ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਧਨੇਰ ਮਾਮਲਾ: ਸੰਘਰਸ਼ ਕਮੇਟੀ ਵੱਲੋਂ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ

Posted On October - 15 - 2019

ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦੇ ਸੰਘਰਸ਼ ’ਚ ਇਕੱਠੀਆਂ ਹੋਈਆਂ ਔਰਤਾਂ।

ਪਰਸ਼ੋਤਮ ਬੱਲੀ
ਬਰਨਾਲਾ, 14 ਅਕਤੂਬਰ
ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਦਾ ਸੰਘਰਸ਼ ਦਿਨੋ ਦਿਨ ਤੇਜ਼ ਹੋ ਰਿਹਾ ਹੈ ਪਰ ਸੂਬਾ ਸਰਕਾਰ ਦੀ ਚੁੱਪੀ ਬਰਕਰਾਰ ਹੈ। ਪੱਕੇ ਮੋਰਚੇ ਦੇ 15ਵੇਂ ਦਿਨ ਪੰਜਾਬ ਦੇ ਉੱਘੇ ਲੇਖਕਾਂ, ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ, ਤਰਕਸ਼ੀਲਾਂ ਤੇ ਪੱਤਰਕਾਰਾਂ ਨੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਿਰਕਤ ਕਰਕੇ ਧਨੇਰ ਦੀ ਸਜ਼ਾ ਨੂੰ ਫ਼ੌਰੀ ਰੱਦ ਕਰਨ ਲਈ ਨਿਜ਼ਾਮ ਨੂੰ ਲਲਕਾਰਿਆ। ਅੱਜ ਦੇ ਸੰਘਰਸ਼ ਵਿਚ ਔਰਤਾਂ ਵੀ ਵਧ ਚੜ੍ਹ ਕੇ ਸ਼ਾਮਲ ਹੋਈਆਂ।
ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਇਹ ਹੱਕ ਅਤੇ ਹੰਕਾਰ ਦੀ ਲੜਾਈ ਹੈ, ਸੱਚ ਕਦੇ ਹਾਰਦਾ ਨਹੀਂ ਤੇ ਝੂਠ ਕਦੇ ਜਿੱਤਦਾ ਨਹੀਂ। ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਕਹਾਣੀਕਾਰ ਅਤਰਜੀਤ, ਡਾ.ਅਰਵਿੰਦਰ ਕੌਰ ਕਾਕੜਾ, ਤਰਕਸ਼ੀਲ ਆਗੂ ਰਾਜਿੰਦਰ ਭਦੌੜ, ਮੇਘ ਰਾਜ ਰੱਲਾ, ਸੁਰਿੰਦਰਪ੍ਰੀਤ ਘਣੀਆ, ਲਛਮਣ ਸਿੰਘ ਮਲੂਕਾ ਤੇ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਲਮ, ਕਲਾ ਤੇ ਆਵਾਜ਼ ਦਾ ਸੁਮੇਲ ਹਾਕਮਾਂ ਦੇ ਮਨਸੂਬੇ ਨਾਕਾਮ ਕਰਕੇ ਰੱਖ ਦੇਵੇਗਾ। ਉਨ੍ਹਾਂ ਐਲਾਨ ਕੀਤਾ ਕਿ ਲੇਖਕ, ਸਾਹਿਤਕਾਰ ਤੇ ਰੰਗਕਰਮੀ ਜਲਦ ਹੀ ਪਿੰਡਾਂ, ਕਸਬਿਆਂ, ਕਾਲਜਾਂ, ਯੂਨੀਵਰਸਿਟੀਆਂ ’ਚ ਵਿਚਾਰ ਗੋਸ਼ਟੀਆਂ, ਨਾਟਕ, ਗੀਤ ਸੰਗੀਤ, ਜਾਗੋਆਂ ਅਤੇ ਪ੍ਰਭਾਤ ਫ਼ੇਰੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਇਸ ਮੁਹਿੰਮ ਨੂੰ ਹੋਰ ਵਿਆਪਕ ਕਰਨਗੇ। ਬੁਲਾਰਿਆਂ ਗੁਰਪ੍ਰੀਤ ਮਾਂਗਾ, ਬਲਵਿੰਦਰ ਕੌਰ ਭੈਣੀਬਾਘਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਜੋਧਪੁਰ, ਤਰਲੋਚਨ ਸਿੰਘ, ਰਮੇਸ਼ ਮਾਲੜੀ, ਦੀਦਾਰ ਮੁੱਦਕੀ, ਅਵਤਾਰ ਸਿੰਘ ਰਸੂਲਪੁਰ, ਗੁਰਬਿੰਦਰ ਸਿੰਘ ਕਲਾਲਾ ਨੇ ਸਜ਼ਾ ਰੱਦ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਕੋਕਰੀਕਲਾਂ, ਬਲਵੰਤ ਉੱਪਲੀ, ਸ਼ਿੰਗਾਰਾ ਸਿੰਘ ਮਾਨ ਨੇ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ 26 ਸਤੰਬਰ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ (ਫੀਰਾ) ਦੇ ਕੌਮੀ ਆਗੂ ਹਰਚੰਦ ਸਿੰਘ ਭਿੰਡਰ, ਕਹਾਣੀਕਾਰ ਪਵਨ ਪਰਿੰਦਾ, ਮੈਗਜ਼ੀਨ ਸਰੋਕਾਰ ਦੇ ਸੰਪਾਦਕ ਸੁਖਵਿੰਦਰ ਪੱਪੀ, ਤਰਕ ਭਾਰਤੀ ਪ੍ਰਕਾਸ਼ਨ ਦੇ ਅਮਿੱਤ ਮਿੱਤਰ ਤੇ ਡਾ. ਸੰਪਰੂਨ ਸਿੰਘ ਟੱਲੇਵਾਲੀਆ ਆਦਿ ਵੀ ਹਾਜ਼ਰ ਸਨ। ਜਦਕਿ ਪੰਜਾਬੀ ਲੇਖਕ ਬਲਦੇਵ ਸੜਕਨਾਮਾ, ਪ੍ਰੋ. ਵਰਿਆਮ ਸਿੰਘ ਸੰਧੂ, ਗੁਰਮੀਤ ਕੜਿਆਲਵੀ ਅਤੇ ਮਨਜੀਤ ਔਲਖ਼ ਨੇ ਡਟਵੀਂ ਹਮਾਇਤ ਦੇ ਸੁਨੇਹੇ ਭੇਜੇ।


Comments Off on ਧਨੇਰ ਮਾਮਲਾ: ਸੰਘਰਸ਼ ਕਮੇਟੀ ਵੱਲੋਂ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.