ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

Posted On October - 17 - 2019

ਮਾੜੇ ਗੀਤ ਪਾ ਰਹੇ ਸਾਰੇ ਸਮਾਜ ’ਤੇ ਮਾੜਾ ਅਸਰ

ਅੱਜ ਦੇ ਆਪਹੁਦਰੇ ਗਾਇਕਾਂ ਨੇ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਸੱਭਿਆਚਾਰਕ ਮੇਲਿਆਂ ਦੇ ਨਾਂ ’ਤੇ ਵੀ ਲੱਚਰਪੁਣਾ ਹੀ ਚੱਲਦਾ ਹੈ। ਅਸੀਂ ਖੁਸ਼ੀ ਦੇ ਘਰੇਲੂ ਪ੍ਰੋਗਰਾਮਾਂ ਵਿੱਚ ਵੀ ਗਾਇਕਾਂ ਨੂੰ ਲੱਖਾਂ ਰੁਪਏ ਦੇ ਕੇ ਬੁਲਾਉਂਦੇ ਹਾਂ, ਜੋ ਸਾਡਾ ਹੀ ਜਲੂਸ ਕੱਢ ਕੇ ਤੁਰ ਜਾਂਦੇ ਹਨ। ਨਸ਼ੇ ’ਚ ਧੁੱਤ ਹੋ ਕੇ ਡਾਂਸਰਾਂ ਦੀਆਂ ਬਾਹਾਂ ਫੜ ਕੇ ਲੁੱਡੀਆਂ ਪਾਉਂਦੇ ਸਾਡੇ ਬਜ਼ੁਰਗ ਤਾਏ, ਚਾਚੇ ਆਮ ਦੇਖੇ ਜਾ ਸਕਦੇ ਹਨ, ਜਿਸ ਨਾਲ ਸਾਡੇ ਬੱਚਿਆਂ ਉਪਰ ਬਹੁਤ ਗ਼ਲਤ ਪ੍ਰਭਾਵ ਪੈਂਦਾ ਹੈ। ਸਰਦਾਰਾਂ ਦੇ ਚਰਿੱਤਰ ਨੂੰ ਖ਼ਤਮ ਕਰਨ ਲਈ ਗਾਇਕਾਂ ਵੱਲੋਂ ਦਾਰੂ, ਅਫੀਮ, ਸਮੈਕ ਵਰਗੇ ਨਸ਼ਿਆਂ ਨੂੰ ਗੀਤਾਂ ਰਾਹੀਂ ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਜੱਟਵਾਦ ਰਾਹੀਂ ਜਾਤੀਵਾਦ ਨੂੰ ਹੁਲਾਰਾ ਦਿੱਤਾ ਜਾਂਦਾ ਹੈ।
ਰਜਿੰਦਰ ਸਿੰਘ, ਪਿੰਡ ਸਭਰਾ, ਤਹਿ. ਪੱਟੀ, ਜ਼ਿਲ੍ਹਾ ਤਰਨ ਤਾਰਨ। ਸੰਪਰਕ: 85670-02522

ਅਸੀਂ ਸ਼ਾਇਦ ਲੱਚਰ ਗੀਤਾਂ ਨੂੰ ਪ੍ਰਵਾਨ ਕਰ ਲਿਆ

ਅਸੀਂ ਗਾਇਕਾਂ ਵੱਲੋਂ ਲੱਚਰ ਗੀਤ ਪੇਸ਼ ਕਰਨ ਦੀ ਗੱਲ ਤਾਂ ਕਰਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਉਹ ਅਜਿਹਾ ਕਿਉਂ ਕਰਦੇ ਹਨ| ਦਰਅਸਲ ਅਸੀਂ ਲੱਚਰ ਗੀਤਾਂ ਨੂੰ ਪ੍ਰਵਾਨ ਕਰ ਲਿਆ ਹੈ। ਯੂਟਿਊਬ ’ਤੇ ਗੀਤਾਂ ਦੇ ਲੱਖਾਂ-ਕਰੋੜਾਂ ਵਿਊ ਇਸ ਗੱਲ ਦਾ ਸਬੂਤ ਨੇ ਕਿ ਗਾਇਕਾਂ ਨਾਲੋਂ ਵੱਧ ਅਸੀਂ ਦੋਸ਼ੀ ਹਾਂ। ਮੋਬਾਈਲ ਫੋਨ ਨੇ ਘਰੇ ਟੀਵੀ ’ਤੇ ਗੀਤ ਦੇਖਣ ਵਾਲੀ ਸ਼ਰਮ ਖਤਮ ਕਰ ਦਿੱਤੀ ਹੈ। ਇਨ੍ਹਾਂ ਗੀਤਾਂ ਉਤੇ ਵਿਆਹਾਂ ਵਿਚ ਨੌਜਵਾਨ ਕੀ, ਬਜ਼ੁਰਗ ਵੀ ਨੱਚ ਰਹੇ ਹੁੰਦੇ ਹਨ। ਇਨ੍ਹਾਂ ਵਿਚ ਦਿਖਾਈ ਜਾਂਦੀ ਚਕਾਚੌਂਧ ਦੇਖ ਕੇ ਨੌਜਵਾਨ ਵੀ ਅਜਿਹਾ ਬਣਨਾ ਲੋਚਦਾ ਹੈ। ਪਹਿਲਾਂ ਸਾਨੂੰ ਖ਼ੁਦ ਨੂੰ ਬਦਲਣਾ ਪਵੇਗਾ। ਫਿਰ ਲੱਚਰ ਗਾਇਕੀ ਆਪਣੇ ਆਪ ਖਤਮ ਹੋ ਜਾਵੇਗੀ।
ਸੋਨੀ ਭਾਈਕਾ, ਮੰਡੀ ਕਲਾਂ, ਬਠਿੰਡਾ।

ਸਰੋਤੇ ਵੀ ਲੱਚਰਤਾ ਦੀ ਲੋਰ ਵਿਚ ਮਦਹੋਸ਼

ਪੰਜਾਬ ਯੋਧਿਆਂ ਅਤੇ ਸੂਰਬੀਰਾਂ ਦੀ ਧਰਤੀ ਹੈ। ਪੰਜਾਬੀ ਸਦੀਆਂ ਤੋਂ ਹੱਕ ਅਤੇ ਸੱਚ ਲਈ ਲੜਦੇ ਆਏ ਹਨ। ਪੰਜਾਬੀਆਂ ਨੇ ਸਿਕੰਦਰ, ਅਬਦਾਲੀ, ਗਜ਼ਨਵੀ, ਬਾਬਰ ਆਦਿ ਵਿਦੇਸ਼ੀ ਰਾਜਿਆਂ ਦਾ ਮੁਕਾਬਲਾ ਕੀਤਾ ਹੈ। ਪੰਜਾਬੀਆਂ ਨੇ ਹਮੇਸ਼ਾ ਆਪਣੀ ਰੱਖਿਆ ਲਈ ਹਥਿਆਰ ਚੁੱਕੇ ਹਨ, ਨਾ ਕਿ ਜ਼ੁਲਮ ਕਰਨ ਲਈ, ਪਰ ਅਜੋਕੀ ਗਾਇਕੀ ਦਿਸ਼ਾ ਤੋਂ ਭਟਕ ਚੁੱਕੀ ਹੈ। ਇਸ ਵਿੱਚ ਯੋਧਿਆਂ ਦੀ ਥਾਂ ‘ਬਦਮਾਸ਼ਾਂ’ ਵਾਲੀ ਸੋਚ ਨੇ ਲੈ ਲਈ ਹੈ। ਗਾਇਕਾਂ-ਗੀਤਕਾਰਾਂ ਦੇ ਨਾਲ਼ ਨਾਲ਼ ਸਰੋਤੇ ਵੀ ਦਿਸ਼ਾਹੀਣ ਹੋ ਚੁੱਕੇ ਹਨ ਅਤੇ ਉਹ ਵੀ ਲੱਚਰਤਾ ਫੈਲਾਉਣ ਵਾਲੇ ਗੀਤ ਹੀ ਜ਼ਿਆਦਾ ਪਸੰਦ ਕਰਦੇ ਹਨ। ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਬਹੁਤ ਹੀ ਘੱਟ ਲੋਕ ਸੁਣਦੇ ਹਨ।
ਬਲਵਿੰਦਰ ਸਿੰਘ ਢੀਂਡਸਾ, ਸ੍ਰੀ ਫ਼ਤਹਿਗੜ੍ਹ ਸਾਹਿਬ। ਸੰਪਰਕ: 99145-85036

ਲੱਚਰਤਾ ਖ਼ਿਲਾਫ਼ ਰਲ਼ ਕੇ ਹੰਭਲਾ ਮਾਰਨ ਦੀ ਲੋੜ

ਮੌਜੂਦਾ ਗਾਇਕੀ ਨੇ ਕੰਨ ਰਸ ਸੰਗੀਤ ਦਾ ਬੇੜਾ ਗਰਕ ਕਰ ਦਿੱਤਾ ਹੈ। ਸੁਣਨ ਵਾਲੇ ਗੀਤਾਂ ਨੂੰ ਵੇਖਣ ਵਾਲੀ ਵਸਤੂ ਬਣਾ ਦਿੱਤਾ ਹੈ। ਤੂੰਬੀ, ਘੜੇ, ਅਲਗੋਜ਼ੇ, ਚਿਮਟੇ ਆਦਿ ਸਾਡੇ ਵਿਰਾਸਤੀ ਸਾਜ ਲੱਚਰਤਾ ਦੇ ਦੈਂਤ ਨੇ ਨਿਗਲ ਲਏ ਹਨ। ਸੰਗੀਤ ਕੰਪਨੀਆਂ ਨੇ ਆਪਣੇ ਵਪਾਰ ਲਈ ਜਵਾਨੀ ਨੂੰ ਲੱਚਰਤਾ ਦਾ ਪਰੋਸਾ ਦੇ ਕੇ ਪਿੱਛੇ ਲਾ ਲਿਆ ਹੈ। ਇਸ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਪਵੇਗਾ। ਜੇ ਅਸੀਂ ਆਪਣੇ ਰੰਗਲੇ ਪੰਜਾਬ ਦੀ ਨੌਜਵਾਨੀ ਨੂੰ ਸਾਂਭਣਾ ਹੈ, ਸਾਨੂੰ ਅਜਿਹੇ ਗੀਤਕਾਰਾਂ, ਗਾਇਕਾਂ, ਸੰਗੀਤ ਪ੍ਰਮੋਟਰਾਂ, ਚੈਨਲਾਂ ਦਾ ਬਾਈਕਾਟ ਕਰਨਾ ਪਵੇਗਾ ਅਤੇ ਸਰਕਾਰੇ ਦਰਬਾਰੇ ਇਸ ਦੀ ਵਿਰੋਧਤਾ ਲਈ ਲਾਮਬੰਦੀ ਕਰਨੀ ਪਵੇਗੀ।
ਨਿਰਭੈ ਸਿੰਘ ਰੰਧਾਵਾ, ਪਿੰਡ ਤੇ ਡਾਕ ਮੀਮਸਾ, ਸੰਗਰੂਰ।

ਲੱਚਰ ਗੀਤਾਂ ਦੀ ਉਮਰ ਬੜੀ ਛੋਟੀ

ਬਜ਼ੁਰਗ ਦੱਸਦੇ ਹਨ ਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਵੀ ਲੱਚਰ ਗਾਏ ਜਾਂਦੇ ਸੀ, ਪਰ ਅੱਜ ਜਦੋਂ ਅਸੀਂ ਉਸ ਦੌਰ ਦੇ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਲਾਲ ਚੰਦ ਯਮਲ੍ਹਾ ਜੱਟ, ਸੁਰਿੰਦਰ ਕੌਰ ਜਾਂ ਆਸਾ ਸਿੰਘ ਮਸਤਾਨੇ ਵਰਗੇ ਗਾਇਕਾਂ ਦੇ ਗੀਤ ਹੀ ਚੇਤੇ ਆਉਂਦੇ ਹਨ। ਭਾਵ ਲੱਚਰ ਗੀਤਾਂ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਵੈਸੇ ਵੀ ਲੋਕਤੰਤਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਸਾਡਾ ਬੁਨਿਆਦੀ ਹੱਕ ਹੈ। ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ, ਲਿਖਣ ਅਤੇ ਬੋਲਣ ਦੀ ਆਜ਼ਾਦੀ ਹੈ ਤੇ ਸੁਣਨ ਦੀ ਵੀ। ਖ਼ਪਤਕਾਰੀ ਯੁੱਗ ਵਿੱਚ ਜੋ ਜ਼ਿਆਦਾ ਵਿਕਦਾ ਹੈ, ਉਸੇ ਨੂੰ ਵਧੀਆ ਮੰਨਣ ਦਾ ਰਿਵਾਜ਼ ਹੈ। ਨਵੀਂ ਪੀੜ੍ਹੀ ਨੂੰ ‘ਸ਼ੋਰ’ ਅਤੇ ‘ਸੰਗੀਤ’ ਵਿਚਕਾਰਲਾ ਫ਼ਰਕ ਸਮਝਣ ਅਤੇ ਚੰਗੇ ਗੀਤ ਸੁਣਨ ਦੀ ਬੁੱਧੀ ਵਿਕਸਿਤ ਕਰਨੀ ਪਵੇਗੀ।
ਨਵਲੀਸ਼ ਬਿਲਿੰਗ, ਐੱਮਸੀਐੱਮ ਡੀਏਵੀ ਕਾਲਜ, ਸੈਕਟਰ-36 ਏ, ਚੰਡੀਗੜ੍ਹ।

ਸੰਗੀਤ ਦੀ ਪਵਿੱਤਰਤਾ ਕਾਇਮ ਰੱਖਣੀ ਜ਼ਰੂਰੀ

ਅੱਜ ਹਰ ਕਾਲਜ ਅਤੇ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀਆਂ ਦੇ ਨਵੇਂ ਗਾਣੇ ਦੀ ਐਲਬਮ ਦਾ ਪੋਸਟਰ ਦਿਸਣਾ ਆਮ ਗੱਲ ਹੋ ਗਈ ਹੈ। ਭਾਵੇਂ ਉਨ੍ਹਾਂ ਨੇ ਕਦੇ ਮਹਾਨ ਕਵੀਆਂ ਅਤੇ ਸਾਹਿਤਕਾਰਾਂ ਨੂੰ ਪੜ੍ਹਿਆ ਹੋਵੇ ਜਾਂ ਨਾ, ਪਰ ਕਲਮ ਚੁੱਕ ਕੇ ਗ਼ਲਤ ਸ਼ਬਦਾਵਲੀ ਵਾਲੇ ਗਾਣੇ ਮਿੰਟਾਂ ’ਚ ਲਿਖ ਦਿੰਦੇ ਹਨ। ਉਨ੍ਹਾਂ ਨੂੰ ਸੰਗੀਤ ਤੋਂ ਲਗਾਅ ਨਹੀਂ, ਸਿਰਫ਼ ਯੂਟਿਊਬ ’ਤੇ ਮਿਲੇ ਲਾਈਕਸ ਅਤੇ ਕੁਮੈਂਟਸ ਦੀ ਭੁੱਖ ਹੈ। ਗੀਤਾਂ ’ਚ ਵੈਲਪੁਣਾ ਅਤੇ ਹਥਿਆਰ ਪੇਸ਼ ਕਰਨ ਨਾਲ ਨੌਜਵਾਨਾਂ ਵਿੱਚ ਅਸਹਿਣਸ਼ੀਲਤਾ ਪੈਦਾ ਹੋ ਰਹੀ ਹੈ। ਸਾਡਾ ਪੰਜਾਬੀ ਵਿਰਸਾ ਬਹੁਤ ਹੀ ਖੂਬਸੂਰਤ ਹੈ, ਪੰਜਾਬੀ ਗੀਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਨੂੰ ਸਾਂਭ ਕੇ ਰੱਖਣ। ਪੰਜਾਬੀ ਬੋਲੀ ਨਾਲ ਸਾਨੂੰ ਸੰਗੀਤ ਰਾਹੀਂ ਮਿਠਾਸ ਪੈਦਾ ਕਰਨੀ ਚਾਹੀਦੀ ਹੈ, ਨਾ ਕਿ ਕੜਵਾਹਟ।
ਭਾਵਨਾ, ਰਾਜਪੁਰਾ, ਜ਼ਿਲ੍ਹਾ ਪਟਿਆਲਾ।
ਸੰਪਰਕ: bhawnaverma99144@gmail.com

ਅਸ਼ਲੀਲਤਾ ਨੂੰ ਨੱਥ ਪਾਉਣੀ ਹੋਈ ਬਹੁਤ ਜ਼ਰੂਰੀ

ਕਹਿੰਦੇ ਹਨ ਕਿ ਸੰਗੀਤ ਵਿਚ ਤਾਂ ਜੰਗਲੀ ਤੇ ਖੂੰਖਾਰ ਜੀਵਾਂ ਤੱਕ ਨੂੰ ਵੱਸ ਕਰਨ ਦੀ ਤਾਕਤ ਹੁੰਦੀ ਹੈ। ਪਰ ਅਜੋਕੇ ਬੇਸੁਰੇ ਗੀਤ ਸਾਡੇ ਸਮਾਜ ਨੂੰ ਹੀ ਖੂੰਖਾਰ ਬਣਾ ਰਹੇ ਹਨ। ਸੰਗੀਤ ਮਨੁੱਖੀ ਰੂਹ ਦੀ ਖੁਰਾਕ ਹੈ ਤੇ ਨੱਚਣਾ ਟੱਪਣਾ ਪੰਜਾਬੀਆਂ ਦਾ ਸੁਭਾਅ ਹੈ। ਪਰ ਅੱਜ ਸਾਡੀਆਂ ਰੂਹਾਂ ਨੂੰ ਅਸ਼ਲੀਲ ਗੀਤਾਂ ਰਾਹੀਂ ਕਿਹੋ ਜਿਹੀ ਖੁਰਾਕ ਦਿੱਤੀ ਜਾ ਰਹੀ ਹੈ, ਉਹ ਲਿਖਣ ਲੱਗਿਆਂ ਵੀ ਸ਼ਰਮ ਮਹਿਸੂਸ ਹੁੰਦੀ ਹੈ ਤੇ ਪਰ ਇਨ੍ਹਾਂ ਨੂੰ ਗਾਉਂਦਿਆਂ ਸ਼ਰਮ ਨਹੀਂ ਆਉਂਦੀ। ਇਸ ਅਸ਼ਲੀਲਤਾ ਦੇ ਹੱਲੇ ਨੂੰ ਜੇ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ’ਚ ਹੋਰ ਮਾੜੇ ਸਿੱਟੇ ਨਿਕਲਣਗੇ। ਚੰਗੇ ਗੀਤ ਹੀ ਸਮਾਜ ’ਚ ਫੈਲੇ ਹਨੇਰੇ ਨੂੰ ਦੂਰ ਕਰਨਗੇ।
ਗੁਰਪ੍ਰੀਤ ਮਾਨ, ਮੌੜ, ਫਰੀਦਕੋਟ।
ਸੰਪਰਕ: 98761-98000

ਲੱਚਰ ਗੀਤਾਂ ਲਈ ਸਮਾਜ ਵੀ ਜ਼ਿੰਮੇਵਾਰ

ਲੱਚਰ ਗੀਤਾਂ ਲਈ ਸਾਡਾ ਸਮਾਜ ਵੀ ਦਾ ਬਰਾਬਰ ਜ਼ਿੰਮੇਵਾਰ ਹੈ। ਇਸ ਲੱਚਰਤਾ ਨੂੰ ਸਮਾਜ ਖੁੱਲ੍ਹ ਕੇ ਹੱਲਾਸ਼ੇਰੀ ਦੇ ਰਿਹਾ ਹੈ। ਗੀਤਕਾਰ-ਗਾਇਕ ਕਿਹੜਾ ਦੂਜੀ ਦੁਨੀਆਂ ’ਚੋਂ ਆਏ ਹਨ। ਕੀ ਗੀਤਕਾਰਾਂ ਨੂੰ ਆਪਣੇ ਵਿਰਸੇ ਬਾਰੇ ਨਹੀਂ ਪਤਾ? ਲੋਕਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਲਈ ਕੀ ਚੰਗਾ ਜਾਂ ਮਾੜਾ ਹੈ? ਜੇ ਲੱਚਰ ਗੀਤਾਂ ਮਾੜੇ ਨੇ ਤਾਂ ਉਨ੍ਹਾਂ ਨੂੰ ਨਾ ਸੁਣਿਆ ਜਾਵੇ। ਪਰ ਨਹੀਂ, ਅਸੀਂ ਆਪਣੇ ਘਰੇਲੂ ਸਮਾਗਮਾਂ ਵਿਚ ਹੀ ਅਜਿਹੇ ਗੀਤਾਂ ’ਤੇ ਨਹੀਂ ਨੱਚਦੇ-ਟੱਪਦੇ, ਸਗੋਂ ਅਜਿਹੇ ਗਾਇਕਾਂ ਨੂੰ ਯੂਨੀਵਰਸਿਟੀਆਂ-ਕਾਲਜਾਂ ਤੱਕ ਦੇ ਸਮਾਗਮਾਂ ਵਿਚ ਲੱਖਾਂ ਰੁਪਏ ਖ਼ਰਚ ਕੇ ਗਾਉਣ ਲਈ ਸੱਦ ਕੇ ਇਸ ਰੁਝਾਨ ਨੂੰ ਹੱਲਾਸ਼ੇਰੀ ਦੇ ਰਹੇ ਹਾਂ।
ਜਗਤਾਰ ਸਿੰਘ ਦੁੱਲਟ, ਪਿੰਡ ਖੈਰਪੁਰ ਜੱਟਾਂ, ਤਹਿ. ਰਾਜਪੁਰਾ, ਜ਼ਿਲ੍ਹਾ ਪਟਿਆਲਾ।
ਸੰਪਰਕ: 97817-80112

ਸਭਿਆਚਾਰ ਤੋਂ ਦੂਰ ਹੋ ਰਹੀ ਗਾਇਕੀ

ਕਿਸੇ ਸਮੇਂ ਪੰਜਾਬੀ ਗੀਤਾਂ ’ਚ ਪੰਜਾਬ ਦੇ ਸਭਿਆਚਾਰ, ਰੀਤਿ ਰਿਵਾਜ ਨੂੰ ਦਿਖਾਇਆ ਜਾਂਦਾ ਸੀ ਤੇ ਪੰਜਾਬੀ ਗੀਤ ਨੌਜਵਾਨਾਂ ਲਈ ਮਾਰਗ ਦਰਸ਼ਕ ਬਣਦੇ ਸੀ। ਪਰ ਅੱਜ ਦੇ ਗਾਇਕ ਜੋ ਵੀ ਗੀਤ ਗਾ ਰਹੇ ਨੇ, ਉਨ੍ਹਾਂ ਗੀਤਾਂ ’ਚ ਪੰਜਾਬੀਅਤ ਤੋਂ ਕੋਹਾਂ ਦੂਰ ਸਿਰਫ ਫੋਕੀ ਟੋਹਰ, ਜੱਟਵਾਦ, ਹਥਿਆਰਾਂ, ਗੱਡੀਆਂ ਤੇ ਲੱਚਰਤਾ ਦਾ ਹੀ ਬੋਲਬਾਲਾ ਹੈ। ਇਸ ਦਾ ਅੱਜ ਦੇ ਨੌਜਵਾਨਾਂ ’ਤੇ ਬੁਰਾ ਅਸਰ ਪੈ ਰਿਹਾ ਹੈ। ਨੌਜਵਾਨ ਉਹ ਸਭ ਕਰਨ ਨੂੰ ਤਿਆਰ ਰਹਿੰਦੇ ਨੇ ਜੋ ਗੀਤਾਂ ’ਚ ਦੇਖਦੇ ਨੇ। ਜ਼ਰੂਰੀ ਹੈ ਕਿ ਫ਼ਿਲਮਾਂ ਦੀ ਤਰ੍ਹਾਂ ਗੀਤਾਂ ਲਈ ਵੀ ਕੋਈ ਸੈਂਸਰ ਅਥਾਰਿਟੀ ਹੋਵੇ, ਜਿਸ ਨਾਲ ਸਿਰਫ ਸਹੀ ਸੇਧ ਦੇਣ ਵਾਲੇ ਗੀਤਾਂ ਨੂੰ ਹੀ ਮਨਜ਼ੂਰ ਕੀਤਾ ਜਾਵੇ, ਤਾਂ ਕਿ ਪੰਜਾਬੀ ਸੱਭਿਆਚਾਰਕ ਬਚ ਸਕੇ।
ਜਸਵਿੰਦਰ ਕੌਰ, ਕੁਰੂਕਸ਼ੇਤਰ, ਹਰਿਆਣਾ।

ਲੱਚਰਤਾ ਲਈ ਬੌਧਿਕ ਕੰਗਾਲੀ ਜ਼ਿੰਮੇਵਾਰ

ਲੱਚਰਤਾ ਬਾਰੇ ਸਮਝ ਆਪੋ-ਆਪਣੀ ਹੁੰਦੀ ਹੈ। ਲੱਚਰਤਾ ਦੇ ਇਸ ਵਰਤਾਰੇ ਦਾ ਪ੍ਰਮੁੱਖ ਕਾਰਨ ਅਜੋਕੇ ਸਮਾਜ ਦੀ ਬੌਧਿਕ ਕੰਗਾਲੀ ਜਾਂ ਕੁਰਾਹਾਪਣ ਹੈ। ਸਿਆਸਤਦਾਨ ਤੇ ਕਾਰਪੋਰੇਟ ਘਰਾਣੇ ਲੋਕਾਂ ਦੀ ਬੌਧਿਕਤਾ ਨੂੰ ਆਪਣੇ ਲਈ ਖ਼ਤਰਾ ਮੰਨਦੇ ਹੋਏ ਹਮੇਸ਼ਾ ਇਸ ਦੇ ਖ਼ਿਲਾਫ਼ ਭੁਗਤਦੇ ਹਨ। ਇਸ ਹਾਲਾਤ ਵਿਚ ਬਹੁਗਿਣਤੀ ਮਿਹਨਤਕਸ਼ਾਂ ਦੀ ਜ਼ਿੰਦਗੀ ਦੀਆਂ ਅਸਲ ਸੱਚਾਈਆਂ ਦੇ ਵਿਸ਼ਲੇਸ਼ਣ ਕਰਨ ਵਾਲੇ ਗੀਤਾਂ ਦੇ ਮੁਕਾਬਲੇ ਕੁਝ ਕੁ ਸਰਮਾਏਦਾਰਾਂ ਦੇ ਚੋਚਲਿਆਂ ਦੀ ਤਰਜਮਾਨੀ ਕਰਦੇ ਗੀਤਾਂ ਨੂੰ ਵਡਿਆਇਆ ਜਾਂਦਾ ਹੈ। ਇਸੇ ਤਰ੍ਹਾਂ ਜੇ ਕੋਈ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ’ਤੇ ਆਧਾਰਤ ਡਾ. ਕੈਲਾਸ਼ਪੁਰੀ ਦੀ ਲੇਖਣੀ ਵਾਂਗ ਗੀਤ ਲਿਖੇ ਤਾਂ ਉਸ ਨੂੰ ਵੀ ਲੱਚਰਤਾ ਨਹੀਂ ਕਰਾਰ ਦਿੱਤਾ ਜਾਣਾ ਚਾਹੀਦਾ।
ਗੁਰਦੇਵ ਸਿੰਘ, ਪਿੰਡ ਤੇ ਡਾਕਖ਼ਾਨਾ ਠੁਆਣਾ, ਤਹਿ. ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.