ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਦੀਵਾਲੀ ਦੇ ਰੰਗ ਕੁਦਰਤ ਦੇ ਸੰਗ

Posted On October - 26 - 2019

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਦੀਵਾਲੀ ਰੰਗਾਂ, ਰੌਸ਼ਨੀਆਂ ਤੇ ਖ਼ੁਸ਼ੀਆਂ ਦਾ ਤਿਉਹਾਰ ਹੈ। ਸਿਰਫ਼ ਭਾਰਤ ਤਕ ਹੀ ਸੀਮਤ ਨਾ ਹੋ ਕੇ ਵਿਸ਼ਵ ਦੇ ਅਨੇਕਾਂ ਕੋਨਿਆਂ ਵਿਚ ਲੋਕ ਇਸ ਤਿਉਹਾਰ ਨੂੰ ਚਾਵਾਂ ਤੇ ਮਲਾਰਾਂ ਨਾਲ ਮਨਾਉਂਦੇ ਹਨ। ਮਿਥਿਹਾਸ, ਇਤਿਹਾਸ ਤੇ ਸਾਹਿਤਕ ਪੱਖ ਸਾਨੂੰ ਸਭ ਧਰਮਾਂ ਦੇ ਲੋਕਾਂ ਨੂੰ ਇਸ ਤਿਉਹਾਰ ਨੂੰ ਮਨਾਉਣ ਲਈ ਪ੍ਰੇਰਿਤ ਕਰਦੇ ਹਨ। ਸਮੇਂ ਦੇ ਚੱਲਦਿਆਂ ਮਨੁੱਖ ਤਰੱਕੀ ਦੀ ਪੌੜੀ ਚੜ੍ਹਦਾ ਗਿਆ ਤੇ ਉਸ ਦੇ ਤਿੱਥ-ਤਿਉਹਾਰ ਮਨਾਉਣ ਦੇ ਤੌਰ-ਤਰੀਕੇ ਵੀ ਸਮੇਂ ਦੇ ਨਾਲ ਹੀ ਬਦਲਦੇ ਗਏ। ਪਹਿਲਾਂ ਲੋਕ ਇਸਨੂੰ ਬੜੇ ਅਦਬ ਨਾਲ ਮਨਾਉਂਦੇ ਹੋਏ ਰੱਬ ਦੀ ਰਜ਼ਾ ਵਿਚ ਰਹਿੰਦੇ ਸਨ ਅਤੇ ਹਰ ਕਾਰਜ ਵਿਚ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਸੀ।
ਅੱਜ ਸਥਿਤੀ ਅਜੀਬੋ-ਗਰੀਬ ਬਣ ਚੁੱਕੀ ਹੈ। ਤਿਉਹਾਰਾਂ ਦੇ ਦਿਨੀਂ ਅਜਿਹੇ ਕਾਰਜ ਕੀਤੇ ਜਾਂਦੇ ਹਨ ਕਿ ਕਾਦਰ ਦੀ ਸਿਰਜੀ ਕੁਦਰਤ ਦਾ ਸੱਤਿਆਨਾਸ਼ ਹੋ ਰਿਹਾ ਹੈ। ਸਾਧਾਰਨ ਸ਼ਬਦਾਂ ’ਚ ਗੱਲ ਕਰੀਏ ਤਾਂ ਅਸੀਂ ਤਿਉਹਾਰ ਦੇ ਨਾਂ ’ਤੇ ਧਰਤੀ ’ਤੇ ਗੰਦ ਪਾਉਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਣ ਲੱਗੇ ਹਾਂ। ਹਵਾ, ਪਾਣੀ ਤੇ ਧਰਤ ਨੂੰ ਐਨਾ ਪਲੀਤ ਕੀਤਾ ਜਾਂਦਾ ਹੈ ਕਿ ਸ਼ਬਦਾਂ ਰਾਹੀਂ ਬਿਆਨਣਾ ਵੀ ਕਠਿਨ ਹੈ। ਦਰਅਸਲ, ਦੀਵਾਲੀ ਦਾ ਮਤਲਬ ਲੋਕਾਂ ਨੇ ਦਿਖਾਵਾ ਬਣਾ ਛੱਡਿਆ ਹੈ। ਆਪਣੇ ਸੱਜਣਾਂ, ਸਕੇ-ਸਬੰਧੀਆਂ ਤੇ ਆਂਢ-ਗੁਆਂਢ ਨੂੰ ਵਿਖਾਵੇ ਦੀ ਆੜ ਵਿਚ ਹਰ ਆਦਮੀ ਹਰ ਦੂਸਰੇ ਤੋਂ ਵੱਧ ਪ੍ਰਭਾਵਸ਼ਾਲੀ ਬਣਨ ਤੇ ਵਿਖਣ ਦੀ ਕੋਸ਼ਿਸ਼ ਵਿਚ ਹੈ। ਇਸ ਵਿਖਾਵੇ ਅਤੇ ਪ੍ਰਭਾਵ ਦੀ ਖੇਡ ਵਿਚ ਇਨਸਾਨ ਐਨਾ ਉਲਝ ਗਿਆ ਕਿ ਉਹ ਕੁਦਰਤ ਤੋਂ ਹਰ ਪਲ ਦੂਰ ਹੁੰਦਾ ਜਾ ਰਿਹਾ ਹੈ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ’ਤੇ ਪੂਰਾ ਜ਼ੋਰ ਦਿੱਤਾ ਜਾਂਦਾ ਹੈ, ਪਰ ਦੀਵਾਲੀ ਵਾਲੀ ਰਾਤ ਤੋਂ ਬਾਅਦ ਧਰਤ ਨੂੰ ਕੂੜੇਦਾਨ ਦਾ ਰੂਪ ਬਣਿਆ ਅਸੀਂ ਹਰ ਸਾਲ ਆਪਣੇ ਅੱਖੀਂ ਵੇਖਦੇ ਹਾਂ। ਕਿੰਨੀ ਅਜੀਬ ਸਥਿਤੀ ਹੈ ਕਿ ਘਰਾਂ ਵਿਚ ਬੱਚਿਆਂ ਨਾਲ ਇਸ ਤਿਉਹਾਰ ਦੇ ਮਿਥਿਹਾਸ ਤੇ ਇਤਿਹਾਸਕ ਪੱਖਾਂ ਆਦਿ ਨੂੰ ਛੱਡ ਸਿਰਫ਼ ਬੰਬ-ਪਟਾਕਿਆਂ ਜਾਂ ਖਾਣ-ਪੀਣ ਵਾਲੀਆਂ ਬਾਜ਼ਾਰੀ ਵਸਤਾਂ ’ਤੇ ਚਰਚਾ ਕੀਤੀ ਜਾਂਦੀ ਹੈ।
ਲੋਕ ਦੀਵਾਲੀ ’ਤੇ ਸਭ ਤੋਂ ਪਹਿਲਾ ਘਰਾਂ ਨੂੰ ਸਜਾਉਣ ਦਾ ਕੰਮ ਕਰਦੇ ਹਨ। ਸਜਾਵਟ ਦੇ ਤੌਰ-ਤਰੀਕੇ ਕੁਦਰਤ ਪੱਖੀ ਘਟਦੇ ਜਾ ਰਹੇ ਹਨ। ਘਰਾਂ ਦੀ ਬਨਾਵਟ ਕੁਦਰਤੀ ਰੌਸ਼ਨੀ ਤੇ ਹਵਾ ਦੇ ਲਾਂਘੇ ਨੂੰ ਮੁੱਖ ਨਾ ਰੱਖ, ਬੰਦ ਤਰੀਕੇ ਦੇ ਹੋਟਲਾਂ ਵਰਗੇ ਘਰ ਬਣਨੇ ਸ਼ੁਰੂ ਹੋ ਗਏ ਹਨ। ਪੇਂਟ, ਯਾਨੀ ਰੰਗਾਂ ਦੀ ਵਰਤੋਂ ਬਹੁਤ ਜ਼ਿਆਦਾ ਵਧ ਚੁੱਕੀ ਹੈ ਜੋ ਘਰਾਂ ਵਿਚ ਰਹਿਣ ਵਾਲਿਆਂ ਲਈ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਖ਼ਾਸਕਰ ਐਲਰਜੀ ਦਾ ਸਬੱਬ ਬਣਨਾ ਸ਼ੁਰੂ ਹੋ ਗਏ ਹਨ। ਕੰਧਾਂ-ਦੀਵਾਰਾਂ ’ਤੇ ਰੰਗਾਂ ਤੋਂ ਇਲਾਵਾ ਫਰਨੀਚਰ ਆਦਿ ’ਤੇ ਵੀ ਖ਼ਤਰਨਾਕ ਪੇਂਟ ਦਾ ਰੁਝਾਨ ਬਹੁਤ ਘਾਤਕ ਹੈ। ਕੁਦਰਤੀ ਮਹਿਕਾਂ ਤੋਂ ਦੂਰ ਘਰਾਂ-ਦਫ਼ਤਰਾਂ ਆਦਿ ਵਿਚ ਬਨਾਵਟੀ ਮਹਿਕਾਂ ਮਤਲਬ ਰੂਮ-ਫਰੈਸ਼ਨਰਾਂ ਦੀ ਅੰਧਾ-ਧੁੰਦ ਵਰਤੋਂ ਸਾਡੇ ਲਈ ਸਾਹ ਦੇ ਰੋਗਾਂ ਨੂੰ ਸੱਦਾ ਹੈ। ਘਰਾਂ ਅੰਦਰ ਲੋਕਾਂ ਨੂੰ ਕੁਦਰਤੀ ਪੌਦਿਆਂ ਦੀ ਸਾਂਭ-ਸੰਭਾਲ ਔਖੀ ਜਾਪਦੀ ਹੋਣ ਸਦਕਾ ਬਨਾਵਟੀ ਤੇ ਭੜਕੀਲੇ ਰੰਗਾਂ ਦੇ ਫੁੱਲਾਂ, ਲੜੀਆਂ ਨੇ ਆਪਣਾ ਘਰ ਬਣਾ ਲਿਆ ਹੈ। ਸਾਡੇ ਕੋਲ ਘਰਾਂ ਅੰਦਰ ਰੱਖਣ ਲਈ ਹਮਰੀਕਾ ਪਾਮ, ਰਿਫੈਸ਼ ਪਾਮ, ਐਗਲੋਨੀਆ, ਡਾਸਈਨਾ, ਸਿਨਗੋਨੀਅਮ, ਫਰਨ, ਮਨੋਸਟੇਰਾ ਆਦਿ ਅਨੇਕਾਂ ਪੌਦੇ ਹਨ, ਜੋ ਖ਼ੂਬਸੂਰਤੀ ਪੱਖ ਦੇ ਨਾਲ-ਨਾਲ ਘਰਾਂ ਅੰਦਰਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਵੀ ਸਹਾਈ ਹੁੰਦੇ ਹਨ।
ਦੀਵਾਲੀ ਜਾਂ ਕਿਸੇ ਵੀ ਤਿਉਹਾਰ ਵਾਲੇ ਦਿਨ ਪਹਿਲਾਂ ਲੋਕ ਸਵੇਰ ਉੱਠਦਿਆਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਂਦੇ ਸਨ। ਹਰ ਧਰਮ ਨਾਲ ਸਬੰਧਤ ਪਰਿਵਾਰ ਆਪਣੇ ਧਾਰਮਿਕ ਸਥਾਨ ਜਾਂ ਘਰ ਵਿਚ ਪੂਜਾ-ਪਾਠ ਕਰਦੇ ਸਨ। ਪੂਜਾ-ਪਾਠ ਅੱਜ ਵੀ ਜਾਰੀ ਹੈ, ਪਰ ਤਰੀਕੇ ਬਦਲ ਗਏ ਹਨ। ਕੁਦਰਤੀ ਫੁੱਲਾਂ ਦੀ ਜਗ੍ਹਾ ਬਨਾਵਟੀ ਫੁੱਲਾਂ ਨੇ ਲੈ ਲਈ ਹੈ। ਕਈ ਸੱਜਣਾਂ ਦੇ ਘਰਾਂ ਅੰਦਰ ਬਣੇ ਪੂਜਾ ਘਰ ਪਰਮਾਤਮਾ ਦਾ ਸਥਾਨ ਘੱਟ ਤੇ ਪ੍ਰਫਿਊਮ ਦੀ ਦੁਕਾਨ ਜ਼ਿਆਦਾ ਜਾਪਦੇ ਹਨ। ਕੁਝ ਸੱਜਣ ਤਾਂ ਆਪਣੇ ਧਰਮ ਨਾਲ ਸਬੰਧਤ ਸੰਗੀਤ ਐਨੀ ਆਵਾਜ਼ ਵਿਚ ਵਜਾਉਂਦੇ ਹਨ ਕਿ ਬੱਚਿਆਂ-ਬਜ਼ੁਰਗਾਂ ਦਾ ਜੀਣਾ ਮੁਹਾਲ ਹੋ ਜਾਂਦਾ ਹੈ। ਸੰਗੀਤ ਦਾ ਪ੍ਰਭੂ ਭਗਤੀ ਵਿਚ ਲੀਨ ਹੋਣ ਦਾ ਗੂੜ੍ਹਾ ਰਿਸ਼ਤਾ ਹੈ, ਪਰ ਸੰਗੀਤ ਸ਼ੋਰ ਦਾ ਰੂਪ ਨਹੀਂ ਹੋਣਾ ਚਾਹੀਦਾ। ਰੰਗੋਲੀ ਦਾ ਤਿਉਹਾਰਾਂ, ਖ਼ਾਸਕਰ ਦੀਵਾਲੀ ਨਾਲ ਗੂੜ੍ਹਾ ਰਿਸ਼ਤਾ ਹੈ। ਰੰਗੋਲੀ ਘਰਾਂ ਵਿਚ ਹੀ ਨਹੀਂ, ਬਲਕਿ ਸੰਸਥਾਵਾਂ, ਹੋਟਲਾਂ, ਪੈਲੇਸਾਂ ਆਦਿ ਵਿਚ ਵੀ ਖ਼ੂਬ ਬਣਾਈ ਜਾਣ ਲੱਗੀ ਹੈ, ਪਰ ਚੰਗਾ ਹੋਵੇ ਜੇਕਰ ਅਸੀਂ ਰੰਗੋਲੀ ਲਈ ਕੁਦਰਤੀ ਰੰਗ ਜਿਵੇਂ ਕਿ ਸਫ਼ੈਦ ਰੰਗ ਲਈ ਚੌਲਾਂ ਦਾ ਪਾਊਡਰ, ਪੀਲੇ ਲਈ ਹਲਦੀ, ਹਰੇ ਲਈ ਸੌਂਫ ਜਾਂ ਫਿਰ ਅਨੇਕਾਂ ਕਿਸਮਾਂ ਦੀਆਂ ਦਾਲਾਂ ਜਾਂ ਫਿਰ ਫੁੱਲਾਂ ਦੀਆਂ ਪੱਤੀਆਂ ਦਾ ਪ੍ਰਯੋਗ ਕਰੀਏ।

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਰੌਸ਼ਨੀ ਬਿਨਾਂ ਇਹ ਤਿਉਹਾਰ ਅਧੂਰਾ ਤੇ ਬੇਰੰਗਾ ਹੈ, ਪਰ ਅਸੀਂ ਘਰ-ਇਮਾਰਤਾਂ ਨੂੰ ਸਜਾਉਣ ਲਈ ਬਹੁਤ ਜ਼ਿਆਦਾ ਬਿਜਲੀ ਵਰਤਣ ਲੱਗੇ ਹਾਂ। ਜੇਕਰ ਅਤਿਅੰਤ ਜ਼ਰੂਰੀ ਹੋਵੇ ਤਾਂ ਐੱਲ.ਈ.ਡੀ. ਲਾਈਟਾਂ ਦੀ ਵਰਤੋਂ ਹੀ ਕਰੋ। ਮਿੱਟੀ ਦੇ ਦੀਵੇ ਸਭ ਤੋਂ ਅਹਿਮ ਹਨ। ਘਰ ਵਿਚ ਸ਼ਾਮ ਢੱਲਦਿਆਂ ਦੀਵਿਆਂ ਵਿਚ ਤੇਲ ਪਾਉਣਾ, ਬਨੇਰਿਆਂ ’ਤੇ ਟਿਕਾਉਣਾ, ਵਾਤਾਵਰਣ ਪੱਖੀ ਤਾਂ ਹੈ ਹੀ, ਨਾਲੋ-ਨਾਲ ਪਰਿਵਾਰ ਵਿਚ ਨੇੜਤਾ ਵੀ ਵਧਾਉਂਦਾ ਹੈ। ਮੋਮਬੱਤੀਆਂ ਵੀ ਹਵਾ ਨੂੰ ਗੰਧਲਾ ਕਰਦੀਆਂ ਹਨ, ਪਰ ਬੀਵੈਕਸ ਯਾਨੀ ਮਧੂ-ਮੱਖੀਆਂ ਤੋਂ ਪ੍ਰਾਪਤ ਮੋਮ ਵਰਤੀ ਜਾ ਸਕਦੀ ਹੈ।
ਸਾਡਾ ਕੋਈ ਵੀ ਤਿਉਹਾਰ ਖਾਣ-ਪੀਣ ਬਿਨਾਂ ਬਿਲਕੁਲ ਅਧੂਰਾ ਹੈ, ਪਰ ਅਸੀਂ ਅੱਜ ਘਰਾਂ ਵਿਚ ਸ਼ੁੱਧ ਤੇ ਸਾਫ਼ ਵਸਤਾਂ ਬਣਾਉਣ ਦੀ ਬਜਾਏ ਬਾਜ਼ਾਰ ਦੀਆਂ ਮਹਿੰਗੀਆਂ ਤੇ ਸਿਹਤ ਪੱਖੋਂ ਮਾੜੀਆਂ ਮਠਿਆਈਆਂ ਖਾਣ ਨੂੰ ਤਰਜੀਹ ਦੇਣ ਲੱਗੇ ਹਾਂ। ਪਹਿਲਾਂ ਲੋਕ ਘਰਾਂ ਵਿਚ ਖੁਦ ਲੱਡੂ, ਖੀਰ, ਹਲਵਾ, ਕੜਾਹ ਆਦਿ ਅਨੇਕਾਂ ਵਸਤਾਂ ਰਲ-ਮਿਲ ਕੇ ਬਣਾਉਂਦੇ ਸਨ ਤੇ ਫਿਰ ਰਲ-ਮਿਲ ਬੈਠ ਖਾਂਦੇ ਸਨ। ਖਾਣਾ ਪਰੋਸਣ ਲਈ ਵੀ ਪਹਿਲਾਂ ਕੇਲੇ ਦੇ ਪੱਤੇ ਜਾਂ ਰੁੱਖਾਂ ਦੇ ਪੱਤਿਆਂ ਤੋਂ ਬਣੇ ਡੂੰਨੇ-ਪਲੇਟਾਂ ਆਦਿ ਵਰਤਦੇ ਸਨ। ਜਿਹੜੇ ਬਾਅਦ ਵਿਚ ਧਰਤੀ ’ਤੇ ਪ੍ਰਦੂਸ਼ਣ ਨਹੀਂ ਫੈਲਾਉਂਦੇ ਸਨ।
ਤੋਹਫੇ ਲੈਣ-ਦੇਣ ਦਾ ਕੰਮ ਇਸ ਦਿਨ ’ਤੇ ਵਿਸ਼ੇਸ਼ ਕੀਤਾ ਜਾਂਦਾ ਹੈ। ਸਾਡੇ ਜ਼ਿਆਦਾ ਤੋਹਫੇ ਸਿਹਤ ਜਾਂ ਫਿਰ ਵਾਤਾਵਰਣ ਲਈ ਖ਼ਤਰਾ ਪੈਦਾ ਕਰਨ ਵਾਲੇ ਹੀ ਹੁੰਦੇ ਹਨ। ਤੋਹਫਿਆਂ ਨੂੰ ਪੈਕ ਕਰਨ ਲਈ ਵਰਤਿਆ ਜਾਂਦਾ ਸਾਮਾਨ ਟਨਾਂ ਦੇ ਵਿਚ ਕੂੜੇ ਦੇ ਢੇਰਾਂ ਵਿਚ ਤਬਦੀਲ ਹੋ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਫੁੱਲ-ਪੌਦਿਆਂ ਨੂੰ ਤੋਹਫਿਆਂ ਵਿਚ ਦੇਣ ਦਾ ਰਿਵਾਜ ਪਾਈਏ।
ਲੋਕ ਲੱਖਾਂ ਰੁਪਏ ਦੇ ਪਟਾਕਿਆਂ ਨੂੰ ਚੰਦ-ਮਿੰਟਾਂ ਵਿਚ ਫੂਕ ਦਿੰਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਉਨ੍ਹਾਂ ਪੈਸਿਆਂ ਦਾ ਕੁਝ ਜਾਂ ਜ਼ਿਆਦਾਤਰ ਹਿੱਸਾ ਯਤੀਮ ਖਾਨਿਆਂ, ਬੇਸਹਾਰਾ ਘਰਾਂ ਵਿਚ ਪਲ ਰਹੇ ਬੱਚਿਆਂ-ਬਜ਼ੁਰਗਾਂ, ਗ਼ਰੀਬਾਂ ਨੂੰ ਦੇ ਕੇ ਉਨ੍ਹਾਂ ਤੋਂ ਅਸੀਸਾਂ ਲਈਆਂ ਜਾਣ। ਪਰਮਾਤਮਾ ਨੇ ਸਾਨੂੰ ਸਵਰਗ ਰੂਪੀ ਧਰਤ ਅੰਮ੍ਰਿਤ ਰੂਪੀ ਪਾਣੀ ਤੇ ਸਾਹ ਲੈਣ ਲਈ ਸ਼ੁੱਧ ਹਵਾ ਬਖ਼ਸ਼ੀ ਸੀ ਜਿਸ ਨੂੰ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਲਈ ਪਲੀਤ ਕਰ ਛੱਡਿਆ ਹੈ। ਕਾਦਰ ਦੀ ਸਿਰਜੀ ਕੁਦਰਤ ਬਾ-ਕਮਾਲ ਹੈ। ਰੱਬ ਨੇ ਜ਼ੱਰੇ-ਜ਼ੱਰੇ ’ਚ ਰੰਗ, ਰੌਸ਼ਨੀ ਤੇ ਖ਼ੂਬਸੂਰਤੀ ਬਖ਼ਸ਼ੀ ਹੈ। ਕਦੇ ਆਪਣੀਆਂ ਅੱਖਾਂ ਤੋਂ ਬਨਾਵਟੀ ਪੁਣੇ ਦੀ ਐਨਕ ਲਾਹ ਕੇ ਤੱਕੋ ਤਾਂ ਸਹੀ। ਨੀਲੀ ਛੱਤ ਵਾਲੇ ਦੇ ਸਿਰਜੇ ਫੁੱਲ-ਬੂਟਿਆਂ ਦੇ ਰੰਗ ਕਿਸੇ ਵੀ ਬਨਾਵਟੀ ਸਜਾਵਟ ਤੋਂ ਕਿਤੇ ਉੱਪਰ ਹਨ। ਆਓ, ਆਪਾਂ ਸਭ ਰਲ-ਮਿਲ ਐਤਕੀ ਦੀ ਦੀਵਾਲੀ ਰੱਬ ਦੇ ਰੰਗ ਵਿਚ ਰੰਗ ਕੇ ਵੇਖੀਏ ਤੇ ਮਨਾਈਏ।
ਜ਼ੱਰੇ-ਜ਼ੱਰੇ ਵਿਚ ਰੰਗ, ਰੌਸ਼ਨੀ ਹੈ, ਨੂਰ ਹੈ,
ਦਿਲੋਂ ਤੱਕੇ ਤਾਂ ਜਾਣੇਂ, ਧਰਤ ਇਕ ਹੂਰ ਹੈ।

ਸੰਪਰਕ: 98142-39041


Comments Off on ਦੀਵਾਲੀ ਦੇ ਰੰਗ ਕੁਦਰਤ ਦੇ ਸੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.