ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਨੇਤਾਵਾਂ ਨੂੰ ਜਗਾਉਣ ਲਈ ਵਾਗਡੋਰ ਬੱਚਿਆਂ ਨੇ ਸੰਭਾਲੀ

Posted On October - 1 - 2019

ਮੌਸਮੀ ਤਬਦੀਲੀਆਂ ਦਾ ਕਹਿਰ

ਡਾ. ਗੁਰਿੰਦਰ ਕੌਰ

ਇਸ ਸਾਲ 20 ਸਤੰਬਰ ਬੱਚਿਆਂ ਵੱਲੋਂ ਸੁਚੱਜੀ ਅਤੇ ਸੰਜੀਦਗੀ ਨਾਲ ਮੌਸਮੀ ਤਬਦੀਲੀਆਂ ਬਾਰੇ ਦੁਨੀਆਂ ਦੇ ਵੱਡੇ ਨੇਤਾਵਾਂ ਅਤੇ ਆਮ ਲੋਕਾਂ ਦਾ ਧਿਆਨ ਦਿਵਾਉਣ ਲਈ ਇਕ ਇਤਿਹਾਸਕ ਦਿਨ ਬਣ ਗਿਆ ਹੈ। ਦੁਨੀਆਂ ਦੇ ਦੱਖਣੀ-ਪੂਰਬੀ ਹਿੱਸੇ ਭਾਵ ਆਸਟਰੇਲੀਆ ਤੋਂ ਲੈ ਕੇ ਉੱਤਰੀ-ਪੱਛਮੀ ਹਿੱਸੇ (ਅਲਾਸਕਾ ਤਕ) ਲਗਪਗ 150 ਦੇਸ਼ਾਂ ਵਿਚ ਸਕੂਲੀ ਬੱਚਿਆਂ ਦੇ ਨਾਲ ਨਾਲ ਤਕਰੀਬਨ ਹਰ ਉਮਰ ਦੇ ਵਿਅਕਤੀਆਂ ਨੇ ਮੌਸਮੀ ਤਬਦੀਲੀਆਂ ਬਾਰੇ ਰੋਸ ਮਾਰਚ ਵਿਚ ਸ਼ਾਂਤੀਪੂਰਵਕ ਭਾਗ ਲਿਆ। ਮੌਸਮੀ ਤਬਦੀਲੀਆਂ ਦੀ ਮਾਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਦੇ ਰਿਕਾਰਡ ਅਨੁਸਾਰ ਦੁਨੀਆਂ ਦੇ ਨੇਤਾਵਾਂ ਨੂੰ ਇਸ ਬਾਰੇ ਆਮ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਦੱਸਣ ਦਾ ਇਹ ਪਹਿਲਾ ਅਤੇ ਸਭ ਤੋਂ ਵੱਡਾ ਉਪਰਾਲਾ ਹੈ। ਇਸ ਰੋਸ ਮਾਰਚ ਵਿਚ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਤੋਂ ਹੀ ਇਕ ਲੱਖ ਤੋਂ ਵੱਧ ਬੱਚੇ ਸ਼ਾਮਲ ਹੋਏ ਅਤੇ ਅਮਰੀਕਾ ਦੇ ਇਕੱਲੇ ਨਿਊਯਾਰਕ ਸ਼ਹਿਰ ਦੇ ਸਕੂਲਾਂ ਦੇ 11 ਲੱਖ ਬੱਚਿਆਂ ਨੇ ਇਸ ਰੋਸ ਮਾਰਚ ਵਿਚ ਹਿੱਸਾ ਲਿਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਿਚ ਕਿੰਨੀ ਵੱਡੀ ਗਿਣਤੀ ਵਿਚ ਹੋਰ ਲੋਕ ਸ਼ਾਮਲ ਹੋਏ ਹੋਣਗੇ।
ਸਕੂਲ ਦੇ ਬੱਚਿਆਂ ਵਿਚ ਮੌਸਮੀ ਤਬਦੀਲੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲਾ ਕੋਈ ਦੁਨੀਆਂ ਦਾ ਵੱਡਾ ਨੇਤਾ ਨਹੀਂ ਬਲਕਿ ਯੂਰੋਪ ਦੇ ਦੇਸ਼ ਸਵੀਡਨ ਦੀ 16 ਸਾਲਾਂ ਦੀ ਸਕੂਲ ਵਿਚ ਪੜ੍ਹਦੀ ਗਰੇਟਾ ਥੁਨਬਰਗ ਨਾਂ ਦੀ ਲੜਕੀ ਹੈ ਜਿਸ ਨੇ 2018 ਵਿਚ ਧਰਤੀ ਉੱਤਲੇ ਵਾਤਾਵਰਨ ਨੂੰ ਬਚਾਉਣ ਲਈ ਲਗਾਤਾਰ ਤਿੰਨ ਹਫ਼ਤੇ ਸਕੂਲ ਨਾ ਜਾ ਕੇ ਦੇਸ਼ ਦੀ ਸੰਸਦ ਦੀ ਇਮਾਰਤ ਅੱਗੇ ਬੈਠ ਕੇ ਸ਼ਾਂਤੀਪੂਰਨ ਢੰਗ ਨਾਲ ਧਰਨਾ ਦਿੱਤਾ ਅਤੇ ਜਦੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਕੂਲ ਨਾ ਜਾ ਕੇ ਉਸਦੀ ਪੜ੍ਹਾਈ ਅਤੇ ਭਵਿੱਖ ਖ਼ਰਾਬ ਹੋ ਜਾਏਗਾ ਤਾਂ ਉਸ ਨੇ ਜਵਾਬ ਵਿਚ ਕਿਹਾ ਕਿ ਪੜ੍ਹਾਈ-ਲਿਖਾਈ ਭਵਿੱਖ ਸੰਵਾਰਨ ਲਈ ਹੁੰਦੀ ਹੈ, ਪਰ ਸਾਡਾ ਭਵਿੱਖ ਤਾਂ ਪਹਿਲਾਂ ਹੀ ਧੁੰਦਲਾ ਹੈ ਕਿਉਂਕਿ ਧਰਤੀ ਉੱਤਲਾ ਵਾਤਾਵਰਨ ਇੰਨਾ ਖ਼ਰਾਬ ਹੋ ਚੁੱਕਿਆ ਹੈ ਕਿ ਨਾ ਤਾਂ ਇੱਥੇ ਸਾਹ ਲੈਣ ਲਈ ਸਾਫ਼ ਹਵਾ ਅਤੇ ਨਾ ਹੀ ਪੀਣ ਲਈ ਸਾਫ਼ ਪਾਣੀ ਹੈ। ਮਿੱਟੀ ਅਤੇ ਸਮੁੰਦਰੀ ਪਾਣੀ ਇੰਨਾ ਪਲੀਤ ਹੋ ਚੁੱਕਿਆ ਹੈ ਕਿ ਉਨ੍ਹਾਂ ਤੋਂ ਮਿਲਣ ਵਾਲੇ ਹਰ ਤਰ੍ਹਾਂ ਦੇ ਖਾਧ ਪਦਾਰਥਾਂ ਵਿਚ ਵੀ ਤਰ੍ਹਾਂ ਤਰ੍ਹਾਂ ਦੇ ਰਸਾਇਣਕਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਵਰਤਣ ਨਾਲ ਲੱਖਾਂ ਲੋਕ ਮਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਅਸੀਂ ਵੀ ਉਨ੍ਹਾਂ ਵਿਚੋਂ ਇਕ ਹੋ ਸਕਦੇ ਹਾਂ। ਇਸ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਤਾਂ ਜਾਰੀ ਰੱਖੀ, ਪਰ ਉਸਨੇ ਹਰ ਸ਼ੁੱਕਰਵਾਰ ਨੂੰ ਸ਼ਹਿਰ ਦੀ ਕਿਸੇ ਵੀ ਖ਼ਾਸ ਥਾਂ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਹ ਮੁਹਿੰਮ ਉਸ ਨੇ ਇਕੱਲੀ ਨੇ ਸ਼ੁਰੂ ਕੀਤੀ ਸੀ ਅਤੇ ਬਾਅਦ ਵਿਚ ਹੌਲੀ ਹੌਲੀ ਹੋਰ ਬੱਚੇ ਵੀ ਇਸ ਵਿਚ ਭਾਗ ਲੈਣ ਲੱਗੇ। ਉਨ੍ਹਾਂ ਨੇ ਇਸ ਮੁਹਿੰਮ ਨੂੰ ਫਰਾਈਡੇਅਜ਼-ਫਾਰ ਫਿਊਚਰ ਅਤੇ ਕਲਾਈਮੇਟ ਸਟਰਾਈਕ ਦਾ ਨਾਂ ਦੇ ਦਿੱਤਾ। ਬੱਚਿਆਂ ਦੀ ਇਸ ਮੁਹਿੰਮ ਨੂੰ ਦੁਨੀਆਂ ਭਰ ਦੇ ਦੇਸ਼ਾਂ ਵਿਚ ਹੁੰਗਾਰਾ ਮਿਲ ਰਿਹਾ ਹੈ।

ਡਾ. ਗੁਰਿੰਦਰ ਕੌਰ

ਗਰੇਟਾ ਨੇ ਟਵੀਟ ਅਤੇ ਇੰਟਰਨੈੱਟ ਦੀ ਮਦਦ ਨਾਲ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕਰਦੇ ਹੋਏ ਬੜੀ ਗੰਭੀਰਤਾ ਨਾਲ ਹਰੇਕ ਸ਼ੁੱਕਰਵਾਰ ਨੂੰ ਯੋਜਨਾਬੱਧ ਤਰੀਕੇ ਨਾਲ ਵੱਖ ਵੱਖ ਦੇਸ਼ਾਂ ਵਿਚ ਧਰਤੀ ਉੱਤਲੇ ਜੀਵਨ ਨੂੰ ਬਚਾਉਣ ਲਈ ਸ਼ਾਂਤਮਈ ਸਹਿਯੋਗ ਮਾਰਚ ਆਰੰਭ ਕੀਤੇ ਹੋਏ ਹਨ। ਪਿਛਲੇ ਸਾਲ ਉਸਨੇ ਪੋਲੈਂਡ ਦੇ ਕਾਟੋਵਿਸ ਸ਼ਹਿਰ ਵਿਚ ਮੌਸਮੀ ਤਬਦੀਲੀਆਂ ਸਬੰਧੀ ਹੋਈ ਕਾਨਫਰੰਸ ਵਿਚ ਦੁਨੀਆਂ ਦੇ ਲੀਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ,‘ਸਾਡਾ ਘਰ ਜਲ ਰਿਹਾ ਹੈ, ਤੁਸੀਂ ਇਸ ਨੂੰ ਬਚਾਉਣ ਲਈ ਠੋਸ ਉਪਰਾਲੇ ਕਰੋ, ਐਂਵੇ ਗੱਲਾਂਬਾਤਾਂ ਨਾਲ ਨਾ ਸਾਰੋ ਕਿਉਂਕਿ ਧਰਤੀ ’ਤੇ ਤਾਪਮਾਨ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।’ ਆਈ.ਪੀ.ਸੀ.ਸੀ. ਦੀ ਅਕਤੂਬਰ, 2018 ਨੂੰ ਰਿਲੀਜ਼ ਹੋਈ ਇਕ ਰਿਪੋਰਟ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜੇਕਰ ਤਾਪਮਾਨ ਸੁਰੱਖਿਅਤ ਸੀਮਾ (1.5 ਡਿਗਰੀ ਸੈਲਸੀਅਸ) ਤੋਂ ਅੱਧਾ ਡਿਗਰੀ ਵੀ ਵਧ ਜਾਂਦਾ ਹੈ ਤਾਂ ਦੁਨੀਆਂ ਦੇ ਸਾਰੇ ਦੇਸ਼ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋ ਜਾਣਗੇ। ਉਸਨੇ ਇਹ ਵੀ ਕਿਹਾ, ‘ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਵੱਡੇ ਹਾਂ ਅਤੇ ਤੁਹਾਡੇ ਹਿੱਤਾਂ ਦਾ ਖਿਆਲ ਰੱਖਦੇ ਹਾਂ, ਪਰ ਤੁਸੀਂ ਸਾਡਾ ਭਵਿੱਖ ਬਰਬਾਦ ਕਰਨ ਲੱਗੇ ਹੋਏ ਹੋ।’ ਹੁਣ ਵੀ ਉਹ ਵਾਰ-ਵਾਰ ਪੁੱਛ ਰਹੀ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਦੁਨੀਆਂ ਵਿਚ ਕੁੱਝ ਛੱਡੋਗੇ ਜਾਂ ਨਹੀਂ? ਅਸਲ ਵਿਚ ਪੋਲੈਂਡ ਦੇ ਕਾਟੋਵਿਸ ਸ਼ਹਿਰ ਵਿਚਲੀ ਕਾਨਫਰੰਸ, ਪੈਰਿਸ ਵਿਚ 2015 ਵਿਚ ਹੋਈ ਮੌਸਮੀ ਸੰਧੀ ਨੂੰ 2020 ਵਿਚ ਅਮਲ ਵਿਚ ਲਿਆਉਣ ਲਈ ਤਾਪਮਾਨ ਦੇ ਵਾਧੇ ਦੀ ਸੁਰੱਖਿਅਤ ਸੀਮਾ ਨਿਰਧਾਰਤ ਕਰਨ ਲਈ ਹੋਈ ਸੀ, ਪਰ ਵਿਕਸਤ ਦੇਸ਼ਾਂ ਨੇ ਪਹਿਲੀਆਂ ਕਾਨਫਰੰਸਾਂ ਦੀ ਤਰ੍ਹਾਂ ਉਸ ਵਿਚ ਵੀ ਮਾਰ ਝੱਲ ਰਹੇ ਗ਼ਰੀਬ ਅਤੇ ਵਿਕਸਤ ਹੋ ਰਹੇ ਦੇਸ਼ਾਂ ਨੂੰ ਕੋਈ ਡਾਹ ਨਹੀਂ ਦਿੱਤੀ।
ਗਰੇਟਾ ਨਾਲ ਜੁੜੇ ਬੱਚਿਆਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੇ ਸਤੰਬਰ, 2019 ਦਾ ਸ਼ਾਂਤਮਈ ਰੋਸ ਮਾਰਚ ਸੰਯੁਕਤ ਰਾਸ਼ਟਰ ਸੰਘ ਦੀ ਨਿਊਯਾਰਕ ਵਿਚ ਪੈਰਿਸ ਮੌਸਮੀ ਤਬਦੀਲੀ ਸੰਧੀ ਵਾਲੀ ਕਾਨਫਰੰਸ ਤੋਂ ਠੀਕ 3 ਦਿਨ ਪਹਿਲਾਂ ਕੀਤਾ ਤਾਂ ਕਿ ਨੇਤਾ ਬੱਚਿਆਂ ਦੇ ਭਵਿੱਖ ਨੂੰ ਅੱਖੋਂ-ਪਰੋਖੇ ਨਾ ਕਰ ਸਕਣ। ਗਰੇਟਾ ਨੇ ਇਸ ਕਾਨਫਰੰਸ ਵਿਚ ਵੀ ਦੁਨੀਆਂ ਦੇ ਵੱਡੇ ਨੇਤਾਵਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਵਿਚ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਜੀਣ ਦੇ ਹੱਕਾਂ ਦੀ ਰਾਖੀ ਕਰਨ ਲਈ ਆਪਣੇ ਭਾਸ਼ਨ ਰਾਹੀਂ ਗੁਜ਼ਾਰਿਸ਼ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਦੱਸਿਆ ਕਿ ਸਾਡਾ ਹਿੱਸਾ ਕੁਦਰਤੀ ਸਰੋਤਾਂ ਵਿਚੋਂ ਛੱਡ ਦੇਵੋ। ਇਸ ਕਾਨਫਰੰਸ ਵਿਚ ਸੰਯੁਕਤ ਰਾਸ਼ਟਰ ਸੰਘ ਦੇ ਜਨਰਲ ਸਕੱਤਰ ਐਨਟੋਨਿਓ ਗੁਤਰਮ ਨੇ ਗਰੇਟਾ ਥੁਨਬਰਗ ਨੂੰ ਖ਼ਾਸ ਬੁਲਾਰੇ ਦੇ ਤੌਰ ’ਤੇ ਸੱਦਿਆ।
ਧਰਤੀ ਉੱਤੇ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚਣ ਲਈ 2015 ਵਿਚ ਹੋਈ ਪੈਰਿਸ ਮੌਸਮੀ ਸੰਧੀ ਸਾਲ 2020 ਤੋਂ ਦੁਨੀਆਂ ਦੇ ਸਾਰੇ ਦੇਸ਼ਾਂ ਨੇ ਕਾਰਬਨ ਨਿਕਾਸੀ ਵਿਚ ਕਟੌਤੀ ਕਰਨ ਲਈ ਲਾਗੂ ਕਰਨੀ ਹੈ। ਇਸ ਲਈ ਇਸ ਨਾਲ ਸਬੰਧਤ ਸਭ ਤਰ੍ਹਾਂ ਦੀਆਂ ਵਿਉਂਤਬੰਦੀਆਂ ਨੂੰ ਇਸੇ ਸਾਲ ਹੀ ਅੰਤਿਮ ਰੂਪ ਰੇਖਾ ਦੇਣੀ ਹੈ। ਨਿਊਯਾਰਕ ਵਿਚ 23 ਸਤੰਬਰ ਨੂੰ ਹੋਈ ਕਾਨਫਰੰਸ ਤੋਂ ਬਾਅਦ ਦਸੰਬਰ ਵਿਚ ਚਿੱਲੀ ਵਿਚ ਵੀ ਇਸ ਨਾਲ ਸਬੰਧਿਤ ਕਾਨਫਰੰਸ ਹੋਣੀ ਹੈ ਜਿਸ ਵਿਚ ਵੀ ਬਾਕੀ ਦੇ ਰਹਿੰਦੇ ਵਿਸ਼ਿਆਂ ’ਤੇ ਦੁਨੀਆਂ ਦੇ ਵੱਡੇ ਨੇਤਾ ਗੱਲਬਾਤ ਕਰਨਗੇ। ਇਨ੍ਹਾਂ ਕਾਨਫਰੰਸਾਂ ਵਿਚ ਸੰਜੀਦਗੀ ਨਾਲ ਸ਼ਿਰਕਤ ਕਰਨ ਲਈ ਗਰੇਟਾ ਨੇ ਵੀ ਆਪਣੀ ਪੜ੍ਹਾਈ ਇਕ ਸਾਲ ਲਈ ਅੱਗੇ ਪਾ ਕੇ ਸਕੂਲ ਤੋਂ ਇਕ ਸਾਲ ਦੀ ਛੁੱਟੀ ਲੈ ਲਈ ਹੈ। ਇਸ ਤੋਂ ਬਾਅਦ ਉਹ ਚਿੱਲੀ ਵਿਚ ਦਸੰਬਰ ਵਿਚ ਹੋਣ ਵਾਲੀ ਕਾਨਫਰੰਸ ਵਿਚ ਭਾਗ ਲੈਣ ਦੇ ਨਾਲ ਨਾਲ ਦੁਨੀਆਂ ਦੇ ਹੋਰ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੇਗੀ। ਅਮਰੀਕਾ ਵਿਚ ਉਹ 28 ਅਗਸਤ ਨੂੰ ਪਹੁੰਚੀ ਸੀ ਅਤੇ ਉਦੋਂ ਤੋਂ ਹੀ ਵੱਖ ਵੱਖ ਸਕੂਲੀ ਬੱਚਿਆਂ, ਨੇਤਾਵਾਂ, ਵਾਤਾਵਰਨ ਮੁੱਦਿਆਂ ਨਾਲ ਜੁੜੀਆਂ ਸੰਸਥਾਵਾਂ ਆਦਿ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ।
ਸਾਲ 2019 ਦੀ ਸ਼ੁਰੂਆਤ ਵਿਚ ਆਰਟਿਕ ਧਰੁਵ ਉੱਤਲੀ ਬਰਫ਼ ਪਿਘਲਣ ਕਾਰਨ ਬਹੁਤ ਠੰਢ ਪਈ ਅਤੇ ਬਾਅਦ ਵਿਚ ਅਮਰੀਕਾ ਸਮੇਤ ਯੂਰੋਪ ਤੋਂ ਲੈ ਕੇ ਜਾਪਾਨ ਤਕ ਦੇਸ਼ਾਂ ਨੇ ਭਿਆਨਕ ਗਰਮੀ ਦੀ ਮਾਰ ਸਹੀ ਹੈ। ਅਮਰੀਕਾ ਅਤੇ ਜਪਾਨ ਵਰਗੇ ਵਿਕਸਤ ਦੇਸ਼ ਜਿਹੜੇ ਇਹ ਸਮਝਦੇ ਸਨ ਕਿ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਮਾਰ ਵਿਕਸਤ ਹੋ ਰਹੇ ਅਤੇ ਘੱਟ ਵਿਕਸਤ ਦੇਸ਼ਾਂ ’ਤੇ ਹੀ ਪਵੇਗੀ, ਇਸ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਉਹ ਕੁਦਰਤੀ ਆਫ਼ਤਾਂ ਨਾਲ ਸਿੱਝਣ ਦੇ ਸਮਰੱਥ ਹਨ, ਪਰ ਅਮਰੀਕਾ ਪਿਛਲੇ ਸਾਲਾਂ ਵਿਚ ਭਿਆਨਕ ਚੱਕਰਵਾਤੀ ਤੂਫ਼ਾਨਾਂ ਅਤੇ ਉਨ੍ਹਾਂ ਨਾਲ ਹੋਈ ਬਰਬਾਦੀ ਅਤੇ ਜਪਾਨ ਵਿਚ 2011 ਵਿਚ ਆਈ ਸੁਨਾਮੀ ਅਤੇ ਹਰ ਸਾਲ ਪੈਂਦੀ ਭਾਰੀ ਗਰਮੀ ਨੇ ਵਿਕਸਤ ਦੇਸ਼ਾਂ ਦਾ ਇਹ ਭੁਲੇਖਾ ਵੀ ਦੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਆਈ.ਪੀ.ਸੀ.ਸੀ. ਅਤੇ ਹੋਰ ਸੰਸਥਾਵਾਂ ਦੀਆਂ ਉੱਪਰੋਥਲੀ ਆ ਰਹੀਆਂ ਰਿਪੋਰਟਾਂ ਵਿਗਿਆਨਕ ਤੱਥਾਂ ਦੇ ਆਧਾਰ ’ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਾਰੇ ਰਾਜਨੀਤਕ ਨੇਤਾਵਾਂ ਨੂੰ ਵਾਰ ਵਾਰ ਸੁਨੇਹਾ ਦੇ ਰਹੀਆਂ ਹਨ ਕਿ ਧਰਤੀ ’ਤੇ ਵਧ ਰਹੇ ਤਾਪਮਾਨ ਨੂੰ ਕਾਬੂ ਕਰਨ ਲਈ ਤੇਜ਼ੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ।
ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਹੁਣ ਸਾਡੇ ਕੋਲ ਇੰਨਾ ਵਕਤ ਨਹੀਂ ਬਚਿਆ ਕਿ ਤਾਪਮਾਨ ਦੇ ਵਾਧੇ ਨੂੰ ਕਾਬੂ ਵਿਚ ਲਿਆਉਣ ਲਈ ਕਿਸੇ ਵੀ ਸੰਧੀ ਨੂੰ ਲਾਗੂ ਕਰਨ ਲਈ ਸਾਲਾਂਬੱਧੀ ਇੰਤਜ਼ਾਰ ਕੀਤਾ ਜਾਵੇ। ਜੇਕਰ ਅਸੀਂ ਆਪਣੇ ਬੱਚਿਆਂ ਦੀ ਨਜ਼ਰ ਵਿਚ ਜ਼ਿੰਮੇਵਾਰ ਮਾਪੇ ਅਤੇ ਨੇਤਾ ਬਣੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਬਿਨਾਂ ਦੇਰੀ ਧਰਤੀ ਦੇ ਵਾਤਾਵਰਨ ਨੂੰ ਠੀਕ ਰੱਖਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤੇਜ਼ੀ ਨਾਲ ਉਪਰਾਲੇ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਆਪਣੀਆਂ ਅਜਿਹੀਆਂ ਸਾਰੀਆਂ ਗਤੀਵਿਧੀਆਂ ’ਤੇ ਰੋਕ ਲਗਾ ਲੈਣੀ ਚਾਹੀਦੀ ਹੈ ਜਿਨ੍ਹਾਂ ਨਾਲ ਹਵਾ, ਪਾਣੀ, ਜ਼ਮੀਨ, ਜੰਗਲਾਂ ਆਦਿ ਵਰਗੇ ਬਹੁਮੁੱਲੇ ਕੁਦਰਤੀ ਸਰੋਤ ਪਲੀਤ ਹੋ ਰਹੇ ਅਤੇ ਸਭ ਤਰ੍ਹਾਂ ਦੇ ਜੀਵਾਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਜੇਕਰ ਅਸੀਂ ਹੁਣ ਵਾਲੇ ਰਾਹ ’ਤੇ ਚੱਲਦੇ ਰਹੇ ਤਾਂ ਸਾਡਾ ਖ਼ਾਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਬਹੁਤ ਧੁੰਦਲਾ ਹੋ ਸਕਦਾ ਹੈ, ਨਤੀਜੇ ਵਜੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।

ਸੰਪਰਕ: 001-408-493-9776


Comments Off on ਨੇਤਾਵਾਂ ਨੂੰ ਜਗਾਉਣ ਲਈ ਵਾਗਡੋਰ ਬੱਚਿਆਂ ਨੇ ਸੰਭਾਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.