ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

Posted On October - 8 - 2019

ਅਮਨਦੀਪ

ਔਰਤ ਦੀ ਹੋਣੀ

ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਜ਼ਿਆਦਾਤਰ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ ’ਤੇ ਵਰ ਟੋਲ੍ਹਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੁੰਦਾ ਹੈ। ਮੁੰਡੇ ਦੇ ਘਰ ਦੀ ਆਰਥਿਕ ਹਾਲਤ ਚੰਗੀ ਹੋਣਾ ਧੀ ਦੇ ਮਾਪਿਆਂ ਦੀ ਪਹਿਲੀ ਪਸੰਦ ਹੁੰਦੀ ਹੈ। ਉਹ ਸਭ ਤੋਂ ਪਹਿਲਾਂ ਮੁੰਡੇ ਨੂੰ ਆਉਂਦੀ ਜ਼ਮੀਨ ਅਤੇ ਹੋਰ ਆਰਥਿਕ ਵਸੀਲਿਆਂ ਨੂੰ ਘੋਖਦੇ ਹਨ। ਜ਼ਮੀਨ ਜਾਇਦਾਦ ਦੇ ਪਸੰਦ ਆਉਣ ਤੋਂ ਬਾਅਦ ਹੀ ਮੁੰਡੇ ਨੂੰ ਵਿਚਾਰਿਆ ਜਾਂਦਾ ਹੈ। ਜੇਕਰ ਪੰਜਾਬ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਚੰਗੀ ਜ਼ਮੀਨ ਜਾਇਦਾਦ ਵਾਲਾ ਮੁੰਡਾ ਭਾਲਣ ਦਾ ਬੇਹੱਦ ਰੁਝਾਨ ਹੈ। ਪੂਰੇ ਪੰਜਾਬ ਵਿਚ ਜੇਕਰ ਨਾ ਵੀ ਕਹੀਏ ਤਾਂ ਮਾਲਵਾ-ਪੁਆਧ ਵਿਚ ਇਹ ਰੁਝਾਨ ਕਾਫ਼ੀ ਦੇਖਣ ਨੂੰ ਮਿਲਦਾ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਇਹ ਕਹਿ ਲਿਆ ਜਾਵੇ ਕਿ ਰਿਸ਼ਤਾ ਮੁੰਡੇ ਨੂੰ ਨਹੀਂ ਮੁੰਡੇ ਦੀ ਜ਼ਮੀਨ ਨੂੰ ਹੁੰਦਾ ਹੈ। ਇਸ ਗੱਲ ਨੂੰ ਕਾਫ਼ੀ ਸਲਾਹਿਆਂ ਜਾਂਦਾ ਹੈ ਕਿਉਂਕਿ ਪ੍ਰਚੱਲਿਤ ਧਾਰਨਾ ਇਹੀ ਹੈ ਕਿ ਕੁੜੀ ਸਾਧਨ-ਸੰਪੰਨ ਮੁੰਡੇ ਦੇ ਘਰ ਖ਼ੁਸ਼ ਰਹੇਗੀ ਅਤੇ ਉਸਨੂੰ ਕਿਸੇ ਕਿਸਮ ਦੀ ਆਰਥਿਕ ਤੰਗੀ ਮਹਿਸੂਸ ਨਹੀਂ ਹੋਵੇਗੀ।
ਇਹ ਗੱਲ ਕਿੰਨੀ ਕੁ ਵਜ਼ਨਦਾਰ ਅਤੇ ਸਾਰਥਕ ਹੈ, ਇਸ ਬਾਰੇ ਵਿਚਾਰ ਕਰਦੇ ਹਾਂ। ਜਿਸ ਜ਼ਮੀਨ ਕਾਰਨ ਕੁੜੀ ਦਾ ਰਿਸ਼ਤਾ ਹੋਇਆ ਹੁੰਦਾ ਹੈ ਕੀ ਉਹ ਉਸ ਜ਼ਮੀਨ ਦੇ ਇਕ ਟੁਕੜੇ ਬਾਰੇ ਵੀ ਖ਼ੁਦ ਫ਼ੈਸਲਾ ਲੈ ਸਕਦੀ ਹੈ? ਕੀ ਉਹ ਉਸ ਜ਼ਮੀਨ ਤੋਂ ਹੁੰਦੀ ਪੈਦਾਵਾਰ ਅਤੇ ਮੁਨਾਫ਼ੇ ਨੂੰ ਖ਼ੁਦ ਵਰਤਣ ਦੇ ਸਮਰੱਥ ਹੁੰਦੀ ਹੈ? ਇਨ੍ਹਾਂ ਸਵਾਲਾਂ ਦਾ ਕੋਰਾ ਜਵਾਬ ‘ਨਾਂਹ’ ਹੈ। ਜੇਕਰ ਉਹ ਆਪਣੇ ਪਤੀ ਦੀ ਜ਼ਮੀਨ-ਜਾਇਦਾਦ, ਉਸਨੂੰ ਵਰਤਣ ਸਬੰਧੀ ਕੋਈ ਫ਼ੈਸਲਾ ਨਹੀਂ ਲੈ ਸਕਦੀ ਤਾਂ ਫਿਰ ਉਸਦੀ ਐਨੀ ਜ਼ਮੀਨ-ਜਾਇਦਾਦ ਵਾਲੇ ਮੁੰਡੇ ਨਾਲ ਵਿਆਹੇ ਜਾਣ ਦੀ ਕੀ ਤੁਕ ਬਣਦੀ ਹੈ? ਨਾ ਉਸਦੇ ਪੇਕਿਆਂ ਨੇ ਉਸਦੇ ਹੱਥ ’ਤੇ ਕੁਝ ਧਰਿਆ ਹੁੰਦਾ ਹੈ ਅਤੇ ਨਾ ਹੀ ਸਹੁਰੇ ਉਸਨੂੰ ਕੋਈ ਹੱਕ ਦਿੰਦੇ ਹਨ। ਪੇਕੇ ਘਰ ਵਿਚ ਕੁੜੀ ‘ਪਰਾਏ ਘਰ ਜਾਣ’ ਵਾਲੀ ਅਤੇ ਸਹੁਰੇ ਘਰ ‘ਪਰਾਏ ਘਰੋਂ ਆਈ’ ਹੁੰਦੀ ਹੈ। ਸਹੁਰੇ ਘਰ ਵਿਚ ਕੁੜੀ ਨਾਲ ਹਮੇਸ਼ਾਂ ਬੇਗਾਨਗੀ ਅਤੇ ਬੇਭਰੋਸਗੀ ਵਾਲਾ ਰਿਸ਼ਤਾ ਬਣਿਆ ਰਹਿੰਦਾ ਹੈ। ਦੋਵੇਂ ਥਾਵਾਂ ’ਤੇ ਉਸ ਨਾਲ ਦੁਜੈਲੇ ਪੱਧਰ ਵਾਲਾ ਵਿਹਾਰ ਕੀਤਾ ਜਾਂਦਾ ਹੈ। ਜੇਕਰ ਕਿਸੇ ਤਰ੍ਹਾਂ ਉਹ ਬੋਲਣ ਦੀ ਜ਼ੁਅੱਰਤ ਵੀ ਕਰਦੀ ਹੈ ਤਾਂ ਉਸਨੂੰ ਰਿਸ਼ਤਿਆਂ ਦਾ ਵਾਸਤਾ ਪਾ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਜਿਸ ਘਰ ਨੂੰ ਉਹ ਹੱਕ ਨਾਲ ਆਪਣਾ ਕਹਿ ਸਕੇ, ਉਹ ਉਸਨੂੰ ਸਾਰੀ ਜ਼ਿੰਦਗੀ ਨਸੀਬ ਨਹੀਂ ਹੁੰਦਾ।
ਮਾਪੇ ਇਹ ਜਤਾਉਂਦੇ ਹਨ ਕਿ ਇਹ ਸਭ ਕੁਝ ਕੁੜੀ ਦੀ ਸੁੱਖ-ਸੁਵਿਧਾ ਲਈ ਹੀ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਮਾਪਿਆਂ ਵੱਲੋਂ ਰਚਾਇਆ ਅਡੰਬਰ ਹੁੰਦਾ ਹੈ ਜਿਸ ਰਾਹੀਂ ਉਹ ਧੀਆਂ ਨੂੰ ਭਾਵਨਾਤਮਕ ਤੌਰ ’ਤੇ ਬਲੈਕਮੇਲ ਕਰਦੇ ਹਨ। ਅਸਲੀ ਕਾਰਨ ਇਹ ਹੈ ਕਿ ਉਹ ਆਪਣੀ ਧੀ ਨੂੰ ਕਿਸੇ ਚੰਗੀ ਜ਼ਮੀਨ-ਜਾਇਦਾਦ ਵਾਲੇ ਮੁੰਡੇ ਦੇ ਗਲ ਪਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਲੋਚਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਕੁੜੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਿੱਛਲ-ਝਾਕ ਨਹੀਂ ਰੱਖੇਗੀ। ਇਸ ਸਥਿਤੀ ਵਿਚ ਮਾਪਿਆਂ ਨੂੰ ਕੁੜੀ ਦੀ ਕਿਸੇ ਕਿਸਮ ਦੀ ਆਰਥਿਕ ਮਦਦ ਨਹੀਂ ਕਰਨੀ ਪਵੇਗੀ ਅਤੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ਉਨ੍ਹਾਂ ਦੇ ਮੁੰਡੇ ਲਈ ਸੁਰੱਖਿਅਤ ਹੋ ਜਾਵੇਗੀ।

ਅਮਨਦੀਪ

ਸੱਚਾਈ ਇਹ ਹੈ ਕਿ ਇਸੇ ਸੋਚ ਕਾਰਨ ਕੁੜੀਆਂ ਨੂੰ ਦੁਹਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਪੇ ਵਿਆਹ ਕਰਕੇ ਕੁੜੀ ਨੂੰ ਦੂਜੇ ਘਰ ਤੋਰ ਦਿੰਦੇ ਹਨ ਅਤੇ ਸਹੁਰਾ ਪਰਿਵਾਰ ਉਨ੍ਹਾਂ ਨੂੰ ਕੋਈ ਢੋਈ ਨਹੀਂ ਦਿੰਦਾ। ਇਸੇ ਚੱਕਰ ਵਿਚ ਉਹ ਕਦੀ ਨਾ ਮੁੱਕਣ ਵਾਲੀ ਤ੍ਰਾਸਦਿਕ ਸਥਿਤੀ ਦੇ ਖਲਾਅ ਵਿਚ ਲਟਕ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਤਕ ਨਹੀਂ ਹੁੰਦਾ। ਚੰਗੇ ਸਾਧਨ-ਸੰਪੰਨ ਘਰਾਂ ਨਾਲ ਸਬੰਧਿਤ ਧੀਆਂ ਵੀ ਸਹੁਰੇ ਪਰਿਵਾਰ ਵਿਚ ਕੁੜੀ ਹੋਣ ਦੀ ਵਿਡੰਬਨਾ ਨੂੰ ਝੱਲ ਰਹੀਆਂ ਹਨ।
ਜ਼ਿਆਦਾਤਰ ਕੁੜੀਆਂ ਦੀ ਹੋਣੀ ਇਹੀ ਹੈ ਕਿ ਉਨ੍ਹਾਂ ਨੇ ਗ਼ਰੀਬੀ ਨੂੰ ਹੀ ਹੰਢਾਉਣਾ ਹੁੰਦਾ ਹੈ, ਭਾਵੇਂ ਉਨ੍ਹਾਂ ਦੇ ਪੇਕੇ ਜਾਂ ਸਹੁਰੇ ਆਰਥਿਕ ਪੱਖੋਂ ਕਿੰਨੇ ਹੀ ਸਾਧਨ ਸੰਪੰਨ ਕਿਉਂ ਨਾ ਹੋਣ। ਕੁੜੀਆਂ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਸਬੰਧ ਵੀ ਉਸਦੇ ਸਹੁਰੇ ਪਰਿਵਾਰ ਨਾਲ ਹੀ ਹੁੰਦਾ ਹੈ। ਕੁੜੀ ਨੂੰ ਤਾਂ ਸਿਰਫ਼ ਕੁਝ ਘਰੇਲੂ ਵਸਤਾਂ ਦੇ ਕੇ ਸੰਤੁਸ਼ਟ ਕਰ ਦਿੱਤਾ ਜਾਂਦਾ ਹੈ। ਕਈ ਘਰਾਂ ਵਿਚ ਇਹ ਵਰਤਾਰਾ ਆਮ ਦੇਖਣ ਨੂੰ ਮਿਲਿਆ ਹੈ ਕਿ ਕੁੜੀ ਦੇ ਕੁਝ ਜ਼ਿਆਦਾ ਬਿਮਾਰ ਹੋਣ ’ਤੇ ਇਲਾਜ ਲਈ ਉਸਨੂੰ ਪੇਕੇ ਭੇਜ ਦਿੱਤਾ ਜਾਂਦਾ ਹੈ ਤੇ ਮਾਪੇ ਇਸ ਗੱਲ ’ਤੇ ਔਖੇ ਹੁੰਦੇ ਹਨ ਕਿ ਸਹੁਰਾ ਪਰਿਵਾਰ ਕੁੜੀ ਦਾ ਠੀਕ ਤਰੀਕੇ ਨਾਲ ਇਲਾਜ ਨਹੀਂ ਕਰਵਾਉਂਦਾ। ਕੁੜੀ ਨੂੰ ਸੁੱਖ-ਸਹੂਲਤਾਂ ਤੋਂ ਵਿਰਵਾ ਰੱਖਿਆ ਹੋਇਆ ਹੈ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਪਣੀ ਕੁੜੀ ਲਈ ਕੀ ਕੀਤਾ ਜੋ ਉਹ ਸਹੁਰੇ ਪਰਿਵਾਰ ਤੋਂ ਉਮੀਦ ਲਾ ਰਹੇ ਹਨ। ਉਨ੍ਹਾਂ ਲਈ ਤਾਂ ਉਹ ਫੇਰ ਵੀ ਪਰਾਈ ਹੈ, ਪਰ ਤੁਹਾਡੀ ਤਾਂ ਆਪਣੀ ਜੰਮੀ ਜਾਈ ਸੀ। ਪੇਕੇ ਪਰਿਵਾਰ ਨੇ ਉਸਨੂੰ ਕਿਹੜੀ ਆਰਥਿਕ ਸੁਰੱਖਿਆ ਮੁਹੱਈਆ ਕਰਵਾਈ?
ਕੁੜੀ ਕੋਲ ਆਰਥਿਕ ਸੁਰੱਖਿਆ ਹੋਵੇ ਤਾਂ ਸਹੁਰੇ ਪਰਿਵਾਰ ਵਿਚ ਉਸ ਉੱਪਰ ਹੋਣ ਵਾਲੇ ਕਈ ਕਿਸਮ ਦੇ ਤਸ਼ੱਦਦ ਤੋਂ ਉਸਦਾ ਬਚਾਅ ਹੋ ਸਕਦਾ ਹੈ। ਮਾਪਿਆਂ ਨੂੰ ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਦਾ ਜਵਾਈ ਕੁੜੀ ਨੂੰ ਖ਼ੁਸ਼ ਰੱਖਦਾ, ਉਸਦਾ ਸਾਥ ਦਿੰਦਾ, ਪਰ ਜਿਉਂ ਹੀ ਇਹ ਗੱਲ ਆਪਣੇ ਮੁੰਡੇ ਦੀ ਆਉਂਦੀ ਹੈ ਤਾਂ ਜਵਾਈ ਵਾਲੇ ਢੰਗ ਤਰੀਕੇ ਅਪਣਾਉਣ ਵਾਲੇ ਆਪਣੇ ਮੁੰਡੇ ਨੂੰ ‘ਜ਼ੋਰੂ ਦਾ ਗ਼ੁਲਾਮ’ ਐਲਾਨ ਦਿੱਤਾ ਜਾਂਦਾ ਹੈ। ਨੂੰਹ ਨੂੰ ਇਸ ਕਰਕੇ ਵੀ ਹਲਕੇ ਫੁਲਕੇ ਭਾਵ ਵਿਚ ਲਿਆ ਜਾਂਦਾ ਹੈ ਕਿਉਂਕਿ ਉਸ ਕੋਲ ਕਿਸੇ ਕਿਸਮ ਦੀ ਆਰਥਿਕ ਸੁਰੱਖਿਆ ਨਹੀਂ ਹੁੰਦੀ। ਲੜਾਈ-ਝਗੜੇ ਦੌਰਾਨ ਉਸਨੂੰ ਕਈ ਵਾਰ ਘਰੋਂ ਬਾਹਰ ਹੋ ਜਾਣ ਦੇ ਬੋਲ ਸੁਣਨੇ ਪੈਂਦੇ ਹਨ। ਭਰਪੂਰ ਦਾਜ ਲਿਆਉਣ ਉਪਰੰਤ ਵੀ ਉਹ ਗ਼ਰੀਬ ਅਤੇ ਸਾਧਨ ਵਿਹੂਣੀ ਹੀ ਰਹਿੰਦੀ ਹੈ। ਕਿਸੇ ਕਿਸਮ ਦਾ ਕੋਈ ਫ਼ੈਸਲਾ ਕਰਨ ਦਾ ਹੱਕ ਅਤੇ ਤਾਕਤ ਨਹੀਂ ਹੁੰਦੀ। ਇਹ ਕੁੜੀਆਂ ਦੀ ਤ੍ਰਾਸਦੀ ਹੈ ਕਿ ਭਰਪੂਰ ਦਾਜ ਲਿਆਉਣ ਦੇ ਬਾਵਜੂਦ ਅਤੇ ਲੱਖਾਂ ਰੁਪਏ ਉਨ੍ਹਾਂ ਦੇ ਵਿਆਹ ’ਤੇ ਖ਼ਰਚਣ ਦੇ ਬਾਵਜੂਦ ਉਹ ਦਿਨਕਟੀ ਹੀ ਕਰਦੀਆਂ ਹਨ। ਇਸਦਾ ਕਾਰਨ ਹੈ ਕਿ ਸਾਡੇ ਸਮਾਜ ਵਿਚ ਤਾਕਤ ਦਾ ਸਬੰਧ ਪੈਸੇ ਨਾਲ ਜੋੜਿਆ ਜਾਂਦਾ ਹੈ। ਜਿਸ ਕੋਲ ਪੈਸਾ ਹੈ ਉਹ ਕੋਈ ਫ਼ੈਸਲਾ ਕਰਨ ਦੇ ਸਮਰੱਥ ਹੈ, ਦੂਜਾ ਨਹੀਂ।
ਮਾਪੇ ਇਸ ਗੱਲ ਦਾ ਪ੍ਰਚਾਰ ਬੜੇ ਮਾਣ ਨਾਲ ਕਰਦੇ ਹਨ ਕਿ ਅਸੀਂ ਆਪਣੀ ਧੀ ਦੇ ਵਿਆਹ ’ਤੇ ਐਨਾ ਖ਼ਰਚਾ ਕੀਤਾ, ਪਰ ਸੋਚ ਕੇ ਦੇਖੋ ਇਸ ਸਾਰੇ ਖ਼ਰਚੇ ਵਿਚੋਂ ਕੁੜੀ ਦੇ ਹਿੱਸੇ ਕੀ ਆਉਂਦਾ ਹੈ? ਮਾਪੇ ਸਿਰਫ਼ ਆਪਣੇ ਮਾਣ ਇੱਜ਼ਤ ਲਈ ਅਤੇ ਲੋਕਾਚਾਰੀ ਦੇ ਦਿਖਾਵੇ ਲਈ ਲੋਕਾਂ ’ਤੇ ਹੀ ਫਜ਼ੂਲ ਖ਼ਰਚਾ ਕਰਦੇ ਹਨ ਤੇ ਸਾਰੀ ਅਹਿਸਾਨਮੰਦੀ ਕੁੜੀ ਨੂੰ ਜਤਾ ਦਿੱਤੀ ਜਾਂਦੀ ਹੈ। ਫਿਰ ਉਹ ਇਸ ਭਾਵਨਾ ਨਾਲ ਲਬਰੇਜ਼ ਹੋਈ ਸਹੁਰੇ ਘਰ ਤੁਰ ਜਾਂਦੀ ਹੈ। ਇਹ ਸਾਰੀ ਪ੍ਰਕਿਰਿਆ ਐਨੀ ਅਨੁਕੂਲਿਤ ਹੁੰਦੀ ਹੈ ਕਿ ਕੁੜੀਆਂ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਜਾਂਦਾ ਕਿ ਉਸ ਨਾਲ ਉਸ ਦੇ ਵਿਆਹ ਦੇ ਨਾਮ ’ਤੇ ਉਸਨੂੰ ਕਿੰਨੀ ਸਫ਼ਾਈ ਨਾਲ ਪੇਕੇ ਪਰਿਵਾਰ ਦੇ ਸਾਰੇ ਹੱਕਾਂ ਤੋਂ ਵਿਰਵਾ ਕਰ ਦਿੱਤਾ ਜਾਂਦਾ ਹੈ।
ਅੱਜ ਦੇ ਸਮੇਂ ਵਿਚ ਜੇਕਰ ਸੱਚਮੁੱਚ ਮਾਪੇ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਧੀਆਂ ਖ਼ੁਸ਼ਹਾਲ ਜੀਵਨ ਬਤੀਤ ਕਰਨ ਤਾਂ ਉਨ੍ਹਾਂ ਨੂੰ ਲੋਕਾਚਾਰੀ ਅਤੇ ਆਪਣੇ ਲਾਲਚ ਛੱਡ ਕੇ ਸੱਚਮੁੱਚ ਧੀਆਂ ਲਈ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਜੀਵਨ ਸੁਖਾਲਾ ਹੋਵੇ। ਸਭ ਤੋਂ ਪਹਿਲਾਂ ਮਾਪਿਆਂ ਨੂੰ ਆਪਣੀਆਂ ਧੀਆਂ ਨਾਲ ਖੜ੍ਹਨਾ ਪਵੇਗਾ। ਇਸ ਦਾ ਪਹਿਲਾ ਤਰੀਕਾ ਜ਼ਮੀਨ-ਜਾਇਦਾਦ ਵਿਚ ਧੀਆਂ ਨੂੰ ਹਿੱਸਾ ਦੇਣ ਦਾ ਹੈ। ਕਿਸਾਨੀ ਵਿਚ ਜੇ ਜ਼ਮੀਨ ਦੇਣ ਨਾਲ ਕੁਝ ਗੁੰਝਲਾਂ ਪੈਦਾ ਹੁੰਦੀਆਂ ਹਨ ਤਾਂ ਇਸ ਦਾ ਹੱਲ ਉਸ ਦੇ ਹਿੱਸੇ ਬਹਿੰਦੀ ਜ਼ਮੀਨ ਦੇ ਬਰਾਬਰ ਦੀ ਰਕਮ ਦੇਣਾ ਵੀ ਹੋ ਸਕਦਾ ਹੈ। ਇਸ ਨਾਲ ਧੀਆਂ ਨੂੰ ਵਰਤਮਾਨ ਅਤੇ ਭਵਿੱਖ ਵਿਚ ਕਿਸੇ ਸੰਕਟ ਜਾਂ ਲੋੜ ਸਮੇਂ ਆਪਣੇ ਪੈਰਾਂ ’ਤੇ ਖੜੋਣ ਲਈ ਠੋਸ ਜ਼ਮੀਨ ਮਿਲੇਗੀ ਅਤੇ ਉਹ ਬੁਨਿਆਦਹੀਣ ਨਹੀਂ ਹੋਣਗੀਆਂ। ਜੇ ਧੀਆਂ ਦੀ ਬੁਨਿਆਦ ਮਜ਼ਬੂਤ ਹੋਵੇਗੀ ਤਾਂ ਹੀ ਉਹ ਆਪਣੇ ਸੁਪਨਿਆਂ ਨੂੰ ਇਕ ਨਵੀਂ ਪਰਵਾਜ਼ ਦੇਣ ਦੇ ਕਾਬਿਲ ਹੋਣਗੀਆਂ।
ਸੰਪਰਕ: 99144-92258


Comments Off on ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.