ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਪੰਜਾਬੀ ਲੋਕਧਾਰਾ ਵਿਚ ਰਵਾਇਤੀ ਸਵਾਰੀ

Posted On October - 5 - 2019

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੀ ਜ਼ਿੰਦਗੀ ਦੇ ਸਫ਼ਰ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਮੰਜੇ ’ਤੇ ਪਿਆ ਬੱਚਾ ਉੱਪਰ-ਥੱਲੇ, ਅੱਗੇ-ਪਿੱਛੇ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਬੈਠਦਾ ਹੈ, ਖੜ੍ਹਾ ਹੁੰਦਾ ਹੈ, ਕਦਮ ਪੁੱਟਦਾ ਹੈ ਤੇ ਹੌਲੀ ਹੌਲੀ ਉਸ ਦਾ ਤੁਰਨ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਪੰਜਾਬੀ ਲੋਕ ਗੀਤਾਂ ਵਿਚ ਜੀਵਨ ਦੇ ਸਫ਼ਰ, ਚਾਲ, ਹਰੇਕ ਮੋੜ, ਰੰਗ-ਢੰਗ, ਹਰੇਕ ਦੌਰ ਦੇ ਪੜਾਵਾਂ, ਸਫ਼ਰ ਸਾਧਨਾਂ ਅਤੇ ਸਫ਼ਰ ਦੇ ਅਨੁਭਵ ਦਾ ਕਿਸੇ ਨਾ ਕਿਸੇ ਰੂਪ ਵਿਚ ਜ਼ਿਕਰ ਹੁੰਦਾ ਆਇਆ ਹੈ। ਪੈਦਲ ਤੁਰਦਿਆਂ ਸੈਂਕੜੇ ਕੋਹਾਂ ਦਾ ਪੈਂਡਾ ਕਰਦੇ ਰਹਿਣ ਤੋਂ ਲੈ ਕੇ ਲੋਕ ਊਠਾਂ-ਬੋਤਿਆਂ, ਘੋੜੇ-ਘੋੜੀਆਂ, ਗੱਡੇ, ਟਾਂਗਿਆਂ, ਯੱਕਿਆਂ, ਬੱਘੀਆਂ, ਪਾਲਕੀਆਂ, ਰੱਥਾਂ ਆਦਿ ਦੀ ਸਵਾਰੀ ਕਰਦੇ ਆਏ ਹਨ। ਮਨੁੱਖ ਨੇ ਪੈਦਲ ਚੱਲਦਿਆਂ ਸਦੀਆਂ ਲੰਮਾ ਪੰਧ ਤੈਅ ਕੀਤਾ ਹੈ। ਪੰਜਾਬੀ ਲੋਕ ਗੀਤਾਂ ਵਿਚ ਲੰਮੇ ਪੈਂਡਿਆਂ ’ਤੇ ਪੈਦਲ ਤੁਰਨ ਦੀ ਗੱਲ ਹੁੰਦੀ ਆਈ ਹੈ:
ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ ਹਾਏ ਪੁਆੜਾ ਪੈ ਗਿਆ
ਯੱਕਾ ਤਾਂ ਭਾੜੇ ਕੋਈ ਨਾ ਕੀਤਾ, ਮਾਹੀਆ ਪੈਦਲ ਲੈ ਗਿਆ
ਫਿਰ ਬੋਤੇ ਦੀ ਸਵਾਰੀ ਕਰ ਕੇ ਦੂਰ-ਨੇੜੇ ਆਉਣ ਜਾਣ ਦੀ ਸਹੂਲਤ ਮਿਲ ਜਾਣ ’ਤੇ ਪੈਦਲ ਚੱਲਣ ਵਾਲਾ ਮਨੁੱਖ ਕੁਝ ਹੱਦ ਤਕ ਸੁੱਖ ਦਾ ਸਾਹ ਲੈਂਦਾ ਹੈ। ਬੋਤੇ ਦੀ ਸਵਾਰੀ ਨੂੰ ਮਾਣ, ਟੌਹਰ ਤੇ ਸ਼ਾਨ ਵਾਲੀ ਗੱਲ ਸਮਝਿਆ ਜਾਂਦਾ ਸੀ।
* ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
ਸੋਨੇ ਦੇ ਤਵੀਤਾਂ ਵਾਲਿਆਂ
* ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ
ਬੋਤਾ ਜੀਵੇ ਚੀਨੇ ਰੰਗ ਦਾ।
* ਤੇਰਾ ਦਿਓਰ, ਜੇਠ, ਘਰ ਵਾਲਾ
ਬੋਤੇ ਉੱਤੇ ਤਿੰਨ ਗੱਭਰੂ।
* ਬੋਤਾ ਹੌਲੀ ਤੋਰ ਮਿੱਤਰਾ
ਮੇਰਾ ਨਰਮ ਕਾਲਜਾ ਧੜਕੇ
ਪੁਰਾਣੇ ਸਮਿਆਂ ਵਿਚ ਊਠ ਮਨੁੱਖ ਦਾ ਨੇੜਲਾ ਸਾਥੀ ਸਮਝਿਆ ਜਾਂਦਾ ਸੀ। ਪੰਜਾਬ ਦੇ ਮਾਲਵਾ ਖਿੱਤੇ ਵਿਚ ਬੋਤਾ ਸਰਦੇ-ਪੁੱਜਦੇ ਘਰਾਂ ਦੀ ਸ਼ਾਨ ਹੁੰਦਾ ਸੀ। ਮਾਲਵੇ ਵਿਚ ਊਠ ਨੂੰ ਵਧੇਰੇ ਕਰਕੇ ਬੋਤਾ ਕਿਹਾ ਜਾਂਦਾ ਹੈ। ਪੰਜਾਬੀ ਲੋਕ ਜੀਵਨ ਵਿਚ ਊਠ ਦਾ ਆਰਥਿਕ ਤੇ ਸਮਾਜਿਕ ਮਹੱਤਵ ਬਣਿਆ ਰਿਹਾ ਹੈ। ਮਾਲਵੇ ਵਿਚ ਹੀ ਨਹੀਂ ਪੰਜਾਬੀਆਂ ਵਿਚ ਊਠ ਨੂੰ ਬੋਤਾ ਕਹਿ ਕੇ ਵਡਿਆਉਣਾ ਵਧੇਰੇ ਪ੍ਰਚੱਲਿਤ ਰਿਹਾ ਹੈ। ਆਵਾਜਾਈ, ਢੋਆ-ਢੁਆਈ ਤੇ ਸਫ਼ਰ ਵਾਸਤੇ ਊਠ ਮਨੁੱਖ ਵਾਸਤੇ ਬੇਹੱਦ ਉਪਯੋਗੀ ਜਾਨਵਰ ਹੈ। ਦੂਰ-ਨੇੜੇ ਸਾਕਾਦਾਰੀ ਵਿਚ ਆਉਣ-ਜਾਣ, ਕੰਮਕਾਰ ਜਾਣ ਆਉਣ, ਮੌਜ-ਮਸਤੀ ਕਰਨ ਲਈ ਜਾਂ ਮੇਲੇ ਜਾਣ ਲਈ ਊਠਾਂ ਤੇ ਘੋੜਿਆਂ ਨੂੰ ਸ਼ਿੰਗਾਰਿਆ ਜਾਂਦਾ ਸੀ ਤੇ ਉਨ੍ਹਾਂ ’ਤੇ ਸਵਾਰੀ ਕੀਤੀ ਜਾਂਦੀ ਸੀ:
* ਸੋਹਣੀ ਰੰਨ ਦੇ ਮੁਕੱਦਮੇ ਜਾਣਾ,
ਊਠਣੀ ਸ਼ਿੰਗਾਰ ਮੁੰਡਿਆ।
* ਊਠਾਂ ਵਾਲਿਓਂ ਵੇ ਊਠ ਲੱਦੇ ਗੰਗਾ ਨੂੰ
ਚੰਦਰੀ ਦਾ ਪੁੱਤ ਪੈਸੇ ਦੇਂਦਾ ਨਹੀਂਂ ਵੰਗਾਂ ਨੂੰ
* ਊਠਾਂ ਵਾਲਿਆਂ ਨੂੰ ਨਾ ਦੇਈਂ ਮੇਰੀ ਮਾਏ
ਤੜਕੇ ਉੱਠ ਕੇ ਲੱਦ ਜਾਣਗੇ।
ਸਾਡੇ ਧਰੇ ਮੁਕਲਾਵੇ ਛੱਡ ਜਾਣਗੇ।

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਘੋੜਾ ਮਨੁੱਖ ਦੇ ਮਿੱਤਰ ਤੇ ਵਫ਼ਾਦਾਰ ਜਾਨਵਰਾਂ ਵਿਚੋਂ ਬੜੇ ਸੁੰਦਰ ਤੇ ਚੁਸਤ ਜਾਨਵਰ ਵਜੋਂ ਜਾਣਿਆ ਜਾਂਦਾ ਹੈ। ਘੋੜੇ ਦੇ ਦੌੜਨ ਦੀ ਸਮਰੱਥਾ/ਸ਼ਕਤੀ ਉਸ ਦੇ ਦੌੜਨ ਦੀ ਗਤੀ ਤੇ ਉਸ ਦੇ ਫੁਰਤੀਲੇਪਣ ਤੋਂ ਕੁਲ ਦੁਨੀਆਂ ਵਾਕਿਫ਼ ਹੈ। ਘੋੜੇ ਨੂੰ ਲੰਮੀ ਦੌੜ ਦੌੜਨ ਵਾਲੇ ਬੇਹੱਦ ਤਾਕਤਵਰ ਜਾਨਵਰ ਵਜੋਂ ਜਾਣਿਆ ਜਾਂਦਾ ਹੈ। ਘੋੜੇ ਦੀ ਸਵਾਰੀ ਕਰਨ ਵਿਚ ਮਨੁੱਖ ਹਮੇਸ਼ਾਂ ਮਾਣ ਮਹਿਸੂਸ ਕਰਦਾ ਆਇਆ ਹੈ।
* ਤੂੰ ਘੋੜੇ ਮੈਂ ਪਾਲਕੀ
ਚੱਲਾਂਗੇ ਹੰਸਾਂ ਦੀ ਚਾਲ, ਮੈਂ ਵਾਰੀ…
* ਵਿਹੜੇ ਤਾਂ ਸਾਡੀ ਹਰੀ ਫੁਲਾਹੀ
ਮੋੜ ਘੋੜਾ ਬਹਿ ਜਾਈਂ
ਛਾਵੇਂ ਵੀ ਬਹਿ ਗਿਆ, ਗੱਲਾਂ ਵੀ ਕਰ ਗਿਆ
ਉਹੋ ਮਾਹੀ ਸਾਨੂੰ ਛਲ ਗਿਆ
* ਘੋੜਾ ਪੀੜ ਕੇ ਮੋੜਨ ਭੱਜਾ ਮਗਰੇ ਵਾਹੋ ਦਾਹ, ਸ਼ਾਵਾ!
ਆਖੇ, ਆਹ ਲੈ ਪੰਜ ਰੁਪਈਏ, ਵੰਗਾਂ ਹੋਰ ਚੜ੍ਹਾ ਜਾਵਾਂ।
* ਦਿਓਰਾ ਖਿੱਦੋ ਖੇਡਦਿਆਂ ਵੇ,
ਅੱਜ ਘਰ ਆਇਆ ਵੀਰ
ਹੱਥ ਤਲਵਾਰ, ਘੋੜੇ ਅਸਵਾਰ, ਅਸਾਂ ਪੇਕੇ ਜਾਣਾ ਹੋ…
ਊਠ ਤੇ ਘੋੜੇ ਦੀ ਸਵਾਰੀ ਦੇ ਨਾਲ ਹਾਥੀ ਦੀ ਸਵਾਰੀ ਵੀ ਸ਼ਾਹੀ ਸਵਾਰੀ ਸਮਝੀ ਜਾਂਦੀ ਸੀ। ਰਾਜੇ-ਮਹਾਰਾਜੇ ਹਾਥੀ ਦੀ ਸਵਾਰੀ ਕਰਦੇ ਸਨ। ਕਾਫਲਿਆਂ ਵਿਚ ਸ਼ਾਹੀ ਠਾਠ ਨਾਲ ਨਿਕਲਦੇ ਸਨ। ਪੰਜਾਬੀ ਲੋਕ ਜੀਵਨ ਵਿਚ ਗੱਡੇ ਦੀ ਸਵਾਰੀ ਦਾ ਆਪਣਾ ਇਕ ਦੌਰ ਵੀ ਰਿਹਾ ਹੈ ਤੇ ਮਹੱਤਵ ਵੀ। ਗੱਡਾ ਅਸਲ ਵਿਚ ਭਾਰ ਢੋਣ ਵਾਲੀ ਅਤੇ ਆਵਾਜਾਈ ਵਾਸਤੇ ਵਰਤੋਂ ਵਿਚ ਲਿਆਉਣ ਵਾਲੀ ਬੈਲਗੱਡੀ ਹੁੰਦੀ ਸੀ। ਇਸ ’ਤੇ ਘਰ ਦਾ ਸਾਜ਼ੋ ਸਾਮਾਨ, ਖੇਡਾਂ ਵਿਚ ਵਰਤਣ ਵਾਲੀਆਂ ਚੀਜ਼ਾਂ ਤੇ ਫ਼ਸਲ ਦੀਆਂ ਜਿਣਸਾਂ ਨੂੰ ਢੋਇਆ ਜਾਂਦਾ ਸੀ। ਸਮਾਜਿਕ ਇਕੱਠਾਂ ਤੇ ਵਿਆਹਾਂ ’ਤੇ ਜਾਣ ਲਈ ਵੀ ਬੈਲਗੱਡੀ ਬੜੀ ਉਪਯੋਗੀ ਸਵਾਰੀ ਹੁੰਦੀ ਸੀ। ਲੰਮੇ ਸਫ਼ਰ ’ਤੇ ਨਿਕਲਣ ਲਈ ਬੈਲਗੱਡੀ ਦੇ ਪਿੱਛੇ ਇਕ ਵਾਧੂ ਬਲਦ ਬੰਨ੍ਹ ਲਿਆ ਜਾਂਦਾ ਸੀ। ਖਾਣ-ਪੀਣ ਦੇ ਪਦਾਰਥ ਵੀ ਨਾਲ ਲੈ ਲਏ ਜਾਂਦੇ ਸਨ। ਪਸ਼ੂਆਂ ਲਈ ਪੱਠਾ-ਦੱਥਾ ਵੀ ਗੱਡੇ ’ਤੇ ਰੱਖ ਲਿਆ ਜਾਂਦਾ ਸੀ। ਗੱਡੇ ਥੱਲੇ ਇਕ ਲਾਲਟੈਣ ਵੀ ਬੰਨ੍ਹ ਲਈ ਜਾਂਦੀ ਸੀ, ਜਿਸ ਨੂੰ ਹਨੇਰਾ ਹੋਣ ’ਤੇ ਜਗਾ ਲਿਆ ਜਾਂਦਾ ਸੀ। ਜਿਨ੍ਹਾਂ ਲੋਕਾਂ ਕੋਲ ਗੱਡੇ ਹੁੰਦੇ ਸਨ, ਉਹ ਸਰਦੇ-ਪੁੱਜਦੇ ਹੁੰਦੇ ਸਨ ਤੇ ਪਿੰਡਾਂ ਵਿਚ ਉਨ੍ਹਾਂ ਦਾ ਚੰਗਾ ਮਾਣ ਸਤਿਕਾਰ ਹੁੰਦਾ ਸੀ। ਇਸ ਦੋਪਹੀਆ ਵਾਹਨ ਨੂੰ ਠੇਲ੍ਹਾ ਵੀ ਕਹਿ ਲਿਆ ਜਾਂਦਾ ਹੈ। ਪੰਜਾਬੀ ਲੋਕ ਗੀਤਾਂ ਵਿਚ ਗੱਡੇ ਦਾ ਜ਼ਿਕਰ ਕਈ ਕੋਣਾਂ ਤੋਂ ਕੀਤਾ ਗਿਆ ਮਿਲਦਾ ਹੈ:
* ਗੱਡ ਗਡੀਰੇ ਵਾਲਿਆ ਗੱਡ ਹੌਲੀ ਹੌਲੀ ਤੋਰ
ਮੇਰੇ ਦੁਖਣ ਕੰਨਾਂ ਦੀਆਂ ਵਾਲੀਆਂ ਤੇ
ਦਿਲ ਨੂੰ ਪੈਂਦੇ ਹੌਲ
* ਸਣੇ ਬਲਦ ਗੱਡਾ ਪੁੰਨ ਕੀਤਾ
ਵੀਰ ਮੇਰੇ ਧਰਮੀ ਨੇ।
* ਗੱਡਾ ਆ ਗਿਆ ਸੰਦੂਕੋਂ ਖਾਲੀ
ਬਹੁਤਿਆਂ ਭਰਾਵਾਂ ਵਾਲੀਏ।
ਗੱਡੇ ਨੂੰ ਘੋੜੇ, ਖੱਚਰ, ਬਲਦ ਆਦਿ ਜਾਨਵਰਾਂ ਨਾਲ ਖਿੱਚਿਆ ਜਾ ਸਕਦਾ ਹੈ। ਗੱਡੇ ਨੂੰ ਖਿੱਚਣ ਵਾਲੇ ਜਾਨਵਰ ਅਨੁਸਾਰ ਉਸ ਨੂੰ ਬੈਲਗੱਡੀ, ਘੋੜਾ ਗੱਡੀ ਜਾਂ ਖੱਚਰ ਗੱਡੀ ਜਾਂ ਖੱਚਰ ਰੇਹੜਾ ਕਹਿ ਲਿਆ ਜਾਂਦਾ ਹੈ। ਪਹਿਲਾਂ ਗੱਡੇ ਦੇ ਪਹੀਏ ਲੱਕੜ ਦੇ ਬਣੇ ਹੁੰਦੇ ਸਨ। ਫਿਰ ਹੌਲੀ-ਹੌਲੀ ਟਾਇਰ-ਟਿਊਬ ਵਾਲੇ ਪਹੀਆਂ ਵਾਲੇ ਗੱਡਿਆਂ ਦਾ ਪ੍ਰਚਲਨ ਹੁੰਦਾ ਗਿਆ।
ਰੱਥ ’ਤੇ ਸਵਾਰੀ ਕਰਨ ਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ। ਦੋ ਗੁੰਬਦਾਂ ਦੀ ਸ਼ਕਲ ਵਾਲੇ ਰੱਥ ਨੂੰ ਬਲਦਾਂ ਦੀ ਜੋੜੀ ਖਿੱਚਦੀ ਸੀ। ਰੱਥ ’ਤੇ ਬਹੁਤ ਜਚਦੇ-ਫੱਬਦੇ ਤੇ ਸੋਹਣੇ ਲੱਗਣ ਵਾਲੇ ਝੁੰਮਣ ਪਾਏ ਹੁੰਦੇ ਸਨ ਤੇ ਬਲਦਾਂ ਦੇ ਗਲਾਂ ਵਿਚ ਰੰਗਦਾਰ ਰੱਸੀਆਂ ਵਿਚ ਘੁੰਗਰੂ, ਮਣਕੇ, ਟੱਲੀਆਂ ਤੇ ਫੁੰਮਣੀਆਂ ਪਰੋ ਕੇ ਪਾਈਆਂ ਹੁੰਦੀਆਂ ਸਨ। ਬਲਦਾਂ ਨੂੰ ਬਹੁਰੰਗੀਆਂ ਰੱਸੀਆਂ ਨਾਲ ਸ਼ਿੰਗਾਰਿਆ ਜਾਂਦਾ ਸੀ। ਉਨ੍ਹਾਂ ਦੇ ਸਿੰਗਾਂ ’ਤੇ ਰੰਗ-ਬਿਰੰਗੀਆਂ ਚੁੰਨੀਆਂ ਬੰਨ੍ਹੀਆਂ ਜਾਂਦੀਆਂ ਸਨ। ਇੰਜ ਉਹ ਰੱਥ ਬੜੇ ਸੋਹਣੇ ਲੱਗਦੇ ਸਨ। ਬਰਾਤਾਂ ਰੱਥਾਂ, ਬਲਦਾਂ ਵਾਲੇ ਗੱਡੇ-ਗੱਡੀਆਂ, ਟਾਂਗਿਆਂ ਆਦਿ ’ਤੇ ਜਾਂਦੀਆਂ ਸਨ। ਵਿਆਹੁਲੀ ਲੜਕੀ ਨੂੰ ਡੋਲੀ ਵਿਚ ਬਿਠਾ ਕੇ ਲਿਜਾਇਆ ਜਾਂਦਾ ਸੀ। ਡੋਲੀ ਨੂੰ ਕੁਹਾਰ ਚੁੱਕਦੇ ਸਨ। ਉਸ ਸਮੇਂ ਨਾਲ ਸਬੰਧਿਤ ਪੰਜਾਬੀ ਦੇ ਕੁਝ ਲੋਕ ਗੀਤਾਂ ਦੀਆਂ ਤੁਕਾਂ ਲੋਕ ਮਨਾਂ ਨੂੰ ਟੁੰਬਦੀਆਂ ਆਈਆਂ ਹਨ:
* ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਣਾ
ਇਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ
* ਮੇਰੀ ਡੋਲੀ ’ਤੇ ਲੱਗੇ ਹੀਰ ਨੀਂ ਮਾਂ
ਮੈਨੂੰ ਵਿਦਾ ਕਰਨ ਮੇਰੇ ਵੀਰ ਨੀਂ ਮਾਂ
ਸ਼ਾਹੀ ਘਰਾਣਿਆਂ, ਪੈਸੇ ਵਾਲੇ ਲੋਕਾਂ ਤੇ ਸਾਧਨ ਸੰਪੰਨ ਲੋਕਾਂ ਵੱਲੋਂ ਆਪਣੇ ਘਰਾਂ ਦੀਆਂ ਠਾਠ-ਬਾਠ ਵਾਲੀਆਂ ਔਰਤਾਂ ਦੇ ਆਉਣ-ਜਾਣ ਲਈ ਪਾਲਕੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਰਾਜੇ-ਮਹਾਰਾਜੇ ਹਾਥੀ-ਘੋੜਿਆਂ ਦੀ ਸਵਾਰੀ ਤਾਂ ਕਰਦੇ ਹੀ ਸਨ, ਉਹ ਪਾਲਕੀ ਦੀ ਸਵਾਰੀ ਕਰਨ ਦਾ ਸ਼ੌਕ ਵੀ ਰੱਖਦੇ ਸਨ।
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ
ਵੇ ਨਿੱਕਿਆ, ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ
ਵੇ ਨਿੱਕਿਆ, ਘੋੜੀ ’ਤੇ ਮੇਰਾ ਸੋਹਣਾ ਵੀਰ ਚੜ੍ਹੇ…
ਹਾਥੀਆਂ-ਘੋੜਿਆਂ ’ਤੇ ਆਉਂਦੀਆਂ ਬਰਾਤਾਂ ਨੂੰ ਠਹਿਰਾਉਣ ਤੇ ਹਾਥੀ -ਘੋੜਿਆਂ ਨੂੰ ਬੰਨ੍ਹਣ ਦਾ ਯਥਾਯੋਗ ਪ੍ਰਬੰਧ ਕੀਤਾ ਜਾਂਦਾ ਸੀ। ਗੱਡੇ ਤੋਂ ਪਿੱਛੋਂ ਟਾਂਗੇ ਜਾਂ ਯੱਕੇ ਦੀ ਸਵਾਰੀ ਤਾਂ ਮਨੁੱਖ ਦੀ ਵੱਡੀ ਰੀਝ ਪੂਰੀ ਕਰ ਦਿੰਦੀ ਹੈ। ਟਾਂਗਾ ਮਨੁੱਖ ਵਾਸਤੇ ਸ਼ਾਹੀ ਸਵਾਰੀ ਬਣ ਕੇ ਪ੍ਰਗਟ ਹੁੰਦਾ ਹੈ। ਟਾਂਗੇ ਤੇ ਯੱਕੇ ਦੀ ਸਵਾਰੀ ਦੀ ਸਹੂਲਤ ਮਨੁੱਖ ਨੂੰ ਨਵਾਂ ਹੁਲਾਰਾ ਪ੍ਰਦਾਨ ਕਰਦੀ ਹੈ। ਸਮੇਂ ਦੀ ਤੋਰ ਦੇ ਨਾਲ ਪੰਜਾਬੀ ਲੋਕ ਗੀਤ ਵੀ ਟਾਂਗਿਆਂ-ਯੱਕਿਆਂ ਦੀ ਸਵਾਰੀ ਕਰਦੇ ਪ੍ਰਤੀਤ ਹੁੰਦੇ ਹਨ:
* ਵੱਟਾ ਮਾਰਿਆ ਟਾਂਗੇ ਨੂੰ
ਹੀਰ ਜੇ ਨਾ ਜੰਮਦੀ, ਦੁੱਖ ਲੱਗਦੇ ਨਾ ਰਾਂਝੇ ਨੂੰ।
* ਚੜ੍ਹ ਗਿਆ ਡਾਕ ਗੱਡੀ
ਮੈਨੂੰ ਦੇ ਗਿਆ ਯੱਕੇ ਦਾ ਭਾੜਾ।
ਸਮਾਂ ਬੀਤਦਾ ਜਾਂਦਾ ਹੈ। ਜਿਨ੍ਹਾਂ ਰਾਹਾਂ ’ਤੇ ਊਠਾਂ, ਘੋੜਿਆਂ, ਹਾਥੀਆਂ, ਟਾਂਗਿਆਂ ਆਦਿ ਦੀਆਂ ਸਵਾਰੀਆਂ ਦਾ ਡੰਕਾ ਵੱਜਦਾ ਸੀ, ਉਨ੍ਹਾਂ ਰਾਹਾਂ ’ਤੇ ਸਾਈਕਲ ਆ ਚੜ੍ਹਦਾ ਹੈ। ਸਾਈਕਲ ਦੀ ਟੌਹਰ ਉਦੋਂ ਤਕ ਦੀਆਂ ਬਾਕੀ ਸਵਾਰੀਆਂ ਦੇ ਰੰਗ ਨੂੰ ਫਿੱਕਾ ਪਾ ਦਿੰਦੀ ਹੈ। ਮਨੁੱਖ ਦੇ ਪੈਂਡੇ ਲੰਮੇਰੇ ਹਨ। ਪੰਜਾਬੀ ਲੋਕਧਾਰਾ ਦੇ ਪੈਰਾਂ ਤੇ ਪਹੀਆਂ ’ਤੇ ਸਵਾਰੀ ਕਰਦਾ ਆਉਂਦਾ ਮਨੁੱਖ ਬਹੁਤ ਦੂਰ ਤਕ ਨਿਕਲ ਆਇਆ ਹੈ। ਉਸ ਨੇ ਬੱਸਾਂ, ਲਾਰੀਆਂ, ਟਰੱਕਾਂ, ਕਾਰਾਂ, ਰੇਲ ਗੱਡੀ ਆਦਿ ’ਤੇ ਸਵਾਰੀ ਕਰਦਿਆਂ ਲੱਖਾਂ-ਕਰੋੜਾਂ ਕੋਹਾਂ ਦਾ ਪੰਧ ਤੈਅ ਕਰ ਲਿਆ ਹੈ। ਹੋਰ ਲੰਮੀਆਂ ਵਾਟਾਂ ਅਜੇ ਬਾਕੀ ਹਨ।

ਸੰਪਰਕ: 98885-10185


Comments Off on ਪੰਜਾਬੀ ਲੋਕਧਾਰਾ ਵਿਚ ਰਵਾਇਤੀ ਸਵਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.