ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

Posted On October - 14 - 2019

ਐੱਸ ਪੀ ਸਿੰਘ*

ਆਪਣੀ ਜ਼ਮੀਨ ਉਹਦੀ ਕੋਈ ਨਹੀਂ ਸੀ। ਭੋਇੰ ਦਾ ਛੋਟਾ ਜਿਹਾ ਟੋਟਾ ਹਿੱਸੇ ’ਤੇ ਲੈ ਕੇ ਖੇਤੀ ਕਰਦਾ ਸੀ। ਉਸ ਦਿਨ ਉਹ ਆਪਣੇ ਘਰ ਸਾਹਮਣੇ ਖੁੱਲ੍ਹੇ ਦਲਾਨ ਵਿੱਚ ਬੈਠਾ ਲੱਕੜ ਦਾ ਇੱਕ ਮੁੱਠਾ ਜਿਹਾ ਤਰਾਸ਼ ਰਿਹਾ ਸੀ। ਖੌਰੇ ਕੀ ਬਣਾਉਣਾ ਸੀ ਉਸ?
ਅਚਾਨਕ ਕੁਝ ਲੋਕਾਂ ਉਹਨੂੰ ਆ ਘੇਰਿਆ। ਇੱਕ ਗੋਰੀ ਔਰਤ ਦਾ ਕਤਲ ਹੋ ਗਿਆ ਸੀ, ਲਾਗੇ-ਤਾਗੇ ਕਿਸੇ ਕਾਲੀ ਚਮੜੀ ਵਾਲੇ ਨੇ ਤਾਂ ਸ਼ੱਕ ਦੇ ਘੇਰੇ ਵਿੱਚ ਆਉਣਾ ਹੀ ਸੀ। ਅਦਾਲਤ ਵਿੱਚ ਮੁਕੱਦਮੇ ਵਰਗਾ ਕੁਝ ਛੇਤੀ ਨਾਲ ਹੋਇਆ। ਨਾਮ ਜੈਸੀ ਵਾਸ਼ਿੰਗਟਨ, ਉਮਰ 17 ਸਾਲ, ਰੰਗ ਸਿਆਹ। ਅੰਦਰ ਅਤਿ ਮਹੱਤਵਪੂਰਨ ਤੱਥ ਲੱਭੇ ਜਾ ਚੁੱਕੇ ਸਨ, ਬਾਹਰ ਹਜ਼ਾਰਾਂ ਦੀ ਤਾਦਾਦ ਵਿੱਚ ਇਨਸਾਫ਼ ਫਰਹਾਮ ਕਰਨ ਲਈ ਆਈ ਭੀੜ ਕਾਹਲੀ ਪੈ ਰਹੀ ਸੀ। ਉਹਦੇ ਵਕੀਲ ਨੇ ਕੋਈ ਸਫ਼ਾਈ ਨਾ ਦਿੱਤੀ, ਜਿਰਾਹ ਦੀ ਲੋੜ ਹੀ ਨਾ ਪਈ। ਸੰਨ 1916, ਅਮਰੀਕਾ ਦੇ ਟੈਕਸਾਸ ਰਾਜ ਵਿੱਚ ਵਾਕੋ ਸ਼ਹਿਰ। ਉਸ ਦਿਨ ਕਾਰੋਬਾਰ ਬੰਦ ਸਨ, ਸ਼ਹਿਰ ਵਿੱਚ ਸਰਕਸ ਜੁ ਲੱਗਣ ਜਾ ਰਹੀ ਸੀ। ਲਗਭਗ ਅੱਧਾ ਸ਼ਹਿਰ, ਕੋਈ 15,000 ਲੋਕ ਇਕੱਠੇ ਹੋ ਚੁੱਕੇ ਸਨ। ਭਾਗਾਂ ਵਾਲਿਆਂ ਨੇ ਉੱਚੀਆਂ ਜਗ੍ਹਾਂ ਮੱਲ ਲਈਆਂ ਸਨ। ਖਿੜਕੀਆਂ ਤੋਂ ਸੈਂਕੜੇ ਆਤੁਰ ਮੂੰਹ ਬਾਹਰ ਝਾਕ ਰਹੇ ਸਨ। ਹੇਠਾਂ ਨਜ਼ਾਰਾ ਬੰਨ੍ਹਿਆ ਜਾ ਰਿਹਾ ਸੀ। ਉਹਦੇ ਗਲੇ ਵਿੱਚ ਸੰਗਲ ਪਾ ਦਿੱਤਾ ਗਿਆ ਸੀ ਅਤੇ ਉਹਨੂੰ ਸਿਟੀ ਹਾਲ ਦੇ ਠੀਕ ਸਾਹਮਣੇ ਬਲੂਤ (oak) ਦੇ ਦਰੱਖਤ ਵੱਲ ਧੂਹ ਕੇ ਲਿਜਾਇਆ ਜਾ ਰਿਹਾ ਸੀ। ਕੁਝ ਲੋਕ ਲੱਕੜ ਦੀਆਂ ਖਾਲੀ ਪੇਟੀਆਂ (crates) ਇਕੱਠੀਆਂ ਕਰਕੇ ਉਨ੍ਹਾਂ ਨੂੰ ਅੱਗ ਲਾ ਚੁੱਕੇ ਸਨ। ਜੈਸੀ ਵਾਸ਼ਿੰਗਟਨ ਨੂੰ ਹੁੱਜਾਂ ਠੁੱਡੇ ਮਾਰੇ ਜਾ ਰਹੇ ਸਨ। ਕੋਈ ਉਹਦੇ ’ਤੇ ਥੁੱਕ ਰਿਹਾ ਸੀ, ਕੋਈ ਰੋੜੇ ਮਾਰ ਰਿਹਾ ਸੀ, ਫਿਰ ਕਿਸੇ ਨੇ ਕਹੀ ਨਾਲ ਉਹਦੇ ਮਾਸ ਦਾ ਲੋਥੜਾ ਹੀ ਲਾਹ ਦਿੱਤਾ। ਸ਼ਹਿਰ ਦਾ ਮੇਅਰ, ਸ਼ੈਰਿਫ ਅਤੇ ਇੱਕ ਸਥਾਨਕ ਫੋਟੋਗ੍ਰਾਫ਼ਰ ਗਿਲਡਰਸਲੀਵ ਮੇਅਰ ਦੇ ਦੂਜੀ ਮੰਜ਼ਿਲ ਵਾਲੇ ਕਮਰੇ ਤੋਂ ਥੱਲੇ ਹੋ ਰਹੀ ਕਾਰਵਾਈ ਦੇਖ ਰਹੇ ਸਨ।
ਜੈਸੀ ਵਾਸ਼ਿੰਗਟਨ ਨੂੰ ਅੱਗ ਵਿੱਚ ਸੁੱਟ ਦਿੱਤਾ ਗਿਆ। ਪਹਿਲੋਂ ਜਾਪਿਆ ਉਹ ਬੇਹੋਸ਼ ਹੋ ਗਿਆ ਹੈ। ਫਿਰ ਕਿਸੇ ਨੇ ਉਹਦਾ ਲਿੰਗ ਕੱਟ ਦਿੱਤਾ ਤਾਂ ਉਹ ਤੜਪ ਕੇ ਸੰਗਲ ਉੱਤੇ ਜ਼ੋਰ ਜ਼ੋਰ ਨਾਲ ਹੱਥ ਮਾਰਨ ਲੱਗ ਪਿਆ। ਤੰਗ ਆ ਕੇ ਕਿਸੇ ਨੇ ਉਹਦੇ ਹੱਥ ਉੱਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤਾਂ ਉਹਦੀਆਂ ਉਂਗਲਾਂ ਵੱਢੀਆਂ ਗਈਆਂ। ਇੱਕ ਗੋਰਾ-ਚਿੱਟਾ ਮੋਟਾ ਵਿਅਕਤੀ ਸੰਗਲ ਖਿੱਚ ਕੇ ਰੱਖ ਰਿਹਾ ਸੀ ਤਾਂ ਜੋ ਤੜਪਦਾ ਹੋਇਆ ਉਹ ਲਪਟਾਂ ’ਚੋਂ ਬਾਹਰ ਨਾ ਡਿੱਗ ਜਾਵੇ। ਇੱਕ ਹੋਰ ਜਣਾ ਲੰਬੀ ਸਾਰੀ ਡਾਂਗ ਨਾਲ ਲਪਟਾਂ ਵਾਲੀਆਂ ਲੱਕੜਾਂ ਉਹਦੇ ਵੱਲ ਨੂੰ ਧੱਕੀ ਜਾ ਰਿਹਾ ਸੀ। ਅੰਤ ਉਸ ਮੋਟੇ ਵਿਅਕਤੀ ਨੇ ਸੰਗਲ ਖਿੱਚ ਕੇ ਸੜ ਚੁੱਕੇ ਸਰੀਰ ਨੂੰ ਡਾਂਗਾਂ ਉੱਤੇ ਟੁੰਗ, ਸਾਰੀ ਭੀੜ ਦੇ ਸਿਰਾਂ ਦੇ ਉਤਾਹਾਂ ਬੁਲੰਦ ਤਰੀਕੇ ਨਾਲ ਝੁਲਾਇਆ ਤਾਂ ਭੀੜ ’ਚੋਂ ਹਜ਼ਾਰਾਂ ਸੀਟੀਆਂ ਅਤੇ ਤਾੜੀਆਂ ਗੂੰਜੀਆਂ।
ਜੈਸੀ ਵਾਸ਼ਿੰਗਟਨ ਨੂੰ ਸਰੇ-ਰਾਹ ਰਵਾਇਤੀ ਅਮਰੀਕੀ ਪਕਵਾਨ ਵਾਂਗੂੰ ਭੁੰਨਦੀ ਭੀੜ ਵਿੱਚ ਸ਼ਾਮਲ ਇੱਕ ਨੌਜਵਾਨ ਮੁੰਡੇ ਨੇ ਆਪਣੇ ਮਾਪਿਆਂ ਨੂੰ ਖ਼ਤ ਲਿਖਿਆ, ਨਾਲ ਸੜੇ ਹੋਏ ਹਮਉਮਰ ਨੌਜਵਾਨ ਦੀ ਤਸਵੀਰ ਵੀ ਨੱਥੀ ਕੀਤੀ – ‘‘ਕੱਲ ਰਾਤ ਦਾ ਸਾਡਾ ਬਾਰਬੀਕਿਊ! ਤੁਹਾਡੇ ਬੇਟੇ ਜੋਅ ਵੱਲੋਂ।’’ ਇਹ ਖ਼ਤ, ਤਸਵੀਰ ਅਤੇ ਵੇਲੇ ਦੇ ਹਾਲਾਤ ਜੇਮਜ਼ ਐਲਨ ਦੀ ਕਿਤਾਬ ‘ਵਿਦਆਊਟ ਸੈਂਕਚੁਰੀ (Without Sanctuary) ਵਿੱਚ ਦਰਜ ਹਨ। ਅੱਜ ਦੇ ਮੁਹੰਮਦ ਅਖ਼ਲਾਕ ਤੋਂ ਲੈ ਕੇ ਤਬਰੇਜ਼ ਅੰਸਾਰੀ ਤੱਕ ਦੇ ਕਤਲਾਂ ਦੀਆਂ ਵਾਇਰਲ ਫੋਟੋਆਂ ਅਤੇ ਮੋਬਾਈਲ ਫੋਨ ਨਾਲ ਬਣਾਈਆਂ ਫ਼ਿਲਮਾਂ ਵਾਂਗ ਉਨ੍ਹਾਂ ਵੇਲਿਆਂ ਦੀਆਂ ਤਸਵੀਰਾਂ ਦੀ ਵੀ ਕਮੀ ਨਹੀਂ। ਉਨ੍ਹਾਂ ਵੇਲਿਆਂ ਵਿੱਚ ਸੋਸ਼ਲ ਮੀਡੀਆ ਨਹੀਂ ਸੀ, ਪਰ ਜਿਹੜਾ ਰੌਲਾ ਫੇਸਬੁੱਕ, ਟਵਿੱਟਰ ਜਾਂ ਵੱਟਸਐਪ ਨਿਭਾਉਂਦੇ ਹਨ, ਉਹ ਬੇਹੱਦ ਮਹੱਤਵਪੂਰਨ ਹੈ। ਇਤਿਹਾਸ ਵਿੱਚ ਇਸ ਕਾਰਜ ਲਈ ਵੱਖ ਵੱਖ ਸੱਭਿਅਤਾਵਾਂ, ਲੋਕਾਂ, ਭੀੜਾਂ, ਨਿਜ਼ਾਮਾਂ ਨੇ ਵੱਖ-ਵੱਖ ਹੀਲੇ ਵਰਤੇ। ਸਭ ਦੇਖ ਲੈਣ, ਇਸੇ ਲਈ ਬੜੀ ਮੁਸ਼ਕਿਲ ਨਾਲ ਭੁੰਨੇ ਜਾ ਚੁੱਕੇ ਨੌਜਵਾਨ ਦਾ ਸਰੀਰ ਕੋਈ ਆਪਣੇ ਡੌਲਿਆਂ ਦੇ ਜ਼ੋਰ ਨਾਲ ਸਿਰਾਂ ਤੋਂ ਉੱਤੇ ਚੁੱਕੀ ਖੜ੍ਹਾ ਸੀ, ਪਰ ਨਜ਼ਾਰਾ ਕੇਵਲ ਉਨ੍ਹਾਂ ਤੱਕ ਹੀ ਮੌਜੂਦ ਕਿਉਂ ਰਹੇ ਜਿਹੜੇ ਕੰਮਕਾਰ ਛੱਡ ਚੌਕ ਵਿੱਚ ਪਹੁੰਚੇ ਸਨ?
1930 ਵਿੱਚ ਜਦੋਂ ਦੋ ਅਫਰੀਕੀ-ਅਮਰੀਕੀ ਲੁੱਟ, ਕਤਲ ਅਤੇ ਬਲਾਤਕਾਰ ਦੇ ਦੋਸ਼ ਵਿੱਚ ਫੜੇ ਗਏ ਸਨ ਤਾਂ ਨਿਜ਼ਾਮ ਜਾਣ ਚੁੱਕਾ ਸੀ ਕਿ ਹੁਣੇ ਕੋਈ ਭੀੜ ਇਨਸਾਫ਼ ਫਰਹਾਮ ਕਰਨ ਆ ਸਕਦੀ ਹੈ। ਇਹ ਕਾਰੇ ਹਰ ਆਏ ਦਿਨ ਹੋ ਰਹੇ ਸਨ। ਉਨ੍ਹਾਂ ਕੋਸ਼ਿਸ਼ ਕੀਤੀ ਕਿ ਥੋਮਸ ਸ਼ਿੱਪ, ਅਬਰਾਮ ਸਮਿੱਥ ਅਤੇ ਜੇਮਜ਼ ਕੈਮਰੌਨ ਨੂੰ ਸ਼ਹਿਰੋਂ ਬਾਹਰ ਭੇਜ ਦਿੱਤਾ ਜਾਵੇ, ਪਰ ਭੀੜ ਕਾਨੂੰਨ ਨਾਲੋਂ ਵਧੇਰੇ ਤੇਜ਼ੀ ਨਾਲ ਪਹੁੰਚ ਗਈ। ਦਰਵਾਜ਼ੇ, ਕੰਧਾਂ ਭੰਨ ਉਸ ਨੇ ਤਿੰਨਾਂ ਨੂੰ ਜੇਲ੍ਹ ਵਿੱਚੋਂ ਕੱਢ ਲਿਆ, ਫਿਰ ਮਾਰਿਆ ਕੁੱਟਿਆ। ਅੱਜ ਤੱਕ ਗੁੰਮਨਾਮ ਰਹਿ ਗਈ ਕਿਸੇ ਔਰਤ ਨੇ ਭੀੜ ਨੂੰ ਕਿਹਾ ਕਿ ਕੈਮਰੌਨ ਨਿਰਦੋਸ਼ ਹੈ, ਉਹਦਾ ਕੋਈ ਸਬੰਧ ਨਹੀਂ ਕਤਲ ਨਾਲ। ਉਹ ਭੱਜ ਨਿਕਲਿਆ। ਬਾਕੀ ਦੋਵਾਂ ਦੇ ਗਲੇ ਰੱਸੀ ਦਾ ਫੰਦਾ ਬਣਾ ਕੇ ਪਾ ਦਿੱਤਾ ਗਿਆ। ਸਮਿੱਥ ਨੇ ਫੰਦੇ ਨੂੰ ਗਲੇ ’ਚੋਂ ਕੱਢਣਾ ਚਾਹਿਆ ਤਾਂ ਉਹਦੀਆਂ ਬਾਹਵਾਂ ਤੋੜ ਦਿੱਤੀਆਂ ਗਈਆਂ ਤਾਂ ਜੋ ਸਮੂਹਿਕ ਕਾਰਜ ਵਿੱਚ ਵਿਘਨ ਨਾ ਪਵੇ। ਦੋਵੇਂ ਸਿਆਹਫਾਮ ਇੰਡੀਆਨਾ ਦੇ ਮੈਰੀਅਨ ਸ਼ਹਿਰ ਦੇ ਅਦਾਲਤ ਚੌਕ ਵਿੱਚ ਦਰੱਖਤ ਤੋਂ ਲਟਕਾ ਦਿੱਤੇ ਗਏ। ਸਥਾਨਕ ਫੋਟੋਗ੍ਰਾਫ਼ਰ ਲਾਰੈਂਸ ਬਾਈਟਲਰ ਨੇ ਦਰੱਖਤ ਤੋਂ ਲਟਕਦਿਆਂ ਦੀ ਫੋਟੋ ਖਿੱਚੀ। ਚਿਰਾਂ ਤੱਕ ਇਹ ਫੋਟੋ ਹਜ਼ਾਰਾਂ ਦੀ ਗਿਣਤੀ ਵਿੱਚ ਵੇਚੀ।
ਇਹ ਦੋਵੇਂ ਕੰਮ ਬਹੁਤ ਜ਼ਰੂਰੀ ਸਨ – ਰੱਸੀ ਨਾਲ ਦਰੱਖ਼ਤ ਤੋਂ ਲਟਕਾਉਣਾ ਅਤੇ ਫੋਟੋ ਖਿੱਚਣਾ। ਭੀੜ ਨੂੰ ਕਾਰਵਾਈ ਆਸਾਨੀ ਨਾਲ ਦਿਖਾਈ ਦੇਵੇ, ਇਸ ਲਈ ਰੱਸੀ ਨਾਲ ਬੰਦਾ ਦਰੱਖਤ ਦੇ ਉੱਚੇ ਟਾਹਣ ਤੋਂ ਝੁਲਾਇਆ ਜਾਂਦਾ ਸੀ। ਬਾਕੀਆਂ ਨੂੰ ਪਤਾ ਲੱਗੇ, ਇਸ ਲਈ ਫੋਟੋ ਜ਼ਰੂਰ ਖਿੱਚੀ ਜਾਂਦੀ ਸੀ। ਦਰੱਖਤ ਤੋਂ ਲਟਕਦੇ ਦੀ ਫੋਟੋ ਖਿੱਚਣਾ ਆਸਾਨ ਹੋ ਜਾਂਦਾ ਸੀ। ਵੈਸੇ ਸਮੂਹਿਕ ਪ੍ਰਾਣ-ਦੰਡ ਦੇ ਤਰੀਕੇ ਹੋਰ ਵੀ ਸਨ – ਗੋਲੀ ਨਾਲ ਮਾਰ ਦੇਣਾ, ਜ਼ਿੰਦਾ ਜਲਾ ਦੇਣਾ, ਪੁਲ ਤੋਂ ਥੱਲੇ ਸੁੱਟਣਾ, ਕਾਰ ਪਿੱਛੇ ਬੰਨ੍ਹ ਕੇ ਘਸੀਟਣਾ।
ਪਰ ਵਡੇਰਾ ਕਾਰਜ ਘਟਨਾ ਨੂੰ ਜਿਊਂਦਾ ਰੱਖਣਾ ਹੁੰਦਾ ਸੀ। ਮਾਰੇ ਜਾ ਰਹੇ ਜਾਂ ਮਰ ਚੁੱਕੇ ਦੀ ਉਂਗਲ ਜਾਂ ਕੋਈ ਹੋਰ ਸਰੀਰਕ ਅੰਗ ਸੋਵੀਨੀਅਰ ਦੇ ਤੌਰ ’ਤੇ ਇਕੱਠੇ ਕੀਤੇ ਜਾਂਦੇ, ਬਾਜ਼ਾਰਾਂ ਵਿੱਚ ਵਿਕਦੇ। ਜੇਮਜ਼ ਐਲਨ ਨੇ ਆਪਣੀ ਖੋਜ ਦੌਰਾਨ ਜਾਣਿਆ ਕਿ ਅਜੇ ਵੀ ਕਈ ਗੋਰੇ ਪਰਿਵਾਰਾਂ ਨੇ ਇਉਂ ਮਾਰੇ ਗਿਆਂ ਦੇ ਹੋਂਠ ਜਾਂ ਵਾਲਾਂ ਦੀਆਂ ਲਟਾਂ ਜਿਹੇ ‘ਯਾਦਗਾਰੀ ਚਿੰਨ੍ਹ’ ਕਿਸੇ ਇਨਾਮ ਵਾਂਗੂੰ ਸਾਂਭ ਕੇ ਰੱਖੇ ਹਨ।
ਕਈ ਵਾਰੀ ਤਾਂ ਭੀੜ ਦੁਆਰਾ ਦਿਨ ਮਿੱਥ ਕੇ ਕੀਤੇ ਅਜਿਹੇ ਕਤਲਾਂ ਲਈ ਵਿਸ਼ੇਸ਼ ਤੌਰ ਉੱਤੇ ਆਉਣ-ਜਾਣ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਜਾਂਦਾ। ਕਦੀ ਕਦੀ ਇਹ ਕਤਲ ਥੀਏਟਰ ਵਾਂਗ ਪੇਸ਼ ਕੀਤੇ ਜਾਂਦੇ, ਸਿਆਹਫਾਮ ਮਜ਼ਲੂਮ ਨੂੰ ਉਹਦੀ ਹੋਰ ਬੇਇੱਜ਼ਤੀ ਕਰਨ ਲਈ ਤਮਾਸ਼ਾਈ ਪੋਸ਼ਾਕ ਪਹਿਨਾਈ ਜਾਂਦੀ, ਫਿਰ ਫੋਟੋਆਂ ਸਟਾਲ ਲਾ ਕੇ ਵੇਚੀਆਂ ਜਾਂਦੀਆਂ।
ਜਦੋਂ ਥੋਮਸ ਸ਼ਿੱਪ ਅਤੇ ਅਬਰਾਮ ਸਮਿੱਥ ਨੂੰ ਦਰੱਖਤ ਤੋਂ ਲਟਕਾਇਆ ਗਿਆ ਤਾਂ ਭੀੜ ਨੇ ਦਿਨਾਂ ਤੱਕ ਸਰਕਾਰੀ ਮੁਲਾਜ਼ਮ ਨੂੰ ਇਹ ਲਾਸ਼ਾਂ ਥੱਲੇ ਨਹੀਂ ਲਾਹੁਣ ਦਿੱਤੀਆਂ। ਫੋਟੋਆਂ ਵਿਕਦੀਆਂ ਰਹੀਆਂ। ਕੁਝ ਉਨ੍ਹਾਂ ਦੇ ਫਟੇ ਕੱਪੜਿਆਂ ’ਚੋਂ ਲੀਰਾਂ ਹੀ ਫਾੜ ਨਿਸ਼ਾਨੀ ਵਜੋਂ ਘਰ ਲੈ ਗਏ। ਘਟਨਾ ਤੋਂ ਸੱਤ ਸਾਲ ਬਾਅਦ ਜਦੋਂ ਇੱਕ ਅਧਿਆਪਕ ਏਬਲ ਮੀਰੋਪੋਲ ਨੇ ਇਹ ਫੋਟੋ ਵੇਖੀ ਤਾਂ ਉਸ ਨੇ ਇਸ ਨਫ਼ਰਤ-ਫੈਲਾਉਂਦੀ ਫੋਟੋ ਨੂੰ ਨਫ਼ਰਤ ਵਿਰੁੱਧ ਵਰਤਣ ਦਾ ਫ਼ੈਸਲਾ ਕੀਤਾ। ਉਸ ਦਾ ਲਿਖਿਆ ਗਾਣਾ ‘ਸਟਰੇਂਜ ਫਰੂਟ’ ਜਦੋਂ ਬਿਲੀ ਹੋਲੀਡੇ ਦੀ ਆਵਾਜ਼ ਵਿੱਚ ਕਦੀ ਕੰਨੀਂ ਪੈਂਦਾ ਹੈ ਤਾਂ ਅੰਦਰ ਤੱਕ ਲੂਸ ਦੇਂਦਾ ਹੈ। ਇਹ ਘਟਨਾਵਾਂ 19ਵੀਂ ਸਦੀ ਦੇ ਅੰਤ ਵਿੱਚ ਸ਼ੁਰੂ ਹੋਈਆਂ ਅਤੇ 20ਵੀਂ ਸਦੀ ਦੇ ਮੱਧ ਤੱਕ ਵਾਪਰਦੀਆਂ ਰਹੀਆਂ। 60ਵਿਆਂ ਵਿੱਚ ਵੀ ਇੱਕਾ-ਦੁੱਕਾ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਪਰ ਅੱਜ ਇੱਥੇ ਇਹ ਜ਼ਿਕਰ ਕਿਉਂ?
ਇਸ ਲਈ ਕਿਉਂ ਜੋ ਜਿਵੇਂ ਅੱਜ ਸਾਡੇ ਇੱਥੇ ਕੁਝ ਰਹਿਨੁਮਾਂ ਹੈਰਾਨ ਹੋ ਰਹੇ ਹਨ ਕਿ ਭਾਰਤੀ ਜ਼ੁਬਾਨਾਂ ਵਿੱਚ ਤਾਂ ਲਿੰਚਿੰਗ (lynching) ਵਰਗੇ ਵਰਤਾਰੇ ਲਈ ਸ਼ਬਦ ਹੀ ਨਹੀਂ ਹੈ ਅਤੇ ਇਹ ਤਾਂ ਕੁਝ ਹਿੰਸਕ ਘਟਨਾਵਾਂ ਨੂੰ ਇੱਕ ਸ਼ਬਦ ਦੇ ਕੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਵੇਂ ਹੀ ਸੰਨ 2000 ਵਿੱਚ ਅਮਰੀਕੀ ਹੈਰਾਨ ਹੋ ਉੱਠੇ ਸਨ ਕਿ ਉਨ੍ਹਾਂ ਦੇ ਮੁਲਕ ਵਿੱਚ ਸਿਆਹਫਾਮ ਇੰਝ ਮਾਰੇ ਗਏ ਸਨ।
ਪੂਰੇ ਦੇ ਪੂਰੇ ਮੁਲਕ ਦੀ ਯਾਦਦਾਸ਼ਤ ਵਿੱਚੋਂ ਇੱਕ ਕਰੂਰ, ਭਿਆਨਕ, ਸ਼ਰਮਨਾਕ, ਚਿਰਾਂ ਤੱਕ ਵਾਪਰੇ ਵਰਤਾਰੇ ਨੂੰ ਖ਼ਾਰਜ ਕਰਨਾ, ਹਜ਼ਫ਼ ਕਰਨਾ ਇੱਕ ਸਿਆਸੀ ਪ੍ਰਾਜੈਕਟ ਹੁੰਦਾ ਹੈ। ਜਦੋਂ ਅਮਰੀਕਾ ਵਿੱਚ ਜੇਮਜ਼ ਐਲਨ ਨੇ ਭੀੜਾਂ ਵੱਲੋਂ ਕੀਤੇ ਹਜੂਮੀ, ਤਮਾਸ਼ਾਈ ਕਤਲਾਂ ਦੀਆਂ ਫੋਟੋਆਂ ਸਮੇਤ ਪ੍ਰਦਰਸ਼ਨੀ ਸੌ ਤੋਂ ਵਧੇਰੇ ਸ਼ਹਿਰਾਂ ਵਿੱਚ ਲਾਈ ਤਾਂ ਮੁਲਕ ਕੰਬ ਉੱਠਿਆ ਸੀ। ਐਲਨ ਨੇ ਸ਼ਹਿਰ ਸ਼ਹਿਰ ਘੁੰਮ ਕੇ ਇਹ ਤਸਵੀਰਾਂ ਇਕੱਠੀਆਂ ਕੀਤੀਆਂ ਸਨ, ਉਹ ਤਾਂ ਕੰਮ ਹੀ ਪੁਰਾਣੀਆਂ ਵਸਤਾਂ ਇਕੱਠੀਆਂ ਕਰਨ ਦਾ ਕਰਦਾ ਸੀ। ਅਮਰੀਕਾ ਵਿੱਚ ਸਿਆਹਫਾਮ ਲੋਕਾਂ ਉੱਤੇ ਹੋਏ ਜ਼ੁਲਮਾਂ ਬਾਰੇ ਖੋਜ ਕਰਨ ਵਾਲੇ ਕਈ ਮਾਹਿਰਾਂ ਨੇ ਵੀ ਮੰਨਿਆ ਕਿ ਦੇਸ਼ ਦੇ ਸੱਭਿਆਚਾਰਕ ਹਾਫ਼ਜ਼ੇ ਵਿੱਚੋਂ ਕੁਝ ਮਨਹੂਸ, ਪਰ ਬੇਸ਼ਕੀਮਤੀ ਮਨਫ਼ੀ ਕਰ ਦਿੱਤਾ ਗਿਆ ਸੀ।
ਇੱਕ ਵਰਤਾਰੇ ਨੂੰ ਘਟਾ ਕੇ ਮੰਦਭਾਗੀ ਘਟਨਾ ਜਾਂ ਘਟਨਾਵਾਂ ਕਰਾਰ ਦੇਣਾ ਸਾਡੀ ਯਾਦਦਾਸ਼ਤ ਵਿੱਚੋਂ ਕੁਝ ਖਾਰਜ ਕਰਨ ਤੁੱਲ ਹੈ। ਅਸੀਂ ਆਪਣੀਆਂ ਯਾਦਾਂ ਦੇ ਹੀ ਬਣੇ ਹਾਂ। ਪਿਛਲਾ ਸਾਲ ਬੀਤ ਚੁੱਕਾ ਹੈ, ਹੁਣ ਪਿਛਲੇ ਸਾਲ ਦੀਆਂ ਯਾਦਾਂ ਹੀ ਹਨ। ਕੱਲ੍ਹ ਬੀਤ ਗਿਆ, ਅੱਜ ਬੀਤ ਜਾਵੇਗਾ। ਫਿਰ ਕੱਲ੍ਹ ਅਤੇ ਅੱਜ ਦੀ ਕੇਵਲ ਯਾਦ ਬਚੇਗੀ। ਅਸੀਂ ਆਪਣੇ ਬੀਤ ਗਏ ਸਾਲਾਂ ਦੀਆਂ ਯਾਦਾਂ ਦੇ ਬਣੇ ਹਾਂ। ਆਪਣੀ ਪੜ੍ਹਾਈ, ਲਿਖਾਈ, ਤਜਰਬੇ, ਯਾਦਾਂ ਵਿੱਚੋਂ ਜੇ ਵਰਤਾਰੇ ਮਨਫ਼ੀ ਹੋ ਜਾਣਗੇ ਤਾਂ ਅਸੀਂ ਘਟ ਜਾਵਾਂਗੇ, ਛੋਟੇ ਹੋ ਜਾਵਾਂਗੇ, ਸਿੱਖਿਆ ਗਵਾ ਬੈਠਾਂਗੇ, ਮਾੜਾ ਦੁਹਰਾਵਾਂਗੇ।
ਦਰੱਖਤਾਂ ਤੋਂ ਲਟਕਦੀਆਂ ਲਾਸ਼ਾਂ ਦੀਆਂ ਫੋਟੋਆਂ ਵਿੱਚ ਸਭ ਤੋਂ ਭਿਆਨਕ ਦਰੱਖਤਾਂ ਤੋਂ ਲਟਕਦੀਆਂ ਲਾਸ਼ਾਂ ਨਹੀਂ, ਉਨ੍ਹਾਂ ਫੋਟੋਆਂ ’ਚੋਂ ਝਾਕਦੇ ਅੱਗ ਦੀਆਂ ਲਪਟਾਂ ਦੀ ਰੌਸ਼ਨੀ ’ਚ ਰੁਸ਼ਨਾਏ ਗੋਰਿਆਂ ਦੇ ਚਿਹਰੇ ਹਨ ਜਿਨ੍ਹਾਂ ’ਤੇ ਲਿਖਿਆ ਹੈ ਕਿ ਉਨ੍ਹਾਂ ਨੇ ਕੋਈ ਮਾਅਰਕੇ ਦਾ ਕੰਮ ਕੀਤਾ ਹੈ। ਇਹ ਤਸਵੀਰਾਂ ਇਸ ਲਈ ਖਿੱਚੀਆਂ, ਵੰਡੀਆਂ, ਵੇਚੀਆਂ ਤੇ ਸਨੇਹੀਆਂ ਨੂੰ ਭੇਜੀਆਂ ਗਈਆਂ ਕਿਉਂ ਜੋ ਉਦੋਂ ਬਹੁਤਿਆਂ ਨੂੰ ਵਿਸ਼ਵਾਸ ਸੀ ਕਿ ਇਹ ਕੁਝ ਚੰਗੇ ਨੂੰ ਦਰਸਾਉਂਦੀਆਂ ਸਨ। ਅੱਜ ਵੀ ਹਜੂਮੀ ਹਿੰਸਕ ਕਤਲਾਂ ਦੀਆਂ ਵਾਇਰਲ ਵੀਡੀਓ ਇਹੋ ਸੋਚ ਕੇ ਬਣਾਈਆਂ, ਫੈਲਾਈਆਂ ਜਾ ਰਹੀਆਂ ਹਨ ਕਿ ਕੋਈ ਮਾਅਰਕੇ ਦਾ ਕਾਰਜ ਅੰਜਾਮ ਦਿੱਤਾ ਜਾ ਰਿਹਾ ਹੈ। ਸਾਡੀ ਯਾਦਦਾਸ਼ਤ ਨੂੰ ਤਾਂ ਹੁਣੇ ਹੀ ਛੋਟਿਆਂ ਕੀਤਾ ਜਾ ਰਿਹਾ ਹੈ।
ਕੁਝ ਸਾਲ ਪਹਿਲਾਂ ਜਦੋਂ ਚੰਡੀਗੜ੍ਹ ਦੇ ਇਕ ਮਾਲ ’ਚ ਬਣੇ ਸਿਨੇਮਾ ਵਿੱਚ “12 Years a Slave” ਫਿਲਮ ਲੱਗੀ ਤਾਂ ਮੈਂ ਕੁਝ ਹੀ ਮਿੰਟ ਦੇਖ ਸਕਿਆ ਸਾਂ। ਹਾਲ ਅੰਦਰ ਕੋਈ ਵੀਹ ਕੁ ਜਣੇ ਸਨ, ਚਾਰ ਪੰਜ ਪਹਿਲਾਂ ਹੀ ਇਹ ਆਖ ਜਾ ਚੁੱਕੇ ਸਨ ਕਿ ਉਨ੍ਹਾਂ ਤੋਂ ਸਿਆਹਫਾਮ ਗ਼ੁਲਾਮ ਉੱਤੇ ਹਿੰਸਾ ਦੇਖੀ ਨਹੀਂ ਜਾ ਰਹੀ। ਮੈਂ ਵੀ ਵਿਚਾਲਿਓਂ ਉੱਠ ਤੁਰਨ ਬਾਰੇ ਸੋਚ ਰਿਹਾ ਸਾਂ, ਪਰ ਮੈਥੋਂ ਪਹਿਲਾਂ ਇੱਕ ਨਵ-ਵਿਆਹਿਆ ਜੋੜਾ ਉੱਠ ਕੇ ਜਾਣ ਲੱਗਾ ਤਾਂ ਪਿੱਛੋਂ ਇੱਕ ਬਜ਼ੁਰਗ ਨੇ ਹੱਥ ਜੋੜ ਕਿਹਾ, ‘‘ਵੇਖੋ ਜੀ, ਇਹ ਗ਼ਲਤ ਗੱਲ ਹੈ। ਸਾਨੂੰ ਵੇਖਣੀ ਚਾਹੀਦੀ ਹੈ, ਇੰਝ ਨਹੀਂ ਕਰਨਾ ਚਾਹੀਦਾ। ਮੈਥੋਂ ਵੀ ਨਹੀਂ ਵੇਖੀ ਜਾ ਰਹੀ, ਪਰ ਵੇਖਣੀ ਚਾਹੀਦੀ ਹੈ ਜੀ। ਅੱਗੋਂ ਤੁਹਾਡੀ ਮਰਜ਼ੀ।’’ ਉਸ ਤੋਂ ਬਾਅਦ ਕੋਈ ਨਾ ਉੱਠਿਆ।
ਬਜ਼ੁਰਗ ਨੇ ਬਾਅਦ ਵਿੱਚ ਦੱਸਿਆ ਕਿ ਉਸ 1984 ਦਾ ਦੇਸ਼ ਦੀ ਰਾਜਧਾਨੀ ਵਿਚ ਵਰਤਾਰਾ ਆਪ ਵੇਖਿਆ ਸੀ, ਪਰ ਨਵੀਂ ਨਸਲ ਦੇ ਬੱਚੇ ਉਹਦੇ ਤੋਂ ਕਤਲਾਂ ਦਾ ਹਾਲ ਸੁਣਨਾ ਬਰਦਾਸ਼ਤ ਨਹੀਂ ਕਰ ਸਕਦੇ। ਉਹ ਗੱਲ ਸ਼ੁਰੂ ਕਰਦਾ ਹੈ ਤਾਂ ਬੱਚਿਆਂ ਨੂੰ ਸੁਣਨਾ ਮੁਸ਼ਕਿਲ ਭਾਸਦਾ ਹੈ। ਕਹਿਣ ਲੱਗਾ ਕਿ ਉਹ ਬਜ਼ਿੱਦ ਹੈ ਕਿ ਅੱਖੀਂ ਵੇਖੇ ਇਹ ਦ੍ਰਿਸ਼ ਅਗਲੀ ਨਸਲ ਦੀ ਯਾਦਦਾਸ਼ਤ ਵਿੱਚ ਡੂੰਘੇ ਜੜ੍ਹ ਕੇ ਹੀ ਮਰੇਗਾ। ‘‘ਨਹੀਂ ਤਾਂ ਬੀਤਿਆ ਸਭ ਮਿਟ ਜਾਵੇਗਾ।’’
ਸਾਨੂੰ ਹੁਣੇ ਹੀ ਭੁੱਲ ਜਾਣ, ਛੱਡ ਦੇਣ, ਇਸ ਨੂੰ ਕੇਵਲ ਹਿੰਸਕ ਘਟਨਾਵਾਂ ਦੇ ਤੌਰ ’ਤੇ ਵੇਖਣ ਲਈ ਕਿਹਾ ਜਾ ਰਿਹਾ ਹੈ। ਸੌ ਸਾਲ ਬਾਅਦ ਲੱਗਣ ਵਾਲੀ ਕਿਸੇ ਪ੍ਰਦਰਸ਼ਨੀ ਵਿੱਚ ਕੋਈ ਹੈਰਾਨ ਹੋਵੇਗਾ ਕਿ ਅਸੀਂ ਪੁੱਛ ਰਹੇ ਸੀ ਕਿ ਫਰਿੱਜ ਵਿੱਚ ਮੀਟ ਕਿਸ ਜਾਨਵਰ ਦਾ ਸੀ ਅਤੇ ਕੁੱਟ ਕੁੱਟ ਕੇ ਮਨੁੱਖ ਤੋਂ ਲਾਸ਼ ਬਣਾ ਦਿੱਤਾ ਗਿਆ, ਵਿਦੇਸ਼ੀ ਜ਼ੁਬਾਨ ਵਾਲੀ ਲਿੰਚਿੰਗ ’ਚ ਮਾਰਿਆ ਗਿਆ ਜਾਂ ਉਵੇਂ ਹੀ ਮੰਦਭਾਗੀ ਹਿੰਸਾ ਦਾ ਸ਼ਿਕਾਰ ਹੋ ਗਿਆ?
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਪ ਬਹੁਤ ਸਾਰੇ ਹਜੂਮੀ ਕਤਲਾਂ ਦੇ ਵਾਇਰਲ ਵੀਡੀਓ ਹੁਣ ਤੱਕ ਨਾ ਵੇਖਣ ਦਾ ਦੋਸ਼ੀ ਹੈ।)


Comments Off on ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.