ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ

Posted On October - 13 - 2019

ਉਨ੍ਹੀਵੀਂ ਤੇ ਵੀਹਵੀਂ ਸਦੀ ਵਿਚ ਪੱਛਮ/ਯੂਰੋਪ ਦੇ ਦੇਸ਼ਾਂ ਤੇ ਅਮਰੀਕਾ ਵਿਚ ਨਾਰੀਵਾਦੀ ਚਿੰਤਨ ਉਭਰਿਆ। ਇਨ੍ਹਾਂ ਚਿੰਤਕਾਂ ਵਿਚ ਸਾਂਦਰਾ ਲੀ ਬਰਟਕੀ ਦਾ ਨਾਂ ਮੂਹਰਲੀ ਕਤਾਰ ਵਿਚ ਆਉਂਦਾ ਹੈ। ਉਸ ਨੇ ਆਪਣੀਆਂ ਮਸ਼ਹੂਰ ਕਿਤਾਬਾਂ ‘ਫੈਮਿਨਿਟੀ ਐਂਡ ਡੋਮੀਨੇਸ਼ਨ’ ਤੇ ‘ਸਿਮਪਥੀ ਐਂਡ ਸੌਲੀਡੈਰਿਟੀ’ ਅਤੇ ਲੇਖਾਂ ਵਿਚ ਪਿੱਤਰੀ ਸੱਤਾ ਦੁਆਰਾ ਨਾਰੀ ਦੇਹ ’ਤੇ ਲਾਏ ਜ਼ਾਬਤਿਆਂ ਦਾ ਵਿਰੋਧ ਕੀਤਾ। ਤਿੰਨ ਵਰ੍ਹੇ ਪਹਿਲਾਂ 17 ਅਕਤੂਬਰ 2016 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।

ਸਵਰਾਜਬੀਰ

ਖ਼ੂਬਸੂਰਤ ਕੌਣ … ਇਹ ਫ਼ੈਸਲਾ ਕੌਣ ਕਰ ਰਿਹਾ ਹੈ?

ਸਾਂਦਰਾ ਲੀ ਬਰਟਕੀ ਨੇ ਆਪਣੀ ਪਰਖ ਪੜਚੋਲ ਲਈ ਫਰਾਂਸੀਸੀ ਫਿਲਾਸਫ਼ਰ ਮਿਸ਼ੈਲ ਫੂਕੋ ਦੇ ਵਿਚਾਰਾਂ ਦੀ ਤੰਦ ਫੜੀ। ਫੂਕੋ ਅਨੁਸਾਰ ਜਦ ਯੂਰੋਪ ਵਿਚ ਆਧੁਨਿਕਤਾ ਆ ਰਹੀ ਸੀ, ਲੋਕ-ਰਾਜ ਤੇ ਇਸ ਨਾਲ ਸਬੰਧਿਤ ਸੰਸਥਾਵਾਂ ਉਸਰ ਰਹੀਆਂ ਸਨ ਅਤੇ ਸਿਆਸੀ ਆਜ਼ਾਦੀ ਦੇ ਨਵੇਂ ਪਾਸਾਰ ਪੈਦਾ ਹੋ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਨਾਲ ਇਕ ਹਨੇਰਾ ਪੱਖ ਵੀ ਉਜਾਗਰ ਹੋ ਰਿਹਾ ਸੀ। ਉਹ ਹਨੇਰਾ ਪੱਖ ਕੀ ਸੀ? ਉਹ ਸੀ, ਪਹਿਲਾਂ ਕਦੇ ਵੀ ਨਾ ਵੇਖਿਆ ਗਿਆ ਜ਼ਾਬਤਾ ਜੋ ਮਨੁੱਖੀ ਸਰੀਰਾਂ ਨੂੰ ਕਾਬੂ ਵਿਚ ਰੱਖਣ ਲਈ ਉੱਭਰ ਰਿਹਾ ਸੀ। ਇਹ ਜ਼ਾਬਤਾ ਮਨੁੱਖੀ ਸਰੀਰਾਂ ਤੇ ਅਣਦਿਸਦੀ ਜ਼ਬਤ ’ਤੇ ਕੰਟਰੋਲ ਹਾਸਿਲ ਕਰਨਾ ਚਾਹੁੰਦਾ ਸੀ।
ਪੁਰਾਣੇ ਤੇ ਮੱਧਕਾਲੀਨ ਸਮਿਆਂ ਵਿਚ ਰਾਜਸੀ, ਸਮਾਜਿਕ ਤੇ ਆਰਥਿਕ ਜ਼ਾਬਤਿਆਂ ਨੂੰ ਲਾਗੂ ਕਰਨ ਦਾ ਹੱਕ ਸਿਰਫ਼ ਮਹਾਰਾਜੇ ਕੋਲ ਹੁੰਦਾ ਸੀ। ਲੋਕਾਂ ਨੂੰ ਸ਼ਾਹੀ ਜ਼ਾਬਤਿਆਂ ਵਿਚ ਜਕੜਣ ਅਤੇ ਹਕੂਮਤ ਦਾ ਵਫ਼ਾਦਾਰ ਰੱਖਣ ਲਈ ਜਿਹੜੇ ਤੌਰ-ਤਰੀਕੇ ਅਪਣਾਏ ਜਾਂਦੇ ਸਨ ਉਹ ਬੜੇ ਕਠੋਰ ਤੇ ਕਰੂਰ ਸਨ: ਬੇਗਾਰ ਕਰਾਉਣੀ, ਹੁਕਮ ਨਾ ਮੰਨਣ ’ਤੇ ਕੋੜੇ ਮਾਰਨਾ, ਹੱਥ-ਪੈਰ ਵੱਢ ਦੇਣਾ, ਚੌਰਾਹਿਆਂ ਵਿਚ ਫਾਂਸੀ ਦੇਣਾ ਆਦਿ। ਇਸ ਤੋਂ ਉਲਟ ਆਧੁਨਿਕ ਸਮਾਜਾਂ ਵਿਚ ਜਿਹੜੇ ਜ਼ਾਬਤੇ ਉੱਭਰੇ ਉਹ ਵੱਖ-ਵੱਖ ਸੰਸਥਾਵਾਂ (ਕੈਦਖਾਨਿਆਂ, ਹਸਪਤਾਲਾਂ, ਪਾਗਲਖਾਨਿਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ) ਰਾਹੀਂ ਉੱਭਰੇ। ਪਹਿਲਾਂ ਇਨ੍ਹਾਂ ਜ਼ਾਬਤਿਆਂ ਵਿਚ ਬਾਹਰੀ ਕਠੋਰਤਾ ਦੇ ਤੱਤ ਸਨ, ਪਰ ਹੌਲੀ ਹੌਲੀ ਇਨ੍ਹਾਂ ਦਾ ਰੂਪ ਸੂਖ਼ਮ ਹੁੰਦਾ ਗਿਆ। ਸੱਤਾ ਹੁਣ ਲੋਕਾਂ ਨੂੰ ਸਰੀਰਕ ਤੌਰ ’ਤੇ ਨਹੀਂ ਕੋਂਹਦੀ ਸਗੋਂ ਉਹ ਲੋਕਾਂ ਦੇ ਦਿਮਾਗ਼ਾਂ ਨੂੰ ਵੱਸ ਵਿਚ ਕਰਨਾ ਲੋਚਦੀ ਹੈ ਤੇ ਬਹੁਤ ਹੱਦ ਤਕ ਇਸ ਕੰਮ ਵਿਚ ਸਫ਼ਲ ਵੀ ਹੁੰਦੀ ਹੈ।
ਲੋਕਾਂ ਦੇ ਦਿਮਾਗ਼ਾਂ ਨੂੰ ਵੱਸ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਦੀ ਦਿਨਚਰਿਆ ਦੇ ਅਮਲ ’ਤੇ ਕਾਬੂ ਪਾਇਆ ਜਾਵੇ ਭਾਵ ਇਹ ਵੇਖਿਆ ਜਾਵੇ ਕਿ ਮਨੁੱਖ ਦਾ ਸਰੀਰ ਦਿਨ ਦੇ ਵੱਖ-ਵੱਖ ਸਮਿਆਂ ਵਿਚ ਕੀ ਕਰਦਾ ਹੈ ਤੇ ਅਣਦਿਸਦੇ ਤਰੀਕਿਆਂ ਰਾਹੀਂ ਉਸ ਸਮੇਂ ਨੂੰ ਜ਼ਾਬਤੇ ਵਿਚ ਬੰਨ੍ਹਿਆ ਜਾਏ।
ਫੂਕੋ ਅਨੁਸਾਰ ਇਨ੍ਹਾਂ ਆਧੁਨਿਕ ਜ਼ਾਬਤਿਆਂ ਦਾ ਮੁੱਖ ਮਕਸਦ ਅਸੀਲ ਸਰੀਰ (docile bodies) ਪੈਦਾ ਕਰਨਾ ਹੈ, ਉਹ ਸਰੀਰ ਜਿਹੜੇ ਸੱਤਾਮਈ ਵਰਤਾਰਿਆਂ ਨੂੰ ਮੰਨਣ ਵਾਲੇ ਹੋਣ ਤੇ ਵੱਧ ਤੋਂ ਵੱਧ ਪੈਦਾਵਰ ਕਰਨ; ਜਬਰ ਰਾਹੀਂ ਨਹੀਂ ਸਗੋਂ ਖ਼ੁਦ ਬਣਾਏ ਤੇ ਅਪਣਾਏ ਸੰਜਮ ਰਾਹੀਂ। ਇਹ ਜ਼ਾਬਤੇ ਅਸੀਂ ਘਰਾਂ, ਸਕੂਲਾਂ, ਕਾਲਜਾਂ, ਅਖ਼ਬਾਰਾਂ, ਟੈਲੀਵਿਜ਼ਨਾਂ, ਫ਼ਿਲਮਾਂ, ਕਿਤਾਬਾਂ ਤੇ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਸਿੱਖਦੇ ਹਾਂ ਤੇ ਅਸੀਲ ਸਰੀਰ ਬਣ ਜਾਂਦੇ ਹਾਂ। ਇਹ ਅਸੀਲ ਸਰੀਰ ਜ਼ਿਆਦਾ ਪੈਦਾਵਾਰ ਕਰਨ ਲਈ ਵਿੱਤੋਂ ਵੱਧ ਸਮਾਂ ਦੇਣ ਲਈ ਤਿਆਰ ਹੁੰਦੇ ਹਨ; ਇਨ੍ਹਾਂ ਨੂੰ ਸੰਜਮ ਵਿਚ ਰੱਖਣ ਲਈ ਕੋਰੜੇ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ; ਇਹ ਆਪਣੇ ਮਨਾਂ ਤੇ ਦਿਮਾਗ਼ਾਂ ’ਤੇ ਕੋਰੜੇ ਆਪ ਮਾਰਦੇ ਹਨ ਅਤੇ ਆਪਣੇ ਆਪ ਨੂੰ ਦੇਸ਼, ਸਮਾਜ ਤੇ ਸਥਾਪਤ ਸਮਾਜਿਕ ਨਿਯਮਾਂ ਨਾਲ ਵਫ਼ਾ ਪਾਲਣ ਵਾਲੇ ਸ਼ਹਿਰੀਆਂ ਵਜੋਂ ਪੇਸ਼ ਕਰਕੇ ਖ਼ੁਸ਼ ਹੁੰਦੇ ਹਨ। ਇਨ੍ਹਾਂ ਜ਼ਾਬਤਿਆਂ ਦਾ ਰੂਪ ਹੁਣ ਓਦਾਂ ਦਾ ਨਹੀਂ ਜਿੱਦਾਂ ਦਾ ਜਾਗੀਰਦਾਰੀ ਦੌਰ ਦੇ ਦੌਰਾਨ ਸੀ। ਇਸ ਤਰ੍ਹਾਂ ਇਨ੍ਹਾਂ ਜ਼ਾਬਤਿਆਂ ਦਾ ਰੂਪ ਸੂਖ਼ਮ ਤੇ ਚਿਹਰਾਹੀਣ ਹੈ। ਇਹ ਸਮਾਜ ਦੀ ਰਗ-ਰਗ ਵਿਚ ਸਮਾਏ ਹੋਏ ਹਨ। ਸੱਤਾਮਈ ਤਾਕਤ ਹਰ ਥਾਂ ’ਤੇ ਮੌਜੂਦ ਹੈ, ਪਰ ਦਿਸਦੀ ਨਹੀਂ। ਅਸੀਂ ਇਨ੍ਹਾਂ ਜ਼ਾਬਤਿਆਂ ਦੇ ਅਧੀਨ ਵਿਚਰਦੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਾਂ ਤੇ ਅਸੀਂ ਆਪਣੇ ਜੇਲ੍ਹਰ ਖ਼ੁਦ ਆਪ ਬਣ ਜਾਂਦੇ ਹਾਂ।
ਏਥੇ ਫੂਕੋ ਦੀ ਆਲੋਚਨਾ ਹੋ ਸਕਦੀ ਹੈ ਕਿ ਸਭ ਸਰੀਰ ਅਸੀਲ ਨਹੀਂ ਬਣਦੇ; ਸਰੀਰਾਂ ਵਿਚ ਕਾਮਨਾ ਹੁੰਦੀ ਹੈ, ਆਪਮੁਹਾਰਾਪਣ ਤੇ ਵਿਦਰੋਹ ਦੀ ਭਾਵਨਾ ਹੁੰਦੀ ਹੈ ਤੇ ਸਰੀਰ ਵਿਦਰੋਹ ਕਰਦੇ ਵੀ ਹਨ; ਭਾਵ ਸਰੀਰ ਅਸੀਲ ਬਣ ਜਾਂਦੇ ਹਨ ਪਰ ਉਨ੍ਹਾਂ ਵਿਚ ਇਹ ਵਿਦਰੋਹੀ ਕਣ ਮੌਜੂਦ ਰਹਿੰਦੇ ਹਨ ਤੇ ਇਹ ਕਣ ਕਦੇ ਵੀ ਫੁੱਟ ਕੇ ਬਾਹਰ ਆ ਸਕਦੇ ਹਨ।

ਅਸੀਲ ਦੇਹਾਂ

ਬਰਟਕੀ, ਫੂਕੋ ਨਾਲ ਅਸਹਿਮਤੀ ਜ਼ਾਹਰ ਕਰਦਿਆਂ ਕਹਿੰਦੀ ਹੈ ਕਿ ਫੂਕੋ ਮਰਦ ਤੇ ਨਾਰੀ ਸਰੀਰਾਂ ਵਿਚਲੇ ਫ਼ਰਕ ਨੂੰ ਨਹੀਂ ਪਛਾਣਦਾ। ਬਰਟਕੀ ਅਨੁਸਾਰ ਔਰਤ ਦੀ ਦੇਹ ਨੂੰ ਜ਼ਿਆਦਾ ਅਸੀਲ ਬਣਾਇਆ ਜਾਂਦਾ ਹੈ, ਜ਼ਿਆਦਾ ਹੁਕਮ ਮੰਨਣ ਵਾਲੀ, ਜ਼ਿਆਦਾ ਸਾਊ। ਆਪਣੇ ਲੇਖ ‘ਫੂਕੋ, ਫੈਮਨਿਨਿਟੀ ਐਂਡ ਮੌਡਰਨਾਈਜੇਸ਼ਨ ਆਫ਼ ਪੈਟਰੀਆਕਲ ਪਾਵਰ’ ਵਿਚ ਉਹ ਉਨ੍ਹਾਂ ਜ਼ਾਬਤਿਆਂ ਦਾ ਜ਼ਿਕਰ ਕਰਦੀ ਹੈ ਜਿਹੜੇ ਉਸ ਨਾਰੀ-ਦੇਹ ਦਾ ਤਸੱਵਰ/ਸੰਕਲਪ ਉਭਾਰਦੇ ਹਨ ਜਿਸ ਵਿਚ ਹਾਵਾਂ ਭਾਵਾਂ ਤੇ ਦਿੱਖ ਪੱਖੋਂ ਨਾਰੀਤਵ ਜਾਂ ਇਸਤਰੀਤਵ ਸਮੋਇਆ ਹੋਇਆ ਹੋਵੇ (ਭਾਵ ਨਾਰੀ-ਦੇਹ ਜੋ ਮਰਦ-ਨਜ਼ਰ ਅਨੁਸਾਰ ਸੋਹਣੀ ਤੇ ਸੁਨੱਖੀ ਹੋਵੇ) ਪਰ ਹੋਵੇ ਸੰਜਮ ਵਿਚ ਢਲੀ ਹੋਈ। ਉਹ ਨਾਰੀ-ਦੇਹ ਨੂੰ ਅਸੀਲ ਬਣਾਉਣ ਦੇ ਤਰੀਕਿਆਂ ਨੂੰ ਤਿੰਨ ਵਰਗਾਂ ਵਿਚ ਵੰਡਦੀ ਹੈ।
ਪਹਿਲੇ ਵਰਗ ਵਿਚ ਉਹ ਉਨ੍ਹਾਂ ਨਿਯਮਾਂ ਨੂੰ ਰੱਖਦੀ ਹੈ ਜਿਹੜੇ ਨਾਰੀ-ਦੇਹ ਵਾਸਤੇ ਇਹ ਨਿਸ਼ਚਿਤ ਕਰਦੇ ਹਨ ਉਹਦਾ ਆਕਾਰ ਤੇ ਬਣਤਰ ਕਿਹੋ ਜਿਹੀ ਹੋਵੇ। ਇਹ ਮਰਦ ਦੀ ਸੋਚ, ਸਮਝ ਤੇ ਕਲਪਨਾ ਹੈ ਜੋ ਔਰਤ ਨੂੰ ਇਹ ਦੱਸ ਰਹੀ ਹੈ ਕਿ ਉਸ ਦੀ ਦੇਹ ਦਾ ਰੂਪ-ਸਰੂਪ ਕਿਸ ਤਰ੍ਹਾਂ ਦਾ ਹੋਵੇ। ਸਿਨੇਮੇ ਦੀ ਦੁਨੀਆਂ, ਫੈਸ਼ਨ ਮੈਗਜ਼ੀਨਾਂ, ਫੈਸ਼ਨ ਸ਼ੋਆਂ ਤੇ ਤਜ਼ਾਰਤੀ ਸੰਸਾਰ ਵਿਚ ਇਹ ਮਰਦ ਹੈ ਜੋ ਇਹ ਤੈਅ ਕਰ ਰਿਹਾ ਹੈ ਕਿ ਔਰਤ ਦੇ ਆਕਾਰ ਤੇ ਸੁੰਦਰਤਾ ਦਾ ਮੁੱਢਲਾ ਮਾਪਦੰਡ ਉਹਦਾ ਪਤਲੇ ਹੋਣਾ ਹੈ। ਪਤਲੇਪਣ ਦੇ ਇਸ ਖ਼ਿਆਲ ਦੇ ਆਲੇ ਦੁਆਲੇ ਇਕ ਵੱਖਰਾ ਸੰਸਾਰ ਉਸਾਰਿਆ ਜਾਂਦਾ ਹੈ ਜੋ ਦੱਸਦਾ ਹੈ ਕਿ ਨਾਰੀ-ਦੇਹ ਦੇ ਭਿੰਨ ਭਿੰਨ ਹਿੱਸੇ ਜਿਵੇਂ ਛਾਤੀਆਂ, ਪੱਟ, ਨਿਤੰਭ ਆਦਿ ਕਿਸ ਤਰ੍ਹਾਂ ਤੇ ਕਿਸ ਮਾਪ ਦੇ ਹੋਣ। ਮਰਦਾਂ ਦੀ ਇਸ ਤਰ੍ਹਾਂ ਦੀ ਹਾਵੀ ਸੋਚ ਨੂੰ ਕਿਮ ਚੈਰਨਿਨ ‘‘ਪਤਲੇਪਣ ਦੀ ਤਾਨਾਸ਼ਾਹੀ ਵਾਲੀ ਸੋਚ’’ ਜਾਂ ‘‘ਪਤਲੇ ਰਹਿਣ ਦੀ ਸੋਚ ਦੀ ਤਾਨਾਸ਼ਾਹੀ’’ (Tyranny of Slenderness) ਕਹਿੰਦੀ ਹੈ। ਪਤਲੇ ਰਹਿਣ ਲਈ ਉਸ ਨੂੰ ਘੱਟ ਖਾਣ ਭਾਵ ਡਾਈਟਿੰਗ ਕਰਨ ਲਈ ਕਿਹਾ ਜਾਂਦਾ ਹੈ। ਏਹੋ ਜੇਹੀ ਸੋਚ ਦੀ ਰੌਸ਼ਨੀ ਵਿਚ ਔਰਤ ਆਪਣੇ ਸਰੀਰ ਨੂੰ ਹੀ ਆਪਣਾ ਵੈਰੀ ਸਮਝ ਬੈਠਦੀ ਹੈ। ਇਸ ਤਰ੍ਹਾਂ ਦੀ ਸੋਚ ਔਰਤਾਂ ਦੇ ਦਿਮਾਗ਼ਾਂ ਵਿਚ ਬਹੁਤ ਛੋਟੀ ਉਮਰ ਤੋਂ ਹੀ ਠੋਸੀ ਜਾਂਦੀ ਹੈ।
ਬਰਟਕੀ ਅਨੁਸਾਰ ਜੋ ਔਰਤਾਂ ਪਤਲੀਆਂ ਬਣੇ ਰਹਿਣ ਵਿਚ ਕਾਮਯਾਬ ਨਹੀਂ ਰਹਿ ਸਕਦੀਆਂ ਉਹ ਅੰਦਰੋ-ਅੰਦਰੀ ਆਪਣੇ ਆਪ ਨੂੰ ਕੋਸਦੀਆਂ ਹਨ। ਉਨ੍ਹਾਂ ਵਿਚ ਦੋਸ਼ ਭਾਵਨਾ ਪਨਪਦੀ ਹੈ। ਇਹ ਵਰਤਾਰਾ ਇਸ ਕਰਕੇ ਵਾਪਰਦਾ ਹੈ ਕਿਉਂਕਿ ਆਲੇ-ਦੁਆਲੇ ਦੇ ਸਭਿਆਚਾਰਕ ਸੰਸਾਰ ’ਚੋਂ ਔਰਤਾਂ ਨੂੰ ਇਹ ਸੰਕੇਤ ਮਿਲਦੇ ਹਨ ਕਿ ਜੇ ਉਨ੍ਹਾਂ ਦੇ ਸਰੀਰ, ਮਿੱਥੇ ਹੋਏ ਮਾਪਦੰਡਾਂ ਤੋਂ ਅਗਾਂਹ-ਪਿਛਾਂਹ ਹੋ ਗਏ ਤਾਂ ਉਹ ਅਣਚਾਹੀਆਂ ਹੋ ਜਾਣਗੀਆਂ ਅਤੇ ਉਨ੍ਹਾਂ ਦੀ ਸਮਾਜਿਕ ਹੈਸੀਅਤ ਤੇ ਅਕਸ ਵਿਚ ਫ਼ਰਕ ਪਵੇਗਾ। ਬਰਟਕੀ ਲਿਖਦੀ ਹੈ ਕਿ ਔਰਤ-ਦੇਹ ਦੇ ਅੱਲ੍ਹੜ ਉਮਰ ਵਾਲੇ ਸਰੀਰ ਦਾ ਮਾਪਦੰਡ ਥੋਪਿਆ ਜਾ ਰਿਹਾ ਹੈ, ਜਦ ਸਰੀਰ ਲਿੱਸਾ, ਲਚਕੀਲਾ ਤੇ ਪਤਲਾ ਹੁੰਦਾ ਹੈ, ਮਾਸ ਤੇ ਚਰਬੀ ਦੀ ਬਹੁਤਾਤ ਨਹੀਂ ਹੁੰਦੀ; ਸਰੀਰਕ ਤਜਰਬਾ ਨਹੀਂ ਹੁੰਦਾ।
ਸਿਮੋਨ ਦਬੂਆ ਦਾ ਮਸ਼ਹੂਰ ਕਥਨ ਹੈ ਕਿ ਮਾਦਾ ਜੀਵ ‘ਔਰਤ ਵਜੋਂ ਨਹੀਂ ਜੰਮਦੀ ਸਗੋਂ ਔਰਤ ਬਣ ਜਾਂਦੀ ਹੈ।’ ਉਹ ਲਿਖਦੀ ਹੈ ਕਿ ‘‘ਔਰਤਾਂ ਦਾ ਨਾ ਕੋਈ ਅਤੀਤ ਹੈ, ਨਾ ਇਤਿਹਾਸ ਤੇ ਨਾ ਕੋਈ ਆਪਣਾ ਧਰਮ।’’ ਬਰਟਕੀ ਅਨੁਸਾਰ ‘‘ਅਸੀਂ ਨਰ ਜਾਂ ਮਾਦਾ ਵਜੋਂ ਜੰਮਦੇ ਹਾਂ, ਮਰਦ ਜਾਂ ਔਰਤ ਵਜੋਂ ਨਹੀਂ। ਤ੍ਰੀਮਤਪਣ (ਤ੍ਰੀਮਤਪਣ ਕੀ ਹੈ, ਦਾ ਸੋਚ-ਚੌਖਟਾ) ਇਕ ਹਥਕੰਡਾ ਹੈ, ਇਕ ਚਾਲ’’; ਭਾਵ ਔਰਤਾਂ ’ਤੇ ਥੋਪਿਆ ਜਾਂਦਾ ਤ੍ਰੀਮਤਪਣ, ਮਰਦਾਂ ਦੀ ਸੋਚ ਸਮਝ ਦੁਆਰਾ ਬੁਣਿਆ ਗਿਆ ਜਾਲ ਹੈ; ਵਿਚਾਰਾਂ, ਰੀਤੀ ਰਿਵਾਜਾਂ, ਕਥਿਤ ਮਰਿਆਦਾ ਤੇ ਪਿੱਤਰੀ ਸੋਚ ਅਤੇ ਇਸ ਤਾਣੇ-ਬਾਣੇ ਰਾਹੀਂ ਬੁਣੀ ਗਈ ਭਾਸ਼ਾ ਦਾ ਜਾਲ। ਔਰਤਾਂ ਇਸ ਜਾਲ ਵਿਚ ਫਸ ਜਾਂਦੀਆਂ ਹਨ।
ਦੂਸਰੇ ਵਰਗ ਦੇ ਜ਼ਾਬਤਿਆਂ ਦੀ ਚਰਚਾ ਕਰਦਿਆਂ ਬਰਟਕੀ ਲਿਖਦੀ ਹੈ ਕਿ ਔਰਤਾਂ ਤੇ ਮਰਦਾਂ ਦੀਆਂ ਸਰੀਰਕ ਹਰਕਤਾਂ; ਸੈਨਤਾਂ ਕਰਨ ਦੇ ਤੌਰ-ਤਰੀਕਿਆਂ, ਬਹਿਣ-ਖਲੋਣ ਤੇ ਤੁਰਨ-ਫਿਰਨ ਦੇ ਅੰਦਾਜ਼ਾਂ ਵਿਚ ਕਾਫ਼ੀ ਫ਼ਰਕ ਦਿਖਾਈ ਦਿੰਦੇ ਹਨ। ਔਰਤਾਂ ਦੀਆਂ ਸਰੀਰਕ ਹਰਕਤਾਂ ਦਾ ਸੰਸਾਰ ਮਰਦਾਂ ਦੇ ਮੁਕਾਬਲੇ ਬਹੁਤ ਬੰਦਿਸ਼ਾਂ ਵਾਲਾ ਹੈ। ਆਈਰਸ ਯੰਗ ਅਨੁਸਾਰ ਔਰਤਾਂ ਇਹ ਸੋਚਦੀਆਂ ਜਾਂ ਕਲਪਨਾ ਕਰਦੀਆਂ ਹਨ ਕਿ ਉਨ੍ਹਾਂ ਲਈ ਉਨ੍ਹਾਂ ਦੇ ਆਲੇ-ਦੁਆਲੇ ਇਕ ਖ਼ਾਸ ਤਰ੍ਹਾਂ ਦੀ ਥਾਂ ਜਾਂ ਸਪੇਸ ਨਿਸ਼ਚਿਤ ਕੀਤੀ ਗਈ ਹੈ ਜਿਸ ਤੋਂ ਅਗਾਂਹ ਜਾਣ ’ਤੇ ਉਹ ਝਿਜਕਦੀਆਂ ਹਨ।

ਅਣਦਿਸਦੇ ਨਿਯਮ ਤੇ ਬੰਦਿਸ਼ਾਂ

ਬਰਟਕੀ ਅਨੁਸਾਰ ਪਾਬੰਦੀ ਵਾਲੇ ਇਹ ਵਰਤਾਰੇ ਔਰਤਾਂ ਦੇ ਸਰੀਰਕ ਵਿਹਾਰ ਲਈ ਇਕ ਤਰ੍ਹਾਂ ਦੇ ਨਿਯਮ ਬਣ ਜਾਂਦੇ ਹਨ। ਇਹ ਵਰਤਾਰੇ ਖੇਡਾਂ ਜਾਂ ਹੋਰ ਕੰਮ ਜਿਨ੍ਹਾਂ ਵਿਚ ਸਰੀਰਕ ਬਲ ਦੀ ਜ਼ਿਆਦਾ ਲੋੜ ਹੁੰਦੀ ਹੈ, ਵਿਚ ਸਾਫ਼ ਤੇ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੇ ਹਨ, ਪਰ ਉਸ ਤੋਂ ਵੀ ਜ਼ਿਆਦਾ ਸੂਖ਼ਮ ਤਰੀਕੇ ਨਾਲ ਇਹ ਵਰਤਾਰੇ ਸਧਾਰਨ ਜ਼ਿੰਦਗੀ ਵਿਚ ਦਿਖਾਈ ਦਿੰਦੇ ਹਨ। ਜਿਹੜੀਆਂ ਔਰਤਾਂ ਇਨ੍ਹਾਂ ਬੰਦਸ਼ਮਈ ਅੰਦਾਜ਼ਾਂ ਦੀ ਉਲੰਘਣਾ ਕਰਦੀਆਂ ਹਨ, ਉਨ੍ਹਾਂ ਨੂੰ ‘ਬੇਸ਼ਰਮ’ ਜਾਂ ‘ਚਾਲੂ’ ਕਿਹਾ ਜਾਂਦਾ ਹੈ। ਜਰਮਨ ਫ਼ੋਟੋਗ੍ਰਾਫ਼ਰ ਮੈਰੀਅਨ ਵੈਕਸ ਦੀਆਂ ਖਿੱਚੀਆਂ ਤਸਵੀਰਾਂ ਦੇ ਹਵਾਲੇ ਨਾਲ ਬਰਟਕੀ ਦਰਸਾਉਂਦੀ ਹੈ ਕਿ ਕਿਵੇਂ ਬੱਸਾਂ, ਰੇਲ-ਗੱਡੀਆਂ, ਬਾਗ਼ਾਂ-ਬਗੀਚਿਆਂ, ਦਫ਼ਤਰਾਂ, ਹੋਟਲਾਂ ਤੇ ਹੋਰ ਸਰਵਜਨਕ ਸਥਾਨਾਂ ਵਿਚ ਔਰਤਾਂ ਸੰਕੋਚਮਈ ਢੰਗ ਨਾਲ ਬਹਿੰਦੀਆਂ-ਖਲੋਂਦੀਆਂ, ਚੱਲਦੀਆਂ-ਫਿਰਦੀਆਂ ਤੇ ਵਿਚਰਦੀਆਂ ਹਨ ਤਾਂ ਕਿ ਉਹ ਮਾਸੂਮ ਤੇ ਨੁਕਸਾਨ-ਰਹਿਤ ਲੱਗਣ ਜਦੋਂ ਕਿ ਮਰਦ ਆਜ਼ਾਦਾਨਾ ਤੌਰ-ਤਰੀਕਿਆਂ ਨਾਲ ਘੁੰਮਦੇ ਫਿਰਦੇ ਤੇ ਵਿਚਰਦੇ ਹਨ; ਔਰਤ ਦੀ ਟਕਸਾਲੀ ਸਰੀਰਕ ਭਾਸ਼ਾ ਕਸ਼ਮਕਸ਼ ਤੇ ਤਣਾਉ ਵਿਚ ਫਸੇ ਹੋਏ ਸਰੀਰ ਵਾਲੀ ਭਾਸ਼ਾ ਹੈ; ਆਪਣੇ ਆਪ ਨੂੰ ਸੁੰਗੜਾਉਣ ਜਾਂ ਆਪਣੇ ਆਪ ਵਿਚ ਸੁੰਗੜ ਕੇ ਰਹਿ ਜਾਣ ਵਾਲੀ ਸਰੀਰਕ ਭਾਸ਼ਾ; ਅਧੀਨਗੀ ਵਾਲੀ, ਜਿਹੜੀ ਸਮਾਜ ਵਿਚ ਮਰਦ ਦੇ ‘ਉੱਚੇ’ ਰੁਤਬੇ ਨੂੰ ਸਵੀਕਾਰ ਕਰਦੀ ਹੈ।
ਔਰਤਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਮਰਦਾਂ ਦੀਆਂ ਨਜ਼ਰਾਂ ਨਾਲ ਨਜ਼ਰਾਂ ਨਾ ਮਿਲਾਉਣ, ਪਲਕਾਂ ਝੁਕਾ ਕੇ ਰੱਖਣ, ਸ਼ਰਮ-ਹਯਾ ਦੇ ਪਰਦੇ ਬਣਾਈ ਰੱਖਣ। ‘ਚੰਗੀਆਂ’ ਕੁੜੀਆਂ ਇਹ ਸਭ ਕੁਝ ਸਿੱਖ ਜਾਂਦੀਆਂ ਹਨ। ਔਰਤਾਂ ਨੂੰ ਇਹ ਸਿੱਖਿਆ ਵੀ ਦਿੱਤੀ ਜਾਂਦੀ ਹੈ ਕਿ ਮਰਦਾਂ ਤੋਂ ਜ਼ਿਆਦਾ ਮੁਸਕਰਾਉਣ। ਔਰਤਾਂ ਲਈ ਟਕਸਾਲੀ ਸਮਝੀਆਂ ਜਾਂਦੀਆਂ ਨੌਕਰੀਆਂ ਵਿਚ ਕੋਮਲਤਾ, ਸਤਿਕਾਰ ਨਾਲ ਪੇਸ਼ ਆਉਣਾ, ਨਿਮਰ ਹੋਣਾ ਤੇ ਸੇਵਾ ਕਰਨ ਲਈ ਹਰਦਮ ਤਿਆਰ ਰਹਿਣ ਨੂੰ ਨੌਕਰੀ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ। ਕੰਮ ਕਰਨ ਵਾਲੀ ਔਰਤ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਭਾਵੇਂ ਉਹਦੇ ਅੰਦਰੂਨੀ ਹਾਲਾਤ ਕਿੰਨੀ ਵੀ ਬੇਚੈਨੀ ਵਾਲੇ ਕਿਉਂ ਨਾ ਹੋਣ, ਪਰ ਉਹ ਉਨ੍ਹਾਂ ਨੂੰ ਬਾਹਰ ਜ਼ਾਹਰ ਨਾ ਹੋਣ ਦੇਵੇ ਤੇ ਹੋਠਾਂ ’ਤੇ ਮੁਸਕਰਾਹਟ ਚਿਪਕਾਈ ਰੱਖੇ। ਕੋਮਲਤਾ ਦੇ ਨਾਲ ਨਾਲ ਉਸ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਉਸ ਦੇ ਹਾਵ-ਭਾਵ ਤੇ ਹਰਕਤਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਕਾਮੁਕਤਾ ਤੇ ਮਰਦ-ਮਨ ਨੂੰ ਲੁਭਾਉਣ ਵਾਲੇ ਅੰਦਾਜ਼ ਹੋਣ ਜਿਨ੍ਹਾਂ ’ਤੇ ਹਯਾ ਦਾ ਮਹੀਨ ਪਰਦਾ ਪਿਆ ਹੋਵੇ।
ਜ਼ਾਬਤਿਆਂ ਦੇ ਤੀਸਰੇ ਵਰਗ ਦੀਆਂ ਪਰਤਾਂ ਫਰੋਲਦੀ ਬਰਟਕੀ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਔਰਤ ਦਾ ਸਰੀਰ ਸ਼ਿੰਗਾਰਮਈ ਧਰਾਤਲ ਵੀ ਹੈ ਤੇ ਮਰਦ ਨੇ ਇਸ ਲਈ ਵੱਖਰੀ ਤਰ੍ਹਾਂ ਦਾ ਨਿਜ਼ਾਮ ਪੈਦਾ ਕੀਤਾ ਹੈ; ਜਿਵੇਂ ਇਕ ਤਰ੍ਹਾਂ ਦੀਆਂ ਹਦਾਇਤਾਂ ਇਹ ਹਨ ਕਿ ਔਰਤ ਦੀ ਚਮੜੀ ਕੋਮਲ, ਨਰਮ, ਕੂਲੀ, ਸਾਫ਼, ਸੋਹਲ, ਮੁਲਾਇਮ, ਚਿਕਨੀ ਤੇ ਵਾਲਹੀਣ ਹੋਣੀ ਚਾਹੀਦੀ ਹੈ। ਇਸ ਚਮੜੀ ਉੱਤੇ ਉਮਰ, ਅਨੁਭਵ, ਡੂੰਘੀ ਸੋਚ ਤੇ ਜ਼ਿੰਦਗੀ ਦੀ ਟੁੱਟ-ਭੱਜ ਦੀਆਂ ਪੈੜਾਂ ਨਹੀਂ ਝਲਕਣੀਆਂ ਚਾਹੀਦੀਆਂ। ਵਾਲ ਚਿਹਰੇ ਤੋਂ ਹੀ ਨਹੀਂ ਸਗੋਂ ਸਰੀਰ ਦੇ ਹੋਰਨਾਂ ਹਿੱਸਿਆਂ ਤੋਂ ਵੀ ਉਖਾੜ ਦੇਣੇ ਚਾਹੀਦੇ ਹਨ। ਵਾਲਾਂ ਨੂੰ ਚਮੜੀ ਤੋਂ ਲਾਹੁਣ ਦੇ ਤਰੀਕਿਆਂ ਦੀ ਆਪਣੀ ਸਨਅਤ ਹੈ ਜਿਸ ਵਿਚ ਵਾਲ-ਸਾਫ਼ ਕਰਨ ਵਾਲੀਆਂ ਕ੍ਰੀਮਾਂ, ਘੋਲ ਤੇ ਗਰਮ ਮੋਮ ਲਾਉਣੀ, ਪਾਣੀ ਥਾਣੀਂ ਬਿਜਲੀ ਲੰਘਾ ਕੇ ਜਾਂ ਲੇਜ਼ਰ ਰਾਹੀਂ ਵਾਲ ਲਾਹੁਣੇ ਆਦਿ ਸ਼ਾਮਿਲ ਹਨ। ਗੱਲ ਕੀ ਔਰਤ ਦੀ ਚਮੜੀ ਨੂੰ ਏਦਾਂ ਰੰਦਿਆ ਜਾਣਾ ਚਾਹੀਦਾ ਹੈ ਕਿ ਉਹ ਕੋਮਲ ਤੇ ਮੁਲਾਇਮ ਲੱਗੇ।
ਬਰਟਕੀ ਲਿਖਦੀ ਹੈ ਕਿ ਸਾਨੂੰ ਦੱਸਿਆ ਜਾਂਦਾ ਹੈ ਕਿ ਇਹ ਖ਼ੁਦ ਔਰਤਾਂ ਹਨ ਜਿਹੜੀਆਂ ਇਕ ਦੂਸਰੇ ਤੋਂ ਚੰਗੀਆਂ ਤੇ ਸੋਹਣੀਆਂ ਦਿਸਣ ਲਈ ਇਹ ਸਭ ਕੁਝ ਕਰਦੀਆਂ ਹਨ। ਇਹਦੇ ਵਿਚ ਕੁਝ ਸੱਚ ਵੀ ਹੈ, ਪਰ ਅੰਦਰੋ-ਅੰਦਰੀ ਔਰਤਾਂ ਇਹ ਜਾਣਦੀਆਂ ਹਨ ਕਿ ਖੇਡ ਕਿਹਦੇ ਲਈ ਖੇਡੀ ਜਾ ਰਹੀ ਹੈ; ਮਰਦ-ਨਜ਼ਰ ਵਿਚ ਪਰਵਾਨ ਹੋਣ ਲਈ। ਜਿਵੇਂ ਸਿਮੋਨ ਦਬੂਆ ਕਹਿੰਦੀ ਹੈ ‘‘ਇਹ ਮਰਦ ਲਈ ਹੈ ਕਿ ਅੱਖਾਂ ਨਿਰਮਲ ਝੀਲ ਵਰਗੀਆਂ ਹੋਣ ਤੇ ਗੱਲ੍ਹਾਂ, ਬਾਲਾਂ ਦੀਆਂ ਗੱਲ੍ਹਾਂ ਵਾਂਗ ਕੋਮਲ।’’ ਇਸ ਤਰ੍ਹਾਂ ਪਿੱਤਰੀ ਸਭਿਆਚਾਰ ’ਚ ਵਿਚਰਦੀ ਹਰ ਔਰਤ ਦੀ ਚੇਤਨਾ ਦੇ ਅੰਦਰ ਇਕ ਮਰਦ-ਪਾਰਖੂ ਬੈਠਾ ਹੋਇਆ ਹੈ। ਔਰਤਾਂ ਸੋਚਦੀਆਂ ਹਨ ਕਿ ਉਹ ਆਪਣੀ ਮਨਮਰਜ਼ੀ ਕਰ ਰਹੀਆਂ ਹਨ, ਪਰ ਅਸਲ ਵਿਚ ਉਹ ਆਤਮ-ਸਾਤ ਕੀਤੀ ਮਰਦ ਸੋਚ ਅਨੁਸਾਰ ਸਜਦੀਆਂ ਸੰਵਰਦੀਆਂ ਹਨ।
ਇਹ ਤਰਕ ਵੀ ਪੇਸ਼ ਕੀਤਾ ਜਾਂਦਾ ਹੈ ਕਿ ਸੋਹਣੀ ਦੇਹ ਸਮਾਜ ਵਿਚ ਸ਼ਲਾਘਾ ਖੱਟਦੀ ਹੈ। ਬਰਟਕੀ ਦੀ ਦਲੀਲ ਹੈ ਕਿ ਦੱਬੀ ਘੁਟਵੀਂ ਸ਼ਲਾਘਾ ਤਾਂ ਹੁੰਦੀ ਹੈ, ਪਰ ਸੋਹਣੀ ਤੇ ਕਾਮਮਈ ਦੇਹ ਨੂੰ ਅਸਲੀ ਇੱਜ਼ਤ ਤੇ ਸਮਾਜਿਕ ਸ਼ਕਤੀ ਕਦੀ ਵੀ ਨਹੀਂ ਮਿਲਦੀ। ਸ਼ਲਾਘਾ ਦੇ ਨਾਲ-ਨਾਲ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਇਸ ਕੁੜੀ ਜਾਂ ਜ਼ਨਾਨੀ ਨੂੰ ਤਾਂ ਆਪਣੇ ਸੋਹਣੇ ਦਿਸਣ ਨਾਲ ਹੀ ਵਾਸਤਾ ਹੈ; ਜਿੱਦਾਂ ਅਸੀਂ ਪੰਜਾਬੀ ਵਿਚ ਕਹਿੰਦੇ ਹਾਂ ਏਹੋ ਜਿਹੀਆਂ ਕੁੜੀਆਂ (ਜਾਂ ਜ਼ਨਾਨੀਆਂ) ਨੇ ਹੋਰ ਕਰਨਾ ਵੀ ਕੀ ਹੈ।
ਬਰਟਕੀ ਸਵਾਲ ਉਠਾਉਂਦੀ ਹੈ ਕਿ ਨਾਰੀਤਵ ਦਾ ਜ਼ਾਬਤਿਆਂ ਵਾਲਾ ਇਹ ਪਿੱਤਰੀ ਨਿਜ਼ਾਮ ਲਾਗੂ ਕੌਣ ਕਰਦਾ ਹੈ? ਇਹ ਵਿਧਾਨ ਮਾਪਿਆਂ, ਅਧਿਆਪਕਾਂ ਤੇ ਸੰਚਾਰ ਦੇ ਸਾਧਨਾਂ ਰਾਹੀਂ ਸੰਚਾਰਿਤ ਤੇ ਲਾਗੂ ਹੁੰਦਾ ਹੈ। ਇਹ ਕਿਤੇ ਲਿਖਿਆ ਹੋਇਆ ਨਹੀਂ, ਪਰ ਇਹ ਹਰ ਥਾਂ ਮੌਜੂਦ ਹੈ। ਇਹ ਹਰ ਖੇਤਰ ਤੇ ਹਰ ਸੰਸਥਾ ਵਿਚ ਮੌਜੂਦ ਹੈ ਤੇ ਸੰਸਥਾਵਾਂ ਤੋਂ ਆਜ਼ਾਦ ਵੀ। ਇਸ ਵਿਧਾਨ ਦੀ ਇਹ ਗੁੰਮਨਾਮੀ ਵਾਲੀ, ਹਰ ਥਾਂ ’ਤੇ ਇਕੋ ਵੇਲੇ ਹਾਜ਼ਰ ਤੇ ਗ਼ਾਇਬ ਰਹਿਣ ਵਾਲੀ ਤਾਕਤ ਹੀ ਇਸ ਦੀ ਅਸਲੀ ਤਾਕਤ ਹੈ।
ਇਸ ਸਾਰੀ ਬਹਿਸ ਦਾ ਨਤੀਜਾ ਕੀ ਨਿਕਲਦਾ ਹੈ? ਬਰਟਕੀ ਅਨੁਸਾਰ ਜਿਹੜੀਆਂ ਔਰਤਾਂ ਇਨ੍ਹਾਂ ਸਰੀਰਕ ਜ਼ਾਬਤਿਆਂ ਦੀ ਉਲੰਘਣਾ ਕਰਦੀਆਂ ਹਨ, ਉਨ੍ਹਾਂ ਨੂੰ ਮਰਦਾਂ ਦੀ ਸਰਪ੍ਰਸਤੀ ਨਹੀਂ ਮਿਲਦੀ; ਮਨਚਾਹੀਆਂ ਨੌਕਰੀਆਂ ਨਹੀਂ ਮਿਲਦੀਆਂ; ਉਹ ਸਰੀਰਕ ਨਿੱਘ ਤੇ ਅਪਣੱਤ ਨਹੀਂ ਮਿਲਦੀ ਜੋ ਹਰ ਸਰੀਰ ਲਈ ਜ਼ਰੂਰੀ ਹੁੰਦੀ ਹੈ। ਬਹੁਤੀ ਵਾਰ ਅਜਿਹੀਆਂ ਔਰਤਾਂ ਨੂੰ ਆਪਣੇ ਆਪ ’ਤੇ ਸ਼ਰਮ ਆਉਂਦੀ ਹੈ ਕਿ ਉਨ੍ਹਾਂ ਦੇ ਸਰੀਰ ਮੋਟੇ, ਭੱਦੇ ਤੇ ਬੇਡੌਲ ਹਨ। ਏਥੇ ਬਰਟਕੀ ਸਵਾਲ ਉਠਾਉਂਦੀ ਹੈ ਕਿ ਔਰਤਾਂ ਇਨ੍ਹਾਂ ਸਰੀਰਕ ਜ਼ਾਬਤਿਆਂ ਦਾ ਵਿਰੋਧ ਕਿਉਂ ਨਹੀਂ ਕਰਦੀਆਂ?

ਜੁਝਾਰੂ ਨਾਰੀਵਾਦ

ਇਸ ਸਭ ਦਾ ਵਿਰੋਧ ਕਿਵੇਂ ਕੀਤਾ ਜਾਏ? ਇਹਦੇ ਲਈ ਬਰਟਕੀ ਜੁਝਾਰੂ (ਰੈਡੀਕਲ) ਨਾਰੀਵਾਦ ਦਾ ਸਿਧਾਂਤ ਪੇਸ਼ ਕਰਦੀ ਹੈ ਭਾਵ ਬੁਨਿਆਦੀ ਤਬਦੀਲੀਆਂ ਚਾਹੁਣ ਵਾਲਾ ਨਾਰੀਵਾਦ। ਉਹਦੇ ਅਨੁਸਾਰ ਤਿੰਨ ਮੁੱਦੇ ਮੁੱਖ ਹਨ। ਪਹਿਲਾ ਮੁੱਦਾ ਹੈ ਨਾਰੀ-ਦੇਹ ਦੇ ਪਿਤਰੀ ਸੋਚ-ਸਮਝ ਅਨੁਸਾਰ ਥੋਪੇ ਗਏ ਰੂਪ-ਸਰੂਪ ਤੇ ਆਕਾਰ ਦੇ ਸੰਕਲਪਾਂ ’ਤੇ ਪ੍ਰਸ਼ਨ ਕਰਨਾ ਤੇ ਉਨ੍ਹਾਂ ਨੂੰ ਨਕਾਰਨਾ। ਦੂਸਰਾ, ਔਰਤਾਂ ਏਹੋ ਜਿਹੇ ਕੰਮ ਕਰਨਾ ਛੱਡ ਦੇਣ ਜਿਨ੍ਹਾਂ ਨੂੰ ਕਰਨਾ ਔਰਤਾਂ ਲਈ ਕੁਦਰਤੀ ਮੰਨਿਆ ਜਾਂਦਾ ਹੈ ਜਿਵੇਂ ਖਾਣਾ ਬਣਾਉਣਾ, ਭਾਂਡੇ ਮਾਂਜਣਾ, ਸਫ਼ਾਈਆਂ ਕਰਨਾ ਆਦਿ। ਬਟਰਕੀ ਆਖਦੀ ਹੈ ਔਰਤਾਂ ਨੂੰ ਡੀਸਕਿਲ ਭਾਵ ਬੇਹੁਨਰੇ ਹੋਣ ਦੀ ਲੋੜ ਹੈ ਤੇ ਔਰਤਾਂ ਨੂੰ ਉਹ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ ਜਿਨ੍ਹਾਂ ਨੂੰ ਕਰਨਾ ਔਰਤਾਂ ਦੀ ਕਿਸਮਤ ਮੰਨਿਆ ਜਾਂਦਾ ਹੈ।
ਜੁਝਾਰੂ ਨਾਰੀਵਾਦ ਦਾ ਤੀਸਰਾ ਪਹਿਲੂ ਨਾਰੀ ਦੀ ਨਿੱਜੀ ਪਛਾਣ ਦੀ ਉਸ ਭਾਵਨਾ ਨਾਲ ਜੁੜਿਆ ਹੈ ਜਿਸ ਤਹਿਤ ਔਰਤਾਂ ਸਮਝਦੀਆਂ ਹਨ ਕਿ ਉਹ ਸ਼ਕਤੀਸ਼ਾਲੀ ਬਣ ਰਹੀਆਂ ਹਨ। ਬਰਟਕੀ ਅਨੁਸਾਰ ਬਹੁਤ ਸਾਰੀਆਂ ਔਰਤਾਂ ਸੁਹੱਪਣ ਦੇ ਉਨ੍ਹਾਂ ਮਾਪਦੰਡਾਂ ਨੂੰ ਨਹੀਂ ਛੱਡਣਾ ਚਾਹੁਣਗੀਆਂ ਜਿਹਦੇ ਅਨੁਸਾਰ ਉਹ ਖ਼ੁਦ ਸਜਦੀਆਂ ਸੰਵਰਦੀਆਂ ਹਨ ਤੇ ਸਮਝਦੀਆਂ ਹਨ ਕਿ ਇਨ੍ਹਾਂ ਸਲੀਕਿਆਂ ਨੂੰ ਅਪਣਾ ਕੇ ਉਹ ਸੋਹਣੀਆਂ ਬਣ ਰਹੀਆਂ ਹਨ। ਇਸ ਤੋਂ ਜ਼ਿਆਦਾ ਉਹ ਤ੍ਰੀਮਤਪਣ ਦੇ ਉਸ ਸੰਕਲਪ ਨੂੰ ਨਹੀਂ ਛੱਡਣਾ ਚਾਹੁਣਗੀਆਂ ਜਿਹੜਾ ਪਿੱਤਰੀ ਸਮਾਜ ਉਨ੍ਹਾਂ ਲਈ ਬਣਾ ਚੁੱਕਾ ਹੈ। ਉਨ੍ਹਾਂ ਨੂੰ ਡਰ ਲੱਗੇਗਾ ਕਿ ਜੇ ਏਦਾਂ ਹੋਇਆ ਤਾਂ ਉਹ ਤ੍ਰੀਮਤਾਂ ਨਹੀਂ ਰਹਿਣਗੀਆਂ। ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਦੀ ਹੋਂਦ ਤੇ ਹਸਤੀ ਓਦੋਂ ਤਕ ਕਾਇਮ ਹਨ ਜਦ ਤਕ ਉਹ ਸਰੀਰਕ ਤੌਰ ’ਤੇ ਦਿਲ-ਲੁਭਾਉਣੀਆਂ ਤੇ ਮਰਦਾਂ ਨੂੰ ਖਿੱਚ ਪਾਉਣ ਵਾਲੀਆਂ ਨੇ। ਉਨ੍ਹਾਂ ਨੂੰ ਲੱਗੇਗਾ ਕਿ ਜੁਝਾਰੂ ਨਾਰੀਵਾਦ ਉਨ੍ਹਾਂ ਦੀ ਹਸਤੀ ਨੂੰ ਮਿਟਾ ਦੇਵੇਗਾ; ਉਹ ਅਣਚਾਹੀਆਂ ਹੋ ਜਾਣਗੀਆਂ, ਚਾਹਤ ਤੇ ਕਾਮਨਾ ਤੋਂ ਵਿਰਵੀਆਂ (ਡੀਸੈਕਸੂਅਲਆਈਜ਼ਡ)।
ਨਾਰੀਵਾਦ ਮਰਦ ਦੁਆਰਾ ਨਿਸ਼ਚਿਤ ਕੀਤੇ ਗਏ ਸੰਕਲਪਾਂ ’ਚੋਂ ਕਿਵੇਂ ਬਾਹਰ ਆਵੇ, ਇਹ ਬਹੁਤ ਹੀ ਮੁਸ਼ਕਿਲ ਸਵਾਲ ਹੈ। ਨਾਰੀਵਾਦ ਨੂੰ, ਇਸ ਨਜ਼ਰੀਏ ਕਿ ਨਾਰੀ-ਦੇਹ ਇਕ ਖ਼ਾਸ ਤਰ੍ਹਾਂ ਦੀ ਪੇਸ਼ਕਾਰੀ ਹੈ, ਤੋਂ ਅਗਾਂਹ ਜਾਣਾ ਪਵੇਗਾ। ਪਰ ਅਗਾਂਹ ਜਾਣ ਦਾ ਮਤਲਬ ਇਹ ਨਹੀਂ (ਬਰਟਕੀ ਅਨੁਸਾਰ) ਕਿ ਔਰਤਾਂ ਮਰਦਾਂ ਵਰਗੀਆਂ ਬਣ ਜਾਣ ਜਾਂ ਬਣ ਜਾਣ ਦਾ ਯਤਨ ਕਰਨ। ਬਰਟਕੀ ਅਨੁਸਾਰ ਅਗਾਂਹ ਨੂੰ ਜਾਂਦਾ ਹੋਇਆ ਇਹ ਸਫ਼ਰ ਅਨੋਖਾ ਹੋਵੇਗਾ, ਜ਼ੋਖ਼ਮ ਨਾਲ ਭਰਿਆ, ਨਾਰੀ-ਦੇਹ ਨੂੰ ਏਦਾਂ ਤਬਦੀਲ ਕਰ ਦੇਣ ਵਾਲਾ ਜਿਸ ਦੀ ਕਲਪਨਾ ਹੁਣ ਤਕ ਨਹੀਂ ਕੀਤੀ ਗਈ।

ਫੂਕੋ ਅਨੁਸਾਰ ਜਦ ਯੂਰੋਪ ਵਿਚ ਆਧੁਨਿਕਤਾ ਆ ਰਹੀ ਸੀ, ਲੋਕ-ਰਾਜ ਤੇ ਇਸ ਨਾਲ ਸਬੰਧਿਤ ਸੰਸਥਾਵਾਂ ਉਸਰ ਰਹੀਆਂ ਸਨ ਅਤੇ ਸਿਆਸੀ ਆਜ਼ਾਦੀ ਦੇ ਨਵੇਂ ਪਾਸਾਰ ਪੈਦਾ ਹੋ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਨਾਲ ਇਕ ਹਨੇਰਾ ਪੱਖ ਵੀ ਉਜਾਗਰ ਹੋ ਰਿਹਾ ਸੀ। ਉਹ ਹਨੇਰਾ ਪੱਖ ਕੀ ਸੀ? ਉਹ ਸੀ, ਪਹਿਲਾਂ ਕਦੇ ਵੀ ਨਾ ਵੇਖਿਆ ਗਿਆ ਜ਼ਾਬਤਾ ਜੋ ਮਨੁੱਖੀ ਸਰੀਰਾਂ ਨੂੰ ਕਾਬੂ ਵਿਚ ਰੱਖਣ ਲਈ ਉੱਭਰ ਰਿਹਾ ਸੀ। ਇਹ ਜ਼ਾਬਤਾ ਮਨੁੱਖੀ ਸਰੀਰਾਂ ਤੇ ਅਣਦਿਸਦੀ ਜ਼ਬਤ ’ਤੇ ਕੰਟਰੋਲ ਹਾਸਿਲ ਕਰਨਾ ਚਾਹੁੰਦਾ ਸੀ।

ਲੋਕਾਂ ਦੇ ਦਿਮਾਗ਼ਾਂ ਨੂੰ ਵੱਸ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਦੀ ਦਿਨਚਰਿਆ ਦੇ ਅਮਲ ’ਤੇ ਕਾਬੂ ਪਾਇਆ ਜਾਵੇ ਭਾਵ ਇਹ ਵੇਖਿਆ ਜਾਵੇ ਕਿ ਮਨੁੱਖ ਦਾ ਸਰੀਰ ਦਿਨ ਦੇ ਵੱਖ-ਵੱਖ ਸਮਿਆਂ ਵਿਚ ਕੀ ਕਰਦਾ ਹੈ ਤੇ ਅਣਦਿਸਦੇ ਤਰੀਕਿਆਂ ਰਾਹੀਂ ਉਸ ਸਮੇਂ ਨੂੰ ਜ਼ਾਬਤੇ ਵਿਚ ਬੰਨ੍ਹਿਆ ਜਾਏ। ਫੂਕੋ ਅਨੁਸਾਰ ਇਨ੍ਹਾਂ ਆਧੁਨਿਕ ਜ਼ਾਬਤਿਆਂ ਦਾ ਮੁੱਖ ਮਕਸਦ ਅਸੀਲ ਸਰੀਰ (docile bodies) ਪੈਦਾ ਕਰਨਾ ਹੈ, ਉਹ ਸਰੀਰ ਜਿਹੜੇ ਸੱਤਾਮਈ ਵਰਤਾਰਿਆਂ ਨੂੰ ਮੰਨਣ ਵਾਲੇ ਹੋਣ ਤੇ ਵੱਧ ਤੋਂ ਵੱਧ ਪੈਦਾਵਰ ਕਰਨ; ਜਬਰ ਰਾਹੀਂ ਨਹੀਂ ਸਗੋਂ ਖ਼ੁਦ ਬਣਾਏ ਤੇ ਅਪਣਾਏ ਸੰਜਮ ਰਾਹੀਂ।

ਸਿਮੋਨ ਦਬੂਆ ਦਾ ਮਸ਼ਹੂਰ ਕਥਨ ਹੈ ਕਿ ਮਾਦਾ ਜੀਵ ‘ਔਰਤ ਵਜੋਂ ਨਹੀਂ ਜੰਮਦੀ ਸਗੋਂ ਔਰਤ ਬਣ ਜਾਂਦੀ ਹੈ।’ ਉਹ ਲਿਖਦੀ ਹੈ ਕਿ ‘‘ਔਰਤਾਂ ਦਾ ਨਾ ਕੋਈ ਅਤੀਤ ਹੈ, ਨਾ ਇਤਿਹਾਸ ਤੇ ਨਾ ਕੋਈ ਆਪਣਾ ਧਰਮ।’’ ਬਰਟਕੀ ਅਨੁਸਾਰ ‘‘ਅਸੀਂ ਨਰ ਜਾਂ ਮਾਦਾ ਵਜੋਂ ਜੰਮਦੇ ਹਾਂ, ਮਰਦ ਜਾਂ ਔਰਤ ਵਜੋਂ ਨਹੀਂ। ਤ੍ਰੀਮਤਪਣ (ਤ੍ਰੀਮਤਪਣ ਕੀ ਹੈ, ਦਾ ਸੋਚ-ਚੌਖਟਾ) ਇਕ ਹਥਕੰਡਾ ਹੈ, ਇਕ ਚਾਲ’’; ਭਾਵ ਔਰਤਾਂ ’ਤੇ ਥੋਪਿਆ ਜਾਂਦਾ ਤ੍ਰੀਮਤਪਣ, ਮਰਦਾਂ ਦੀ ਸੋਚ ਸਮਝ ਦੁਆਰਾ ਬੁਣਿਆ ਗਿਆ ਜਾਲ ਹੈ।

ਇਹ ਮਰਦ ਦੀ ਸੋਚ, ਸਮਝ ਤੇ ਕਲਪਨਾ ਹੈ ਜੋ ਔਰਤ ਨੂੰ ਇਹ ਦੱਸ ਰਹੀ ਹੈ ਕਿ ਉਸ ਦੀ ਦੇਹ ਦਾ ਰੂਪ-ਸਰੂਪ ਕਿਸ ਤਰ੍ਹਾਂ ਦਾ ਹੋਵੇ। ਸਿਨੇਮੇ ਦੀ ਦੁਨੀਆਂ, ਫੈਸ਼ਨ ਮੈਗਜ਼ੀਨਾਂ, ਫੈਸ਼ਨ ਸ਼ੋਆਂ ਤੇ ਤਜ਼ਾਰਤੀ ਸੰਸਾਰ ਵਿਚ ਇਹ ਮਰਦ ਹੈ ਜੋ ਇਹ ਤੈਅ ਕਰ ਰਿਹਾ ਹੈ ਕਿ ਔਰਤ ਦੇ ਆਕਾਰ ਤੇ ਸੁੰਦਰਤਾ ਦਾ ਮੁੱਢਲਾ ਮਾਪਦੰਡ ਉਹਦਾ ਪਤਲੇ ਹੋਣਾ ਹੈ। ਮਰਦਾਂ ਦੀ ਇਸ ਤਰ੍ਹਾਂ ਦੀ ਹਾਵੀ ਸੋਚ ਨੂੰ ਕਿਮ ਚੈਰਨਿਨ ‘‘ਪਤਲੇਪਣ ਦੀ ਤਾਨਾਸ਼ਾਹੀ ਵਾਲੀ ਸੋਚ’’ ਜਾਂ ‘‘ਪਤਲੇ ਰਹਿਣ ਦੀ ਸੋਚ ਦੀ ਤਾਨਾਸ਼ਾਹੀ’’ (Tyranny of Slenderness) ਕਹਿੰਦੀ ਹੈ। ਪਤਲੇ ਰਹਿਣ ਲਈ ਉਸ ਨੂੰ ਘੱਟ ਖਾਣ ਭਾਵ ਡਾਈਟਿੰਗ ਕਰਨ ਲਈ ਕਿਹਾ ਜਾਂਦਾ ਹੈ। ਏਹੋ ਜੇਹੀ ਸੋਚ ਦੀ ਰੌਸ਼ਨੀ ਵਿਚ ਔਰਤ ਆਪਣੇ ਸਰੀਰ ਨੂੰ ਹੀ ਆਪਣਾ ਵੈਰੀ ਸਮਝ ਬੈਠਦੀ ਹੈ।

ਬਰਟਕੀ ਲਿਖਦੀ ਹੈ ਕਿ ਸਾਨੂੰ ਦੱਸਿਆ ਜਾਂਦਾ ਹੈ ਕਿ ਇਹ ਖ਼ੁਦ ਔਰਤਾਂ ਹਨ ਜਿਹੜੀਆਂ ਇਕ ਦੂਸਰੇ ਤੋਂ ਚੰਗੀਆਂ ਤੇ ਸੋਹਣੀਆਂ ਦਿਸਣ ਲਈ ਇਹ ਸਭ ਕੁਝ ਕਰਦੀਆਂ ਹਨ। ਇਹਦੇ ਵਿਚ ਕੁਝ ਸੱਚ ਵੀ ਹੈ, ਪਰ ਅੰਦਰੋ-ਅੰਦਰੀ ਔਰਤਾਂ ਇਹ ਜਾਣਦੀਆਂ ਹਨ ਕਿ ਖੇਡ ਕਿਹਦੇ ਲਈ ਖੇਡੀ ਜਾ ਰਹੀ ਹੈ; ਮਰਦ-ਨਜ਼ਰ ਵਿਚ ਪਰਵਾਨ ਹੋਣ ਲਈ।

ਬਰਟਕੀ ਅਨੁਸਾਰ ਜੋ ਔਰਤਾਂ ਪਤਲੀਆਂ ਬਣੇ ਰਹਿਣ ਵਿਚ ਕਾਮਯਾਬ ਨਹੀਂ ਰਹਿ ਸਕਦੀਆਂ ਉਹ ਅੰਦਰੋ-ਅੰਦਰੀ ਆਪਣੇ ਆਪ ਨੂੰ ਕੋਸਦੀਆਂ ਹਨ। ਉਨ੍ਹਾਂ ਵਿਚ ਦੋਸ਼ ਭਾਵਨਾ ਪਨਪਦੀ ਹੈ।


Comments Off on ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.