ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਪੰਜਾਬ ’ਚ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਤਿੜਕਣ ਦੇ ਆਸਾਰ

Posted On October - 15 - 2019

ਦਵਿੰਦਰ ਪਾਲ
ਚੰਡੀਗੜ੍ਹ, 14 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵਧ ਰਹੀ ਕੁੜੱਤਣ ਦਾ ਪੰਜਾਬ ਵਿੱਚ ਚੱਲੇ ਆ ਰਹੇ ਦੋ ਦਹਾਕੇ ਤੋਂ ਪੁਰਾਣੇ ਸਿਆਸੀ ਗੱਠਜੋੜ ’ਤੇ ਸਪੱਸ਼ਟ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਜਪਾ ਹਲਕਿਆਂ ਦਾ ਦੱਸਣਾ ਹੈ ਕਿ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਪੁਰਾਣੇ ਮਿੱਤਰ ਚੌਟਾਲਾ ਪਰਿਵਾਰ ਦੀ ਅਗਵਾਈ ਵਾਲੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਕੀਤੇ ਸਮਝੌਤੇ ਤੋਂ ਬਾਅਦ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਅਕਾਲੀਆਂ ਦੀਆਂ ਗਤੀਵਿਧੀਆਂ ਨੂੰ ਨੇੜਿਓਂ ਘੋਖਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਭਾਵੇਂ ਗੱਲੀਂ ਬਾਤੀਂ ਸਭ ਅੱਛਾ ਹੋਣ ਦੇ ਸੰਕੇਤ ਦਿੱਤੇ ਜਾਂਦੇ ਹਨ ਪਰ ਦੋਵਾਂ ਪਾਰਟੀਆਂ ਦੇ ਆਗੂ ਦੱਬਵੀਂ ਜ਼ੁਬਾਨ ਨਾਲ ਮੰਨਦੇ ਹਨ ਕਿ ਗੱਠਜੋੜ ਪਾਰਟੀਆਂ ਦਰਮਿਆਨ ਸਭ ਤੋਂ ਜ਼ਿਆਦਾ ਕੁੜੱਤਣ ਭਰਿਆ ਦੌਰ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਭਾਜਪਾ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਤੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਵੀ ਕੁਝ ਇਸੇ ਤਰ੍ਹਾਂ ਦੀ ਭਾਸ਼ਾ ਵਿੱਚ ਜਵਾਬ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਆਗੂ ਮੰਨਦੇ ਹਨ ਕਿ ਹਰਿਆਣਾ ਵਿੱਚ ਭਾਵੇਂ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਪਰ ਸਥਿਤੀ ਕੋਈ ਜ਼ਿਆਦਾ ਸੁਖਾਵੀਂ ਨਹੀਂ ਹੈ। ਪਾਰਟੀ ਨੇ ਆਪਣੇ ਹਿੱਸੇ ਆਈਆਂ 5 ਵਿੱਚੋਂ 3 ਸੀਟਾਂ ’ਤੇ ਹੀ ਉਮੀਦਵਾਰ ਖੜ੍ਹੇ ਕੀਤੇ ਹਨ ਜਦੋਂਕਿ ਦੋ ਸੀਟਾਂ ’ਤੇ ਤਾਂ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਕਰ ਕੇ ਹੀ ਗੁਜ਼ਾਰਾ ਕੀਤਾ ਹੈ।
ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੀ ਕਮਾਨ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਰਹੀ ਓਨਾ ਚਿਰ ਭਾਈਵਾਲ ਪਾਰਟੀਆਂ ਦਰਮਿਆਨ ਕੁੜੱਤਣ ਵਾਲਾ ਮਾਹੌਲ ਨਹੀਂ ਸੀ ਬਣਿਆ ਪਰ ਪਿਛਲੇ ਕੁੱਝ ਸਾਲਾਂ ਤੋਂ ਪੈਦਾ ਹੋਇਆ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੀ ਸਿਆਸਤ ਵਿੱਚ ਪ੍ਰਕਾਸ਼ ਪੁਰਬ ਲੰਘਣ ਤੋਂ ਬਾਅਦ ਵੱਡੀ ਉਥਲ-ਪੁਥਲ ਦੀਆਂ ਸੰਭਾਵਨਾਵਾਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਵਿੱਚ ਹੋਈ ਵੱਡੀ ਹਾਰ ਤੋਂ ਬਾਅਦ ਪਾਰਟੀ ਦੀ ਪੰਜਾਬ ਵਿੱਚ ਹਾਲ ਦੀ ਘੜੀ ਪਹਿਲਾਂ ਵਾਲੀ ਸਥਿਤੀ ਬਹਾਲ ਨਹੀਂ ਹੋਈ ਹਾਲਾਂਕਿ ਕਾਂਗਰਸ ਸਰਕਾਰ ਦੀ ਲੋਕਾਂ ਦੇ ਦਿਲ ਜਿੱਤਣ ’ਚ ਕਾਮਯਾਬ ਨਹੀਂ ਹੋ ਸਕੀ। ਭਗਵਾਂ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਸੂਬੇ ਦੀ ਮੌਜੂਦਾ ਲੀਡਰਸ਼ਿਪ ਭਾਜਪਾ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਸਿਆਸੀ ਤੌਰ ’ਤੇ ਪੱਕੇ ਪੈਰੀਂ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਕੋਈ ਸਿੱਖ ਚਿਹਰਾ ਅੱਗੇ ਲਿਆਉਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਪਾਰਟੀ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅਕਾਲੀ ਦਲ ਨੇ ਵੀ ਭਾਜਪਾ ਦੇ ਆਧਾਰ ਵਾਲੇ 23 ਵਿਧਾਨ ਸਭਾ ਹਲਕਿਆਂ ਅੰਦਰ ਮੈਂਬਰ ਭਰਤੀ ਕਰਨ ਲਈ ਸੀਨੀਅਰ ਅਕਾਲੀ ਆਗੂਆਂ ਨੂੰ ਮੋਰਚਾ ਸੰਭਾਲਣ ਲਈ ਕਿਹਾ ਹੈ। ਸਿਆਸੀ ਗੱਠਜੋੜ ਦੇ ਚਲਦਿਆਂ ਭਾਜਪਾ ਪੰਜਾਬ ਦੀਆਂ 117 ਵਿੱਚੋਂ 23 ਸੀਟਾਂ ’ਤੇ ਚੋਣਾਂ ਲੜਦੀ ਹੈ।
ਪਾਰਟੀ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਨਤਕ ਤੌਰ ’ਤੇ ਇਹ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਅਕਾਲੀ ਦਲ ਤੋਂ ਗੱਠਜੋੜ ਤਹਿਤ 23 ਤੋਂ ਵੱਧ ਸੀਟਾਂ ਦੀ ਮੰਗ ਕਰੇਗੀ। ਇਸ ਸਬੰਧੀ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਜਿਸ ਤਰ੍ਹਾਂ ਕੌਮੀ ਪੱਧਰ ’ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਮੁਹਿੰਮ ਵਿੱਢ ਕੇ ਸਿਆਸੀ ਲਾਹਾ ਲਿਆ ਹੋਇਆ ਹੈ, ਉਸ ਨੂੰ ਦੇਖਦਿਆਂ ਅਕਾਲੀ ਦਲ ਦਾ ਬਦਲ ਲੱਭੇ ਬਿਨਾਂ ਤੋੜ ਵਿਛੋੜਾ ਸੰਭਵ ਨਹੀਂ ਹੈ। ਇਸ ਦਾ ਇੱਕੋ ਕਾਰਨ ਹੈ ਕਿ ਅਕਾਲੀ ਦਲ ਸਿੱਖ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦਾ ਹੈ। ਭਾਜਪਾ ਜੇ ਅਕਾਲੀ ਦਲ ਨਾਲ ਸਾਂਝ ਤੋੜ ਕੇ ਪੁਰਾਣੇ ਭਾਈਵਾਲ ਖ਼ਿਲਾਫ਼ ਮੋਰਚਾ ਖੋਲ੍ਹਦੀ ਹੈ ਤਾਂ ਪਾਰਟੀ ’ਤੇ ਘੱਟਗਿਣਤੀ ਹੋਣ ਦਾ ਪੱਕਾ ਠੱਪਾ ਲੱਗ ਜਾਵੇਗਾ।


Comments Off on ਪੰਜਾਬ ’ਚ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਤਿੜਕਣ ਦੇ ਆਸਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.