ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਫੁੱਲ ਹੋਣ ਦਾ ਸੰਤਾਪ

Posted On October - 26 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਗਿਰੀਸ਼ ਕਰਨਾਡ ਸਾਡੇ ਦੇਸ਼ ਦਾ ਅਜਿਹਾ ਵਿਲੱਖਣ ਨਾਟਕਕਾਰ ਹੈ ਜਿਸਨੇ ਅਜਿਹੇ ਨਾਟਕ ਲਿਖੇ ਜੋ ਭਾਸ਼ਾ, ਸਥਾਨ, ਸਮੇਂ ਤੋਂ ਉੱਪਰ ਉੱਠ ਕੇ ਮਕਬੂਲ ਹੋਏ। ਉਸਦੇ ਨਾਟਕਾਂ ਨੇ ਗਹਿਰੇ, ਸੰਘਣੇ, ਚਿਰਸਥਾਈ ਪ੍ਰਭਾਵ ਵਾਲੇ ਵਿਚਾਰ ਸਾਹਮਣੇ ਲਿਆਂਦੇ ਅਤੇ ਰੰਗਮੰਚ ਨਿਰਦੇਸ਼ਕਾਂ ਨੂੰ ਆਪਣੀ ਕਲਪਨਾਸ਼ੀਲਤਾ ਦਿਖਾ ਕੇ ਵੱਖਰੇ ਰੰਗ ਭਰਨ ਲਈ ਭਰਪੂਰ ਸਪੇਸ ਮੁਹੱਈਆ ਕਰਵਾਈ। ‘ਨਾਗਮੰਡਲਮ’, ‘ਹੈ ਵਦਨ’, ‘ਅਗਨੀ ਵਰਖਾ’ ਆਦਿ ਨਾਟਕ ਇਸ ਖਿੱਤੇ ਦੇ ਦਰਸ਼ਕਾਂ ਨੇ ਅਕਸਰ ਪੰਜਾਬੀ ਤੇ ਹਿੰਦੀ ਵਿਚ ਦੇਖੇ ਹਨ ਅਤੇ ਮਾਣੇ ਹਨ। ਡਾ. ਨੀਲਮ ਮਾਨ ਸਿੰਘ ਚੌਧਰੀ ਨੇ ਤਾਂ ‘ਨਾਗਮੰਡਲਮ’ ਨਾਟਕ ਨੂੰ ਡਾ. ਸੁਰਜੀਤ ਪਾਤਰ ਦੇ ਅਨੁਵਾਦ ਰਾਹੀਂ ਐਸੀ ਵੱਖਰੀ ਪਛਾਣ ਦਿੱਤੀ ਕਿ ਜਦੋਂ ਇਹ ਨਾਟਕ ਦੱਖਣੀ ਭਾਰਤ ਵਿਚ ਪੇਸ਼ ਕੀਤਾ ਗਿਆ ਤਾਂ ਗਿਰੀਸ਼ ਕਰਨਾਡ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬੀ ਦਾ ਕੋਈ ਮੌਲਿਕ ਨਾਟਕ ਦੇਖ ਰਿਹਾ ਹਾਂ ਤੇ ਹੁਣ ਮੈਨੂੰ ਕੰਨੜ ’ਚ ਇਸਦਾ ਅਨੁਵਾਦ ਕਰਨਾ ਚਾਹੀਦਾ ਹੈ।
ਪਿਛਲੇ ਦਿਨੀਂ ਯੁਵਾ ਰੰਗਮੰਚ ਜਲੰਧਰ ਦੀ ਟੀਮ ਵੱਲੋਂ ਗਿਰੀਸ਼ ਕਰਨਾਡ ਦਾ ਨਾਟਕ ‘ਫਲਾਵਰਜ਼’ ਪੇਸ਼ ਕੀਤਾ ਗਿਆ। ਇਸਦਾ ਨਾਮ ‘ਸ਼ਰਧਾ ਸੁਮਨ’ ਰੱਖਿਆ ਗਿਆ ਤੇ ਇਸ ਏਕਲ ਅਭਿਨੈ ਵਾਲੇ ਨਾਟਕ ਨੂੰ ਰੰਗਮੰਚੀ ਜ਼ਰਬਾਂ ਦੇ ਕੇ ਵਧੇਰੇ ਪਾਤਰਾਂ ਰਾਹੀਂ ਮੰਚਣ ਕੀਤਾ ਗਿਆ। ਅੰਕੁਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਖੇਡੇ ਇਸ ਨਾਟਕ ਵਿਚ ਪੁਜਾਰੀ ਦੀ ਮੁੱਖ ਭੂਮਿਕਾ ਵੀ ਅੰਕੁਰ ਨੇ ਖ਼ੁਦ ਨਿਭਾਈ। ਇਹ ਨਾਟਕ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ ਤੇ ਜ਼ਿੰਦਗੀ ਦੇ ਸੂਖਮ ਵਲਵਲੇ ਪੇਸ਼ ਕਰਕੇ ਅਜਿਹੀਆਂ ਸਥਿਤੀਆਂ ਦਰਸਾਉਂਦਾ ਹੈ ਜਿੱਥੇ ਇਨਸਾਨ ਦੀ ਇਨਸਾਨੀਅਤ ਤੇ ਪਰੰਪਰਾ ਕਟਹਿਰੇ ਵਿਚ ਖੜ੍ਹੀ ਦਿਖਾਈ ਦਿੰਦੀ ਹੈ ਤੇ ਉਹ ਆਪਣੇ ਆਪ ਨੂੰ ਗਹਿਰੇ ਪਾਣੀ ਅੰਦਰ ਡੁੱਬਦਾ ਮਹਿਸੂਸ ਕਰਦਾ ਹੈ।

ਡਾ. ਸਾਹਿਬ ਸਿੰਘ

ਨਾਟਕ ਦਾ ਬਹੁਤਾ ਕਾਰਜ ਇਕ ਮੰਦਿਰ ਵਿਚ ਵਾਪਰਦਾ ਹੈ। ਮੰਦਿਰ ਦੇ ਗਰਭ ਗ੍ਰਹਿ ਵਿਖੇ ਸ਼ਿਵਲਿੰਗ ਸਥਾਪਿਤ ਹੈ। ਪੁਜਾਰੀ ਹਰ ਰੋਜ਼ ਤਾਜ਼ੇ ਫੁੱਲ ਲਿਆਉਂਦਾ ਹੈ ਤੇ ਸ਼ਿਵਲਿੰਗ ਦੀ ਸਜਾਵਟ ਕਰਦਾ ਹੈ। ਉਸਦੀ ਪਤਨੀ ਮਦਦ ਕਰਦੀ ਹੈ। ਫੁੱਲ ਸਜਾਉਣ ਦੀ ਕਲਾ ਕਰਕੇ ਪੁਜਾਰੀ ਦੀ ਮਹਿਮਾ ਹੈ, ਉਸਦੇ ਹੱਥਾਂ ਵਿਚ ਨਜ਼ਾਕਤ ਹੈ, ਮਨ ਵਿਚ ਸ਼ਰਧਾ ਹੈ ਤੇ ਕਾਰਜ ਅੰਦਰ ਸ਼ਿਲਪਕਾਰੀ ਹੈ। ਉਸਦੀ ਇਸ ਕਲਾਕਾਰੀ ਤੋਂ ਰਾਜਾ ਪ੍ਰਸੰਨ ਹੈ, ਹਰ ਰੋਜ਼ ਆਪਣੇ ਕਿਲੇ ਤੋਂ ਨਿਕਲਦਾ ਹੈ ਤੇ ਮੰਦਿਰ ਪਹੁੰਚ ਕੇ ਪੂਜਾ ਦਾ ਪ੍ਰਸਾਦ ਹਾਸਲ ਕਰਦਾ ਹੈ। ਰਾਜੇ ਦੇ ਨਿਕਲਣ ਤੋਂ ਪਹਿਲਾਂ ਤੋਪ ਦੀ ਆਵਾਜ਼ ਉਸਦੇ ਪ੍ਰਸਥਾਨ ਦਾ ਸੰਦੇਸ਼ ਦਿੰਦੀ ਹੈ ਤੇ ਪੁਜਾਰੀ ਚੁਸਤੀ ਨਾਲ ਪੁਸ਼ਪ ਮਾਲਾਵਾਂ ਸਜਾਉਂਦਾ ਹੈ। ਸਹਿਜ ਚੱਲਦੀ ਇਸ ਪ੍ਰਕਿਰਿਆ ਵਿਚ ਹਲਚਲ ਉਦੋਂ ਵਾਪਰਦੀ ਹੈ ਜਦੋਂ ਇਕ ਵੇਸਵਾ ਮੰਦਿਰ ’ਚ ਪੂਜਾ ਕਰਨ ਆਉਂਦੀ ਹੈ। ਉਸਦੀ ਖ਼ੂਬਸੂਰਤੀ ਪੁਜਾਰੀ ਨੂੰ ਪ੍ਰਭਾਵਿਤ ਕਰਦੀ ਹੈ, ਉਹ ਤਰਲ ਹੋ ਜਾਂਦਾ ਹੈ ਤੇ ਮਨ ਦੀ ਸਥਿਰਤਾ ਡੋਲਣ ਲੱਗਦੀ ਹੈ। ਧਾਰਮਿਕਤਾ ਨੂੰ ਪਰਣਾਇਆ ਜੀਵ ਮਨੁੱਖੀ ਬਿਰਤੀ ਦਾ ਸ਼ੰਖਨਾਦ ਵੱਜਦਾ ਮਹਿਸੂਸ ਕਰਦਾ ਹੈ ਤੇ ਉਸਦੇ ਕਦਮ ਵੇਸਵਾ ਦੇ ਨਿਵਾਸ ਵੱਲ ਹੋ ਤੁਰਦੇ ਹਨ। ਕੰਨਿਆ ਪੁਜਾਰੀ ਦਾ ਸਵਾਗਤ ਕਰਦੀ ਹੈ ਤੇ ਮੰਗ ਰੱਖਦੀ ਹੈ ਕਿ ਪੁਜਾਰੀ ਉਸਨੂੰ ਪੁਸ਼ਪ ਸਜਾਵਟ ਦੀ ਕਲਾ ਸਿਖਾਵੇ। ਹੁਣ ਦਿਲਚਸਪ ਗੱਲ ਇਹ ਵਾਪਰਦੀ ਹੈ ਕਿ ਉਹ ਫੁੱਲ ਸਜਾਉਣ ਦੀ ਅਜਮਾਇਸ਼ ਆਪਣੇ ਸਰੀਰ ’ਤੇ ਕਰਨ ਲਈ ਕਹਿੰਦੀ ਹੈ। ਪੁਜਾਰੀ ਸਮਰਪਣ ਕਰ ਦਿੰਦਾ ਹੈ। ਹੁਣ ਇਹ ਨਿਤਨੇਮ ਬਣ ਜਾਂਦਾ ਹੈ ਕਿ ਪਹਿਲਾਂ ਫੁੱਲ ਸ਼ਿਵਲਿੰਗ ਦੀ ਸਜਾਵਟ ਕਰਦੇ ਹਨ ਤੇ ਫਿਰ ਉਸ ਖ਼ੂਬਸੂਰਤ ਕੰਨਿਆ ਦੇ ਜਿਸਮ ਦਾ ਸ਼ਿੰਗਾਰ ਬਣਦੇ ਹਨ। ਇੱਥੇ ਨਾਟਕਕਾਰ ਅਤੇ ਨਿਰਦੇਸ਼ਕ ਫੁੱਲਾਂ ਨੂੰ ਅਜਿਹੇ ਮੈਟਾਫਰ ਦੇ ਰੂਪ ਵਿਚ ਦਰਸ਼ਕ ਦੇ ਸਾਹਮਣੇ ਫੈਲਾ ਦਿੰਦਾ ਹੈ ਕਿ ਦਰਸ਼ਕ ਦਾ ਮਨ ਸਦਾਚਾਰ/ਜਜ਼ਬਾਤ/ ਪਿਆਰ/ਕਾਮ/ਸ਼ਰਧਾ ਦੀਆਂ ਵਿਪਰੀਤ ਦਿਸ਼ਾਵਾਂ ਵਿਚ ਘੁੰਮਦੀਆਂ ਬੇੜੀਆਂ ਦਾ ਸਵਾਰ ਹੋਇਆ ਮਹਿਸੂਸ ਕਰਦਾ ਹੈ ਤੇ ਕਮਾਲ ਇਹ ਕਿ ਦੁਰਾਚਾਰ ਵਾਲੀ ਭਾਵਨਾ ਆਪਣਾ ਸਿਰ ਨਹੀਂ ਚੁੱਕ ਰਹੀ।
ਹੁਣ ਨਾਟਕੀ ਤਣਾਅ ਆਰੰਭ ਹੁੰਦਾ ਹੈ। ਇਕ ਰਾਤ ਪੁਜਾਰੀ ਪੂਜਾ ਦੀ ਤਿਆਰੀ ’ਚ ਹੈ, ਪਰ ਰਾਜੇ ਦੇ ਕਿਲੇ ਤੋਂ ਤੋਪ ਦੀ ਆਵਾਜ਼ ਨਹੀਂ ਆ ਰਹੀ ਤੇ ਉੱਧਰ ਵੇਸਵਾ ਕੋਲ ਜਾਣ ਦਾ ਵਕਤ ਗੁਜ਼ਰ ਰਿਹਾ ਹੈ। ਪੁਜਾਰੀ ਇੰਤਜ਼ਾਰ ਕਰ ਰਿਹਾ ਹੈ ਤੇ ਦਰਸ਼ਕ ਸਾਹ ਰੋਕੀ ਬੈਠੇ ਹਨ। ਜਦੋਂ ਤਣਾਅ ਚਰਮ ਸੀਮਾ ’ਤੇ ਪਹੁੰਚ ਜਾਂਦਾ ਹੈ ਤਾਂ ਪੁਜਾਰੀ ਫੁੱਲਾਂ ਦੀ ਗਠੜੀ ਉਠਾ ਕੇ ਵੇਸਵਾ ਦੇ ਨਿਵਾਸ ਵੱਲ ਵਿਦਾ ਹੁੰਦਾ ਹੈ। ਉਹ ਸਵਾਗਤ ਕਰਦੀ ਹੈ, ਬੁੱਲ੍ਹਾਂ ’ਤੇ ਮੁਸਕਰਾਹਟ, ਅੱਖਾਂ ’ਚ ਮੁਹੱਬਤੀ ਤੇਜ਼, ਚਿਹਰੇ ’ਤੇ ਸੰਤੁਸ਼ਟੀ ਤੇ ਮਾਹੌਲ ਵਿਚ ਕਾਮ ਦੀ ਖ਼ੁਸ਼ਬੋ। ਪੁਜਾਰੀ ਪੁਸ਼ਪ ਸਜਾਵਟ ਆਰੰਭ ਕਰਦਾ ਹੈ, ਪਰ ਦਰਸ਼ਕ ਦੇ ਮਨ ਵਿਚ ਰਾਜੇ ਦੇ ਕਿਲੇ ਤੋਂ ਅੱਜ ਨਾ ਵੱਜਣ ਵਾਲੀ ਤੋਪ ਦੀ ਆਵਾਜ਼ ਦਾ ਖਦਸ਼ਾ ਗੂੰਜ ਰਿਹਾ ਹੈ, ਉਹ ਸਾਹਮਣੇ ਵਾਪਰ ਰਹੇ ਦਾ ਆਨੰਦ ਮਾਣਦਾ ਹੋਇਆ ਵੀ ਤਣਾਅ ’ਚ ਹੈ। ਇਹੀ ਰੰਗਮੰਚ ਦੀ ਤਾਕਤ ਹੈ। ਇੱਥੇ ਹੀ ਨਿਰਦੇਸ਼ਕ ਦੀ ਜਿੱਤ ਹੈ ਕਿ ਉਹ ਦਰਸ਼ਕ ਨੂੰ ਉੱਥੇ ਹੀ ਰੱਖ ਰਿਹਾ ਹੈ ਜਿੱਥੇ ਉਸਨੂੰ ਹੋਣਾ ਚਾਹੀਦਾ ਹੈ। ਸਜਾਵਟ ਸਮਾਪਤ ਹੁੰਦੀ ਹੈ, ਪੁਜਾਰੀ ਭਰਪੂਰਤਾ ਦੇ ਅਹਿਸਾਸ ’ਚ ਗੜੁੱਚ ਹੈ ਕਿ ਕਿਲੇ ਤੋਂ ਤੋਪ ਦੀ ਆਵਾਜ਼ ਗੂੰਜਦੀ ਹੈ। ਸਦਾਚਾਰੀ ਦਰਸ਼ਕ ਇਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਕੋਈ ਦਸਤਕ ਹੋਵੇ ਤੇ ਉਸਦੇ ਦਿਲ ਵਿਚ ਡਰ ਸਮੇਤ ਦੁਬਕੀ ਬੈਠੀ ਸਦਾਚਾਰਤਾ ਬਚੀ ਰਹੇ! ਪੁਜਾਰੀ ਹੜਬੜਾਹਟ ਵਿਚ ਹੈ, ਮਨੁੱਖੀ ਅਰਾਧਨਾ ਦੀ ਕਾਇਆ ਤੋਂ ਪੁਸ਼ਪ ਉਤਾਰੇ ਜਾ ਰਹੇ ਹਨ ਤੇ ਮੰਦਿਰ ਪਹੁੰਚ ਕੇ ਇਹੀ ਪੁਸ਼ਪ ਦੇਵ ਅਰਾਧਨਾ ਦੀ ਕਾਇਆ ’ਤੇ ਚੜ੍ਹਾਏ ਜਾ ਰਹੇ ਹਨ। ਰਾਜਾ ਪ੍ਰਵੇਸ਼ ਕਰਦਾ ਹੈ, ਪੂਜਾ ਸੰਪੰਨ ਹੁੰਦੀ ਹੈ ਤੇ ਜਦੋਂ ਪ੍ਰਸਾਦ ਦੇ ਰੂਪ ਵਿਚ ਰਾਜੇ ਦੇ ਹੱਥਾਂ ’ਤੇ ਫੁੱਲ ਧਰਿਆ ਜਾਂਦਾ ਹੈ ਤਾਂ ਇਸ ਵਿਚੋਂ ਇਕ ਲੰਮਾ ਵਾਲ ਨਿਕਲਦਾ ਹੈ। ਰਾਜਾ ਸਵਾਲ ਕਰਦਾ ਹੈ। ਪੁਜਾਰੀ ਘਬਰਾਹਟ ’ਚ ਇਸਨੂੰ ਸ਼ਿਵਲਿੰਗ ਦਾ ਵਾਲ ਦੱਸਦਾ ਹੈ। ਰਾਜਾ ਇਹ ਸਾਬਤ ਕਰਨ ਲਈ ਪੁਜਾਰੀ ਨੂੰ ਸਮਾਂ ਦਿੰਦਾ ਹੈ।
ਮੁਕੱਰਰ ਦਿਨ ਆ ਪਹੁੰਚਿਆ, ਪੁਜਾਰੀ ਭੈਅਭੀਤ ਹੈ। ਸ਼ਿਵਲਿੰਗ ਤੋਂ ਪਰਦਾ ਚੁੱਕਿਆ ਜਾਂਦਾ ਹੈ ਤਾਂ ਉੱਥੇ ਕਿੰਨੇ ਸਾਰੇ ਵਾਲ ਮੌਜੂਦ ਹਨ। ਪੁਜਾਰੀ ਦੀ ਸਮਝ ਤੋਂ ਬਾਹਰ ਹੈ, ਰਾਜਾ ਹੈਰਾਨ ਹੈ, ਪ੍ਰਸੰਨ ਹੋ ਕੇ ਉਸ ਲਈ ਰਾਜ ਪਰੋਹਿਤ ਦਾ ਦਰਜਾ ਐਲਾਨਦਾ ਹੈ। ਵੇਸਵਾ ਨਗਰ ਛੱਡ ਕੇ ਜਾ ਚੁੱਕੀ ਹੈ। ਪੁਜਾਰੀ ਆਤਮ ਗਿਲਾਨੀ ਅਨੁਭਵ ਕਰਦਾ ਹੈ ਤੇ ਜਲ ਸਮਾਧੀ ਵਿਚ ਲੀਨ ਹੋ ਜਾਂਦਾ ਹੈ।
ਦਰਸ਼ਕ ਸਵਾਲਾਂ ਦੇ ਰੂਬਰੂ ਹੈ, ਵੇਸਵਾ ਦਾ ਕੀ ਕਸੂਰ ਸੀ? ਧਰਮ ਤੇ ਸਦਾਚਾਰ ਦੀ ਪਰਿਭਾਸ਼ਾ ਕੀ ਹੈ? ਰਾਜੇ ਦਾ ਇਨਸਾਫ ਅੰਨ੍ਹਾ ਕਿਉਂ ਹੈ? ਮਾਸੂਮ ਸਿਰਾਂ ’ਤੇ ਸਜੇ ਵਾਲ ਕਦੋਂ ਤਕ ਲੱਥਦੇ ਰਹਿਣਗੇ ਤੇ ਰਸਮੀ ਸਿਰਾਂ ’ਤੇ ਸਜਦੇ ਰਹਿਣਗੇ? ਰੰਗਮੰਚ ਦਾ ਮਕਸਦ ਹੈ ਸਵਾਲ ਉਠਾਉਣਾ, ਅੰਕੁਰ ਸ਼ਰਮਾ, ਸ਼ਾਇਨਾ ਬੱਤਾ, ਅੰਜਲੀ, ਵਿਸ਼ੇਸ਼ ਅਰੋੜਾ, ਵਿਕਰਮ ਠਾਕੁਰ, ਮਨਪ੍ਰੀਤ ਸਿੰਘ, ਰਿਸ਼ੀ ਚੀਮਾ ਤੇ ਅਭਿਸ਼ੇਕ ਨੇ ਖ਼ੂਬਸੂਰਤ ਰੰਗਮੰਚੀ ਢੰਗ ਨਾਲ ਸਵਾਲ ਬਿਨਾਂ ਕਿਹਾਂ ਪੈਦਾ ਕੀਤੇ ਹਨ।

ਸੰਪਰਕ: 98880-11096


Comments Off on ਫੁੱਲ ਹੋਣ ਦਾ ਸੰਤਾਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.