ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਪਰਾਸ਼ਰ ਝੀਲ ਦੀ ਯਾਤਰਾ

Posted On October - 13 - 2019

ਰੁਪਿੰਦਰ ਸਿੰਘ ਚਾਹਲ
ਸੈਰ ਸਫ਼ਰ

ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਹਿਮਾਲਿਆ ਦੀ ਪਰਾਸ਼ਰ ਝੀਲ ਦੀ ਟਰੈਕਿੰਗ ਕਰਨ ਦਾ ਵਿਚਾਰ ਬਣਿਆ। ਪਰਾਸ਼ਰ ਝੀਲ ਸਮੁੰਦਰ ਤਲ ਤੋਂ 2,730 ਮੀਟਰ ਉਚਾਈ ’ਤੇ ਹੈ। ਇਹ ਮੰਡੀ ਤੋਂ ਕੁੱਲੂ ਵਾਇਆ ਕਤੌਲਾ ਮਾਰਗ ਦੇ ਨਜ਼ਦੀਕ ਸਥਿਤ ਹੈ। ਅਸੀਂ ਸਵੇਰੇ ਸਾਝਰੇ ਚੱਲ ਕੇ ਜਗਰਾਉਂ ਤੋਂ ਕੀਰਤਪੁਰ ਸਾਹਿਬ ਨੌਂ ਕੁ ਵਜੇ ਜਾ ਪਹੁੰਚੇ। ਫਿਰ ਦੁਪਹਿਰ ਦੇ ਬਾਰਾਂ ਕੁ ਵਜੇ ਬਿਲਾਸਪੁਰ ਜਾ ਪੁਹੰਚੇ। ਬਿਲਾਸਪੁਰ ਦੁਪਹਿਰ ਵੇਲੇ ਅਤਿ ਦੀ ਗਰਮੀ ਸੀ, ਪਰ ਅਸੀਂ ਗੋਬਿੰਦ ਸਾਗਰ ਝੀਲ ਵਿਚ ਪ੍ਰਾਚੀਨ ਮੰਦਰ (ਪੁਰਾਣੇ ਬਿਲਾਸਪੁਰ ਦੇ) ਵੇਖਣ ਉਤਰ ਗਏ ਜੋ ਉਸ ਵਕਤ ਪਾਣੀ ਦੀ ਕਮੀ ਕਾਰਨ ਝੀਲ ਤੋਂ ਬਾਹਰ ਘਾਹ ਦੇ ਮੈਦਾਨਾਂ ਵਿਚ ਦਿਸ ਰਹੇ ਸਨ। ਇਹ ਮੰਦਰ ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ਵਿਚ ਸਾਲ ਦੇ ਤਕਰੀਬਨ ਛੇ ਮਹੀਨੇ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਡੁੱਬੇ ਰਹਿੰਦੇ ਹਨ। ਦਰਅਸਲ, 1950 ਵਿਚ ਬਿਲਾਸਪੁਰ ਸ਼ਹਿਰ ਭਾਖੜਾ ਡੈਮ ਬਣਨ ਕਾਰਨ ਪਾਣੀ ਅੰਦਰ ਸਮਾ ਗਿਆ ਸੀ। ਝੀਲ ਵਿਚ ਸਥਾਨਕ ਲੋਕਾਂ ਦੇ ਇਕ ਤੋਂ ਦੂਜੇ ਪਾਸੇ ਜਾਣ ਲਈ ਕਿਸ਼ਤੀਆਂ ਚੱਲਦੀਆਂ ਹਨ। ਇਕ ਘੰਟਾ ਇੱਥੇ ਬਤੀਤ ਕਰਨ ਮਗਰੋਂ ਅਸੀਂ ਰਿਵਾਲਸਰ ਵੱਲ ਰੁਖ਼ ਕੀਤਾ। ਸਾਡੇ ਮਨ ਵਿਚ ਬਿਲਾਸਪੁਰ ਦੇ 38 ਡਿਗਰੀ ਤਾਪਮਾਨ ਦੇ ਮੁਕਾਬਲੇ 1,360 ਮੀਟਰ ਦੀ ਉਚਾਈ ’ਤੇ ਸਥਿਤ ਰਿਵਾਲਸਰ ਦੇ ਕੁਝ ਠੰਢੇ ਮੌਸਮ ਵਿਚ ਪਹੁੰਚਣ ਦੀ ਕਾਹਲ ਵੀ ਸੀ।
ਅਸੀਂ ਰਿਵਾਲਸਰ ਜਾ ਪਹੁੰਚੇ। ਇੱਥੇ ਦਾ ਸਰਕਾਰੀ ਹੋਟਲ ਬਹੁਤ ਵਧੀਆ ਜਗ੍ਹਾ ’ਤੇ ਬਣਿਆ ਹੋਇਆ ਹੈ ਤੇ ਇਸ ਦੀ ਖੁੱਲ੍ਹੀ-ਡੁੱਲ੍ਹੀ ਕਾਰ ਪਾਰਕਿੰਗ ਵੀ ਹੈ। ਦੁਪਹਿਰ ਵੇਲੇ ਅਚਾਨਕ ਮੀਂਹ ਪੈਣ ਲੱਗਿਆ।
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਚਲੇ ਗਏ। ਫਿਰ ਅਸੀਂ ਉੱਥੋਂ ਦਾ ਮਿੰਨੀ ਚਿੜੀਆ ਘਰ ਦੇਖਿਆ ਜਿਸ ਵਿਚ ਜਾਨਵਰਾਂ ਦੀ ਦਸ਼ਾ ਜ਼ਿਆਦਾ ਵਧੀਆ ਨਹੀਂ ਸੀ। ਬਾਂਦਰਾਂ ਦੇ ਹਮਲੇ ਤੋਂ ਬਚਦੇ ਹੋਏ ਬੋਧੀਆਂ ਦਾ ਅਤਿ ਸੁੰਦਰ ਮੱਠ ਵੇਖਣ ਲਈ ਕੁਝ ਚੜ੍ਹਾਈ ਚੜ੍ਹ ਗਏ। ਤਦ ਤੱਕ ਭਾਰੀ ਮੀਂਹ ਸ਼ੁਰੂ ਹੋ ਚੁੱਕਾ ਸੀ। ਤਕਰੀਬਨ ਅੱਧੇ-ਪੌਣੇ ਘੰਟੇ ਬਾਅਦ ਮੀਂਹ ਦੇ ਥੰਮਣ ’ਤੇ ਮੌਸਮ ਖੁਸ਼ਗਵਾਰ ਹੋ ਗਿਆ। ਫਿਰ ਝੀਲ ਅਤੇ ਹੋਰ ਮੱਠ ਦੇਖੇ।
ਅਗਲੀ ਸਵੇਰ ਪੰਜ ਕੁ ਵਜੇ ਅਸੀਂ ਮੰਡੀ ਰਸਤੇ ਬਾਗੀ ਪਿੰਡ ਨੂੰ ਪਰਾਸ਼ਰ ਝੀਲ ਦੀ ਟਰੈਕਿੰਗ ਲਈ ਚੱਲ ਪਏ। ਮੰਡੀ ਸ਼ਹਿਰ ਰਿਵਾਲਸਰ ਤੋਂ 25 ਕਿਲੋਮੀਟਰ ਦੂਰ ਹੈ। ਸਵੇਰ ਦਾ ਸਮਾਂ ਹੋਣ ਕਾਰਨ ਬਿਨਾਂ ਕਿਸੇ ਜਾਮ ’ਚ ਫਸੇ ਆਰਾਮ ਨਾਲ ਮੰਡੀ ਪੁੱਜ ਗਏ। ਮੰਡੀ ਤੋਂ ਬਾਗੀ ਪਿੰਡ ਤਕਰੀਬਨ 35 ਕਿਲੋਮੀਟਰ ਦੂਰ ਹੈ। ਇਸ ਦੇ ਰਸਤੇ ਵਿਚ ਉਹਲ ਦਰਿਆ ਦੇ ਕੰਢੇ ਮੰਡੀ ਦੀ ਆਈਆਈਟੀ ਦਾ ਖ਼ੂਬਸੂਰਤ ਕੈਂਪਸ ਹੈ। ਮੰਡੀ ਤੋਂ ਇਸ ਕੈਂਪਸ ਤੱਕ ਸੜਕ ਪੂਰੀ ਚੌੜੀ ਬਣੀ ਹੋਈ ਹੈ। ਕਾਂਤਲ ਤੋਂ ਥੋੜ੍ਹਾ ਅੱਗੇ ਮੁੱਖ ਸੜਕ ਤੋਂ ਸੱਜੇ ਪਾਸੇ ਰਸਤਾ ਬਾਗੀ ਪਿੰਡ ਨੂੰ ਮੁੜ ਜਾਂਦਾ ਹੈ।

ਰੁਪਿੰਦਰ ਸਿੰਘ ਚਾਹਲ

ਬਾਗੀ ਪਿੰਡ ਇਕ ਬਰਸਾਤੀ ਨਦੀ ਕਿਨਾਰੇ ਵਸਿਆ ਹੋਇਆ ਹੈ। ਇੱਥੋਂ ਪਰਾਸ਼ਰ ਝੀਲ ਦੀ ਟਰੈਕਿੰਗ ਸ਼ੁਰੂ ਹੁੰਦੀ ਹੈ। ਇਹ ਪਿੰਡ ਸਮੁੰਦਰ ਤਲ ਤੋਂ 1400 ਮੀਟਰ ਦੀ ਉਚਾਈ ’ਤੇ ਹੈ ਅਤੇ ਪਰਾਸ਼ਰ ਝੀਲ 2730 ਮੀਟਰ ਦੀ ਉਚਾਈ ’ਤੇ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਤਕਰੀਬਨ 5-6 ਕਿਲੋਮੀਟਰ ਵਿਚ 1300 ਮੀਟਰ ਦੀ ਉਚਾਈ ਤੱਕ ਜੰਗਲ ਵਿਚਦੀ ਚੜ੍ਹਨਾ ਪੈਂਦਾ ਹੈ। ਜੰਗਲ ਵਿਚਦੀ ਕਈ ਪਗਡੰਡੀਆਂ ਉੱਪਰ ਥੱਲੇ ਜਾਂਦੀਆਂ ਹਨ ਤੇ ਰਸਤਾ ਭਟਕਣ ਦੀ ਪੂਰੀ ਸੰਭਾਵਨਾ ਹੁੰਦੀ ਹੈ।
ਇਸ ਲਈ ਗਾਈਡ ਦੀ ਮਦਦ ਨਾਲ ਅਸੀਂ ਤਕਰੀਬਨ 9 ਵਜੇ ਟਰੈਕਿੰਗ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਗਾਈਡ ਨੇ 2013 ਦੇ ਹੜ੍ਹਾਂ ਨਾਲ ਹੋਇਆ ਨੁਕਸਾਨ ਦਿਖਾਇਆ ਜਿਨ੍ਹਾਂ ਵਿਚ ਬਰਸਾਤੀ ਨਦੀ ਦਾ ਰੁੜ੍ਹ ਚੁੱਕਾ ਪੁਲ ਵੀ ਸ਼ਾਮਿਲ ਸੀ। ਹੁਣ ਉਸ ਨਦੀ ’ਤੇ ਨਵਾਂ ਪੁਲ ਉਸਾਰਿਆ ਜਾ ਰਿਹਾ ਹੈ। ਫਿਰ ਟਰੈਕਿੰਗ ਸ਼ੁਰੂ ਹੋਈ ਨਦੀ ਦੇ ਪੱਥਰਾਂ ਅਤੇ ਉਸ ਵਿਚ ਵਗ ਰਹੇ ਪਾਣੀ ਦੀਆਂ ਧਾਰਾਵਾਂ ਦੇ ਸੱਜੇ-ਖੱਬੇ ਚੱਲਣ ਦੀ। ਤਕਰੀਬਨ ਅੱਧਾ ਘੰਟਾ ਚੱਲਣ ਬਾਅਦ ਗਈਡ ਸਾਨੂੰ ਨਦੀ ਤੋਂ ਬਾਹਰ ਪਹਾੜੀ ਵੱਲ ਪਗਡੰਡੀ ’ਤੇ ਲੈ ਗਿਆ। ਇਸ ਦੇ ਨਾਲ ਹੀ ਤਿੱਖੀ ਚੜ੍ਹਾਈ ਅਤੇ ਸੁੰਦਰ ਨਜ਼ਾਰੇ ਸ਼ੁਰੂ ਹੋ ਗਏ। ਨਦੀ ਦੇ ਨਾਲ ਬਣੇ ਖੇਤ, ਸੇਬਾਂ ਦੇ ਬਾਗ਼ ਅਤੇ ਉਨ੍ਹਾਂ ਵਿਚਕਾਰ ਬਣੇ ਛੋਟੇ ਘਰ ਖ਼ੂਬਸੂਰਤ ਨਜ਼ਾਰਾ ਪੇਸ਼ ਕਰ ਰਹੇ ਸਨ। ਇਕ ਪਾਸੇ ਇਕ ਛੋਟਾ ਝਰਨਾ ਵਗ ਰਿਹਾ ਸੀ। ਉਸ ਤੋਂ ਅੱਗੇ ਦਾ ਤਕਰੀਬਨ ਸਾਰਾ ਰਸਤਾ ਸੰਘਣੇ ਜੰਗਲ ਵਿਚਦੀ ਚੱਲਦਾ ਹੈ। ਰਸਤੇ ਵਿਚ ਕਈ ਪਗਡੰਡੀਆਂ ਉਪਰ ਥੱਲੇ ਜਾਣ ਲਈ ਮਿਲਦੀਆਂ ਹਨ। ਇਨ੍ਹਾਂ ਥਾਵਾਂ ’ਤੇ ਸਹੀ ਚੋਣ ਕਰਨ ਲਈ ਗਾਈਡ ਬਹੁਤ ਮਦਦਗਾਰ ਸਾਬਤ ਹੁੰਦਾ ਹੈ।
ਜੰਗਲ ਵਿਚ ਕਈ ਤਰ੍ਹਾਂ ਦੇ ਪੰਛੀਆਂ ਦੀਆਂ ਮਧੁਰ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਹਨ। ਤਕਰੀਬਨ ਦੋ ਘੰਟੇ ਚੱਲਣ ਮਗਰੋਂ ਪਾਣੀ ਪੀਣ ਜਾਂ ਆਪਣੀਆਂ ਬੋਤਲਾਂ ਵਿਚ ਪਾਣੀ ਭਰਨ ਲਈ ਇਕ ਜਗ੍ਹਾ ਮਿਲਦੀ ਹੈ। ਰਸਤੇ ਵਿਚ ਉੱਚੇ ਪਹਾੜਾਂ ਅਤੇ ਘਾਹ ਦੇ ਮੈਦਾਨਾਂ ਦੇ ਸੁੰਦਰ ਦ੍ਰਿਸ਼ ਵੀ ਵੇਖਣ ਨੂੰ ਮਿਲਦੇ ਹਨ। ਜੂਨ ਵਿਚ ਚਿੱਟੇ ਰੰਗ ਦੇ ਫੁੱਲਾਂ ਨਾਲ ਭਰੀਆਂ ਕੁਝ ਕੁ ਵੇਲਾਂ ਵੀ ਨਜ਼ਰੀਂ ਪੈਂਦੀਆਂ ਹਨ। ਜੰਗਲ ਦੇ ਅਖੀਰ ’ਤੇ ਜਾ ਕੇ ਅਸੀਂ ਕੁਝ ਚਿਰ ਆਰਾਮ ਕੀਤਾ ਅਤੇ ਫਿਰ ਆਪਣੀ ਮੰਜ਼ਿਲ ਵੱਲ ਚੱਲ ਪਏ। ਪਹਾੜੀ ਦੀ ਚੋਟੀ ’ਤੇ ਜਾ ਕੇ ਪਰਾਸ਼ਰ ਝੀਲ ਵੱਲ ਖੜ੍ਹੀਆਂ ਕਾਰਾਂ ਦੀਆਂ ਕਤਾਰਾਂ ਬਹੁਤ ਦੂਰੋਂ ਹੀ ਦਿਸਣ ਲੱਗਦੀਆਂ ਹਨ। ਇਨ੍ਹਾਂ ਮੈਦਾਨਾਂ ਵਿਚ ਚਰਵਾਹਿਆਂ ਦੇ ਆਪਣੇ ਪਸ਼ੂਆਂ ਲਈ ਬਣਾਏ ਡੇਰੇ ਵੀ ਹਨ। ਤਕਰੀਬਨ ਚਾਰ ਘੰਟੇ ਦੀ ਯਾਤਰਾ ਮਗਰੋਂ ਅਸੀ ਪਰਾਸ਼ਰ ਝੀਲ ’ਤੇ ਜਾ ਪਹੁੰਚੇ।
ਇਸ ਝੀਲ ਕਿਨਾਰੇ ਪਰਾਸ਼ਰ ਰਿਸ਼ੀ ਦਾ ਸੁੰਦਰ ਮੰਦਰ ਹੈ। ਇੱਥੇ ਖਾਣ-ਪੀਣ ਦੀਆਂ ਦੁਕਾਨਾਂ ਤੇ ਢਾਬੇ ਆਦਿ ਵੀ ਹਨ। ਝੀਲ ਵਿਚ ਘਾਹ ਦਾ ਇਕ ਛੋਟਾ ਜਿਹਾ ਟਾਪੂ ਹੈ। ਇਹ ਟਾਪੂ ਸਮੇਂ ਸਮੇਂ ਆਪਣੀ ਸਥਿਤੀ ਬਦਲਦਾ ਰਹਿੰਦਾ ਹੈ। ਝੀਲ ਦੇ ਚਾਰੇ ਪਾਸੇ ਸਥਿਤ ਪਹਾੜੀ ਦੀਆਂ ਉਚਾਈਆਂ ’ਤੇ ਇਕ ਗੋਲ ਚੱਕਰ ਵਿਚ ਪੂਰਾ ਗੇੜਾ ਕੱਢਣ ’ਤੇ ਝੀਲ ਅਤੇ ਮੰਦਰ ਦੇ ਬਹੁਤ ਸੁੰਦਰ ਦ੍ਰਿਸ਼ ਵਿਖਾਈ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਪਰਾਸ਼ਰ ਰਿਸ਼ੀ ਨੇ ਇਸ ਜਗ੍ਹਾ ਤਪੱਸਿਆ ਕੀਤੀ ਸੀ ਤੇ ਉਨ੍ਹਾਂ ਦੇ ਨਾਮ ਤੋਂ ਇਸ ਝੀਲ ਦਾ ਨਾਮ ਪਰਾਸ਼ਰ ਪਿਆ ਹੈ। ਤੇਰ੍ਹਵੀਂ ਸਦੀ ਦਾ ਇਹ ਤਿੰਨ ਮੰਜ਼ਿਲਾ ਮੰਦਰ ਪੈਗੌਡਾ ਸ਼ੈਲੀ ਵਿਚ ਬਣਿਆ ਹੋਇਆ ਹੈ। ਸਰਦੀਆਂ ਵਿਚ ਇੱਥੇ ਭਾਰੀ ਬਰਫ਼ ਪੈਂਦੀ ਹੈ। ਇੱਥੇ ਇਕ ਪਾਸੇ ਕੁਝ ਸੈਲਾਨੀ ਆਪਣੇ ਟੈਂਟ ਲਗਾ ਕੇ ਰਾਤ ਵੀ ਕੱਟ ਲੈਂਦੇ ਹਨ। ਇੱਥੇ ਪੀ.ਡਬਲਯੂ.ਡੀ. ਅਤੇ ਜੰਗਲਾਤ ਵਿਭਾਗ ਦਾ ਰੈਸਟ ਹਾਊਸ ਵੀ ਹੈ। ਅੱਜਕੱਲ੍ਹ ਕਈ ਕੰਪਨੀਆਂ ਵਾਲੇ ਟੈਂਟ ਦੀ ਸੁਵਿਧਾ ਵੀ ਪ੍ਰਦਾਨ ਕਰਦੇ ਹਨ। ਤੁਸੀਂ ਉਨ੍ਹਾਂ ਤੋਂ ਉੱਕਾ-ਪੁੱਕਾ ਟੈਂਟ, ਗਾਈਡ ਅਤੇ ਖਾਣੇ ਆਦਿ ਦਾ ਪੈਕੇਜ ਲੈ ਸਕਦੇ ਹੋ। ਅਸੀਂ ਬਾਗੀ ਪਿੰਡ ਦੇ ਢਾਬਾ ਮਾਲਕ ਤੋਂ ਆਪਣੀ ਕਾਰ ਪਰਾਸ਼ਰ ਝੀਲ ’ਤੇ ਮੰਗਵਾ ਲਈ। ਬਾਗੀ ਤੋਂ ਪਰਾਸ਼ਰ ਝੀਲ 20 ਕਿਲੋਮੀਟਰ ਹੈ ਅਤੇ ਕਾਰ ਰਾਹੀਂ ਇਕ ਘੰਟੇ ਵਿਚ ਉੱਥੇ ਪਹੁੰਚਿਆ ਜਾ ਸਕਦਾ ਹੈ। ਕੁਝ ਸੈਲਾਨੀ ਜੋ ਖ਼ਾਸਕਰ ਪੰਜਾਬ ਤੋਂ ਸਿੱਧੇ ਇਸ ਜਗ੍ਹਾ ਕਾਰ ਰਾਹੀਂ ਆਏ ਸਨ, ਉਹ ਝੀਲ ਵੇਖ ਕੇ ਕੁਝ ਨਿਰਾਸ਼ਾ ਦੇ ਆਲਮ ਵਿਚ ਸਨ, ਪਰ ਟਰੈਕਿੰਗ ਕਰ ਕੇ ਆਏ ਸੈਲਾਨੀ ਖ਼ੁਸ਼ੀ ਦੇ ਰੌਂਅ ਵਿਚ ਸਨ। ਸਰੀਰਕ ਪੱਖੋਂ ਤੰਦਰੁਸਤ ਇਨਸਾਨ ਲਈ ਪਹਾੜਾਂ ਦੀ ਸੁੰਦਰਤਾ ਮਾਣਨ ਅਤੇ ਅਸਲੀ ਆਨੰਦ ਪ੍ਰਾਪਤ ਕਰਨ ਵਾਸਤੇ ਪਹਾੜਾਂ ਨੂੰ ਤੁਰ-ਫਿਰ ਕੇ ਗਾਹੁਣਾ ਬਿਹਤਰ ਵਿਕਲਪ ਹੈ। ਇਸ ਜਗ੍ਹਾ ਦੋ ਤਿੰਨ ਘੰਟੇ ਬਤੀਤ ਕਰਨ ਮਗਰੋਂ ਅਸੀਂ ਆਪਣੀ ਅਗਲੀ ਮੰਜ਼ਿਲ ਵੱਲ ਚੱਲ ਪਏ।

ਸੰਪਰਕ: 98550-00964


Comments Off on ਪਰਾਸ਼ਰ ਝੀਲ ਦੀ ਯਾਤਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.