ’ਜੀ ਤੁਸੀਂ ਕਿੱਥੋਂ ਆਏ ਹੋ?’’
‘‘ਸਰੀ ਤੋਂ।’’
‘‘ਤੁਸੀਂ ਏਅਰ ਕੈਨੇਡਾ ਫਲਾਈਟ ’ਤੇ ਆਏ ਹੋ?’’
‘‘ਹਾਂ ਜੀ।’’
‘‘ਇਸ ਦਾ ਮਤਲਬ ਫਲਾਈਟ ਆਗੀ?’’
‘‘ਹਾਂ ਜੀ।’’
‘‘ਭਾ’ਜੀ ਇਕ ਫ਼ੋਨ ਮਿਲਾਇਓ!’’
ਮੇਰਾ ਇੰਨਾ ਕਹਿਣ ’ਤੇ ਉਹ ‘ਸੌਰੀ’ ਕਹਿ ਅਗਾਂਹ ਵਧ ਗਏ, ਪਰ ਨੇੜੇ ਖੜ੍ਹੇ ਗੋਰੇ ਨੇ ਮੇਰੀ ਸਰੀਰਕ ਮੁਦਰਾ ਸਮਝ ਮੇਰੀ ਫ਼ੋਨ ਕਰਨ ਦੀ ਸਮੱਸਿਆ ਹੱਲ ਕਰ ਦਿੱਤੀ। ਮੈਂ ਮਨ ਹੀ ਮਨ ਉਨ੍ਹਾਂ ਮੁਲਕਾਂ ਦੀ ਤਰੱਕੀ ਦਾ ਰਾਹ ਅਤੇ ਅੱਗੇ ਵਧਣ ਦਾ ਕਾਰਨ ਲੱਭ ਮਹਿਸੂਸ ਕਰਨ ਲੱਗਾ।
ਛੇਤੀ ਹੀ ਮੈਂ ਬੇਟੀ ਅਤੇ ਸੰਬੰਧੀਆਂ ਨਾਲ ਘਰ ਪਹੁੰਚ ਗਿਆ। ਮੇਰੇ ਬੱਚਿਆਂ ਦਾ ਚਾਅ ਵੀ ਸਾਂਭਿਆ ਨਹੀਂ ਸੀ ਜਾ ਰਿਹਾ। ਮੈਂ ਉੱਪਰ ਬੱਚਿਆਂ ਦੀ ਮਾਸੀ ਕੋਲ ਜਾ ਬੈਠਾ। ਉਸ ਨੇ ਟੀ.ਵੀ. ਚਲਾਉਂਦਿਆਂ ਕਿਹਾ, ‘‘ਜੀਜਾ ਜੀ, ਟੈਮ ਈ ਨਹੀਂ ਟੀ.ਵੀ. ਦੇਖਣ ਦਾ। ਕਦੇ ਨਹੀਂ ਦੇਖਿਆ ਬਸ ਕੰਮਾਂ ਤੋਂ ਵਿਹਲ ਨਹੀਂ ਮਿਲਦੀ।’’
ਨੇਮ ਵਿਚ ਬੱਝੇ ਅਤੇ ਕਾਨੂੰਨ ਦੇ ਦਾਇਰੇ ’ਚ ਰਹਿ ਰਹੇ ਉਸ ਮੁਲਕ ਨੂੰ ਮੈਂ ਛੇਤੀ ਸਮਝ ਗਿਆ।
ਵੱਡੀ ਬੇਟੀ ਹੁਣ ਵਰਕ ਪਰਮਿਟ ’ਤੇ ਸੀ। ਇਕ ਦਿਨ ਮੈਨੂੰ ਕਹਿਣ ਲੱਗੀ, ‘‘ਪਾਪਾ, ਮਾਸੀ ਕਹਿੰਦੇ ਨੇ ਦੋ ਸੌ ਡਾਲਰ ਕਿਰਾਇਆ ਵਧਾ ਦਿਓ। ਇਹਦੇ ਨਾਲੋਂ ਸਰੀ ’ਚ ਰਹਿ ਲੈਂਦੇ ਆਂ ਉੱਥੇ ਅੱਠ-ਨੌ ਸੌ ਡਾਲਰ ’ਚ ਚੰਗੀਆਂ ਬੇਸਮੈਂਟਾਂ ਮਿਲ ਜਾਂਦੀਆਂ ਨੇ।’’ ਮੈਨੂੰ ਵੀ ਬੱਚਿਆਂ ਦੀ ਮਾਸੀ ਦੀ ਇਸ ਮੰਗ ’ਤੇ ਥੋੜ੍ਹਾ ਗੁੱਸਾ ਆਇਆ, ਪਰ ਮੈਂ ਬੇਟੀ ਨੂੰ ਸ਼ਿਫਟ ਕਰਨ ਦੀ ਹਾਂ ਨਹੀਂ ਕੀਤੀ।
‘‘ਜੀਜਾ ਜੀ, ਅੱਜ ‘ਇਨ੍ਹਾਂ’ ਦਾ ਭਰਾ ਤੁਹਾਨੂੰ ਮਿਲਣ ਆ ਰਿਹੈ। ਆਪਣੇ ਨੇੜੇ ਈ ਰਹਿੰਦੈ। ਰਾਤ ਦਾ ਖਾਣਾ ’ਕੱਠੇ ਖਾਵਾਂਗੇ।’’ ਮੇਰੀ ਸਾਲੀ ਨੇ ਚਾਅ ਨਾਲ ਮੈਨੂੰ ਸੱਦਾ ਦਿੱਤਾ। ਮੈਂ ਤੁਰੰਤ ਹਾਂ ਕਰ ਦਿੱਤੀ। ਸ਼ਾਮ ਕੋਈ ਪੰਜ ਕੁ ਵਜੇ ਮੇਰੇ ਸਾਢੂ ਦਾ ਛੋਟਾ ਭਰਾ, ਉਹਦੀ ਪਤਨੀ ਤੇ ਦੋਵੇਂ ਬੱਚੇ ਮਿਲਣ ਆ ਗਏ।
ਮੇਲ-ਮਿਲਾਪ ਤੋਂ ਬਾਅਦ ਸਾਡਾ ਆਪਸੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ।
‘‘ਬੱਚੇ ਕਹਿੰਦੇ ਸਰੀ ਰਹਿਣੈ,’’ ਮੈਂ ਗੱਲਾਂ-ਗੱਲਾਂ ਵਿਚ ਹੀ ਆਪਣਾ ਵਿਚਾਰ ਪ੍ਰਗਟ ਕਰ ਦਿੱਤਾ।
‘‘ਭਾ’ਜੀ, ਮੈਂ ਪਹਿਲਾਂ ਉੱਥੇ ਹੀ ਰਹਿੰਦਾ ਸੀ। ਹੁਣ ਨਿਆਣੇ ਵੱਡੇ ਹੋ ਰਹੇ ਨੇ ਤਾਂ ਉੱਥੇ ਦਾ ਮਾਹੌਲ ਦੇਖ ਮੈਂ ਏਧਰ ਮੂਵ ਕਰ ਲਿਆ। ਭਾਵੇਂ ਇਹ ਮਹਿੰਗਾ ਇਲਾਕਾ ਹੈ।’’
‘‘ਕਾਹਤੋਂ?’’ ਮੈਂ ਹੈਰਾਨ ਸਾਂ।
‘‘ਭਾ’ਜੀ ਅਸਲ ’ਚ ਪੰਜਾਬ ਵਾਂਗ ਇੱਥੇ ਵੀ ਮਾਹੌਲ ਖ਼ਰਾਬ ਹੋ ਰਿਹੈ। ਉੱਚੀ ਉੱਚੀ ਗੀਤ ਵਜਾਉਣੇ, ਸ਼ਰਾਬ, ਭੰਗ, ਹੋਰ ਨਸ਼ੇ ਵੀ ਏਥੇ ਵਧ ਰਹੇ ਹਨ। ਥਾਂ ਥਾਂ ਪੰਜਾਬੀਆਂ ਦਾ ਸ਼ਰਾਬਾਂ ਪੀ ਕੇ ਖ਼ਰਮਸਤੀਆਂ ਕਰਨਾ ਆਮ ਗੱਲ ਹੈ। ਚੱਕਵੇਂ ਗੀਤ ਉੱਚੀ-ਉੱਚੀ ਕਾਰਾਂ ’ਚ ਲਾ ਕੇ ਸੜਕਾਂ ’ਤੇ ਤੋਰਾ-ਫੇਰਾ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਏ। ਨਿਆਣਿਆਂ ਨੂੰ ਪੜ੍ਹਾਉਣ ਲਈ ਇੱਥੇ ਆਇਆਂ।’’
ਮੇਰੇ ਨਾਲ ਉਨ੍ਹਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਮੇਰਾ ਧਿਆਨ ਉਖੜਿਆ ਉਖੜਿਆ ਰਿਹਾ। ਲਗਪਗ ਇਕ ਮਹੀਨਾ ਮੈਂ ਬੱਚਿਆਂ ਕੋਲ ਰਿਹਾ। ਮੇਰਾ ਇਕ ਦੋਸਤ ਸਰੀ ਰਹਿੰਦਾ ਸੀ। ਉਹ ਮੈਨੂੰ ਕਈ ਵਾਰ ਆਪਣੇ ਕੋਲ ਲੈ ਗਿਆ। ਅਮਰੀਕਾ ਦਾ ਬਾਰਡਰ ਵੀ ਵਿਖਾਉਂਦਾ ਰਿਹਾ। ਜੋ ਜੋ ਗੱਲਾਂ ਮੇਰੇ ਸਾਢੂ ਦੇ ਭਰਾ ਨੇ ਮੈਨੂੰ ਸਰੀ ਬਾਰੇ ਦੱਸੀਆਂ ਸਨ, ਉਹ ਸੱਚਮੁੱਚ ਮੈਨੂੰ ਉੱਥੇ ਦੇਖਣ ਨੂੰ ਮਿਲੀਆਂ।
ਇਕ ਦੋ ਦਿਨਾਂ ਬਾਅਦ ਮੈਂ ਭਾਰਤ ਲਈ ਰਵਾਨਾ ਹੋਣਾ ਸੀ। ਮੇਰੇ ਬੱਚੇ ਤੇ ਸਮੁੱਚਾ ਪਰਿਵਾਰ ਸਵੇਰੇ ਇਕੱਠੇ ਬੈਠੇ ਗੱਲਾਂਬਾਤਾਂ ਕਰ ਰਹੇ ਸਾਂ। ਸਾਹਮਣੇ ਵੱਡੇ ਟੀਵੀ ’ਤੇ ਖੋਜ ਚੈਨਲ ਚੱਲ ਰਿਹਾ ਸੀ। ਮੇਰਾ ਧਿਆਨ ਵਾਰ-ਵਾਰ ਟੀਵੀ ਵੱਲ ਜਾ ਰਿਹਾ ਸੀ। ਮੇਰੇ ਤਿੰਨੇ ਬੱਚੇ ਥੋੜ੍ਹਾ ਖ਼ੁਸ਼ ਸਨ। ਉਨ੍ਹਾਂ ਨੂੰ ਪਤਾ ਸੀ ਕਿ ਸਾਡੇ ਪਾਪਾ ਅੱਜ ਸਾਨੂੰ ਮਾਸੀ ਦੇ ਘਰ ਤੋਂ ਆਜ਼ਾਦ ਕਰ ਸਰੀ ਪਹੁੰਚਾ ਦੇਣਗੇ। ਉਨ੍ਹਾਂ ਨੇ ਮੇਰੇ ਕੰਨਾਂ ’ਚ ਮਾਸੀ ਦੀਆਂ ਜ਼ਿਆਦਤੀਆਂ (ਅਸਲ ’ਚ ਮਾਸੀ ਵੱਲੋਂ ਸਮਝਾਉਣ) ਬਾਰੇ ਵੀ ਫੂਕ ਭਰੀ।
ਮੇਰੀ ਛੋਟੀ ਬੇਟੀ ਕਹਿਣ ਲੱਗੀ, ‘‘ਪਾਪਾ, ਅਸੀਂ ਸਰੀ ਇਕ ਬੇਸਮੈਂਟ ਦੇਖ ਲਈ। ਅੱਠ ਸੌ ਡਾਲਰ ਕਿਰਾਇਆ ਐ। ਕਰੀਏ ਫੇ’ ਸਿਫ਼ਟ?’’
ਮੈਂ ਤਿੰਨਾਂ ਬੱਚਿਆਂ ਦੇ ਮੂੰਹ ਵੱਲ ਦੇਖਿਆ ਤੇ ਫਿਰ ਮੈਂ ਆਪਣੇ ਸਾਢੂ ਅਤੇ ਸਾਲੀ ਦੇ ਚਿਹਰੇ ਵੱਲ ਵੀ ਗਹੁ ਨਾਲ ਦੇਖਿਆ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਹ ਚਲੇ ਜਾਣਗੇ ਅਤੇ ਉਨ੍ਹਾਂ ਦੇ ਚਿਹਰੇ ’ਤੇ ਉਦਾਸੀ ਛਾਈ ਹੋਈ ਸੀ। ਮੈਂ ਆਪਣੀ ਜੇਬ੍ਹ ’ਚ ਹੱਥ ਪਾ ਬਾਰਾਂ ਸੌ ਡਾਲਰ ਪਲੱਸ ਦੋ ਸੌ ਡਾਲਰ ਵੱਖਰੇ ਕੱਢ ਕੇ ਫੜਾਉਂਦਿਆਂ ਕਿਹਾ, ‘‘ਬੱਚਿਓ! ਤੁਸੀਂ ਸਰੀ ਨਹੀਂ ਜਾਣਾ।’’
ਮੇਰੇ ਤਿੰਨੇ ਬੱਚਿਆਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ। ਸਾਹਮਣੇ ਟੀਵੀ ’ਤੇ ਭਾਰੀ ਬਰਫ਼ਬਾਰੀ ’ਚ ਆਪਣੇ ਬੱਚਿਆਂ ਨੂੰ ਬਰਫ਼ ਤੋਂ ਬਚਾਉਣ ਲਈ ਇਕ ਵੱਡਾ ਪੰਛੀ ਆਪਣੇ ਪਰਾਂ ਹੇਠ ਲੁਕੋਣ ਦਾ ਯਤਨ ਕਰ ਰਿਹਾ ਸੀ।

ਸੰਪਰਕ: 99145-65255


Comments Off on ਬੱਚਿਓ! ਤੁਸੀਂ ਸਰੀ ਨਹੀਂ ਜਾਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.