ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

‘ਤੇਰੇ ਇਸ਼ਕ ਦਾ ਗਿੱਧਾ ਪੈਂਦਾ…’: ਗੁਰਦਾਸ ਮਾਨ ਹਾਜ਼ਰ ਹੋ!

Posted On October - 13 - 2019

ਪ੍ਰਸਿੱਧ ਸਿਆਹਫਾਮ ਚਿੰਤਕ ਸਟੂਅਰਟ ਹਾਲ ਮੁਤਾਬਿਕ ਲੋਕਾਂ ਵਿਚ ਹਰਮਨ ਪਿਆਰਾ ਹੋਣ ਵਾਲਾ ਸੱਭਿਆਚਾਰ (popular culture) ਇਕ ਅਜਿਹਾ ਅਸਥਾਨ/ਸਪੇਸ ਹੈ ਜਿੱਥੇ ਜ਼ੋਰਾਵਰਾਂ ਦੇ ਸੱਭਿਆਚਾਰ ਵਿਰੁੱਧ ਲੜਾਈ ਲੜੀ ਜਾਂਦੀ ਹੈ। ਇਹ ਉਹ ਥਾਂ ਹੈ ਜਿੱਥੇ ਕਈ ਵਾਰ ਭਾਰੂ ਸਮਾਜਿਕ ਕਦਰਾਂ-ਕੀਮਤਾਂ ਦੀ ਹਾਮੀ ਭਰੀ ਜਾਂਦੀ ਹੈ ਤੇ ਕਈ ਵਾਰ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ। ਲੋਕ-ਲੁਭਾਊ ਗੀਤਾਂ, ਨਾਚਾਂ ਅਤੇ ਅਜਿਹੇ ਹੋਰ ਮਾਧਿਅਮਾਂ ਵਿਚ ਸਾਡੇ ਸੱਭਿਆਚਾਰ ਦੀਆਂ ਰਮਜ਼ਾਂ (codes) ਸਿੱਧੇ-ਅਸਿੱਧੇ ਤੌਰ ’ਤੇ ਪਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਮਝਣਾ ਕਈ ਵਾਰ ਬਹੁਤ ਸੁਖਾਲਾ ਹੁੰਦਾ ਹੈ ਤੇ ਕਈ ਵਾਰ ਬਹੁਤ ਔਖਾ।

ਸੁਮੇਲ ਸਿੰਘ ਸਿੱਧੂ

ਜਲੰਧਰ ਦੂਰਦਰਸ਼ਨ ’ਤੇ 1980 ਵਿਚ ‘ਦਿਲ ਦਾ ਮਾਮਲਾ ਹੈ’ ਦੀ ਪੇਸ਼ਕਾਰੀ ਤੋਂ ਲੈ ਕੇ ਅੱਜ ਤੱਕ, ਲਗਭਗ 40 ਵਰ੍ਹਿਆਂ ਤੋਂ, ਗੁਰਦਾਸ ਮਾਨ ਲਗਾਤਾਰ ਚਰਚਾ ਵਿਚ ਹੈ। ਕਿਸੇ ਵੀ ਮਾਅਰਕੇ ਦੀ ਖਪਤਕਾਰੀ ਲਈ ਇਹ ਬਹੁਤ ਲੰਬਾ ਅਰਸਾ ਗਿਣਿਆ ਜਾਵੇਗਾ। ਖ਼ਾਸ ਤੌਰ ’ਤੇ ਸੱਭਿਆਚਾਰਕ ਬਾਜ਼ਾਰ ਦੀ ਤਿਲ੍ਹਕਵੀਂ ਬਿਸਾਤ ਦੇ ਹਵਾਲੇ ਨਾਲ ਤਾਂ ਇਹ ਇਕ ਵੱਡੀ ਪ੍ਰਾਪਤੀ ਰਹੇਗੀ। ਸੋਸ਼ਲ ਮੀਡੀਆ ਤੋਂ ਲੱਗਦਾ ਹੈ ਕਿ ਅਜੋਕੇ ਪੰਜਾਬੀ ਗੁਰਦਾਸ ਮਾਨ ਤੋਂ ਖ਼ਫ਼ਾ ਹਨ, ਕੁਝ ਸੱਚੀਓਂ ਉਦਾਸ ਹਨ, ਕੁਝ ਗੁੱਸਾ ਕੱਢਣ ਲਈ ਨਵਾਂ ਸ਼ਿਕਾਰ ਲੱਭਣ ਦੇ ਰੋਗੀ ਵੀ ਹਨ। ‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ’ਤੇ’ ਵਾਲਾ ਵਰਤਾਰਾ ਹੁਣ ਸਾਡਾ ਸਿਰਨਾਵਾਂ ਹੁੰਦਾ ਜਾਂਦਾ ਹੈ। ਆਪਣੇ ਦੌਰ ਦੀਆਂ ਮੁਸ਼ਕਿਲ, ਪਰਤਦਾਰ ਚੁਣੌਤੀਆਂ ਨਾਲ ਸਿੱਝਣ ਲਈ ਸਿੱਧ-ਪਧਰੀ ਨੈਤਿਕਤਾ, ਸਪਾਟ ਕਿਸਮ ਦੀ ਰਾਜਨੀਤੀ ਅਤੇ ਪੰਜਾਬੀ ਪਿੜ ਦੀ ਇਤਿਹਾਸਕ ਬੁਣਤਰ ਤੋਂ ਉਦਾਸੀਨ, ਲਕੀਰੀ ਕਿਸਮ ਦੇ ਵਿਚਾਰਕ ਅਭਿਆਸ ਦਾ ਸਾਂਝਾ ਨਿਸ਼ਾਨਾ ਗੁਰਦਾਸ ਮਾਨ ਬਣਿਆ।
ਉਸ ਦਾ ਵਿਰੋਧ ਕੀ ਕਿਸੇ ਇੱਕ ਵਿਅਕਤੀ ਦਾ ਹੈ ਜਾਂ ਕਿਸੇ ਇੱਕ ਚਿੰਨ੍ਹ ਦਾ? ਕੀ ਸਾਡੀ ਪਰਵਾਨਗੀ ਤੋਂ ਬਿਨਾਂ ਇਹ ਸੱਭਿਆਚਾਰਕ ਚਿੰਨ੍ਹਕਾਰੀ ਐਨਾ ਸਮਾਂ ਸਫ਼ਲਤਾ ਨਾਲ ਸਿਰ ਚੜ੍ਹ ਕੇ ਰਹਿ ਸਕਦੀ ਸੀ? ਕੀ ਪੰਜਾਬੀ ਸਮਾਜ ਹੁਣ ਪੰਜਾਬੀ ਜ਼ੁਬਾਨ ਦੀ ਬਿਹਤਰੀ ਲਈ, ਸਿੱਖੀ ਦੇ ਭਵਿੱਖ ਬਾਬਤ ਜਾਂ ਸਮਾਜਿਕ ਮਰਿਆਦਾਵਾਦ ਨਾਲ ਭਿੜਣ ਲਈ ਜ਼ਿਆਦਾ ਚੇਤੰਨ ਹੋਇਆ ਹੈ ਜਾਂ ਇਸ ਨੇ ਸਭ ਮਸਲੇ ਹੱਲ ਕਰ ਦਿੱਤੇ ਹਨ? ਗੁਰਦਾਸ ਮਾਨ ’ਤੇ ਕੀਤਾ ਮੁਕੱਦਮਾ ਸਾਡੇ ਆਪਣੇ ਕਮਾਏ ਹੋਏ ਵਿਵੇਕ ਬਾਰੇ ਕੀ ਚੁਗਲੀ ਕਰਦਾ ਹੈ? ਇਹ ਵਰਤਾਰਾ ਕਿਹੜੀ ਪ੍ਰਕਿਰਿਆ ਤੇ ਕਿਹੜੇ ਪ੍ਰਸੰਗਾਂ ਦੀ ਵਿਚੋਲਗੀ ਸਦਕਾ ਪ੍ਰਭਾਵਕਾਰੀ ਹੋਇਆ- ਇਹ ਵਿਸ਼ਾ ਕਾਫ਼ੀ ਲੰਮਾ-ਚੌੜਾ ਹੈ। ਇੱਥੇ ਕੁਝ ਕੁ ਨੁਕਤੇ ਸੰਖੇਪ ਢੰਗ ਨਾਲ ਵਿਚਾਰ ਸਕਦੇ ਹਾਂ।
ਗੁਰਦਾਸ ਮਾਨ ਦੇ ਨਾਲ ਇਹ ਮੁਕੱਦਮਾ ਸਾਡੇ ’ਤੇ ਵੀ ਹੈ ਜਿਨ੍ਹਾਂ ਨੇ ਆਪਣੀਆਂ ਆਸਾਂ, ਤੌਖ਼ਲੇ, ਅਕਾਂਖਿਆਂਵਾਂ, ਸੁਪਨੇ ਆਦਿ ਗੁਰਦਾਸ ਮਾਨ ਰਾਹੀਂ ਉਡਾਣ ਭਰਦੇ ਵੇਖੇ। ‘ਸੁਣੋ ਸੁਣਾਵਾਂ ਸੱਜਣ ਬੇਲੀਓ! ਅੱਜਕੱਲ੍ਹ ਦੇ ਹਾਲਾਤ’ ਦੱਸਣ ਤੋਂ ਪੈਰ ਪੁੱਟਦੀ, ਗੱਲਬਾਤੀ ਅੰਦਾਜ਼ ਵਾਲੀ ਗਾਇਕੀ ਸਦਕਾ ਕੁਝ ਨਵਾਂ ਕਹਿਣ ਦੀ ਸਮਰੱਥਾ ਵੇਖੀ ਅਤੇ ਕਿਸੇ ਚਮਤਕਾਰ ਵਾਂਗ ਪੰਜਾਬੀ ਗੀਤ ਸਾਰੇ ਹਿੰਦੋਸਤਾਨੀਆਂ ਵਿਚ ਮਕਬੂਲ ਹੁੰਦੇ ਵੇਖੇ। ਨਵੇਂ ਦੌਰ ਦੀ ਬਾਤ ਠੇਠ ਪੰਜਾਬੀ ਲਹਿਜੇ ਵਿਚ ਢਲਦੀ ਵੇਖੀ। ਜਵਾਨੀ ਨੂੰ ਪੁਰਾਣੇ ਕਦਰ-ਪ੍ਰਬੰਧ ਤੋਂ ਨਵੀਆਂ, ਉਸਾਰੂ ਰੁਚੀਆਂ ਵੱਲ ਤੋਰਨ ਦਾ ਕਾਰਜ ਸਹਿਜੇ ਹੀ ਉਸ ਦੇ ਬੋਲਾਂ ਸਦਕਾ ਨਵੇਂ ਸੱਭਿਆਚਾਰ ਦੀ ਨਿਰਮਾਣਕਾਰੀ ਦੀ ਸੱਦ ਲਾ ਗਿਆ।
1980ਵਿਆਂ ਦਾ ਦਹਾਕਾ ਪੰਜਾਬ ਵਿਚ ਸੱਭਿਆਚਾਰਕ-ਵਿਚਾਰਧਾਰਕ ਰੱਸਾਕਸ਼ੀ ਦਾ ਵੀ ਹੈ ਜਦੋਂ ਪੰਜਾਬ ਦੀ ਜਵਾਨੀ ਰਾਜਸੀ ਹਿੰਸਾ ਤੇ ਜੁਆਬੀ ਹਿੰਸਾ ਦੀ ਚੱਕੀ ਦਾ ਮੁੱਠਾ ਵੀ ਸੀ ਅਤੇ ਸ਼ਿਕਾਰ ਵੀ। ਦੇਖਣਾ ਇਹ ਬਣਦਾ ਹੈ ਕਿ ਜਦੋਂ ਪੰਜਾਬੀ ਅੰਬਰ ਸੁੰਗੜ ਕੇ ਬਾਕੀ ਹਿੰਦੋਸਤਾਨ ਤੋਂ ਬੇਗਾਨਾ ਮਹਿਸੂਸ ਕਰ ਰਿਹਾ ਸੀ ਤਾਂ ਉਸੇ ਦੇ ਬਰਅਕਸ ਗੁਰਦਾਸ ਮਾਨ ਕਈ ਕਿਸਮ ਦੀ ਸਾਂਝ ਦਾ ਪੁਲ ਬਣਦਾ ਜਾ ਰਿਹਾ ਸੀ- ਪੰਜਾਬ ਵਿਚ ਪੇਂਡੂ ਅਤੇ ਸ਼ਹਿਰੀ ਸਰੋਤਿਆਂ ਵਿਚਕਾਰ, ਕੁੜੀਆਂ ਅਤੇ ਮੁੰਡਿਆਂ ਵਿਚਕਾਰ, ਬਜ਼ੁਰਗਾਂ ਅਤੇ ਨੌਜਵਾਨ ਪੀੜ੍ਹੀ ਵਿਚਕਾਰ, ਪੰਜਾਬੀਆਂ ਅਤੇ ਹਿੰਦੋਸਤਾਨੀਆਂ ਵਿਚਕਾਰ। ਜੇ 80ਵਿਆਂ ਦਾ ਦੌਰ ਪੰਜਾਬੀ ਸੰਭਾਵਨਾਵਾਂ ਦੇ ਇਤਿਹਾਸ ਹੱਥੋਂ ਮਾਤ ਖਾ ਜਾਣ ਮਿਸਾਲ ਵਜੋਂ ਗ਼ੌਰ ਕਰੀਏ ਕਿ ਇਕ ਪਾਸੇ ਤਾਂ ਘੱਗਰੇ, ਫੁਲਕਾਰੀਆਂ, ਕੋਕਰੂ, ਵਾਲੀਆਂ, ਰੇਸ਼ਮੀ ਦੁਪੱਟੇ, ਡੋਰੇ, ਜਾਲੀਆਂ ਆਦਿ (ਉਂਞ ਇਹ ਸਾਰੇ ਗਹਿਣੇ ਅਤੇ ਪੋਸ਼ਾਕਾਂ ਹੁਣ ਵੱਡੇ ਪੱਧਰ ’ਤੇ ਵਾਪਸ ਆ ਚੁੱਕੀਆਂ ਹਨ) ਦੀ ਥਾਂ ਵਲੈਤੀ ਬਾਣੇ, ਠੇਕੇ, ਠਾਣੇ, ਡਿਸਕੋ ਆਦਿ ਦੀ ਆਮਦ ਦੀ ਮੰਜ਼ਰਕਸ਼ੀ ਹੈ ਜਿਸ ਦਾ ਸਿੱਟਾ ਹੈ ਕਿ ‘ਗਿੱਧਿਆਂ ਦੀ ਰਾਣੀ’ ਹੁਣ ‘ਫੈਸ਼ਨਾਂ ’ਚ ਰੁਲ’ ਗਈ ਹੈ।… ਕੁੜੀਆਂ ‘ਆਈ ਡੌਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ’ ਦਾ ਐਲਾਨ ਕਰਦੀਆਂ ਨੇ ਤਾਂ ਉਹ ਕੀਮਤੀ ਗੱਲ ਆਖਦਾ ਹੈ ਜੋ ਅੱਜ ਦੇ ਭਾਸ਼ਾਈ ਵਿਵਾਦ ਵਿਚ ਵੀ ਸਾਰਥਕ ਹੈ। ਭਾਵੇਂ ਮੈਂ ਪੱਕੀ-ਕੱਚੀ ਦੀ ਦਰਜਾਬੰਦੀ ਨਾਲ ਅਸਹਿਮਤ ਹਾਂ, ਸ਼ਾਇਦ ਗੁਰਦਾਸ ਦਾ ਇਸ਼ਾਰਾ ਅੰਗਰੇਜ਼ੀ ਦਾਬੇ ਦੇ ਮੁਕਾਬਲੇ ਪੰਜਾਬੀ ਸਮਾਜ ਦੀ ਆਪਣੀ ਕਮਜ਼ੋਰੀ ਵੱਲ ਹੈ:
ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ,
ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਹੀਦੀ।
ਦੂਜੇ ਪਾਸੇ ਨਸ਼ਿਆਂ ਅਤੇ ਸਿਆਸਤਾਂ ਨੇ ਚੜ੍ਹਦੀ ਜਵਾਨੀ ਵਿਚ ਹੀ ਪੰਜਾਬੀ ਗੱਭਰੂ ਰੋਲ ਕੇ ਰੱਖ ਦਿੱਤੇ ਹਨ। ਪੰਜਾਬੀ ਜਵਾਨੀ ਇਸ਼ਕ ਦੇ ਇਖ਼ਲਾਕ ਦੀ ਪੰਜਾਬੀ ਪਰੰਪਰਾ ਤੋਂ ਵੀ ਬੇਗਾਨੀ ਹੁੰਦੀ ਜਾ ਰਹੀ ਹੈ, ਸਿੱਟੇ ਵਜੋਂ ਗੀਤ ਵਿਚ ‘ਦਿਲ ਮਿਲੇ ਕਿਤੇ ਅੱਖ ਹੋਰ ਲੜਦੀ’ ਦਾ ਹੱਕੀ ਮਿਹਣਾ ਦੇਣਾ ਬਣਦਾ ਹੈ।
ਹਾਲ ਹੀ ਵਿਚ ਇਤਰਾਜ਼ਯੋਗ ਆਖੇ ਗਏ ਇਸ ਗੀਤ ਵਿਚ ਕੁੜੀਆਂ ਨੂੰ ਧੀ-ਭੈਣ-ਪਤਨੀ ਆਦਿ ਦੀ ਪਰੰਪਰਾਗਤ ਲਕੀਰ ਦੇ ਹਵਾਲੇ ਤੋਂ ਬਿਲਕੁਲ ਆਜ਼ਾਦ ਰੱਖਿਆ ਗਿਆ ਹੈ। ਉਹ ‘ਵੱਡੀ ਮਜਾਜਣ’ ਹੈ, ‘ਗਿੱਧਿਆਂ ਦੀ ਰਾਣੀ’ ਹੈ ਜਿਸ ਸਦਕਾ ਉਸ ਦੀ ਸਦੇਹ ਹਸਤੀ ਦਾ ਗੌਰਵ ਵੀ ਦ੍ਰਿੜ੍ਹ ਕਰਵਾਇਆ ਗਿਆ ਹੈ ਅਤੇ ਸਵਾਲ ਵੀ ਰੱਖਿਆ ਗਿਆ ਹੈ। ਅਖੀਰਲੇ ਬੰਦ ਵਿਚ ਗੁਰਦਾਸ ਸੁਚੇਤ ਹੈ ਕਿ ਕਿਸੇ ਦੀ ਚੋਣ ਪਿੱਛੇ ਕਾਰਜਸ਼ੀਲ ਦਲੀਲ ਨਾਲ ਤਾਂ ਗੱਲ ਹੋ ਸਕਦੀ ਹੈ, ਪਰ ਚੋਣ ਕਰਨ ਦਾ ਜਮਹੂਰੀ ਹੱਕ ਹਰ ਕਿਸੇ ਨੂੰ ਹਾਸਲ ਹੈ ਇਸ ਲਈ ‘ਬੁਰਾ ਨਹੀਂ ਮਨਾਈਦਾ ਕਿਸੇ ਦੀ ਗੱਲ ਦਾ’ ਆਖ ਕੇ ਉਹ ਪੁਰਾਣੀ ਪੀੜ੍ਹੀ ਨੂੰ ਵੀ ‘ਕਹਿ ਗਏ ਨੇ ਲੋਕ ਸਿਆਣੇ’ ਦਾ ਚੇਤਾ ਕਰਵਾ ਕੇ ਸਹਿਜ ਵਰਤਾ ਦਿੰਦਾ ਹੈ। ਸਮੇਂ ਦੇ ਵਹਿਣ ਨੂੰ ਚਿਤਾਰਦਿਆਂ, ‘ਕੁਝ ਕੀਮਤੀ ਅਨੁਭਵ ਕਿਤੇ ਸਦਾ ਲਈ ਕਿਰ ਨਾ ਜਾਣ’ ਵਾਲਾ ਉਸ ਦਾ ਤੌਖ਼ਲਾ ‘ਕੀ ਬਣੂੰ ਦੁਨੀਆ ਦਾ?’ ਰਾਹੀਂ ਸਾਹਮਣੇ ਵੀ ਆਉਂਦਾ ਹੈ ਅਤੇ ਨਾਲ ਹੀ ‘ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ’ ਦੀ ਡੋਰ ਨਾਲ ਅਜਿਹੇ ਸੰਸਿਆਂ ਨੂੰ ਭਾਣਾ ਮੰਨਣ ਦਾ ਸੁਝਾਅ ਵੀ ਦਿੰਦਾ ਹੈ। ਕਈ ਲਿਹਾਜ਼ ਨਾਲ ਇਹ ਗੀਤ ਪੰਜਾਬੀ ਖਿੱਤੇ ਦੇ ਸੁਹਜ-ਸੁਆਦ ਦੇ ਬਦਲਣ ਦੀ ਜਟਿਲ ਪ੍ਰਕਿਰਿਆ ਦਾ ਸੰਵਾਦੀ ਪਿੜ ਬੰਨ੍ਹਦਾ ਹੈ। 2015 ਵਿਚ ਦਿਲਜੀਤ ਦੁਸਾਂਝ ਨਾਲ ਰਲ਼ ਕੇ ਇਸੇ ਗੀਤ ਨੂੰ ਨਿਭਾਉਂਦਿਆਂ ਗੁਰਦਾਸ ਅਖੀਰ ਵਿਚ ਰਾਵੀ, ਝਨਾਂ ਅਤੇ ਸਤਲੁਜ ਦੀ ਯਾਰੀ ਦਾ ਜ਼ਿਕਰ ਛੇੜਦਾ ਹੈ, ਵਾਹਗੇ ਤੋਂ ਲਾਹੌਰ ਤੇ ਪਸ਼ੌਰ ਦਾ ਰਾਹ ਤੱਕਦਾ ਹੈ। ‘ਯਥਾਰਥਵਾਦੀ’ ਹੋ ਕੇ ਜਿਵੇਂ ਹੋਰ ਕੁਝ ਕਿਰ ਗਿਆ ਹੈ ਕੀ ਉਵੇਂ ਹੀ ਲਾਹੌਰ, ਪਸ਼ੌਰ, ਰਾਵੀ ਅਤੇ ਚਨਾਬ ਦੇ ਗੁਆਚਣ ਨੂੰ ਵੀ ਅਟੱਲ ਸੱਚਾਈ ਮੰਨ ਲਈਏ ਜਾਂ ਇਸ ਦੇ ਮੁੜ ਆ ਲੱਭਣ ਦੀ ਆਸ ਅਤੇ ਸੁਪਨੇ ਨੂੰ ਬਚਾ ਕੇ ਰੱਖੀਏ? – ਗੁਰਦਾਸ ਬੜੀ ਰਮਜ਼ ਨਾਲ ਇਹ ਅਹਿਸਾਸ ਸਾਡੇ ਹਵਾਲੇ ਕਰ ਦਿੰਦਾ ਹੈ।
ਇਸੇ ਸੰਦਰਭ ਵਿਚ ਉਹ ‘ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦੈ’ ਗੀਤ ਵਿਚ ‘ਅੱਜ ਕੱਲ੍ਹ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦੈ’ ਦਾ ਐਲਾਨ ਕਰਦਾ ਹੈ। ‘ਤੇਰੀ ਅਕਲ ਤਾਂ ਬਾਪੂ ਪੂਜਾ ਪਾਠ ’ਚ ਵੜਗੀ’, ‘ਹੁਣ ਧੋਤੀ-ਪੋਥੀ ਛੱਡੋ…’, ‘ਹੁਣ ਸਿੜ੍ਹੀ ਸਿਆਪੇ ਛੱਡੋ…’, ‘ਹੁਣ ਮਾਲਾ ਦੇ ਮਣਕੇ ਛੱਡੋ…’, ‘ਹੁਣ ਦਾਜ-ਦੂਜ ਨੂੰ ਛੱਡੋ…’ ਆਦਿ ਦਾ ਨਗਾਰਾ ਵਜਾਉਂਦਿਆਂ ‘ਦਿਲ ਸਾਫ਼ ਹੋਣਾ ਚਾਹੀਦੈ’ ਸਦਕਾ ਉਸ ਨੇ ਪੰਜਾਬੀ ਜਵਾਨੀ ਨੂੰ ਸਚਿਆਰਾ ਹੋਣ ਲਈ ਦੋਸਤਾਨਾ ਵੰਗਾਰ ਪਾ ਦਿੱਤੀ। ਇਸ ਵਿਚ ਪੰਜਾਬੀ ਸੂਫ਼ੀਆਂ ਦੀ ‘ਫ਼ਰੀਦਾ ਮਨ ਮੈਦਾਨ ਕਰ’ ਵਾਲੀ ਨੈਂਅ ਵਗਦੀ ਹੈ ਅਤੇ ਸੂਫ਼ੀਆਂ ਵਾਲੀ ਭਾਹ ਮਾਰਦੀਆਂ ਸਤਰਾਂ ਨਾਲ ਉਹ ਵਾਰ-ਵਾਰ ਆਪਣੇ ਗੀਤਾਂ ਦੇ ਅਖੀਰਲੇ ਬੰਦਾਂ ਵਿਚ ਗਿਰਹ ਲਾਉਂਦਿਆਂ ਅੱਜਕੱਲ੍ਹ ਦੇ ਹਾਲਾਤ ਨੂੰ ਕਿਸੇ ਵਡੇਰੇ ਅੰਬਰ ਨਾਲ ਮੇਲ ਦਿੰਦਾ ਹੈ। ਸ਼ਬਦਾਂ ਜਾਂ ਗੀਤਕਾਰੀ ਨਾਲੋਂ ਵੀ ਬਹੁਤਾ ਉਸ ਦੀ ਮੰਚਕਾਰੀ ਅਤੇ ‘ਗਾਇਨ-ਮੁਦਰਾ’ ਇਸ ਜੋੜ ਨੂੰ ਸਾਡੇ ਲਈ ਓਪਰਾ ਨਹੀਂ ਰਹਿਣ ਦਿੰਦੀ।
ਇਹ ਸਫ਼ਲ ਤਜਰਬਾਕਾਰੀ ਪੰਜਾਬੀ ਗਾਇਕੀ ਵਿਚ ਗੁਰਦਾਸ ਮਾਨ ਦਾ ਵੱਡਾ ਯੋਗਦਾਨ ਹੈ। ਕਿਉਂਕਿ ਉਸ ਤੋਂ ਪਹਿਲਾਂ ਦੇਵ ਥਰੀਕਿਆਂ ਵਾਲੇ ਦੇ ਗੀਤ ਕੁਲਦੀਪ ਮਾਣਕ ਦੀ ਬੁਲੰਦ ਮਲਵਈ ਆਵਾਜ਼ ਵਿਚ ਨਿਭੀਆਂ ਕਲੀਆਂ ਸਦਕਾ ਪੰਜਾਬ ਦੇ ਪੇਂਡੂ ਅਖਾੜਿਆਂ, ਜਵਾਨੀ ਅਤੇ ਮਰਦਚਾਰੇ ਵਿਚ ਮੀਰੀ ਰੋਲ ਨਿਭਾ ਰਹੇ ਸਨ। ਇਨ੍ਹਾਂ ਦੋਹਾਂ ਹਸਤੀਆਂ ਦੀ ਪ੍ਰਤਿਭਾ ਨੇ ਆਪਣਾ ਸਿੱਕਾ ਮਨਵਾਇਆ ਹੋਇਆ ਸੀ, ਜ਼ਬਰਦਸਤ ਪਕੜ ਸੀ ਸਰੋਤਿਆਂ ’ਤੇ। ਦੇਵ ਥਰੀਕਿਆਂ ਵਾਲੇ ਨੇ ਪੰਜਾਬੀ ਕਲਾਸਕੀ ਕਿੱਸਿਆਂ ਨੂੰ ਕਲੀਆਂ ਵਿਚੀਂ ਢਾਲਦਿਆਂ ਕਿੱਸਿਆਂ ਵਿਚ ਪੇਸ਼ ਪਾਤਰਾਂ ਦੇ ਜਿਸਮ, ਔਰਤ ਅੰਗ, ਚਮੜੀ ਦੀ ਦਮਕ, ਰੰਗ ਦਾ ਬਿਆਨ ਕਰਨ ਉੱਤੇ ਧਿਆਨ ਧਰਿਆ ਹੋਇਆ ਸੀ। ਇਸ ਗੀਤਕਾਰ-ਗਾਇਕ ਜੋੜੀ ਨੇ ਪੰਜਾਬ ਦੇ ਪੇਂਡੂ ਹਲਕਿਆਂ ਦੀ ਜਵਾਨੀ ਦਾ ਸੱਭਿਆਚਾਰਕ-ਵਿਚਾਰਧਾਰਕ ਜੁੱਸਾ ਕਾਬੂ ਕੀਤਾ ਹੋਇਆ ਸੀ। ਗੁਰਦਾਸ ਮਾਨ ਨੇ ਆਪਣੇ ਗੀਤਾਂ ਰਾਹੀਂ ਇਸ ਅਖਾੜੇ ਦੀ ਬਿਸਾਤ ਖ਼ਿਲਾਫ਼ ਮੋਰਚਾ ਲਾ ਲਿਆ। ਇਹ ਉਹ ਸਮਾਂ (1977) ਹੈ ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਗੁਰਬਖਸ਼ ਸਿੰਘ ਦੇ ਪ੍ਰੀਤ ਫਲਸਫ਼ੇ ਦੀ ਨੁਹਾਰ ਵੀ ਗੁਰਦਾਸ ਮਾਨ ਦੇ ਗੀਤਾਂ ਵਿਚ ਅਸਿੱਧੇ ਤੌਰ ’ਤੇ ਉੱਭਰਦੀ ਹੈ। ਇਹ ਦਲੇਰ ਕਾਰਨਾਮਾ ਗੁਰਦਾਸ ਮਾਨ ਦਾ ਪੰਜਾਬ ਸਿਰ ਵੱਡਾ ਅਹਿਸਾਨ ਰਹੇਗਾ। ‘ਕੁੜੀਏ! ਕਿਸਮਤ ਪੁੜੀਏ’ ਵਿਚ ਗੁਰਦਾਸ ਮਾਨ ਸਾਹਿਬਾਂ ਦੇ ਕਿਰਦਾਰ ਨੂੰ ਕਿੱਸਾਕਾਰਾਂ ਅਤੇ ਗੀਤਕਾਰਾਂ ਵੱਲੋਂ ਬੇਵਫ਼ਾ, ਭਾਈਆਂ ਤੋਂ ਯਾਰ ਮਰਵਾਉਣ ਵਾਲੀ ਔਰਤ ਵਜੋਂ ਮਨਵਾਉਣ ਲਈ ਲਿਖੇ ਪੰਨਿਆਂ ਨੂੰ ਕਿਵੇਂ ਪਾੜ ਦੇਵੇ ਦਾ ਝੋਰਾ ਕਰਦਾ ਹੈ, ਇਨ੍ਹਾਂ ਨੂੰ ਪਾੜ ਸੁੱਟਣ ਦਾ ਇਸ਼ਾਰਾ ਕਰਦਾ ਹੈ, ਪਰ ਮੋਰਚਾ ਨਹੀਂ ਲਾਉਂਦਾ।
ਸੂਫ਼ੀ ਕਿੱਸਾਕਾਰਾਂ ਨੇ ਹਾਲਾਂਕਿ ਹੁਸਨ-ਇਖ਼ਲਾਕ ਦੀ ਸਾਂਝੀ ਬਾਤ ਪਾਈ ਸੀ, ਆਜ਼ਾਦ ਜ਼ਿੰਦਗੀ ਦੇ ਪੂਰੇ ਅੰਬਰ ਲਈ ਜੂਝਣ ਦਾ ਇਕਰਾਰ ਸੀ, ਆਪਣੇ ਇਕਰਾਰ ਨਿਭਾਉਣ ਲਈ ‘ਸਿਰੁ ਦੀਜੈ ਕਾਣਿ ਨ ਕੀਜੈ’ ਦੀ ਸੇਧ ਵਿਚ ਸ਼ਹੀਦ ਹੋਣ ਦਾ ਸੱਦਾ ਸੀ। ਇਹ ਸੂਖ਼ਮ ਇਕਰਾਰ ਦੇਵ ਦੀ ਗੀਤਕਾਰੀ ਵਿਚ ਨਾ ਨਿਭੇ ਅਤੇ ਜਿਸਮਾਨੀ ਗਰਦਿਸ਼ ਦੇ ਸੇਕ ਦੇ ਬਿਆਨ ਤੱਕ ਸੁੰਗੜ ਗਏ। ਦੂਜੇ ਪਾਸੇ ਗੁਰਦਾਸ ਮਾਨ ਦੀ ਗੀਤਕਾਰੀ, ਗਾਇਕੀ ਤੇ ਪੇਸ਼ਕਾਰੀ ਦੇ ਸਾਹਮਣੇ ਕਾਲਜਾਂ ਦੇ ਯੂਥ ਫੈਸਟੀਵਲਾਂ ਦਾ ਮੰਚ ਸੀ, ਕੁੜੀਆਂ-ਮੁੰਡਿਆਂ ਦਾ ਸਾਂਝਾ ਸਰੋਤਾ ਵਰਗ ਸੀ। ਉਸ ਦੀ ਪੇਸ਼ਕਾਰੀ, ਲਹਿਜਾ ਅਤੇ ਵਿਸ਼ਿਆਂ ਵਿਚ ਕਲਾਸਕੀ ਪਰੰਪਰਾ ਨਾਲ ਸਮਕਾਲੀ ਜਵਾਨੀ ਦੇ ਵਲਵਲਿਆਂ ਦਾ ਸੰਵਾਦ ਸਨ ਤੇ ਉਹ ਇਸ ਵਰਤਾਰੇ ਦਾ ਬਾਂਕਾ ਸੂਤਰਧਾਰ ਹੋ ਨਿਭਿਆ। ਨਾਲ ਹੀ ਸੂਫ਼ੀਆਂ ਦੇ ਸੰਘਰਸ਼ ਨੂੰ ਉਸ ਨੇ ਸਿਰਫ਼ ਖ਼ੁਦ ਨੂੰ ‘ਮਨ ਮੈਦਾਨ’ ਕਰਨ ਦੀ ਰਮਜ਼ ਤੱਕ ਬੋਚ ਲਿਆ ਹੈ। ਗ਼ੌਰ ਕਰੀਏ ਕਿ ਉਸ ਦੇ ਗੀਤਾਂ ਵਿਚ ਵੱਢ-ਕੱਟ ਨਾ ਹੋ ਕੇ ਦੋਹਾਂ ਧਿਰਾਂ ਦੀ ਪੇਸ਼ਕਾਰੀ ਹੈ ਅਤੇ ਵਿਚੋਲਗੀ ਦਾ ਪੈਂਤਰਾ ਹੈ। ਉਹ ‘ਅੱਗੇ ਪੈਂਚਣੀ ਹੋਇ ਕੇ ਹੀਰ ਚਲੀ, ਵਾਰਿਸ ਸ਼ਾਹ ਨੂੰ ਜਾਇ ਖਲਾਰਿਆ ਈ’ ਦੇ ਅੰਦਾਜ਼ ਵਿਚ ਵਿਚੋਲਗੀ ਕਰਦਾ ਹੈ। ਪੰਜਾਬੀ ਸਮਾਜਚਾਰੇ ਵਿਚ ਜਮਹੂਰੀ ਕਦਰਾਂ ਦੀ ਕਿਆਰੀ ਨੂੰ ਉਸ ਨੇ ਲਗਾਤਾਰ ਸੱਭਿਆਚਾਰਕ ਦਖ਼ਲ ਨਾਲ ਵੱਤਰ ਰੱਖਿਆ ਹੈ। ਲਾਸਾਨੀ ਪੰਜਾਬੀ ਵਿਦਵਾਨ ਤੇ ਕਾਮਿਲ ਉਸਤਾਦ, ਪ੍ਰਿੰ. ਤੇਜਾ ਸਿੰਘ ਵੀ ਅਜਿਹੇ ਵਿਚੋਲਗੀ ਦੇ ਵਰਤਾਰੇ ਦੇ ਸੂਤਰਧਾਰ ਰਹਿ ਚੁੱਕੇ ਹਨ।
80ਵਿਆਂ ਦੇ ਸ਼ੁਰੂਆਤੀ ਸਾਲਾਂ ਵਿਚ ਟੈਲੀਵਿਯਨ ਸਦਕਾ ਸਾਰੇ ਹਿੰਦੋਸਤਾਨ ਵਿਚ ਗੁਰਦਾਸ ਮਾਨ ਦੇ ਸਟਾਰ ਬਣਨ ਤੋਂ ਲੈ ਕੇ ‘ਪੰਜਾਬ 2017’ ਤੱਕ ਆਉਂਦਿਆਂ ਉਸ ਦੇ ਬੁਨਿਆਦੀ ਸਰੋਕਾਰ – ‘ਇਤਿਹਾਸ ਦਾ ਚੱਕਾ ਅਤੇ ਪੰਜਾਬੀ ਲੋਕ’ – ਦਾ ਬੇੜਾ ਪੂਰੀ ਤਰ੍ਹਾਂ ਬੈਠਿਆ ਦਿਸ ਜਾਂਦਾ ਹੈ। ‘ਕੀ ਬਣੂੰ ਦੁਨੀਆ ਦਾ’ ਦੇ ਅੰਦਰ ਬੈਠਾ ‘ਵੇਖਦੇ ਆਂ, ਸ਼ਾਇਦ ਕੁਝ ਬਣ ਹੀ ਜਾਏ’ ਵਾਲਾ ਅਣਕਿਹਾ ਬੋਲ ਹੁਣ ਦੇ ਪੰਜਾਬ ਵਿਚ ਸ਼ਰਮਿੰਦਾ ਹੋਇਆ ਫਿਰਦਾ ਹੈ। ਇਸੇ ਲਈ ਤਾਂ 95L“S ਦੇ ‘ਬੈਂਡ ਦਾਨ’ ਦੇ ਤਲਬਗਾਰ, ਗੁਰੂੁ ਨਾਨਕ ਦੀ ਸਚਿਆਰੇ ਹੋਣ ਅਤੇ ਕੂੜ ਦੀ ਪਾਲ ਨਾਲ ਮੱਥਾ ਲਾਉਣ ਦੀ ਵੰਗਾਰ ਤੋਂ ਵੱਧ ਕੈਨੇਡਾ ਵਿਚ ਜਸਟਿਨ ਟਰੂਡੋ ਦੀ ‘ਵੀਜ਼ਾ ਦਾਨ’ ਵਾਲੀ ਸਰਕਾਰ ਦੇ ਮੁੜ ਜਿੱਤਣ ਦੀਆਂ ਅਰਦਾਸਾਂ ਵਿਚ ਰੁੱਝੇ ਹੋਏ ਹਨ। ਸਾਨੂੰ ਸ਼ਰਮ ਦੁਆਉਣ ਖਾਤਰ ਗੁਰਦਾਸ ਵੱਲੋਂ ਭਗਤ ਸਿੰਘ ਦੀ ਸ਼ਹਾਦਤ ਦੀ ਇਨ੍ਹਾਂ ਅਕ੍ਰਿਤਘਣ ਪੰਜਾਬੀਆਂ ਹੱਥੋਂ ਹੋ ਰਹੀ ਬੇਅਦਬੀ ਦਾ ਵਾਸਤਾ ਪਾਇਆ ਗਿਆ ਹੈ। ਬਿਲਕੁਲ ਇਸੇ ਤਰ੍ਹਾਂ ਦੇ ਹੀ ਸਰਾਪੇ ਪ੍ਰਸੰਗ ਵਿਚ ਮਰਹੂਮ ਪ੍ਰੋ. ਪ੍ਰੀਤਮ ਸਿੰਘ ਨੇ ਵੀ ਪੰਜਾਬੀ ਦੀ ਦੁਰਗਤ ਬਾਰੇ ਬਾਬਰ ਵਾਣੀ ਦੇ ਕਲਾਮ ਵਿਚੋਂ ‘ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥’ ਦਾ ਹਵਾਲਾ ਦਿੰਦਿਆਂ ਪੰਜਾਬੀਆਂ ਨੂੰ ਬੋਲੀ ਸੰਭਾਲਣ ਦਾ ਵਾਸਤਾ ਪਾਇਆ ਸੀ। ਪੰਜਾਬੀ ਖਿੱਤੇ ਦੀ ਸੱਤਿਆ ਰੋੜ੍ਹੀਂ ਪਈ ਹੋਈ ਹੈ ਤਾਂ ਹੀ ਜਸਵੰਤ ਸਿੰਘ ਕੰਵਲ ਕੂਕਦਾ ਹੈ: ‘ਬਰਕਤਾਂ ਵਾਲਾ ਨਿਰਦੋਸ਼ ਪੰਜਾਬ ਅੱਜ ਦਸ ਨੰਬਰੀ ਬਦਮਾਸ਼ਾਂ ਵਿਚ ਨੀਲਾਮ ਹੋਣ ਆ ਖੜ੍ਹਾ ਹੈ’।

ਮੂਲੀ ਨਾਲ ਗੰਢਾ ਹੋਵੇ… ਆਪਣਾ ਪੰਜਾਬ…

ਇਸ ਵਰਤਾਰੇ ਨੂੰ ‘ਤਸਦੀਕਸ਼ੁਦਾ ਪੰਜਾਬੀ ਸਿਆਣਾ ਲਾਣਾ’ ਪੰਜਾਬੀ ਪਿੜ ਦੀ ਇਤਿਹਾਸਕ ਬੁਣਤਰ ਤੋਂ ਉਦਾਸੀਨ ਰਹਿੰਦਿਆਂ, ਲਕੀਰੀ ਕਿਸਮ ਦੇ ਵਿਚਾਰਕ ਅਭਿਆਸ ਸਦਕਾ ਬਿਲਕੁਲ ਨਕਾਰ ਦਿੰਦਾ ਹੈ। ਇਹ ਲਾਣਾ ਕਿਸੇ ਵੀ ਕਮਾਈ ਹੋਈ ਭਾਵਨਾ ਨੂੰ ਅਗਿਆਨਵੱਸ ‘ਉਪਭਾਵੁਕ’, ‘ਉਦਰੇਵਾਂ’ ਆਦਿ ਆਖ ਕੇ ‘ਯਥਾਰਥਵਾਦੀ’ ਹੋਣ ਦਾ ਸੱਦਾ ਦਿੰਦਾ ਹੈ। ਕਿਸੇ ਵੀ ਇਲਾਕੇ ਦੀ ਸੱਭਿਆਚਾਰਕ ਪਰੰਪਰਾ ਦੇ ਸੰਵਾਦੀ ਗੁਣ ਤੋਂ ਬੇਖ਼ਬਰ ਹੁੰਦਿਆਂ ਸਿਰਫ਼ ‘ਜਗੀਰੂ’ ਜਾਂ ‘ਪੁਰਾਣਾ’ ਜਾਂ ‘ਮਰਦਸ਼ਾਹੀ ਦਾ ਪਿੜ’ ਆਖ ਕੇ ਰੱਦ ਕਰਦਿਆਂ ‘ਆਧੁਨਿਕ’ ਜਾਂ ‘ਵਿਗਿਆਨਕ’ ਹੋਣ ਦਾ ਹੋਕਾ ਦਿੰਦਾ ਹੈ। ਪੰਜਾਬੀ ਖਿੱਤੇ ਦੀ ਰਾਸ ਨੂੰ ‘ਸ਼ਾਵਨਵਾਦ’ ਆਖ ਕੇ ‘ਕੌਮਾਂਤਰੀ’ ਹੋਣ ਦੀ ਮੱਤ ਦਿੰਦਾ ਹੈ। ਪੰਜਾਬੀ ਇਤਿਹਾਸ ਵਿਚ ਸਿੱਖ ਲਹਿਰ ਦੇ ਕ੍ਰਾਂਤੀਕਾਰੀ ਵਿਚਾਰ ਅਤੇ ਲੋਕ-ਮੁਕਤੀ ਦੇ ਅੰਦੋਲਨ ਦੇ ਜ਼ਿਕਰ ਨੂੰ ਸਿਰਫ਼ ‘ਫ਼ਿਰਕਾਪ੍ਰਸਤੀ’ ਆਖ ਕੇ ‘ਖਰੀ ਕ੍ਰਾਂਤੀਕਾਰੀ ਸਿਆਸਤ’ ਦੇ ਲੜ ਲੱਗਣ ਦੀ ਤਾਕੀਦ ਕਰਦਾ ਰਹਿੰਦਾ ਹੈ। ਲੋਕ ਵਾਰ-ਵਾਰ ਇਨ੍ਹਾਂ ਮਸਲਿਆਂ ’ਤੇ ਅੰਦੋਲਨ ਛੇੜਦੇ ਹਨ ਤੇ ਸਾਡੇ ਸਿਆਣੇ ਇਸ ਤੋਂ ਬੇਲਾਗ ‘ਹਕੀਕੀ ਮਸਲਿਆਂ’ ਦਾ ਪ੍ਰਚਾਰ-ਪਸਾਰ ਕਰਨ ਵਿਚ ਮਸਰੂਫ਼ ਰਹਿੰਦੇ ਹਨ। ਇਸ ਕ੍ਰਾਂਤੀਕਾਰੀ ਸਿਆਸੀ ਅਭਿਆਸ ਵਿਚ ਸੱਭਿਆਚਾਰਕ ਹਵਾਲਿਆਂ ਨੂੰ ਕਦੇ-ਕਦਾਈਂ ‘ਵਰਤਣ’ ਦੀ ਇਜਾਜ਼ਤ ਹੀ ਬਾਕੀ ਰਹਿ ਜਾਂਦੀ ਹੈ।
ਇਸ ਪ੍ਰਸੰਗ ਵਿਚ ਟੋਰਾਂਟੋ ਵਾਸੀ ਮੱਖਣ ਬਰਾੜ ਦੇ ਗੀਤ ‘ਆਪਣਾ ਪੰਜਾਬ ਹੋਵੇ’ ਦਾ ਜ਼ਿਕਰ ਢੁੱਕਵਾਂ ਹੈ, ਖ਼ਾਸ ਕਰ ਕੇ ‘ਘਰ ਦੀ ਸ਼ਰਾਬ’ ਦੇ ਹਵਾਲੇ ਨਾਲ। ਪਰਵਾਸੀ ਪੰਜਾਬੀ ਕਾਮੇ ਵਿਕਸਿਤ ਪੂੰਜੀਵਾਦੀ ਮੁਲਕਾਂ ਵਿਚ ਦੇਹ-ਤੋੜਵੀਂ ਮੁਸ਼ੱਕਤ ਕਰਦਿਆਂ; ਲਗਭਗ ਬੇਨਾਮ ਹੋ ਕੇ ਰਹਿੰਦਿਆਂ; ਪਰਿਵਾਰਾਂ ਤੋਂ ਦੂਰ ਟਰੱਕਾਂ ਜਾਂ ਸ਼ਿਫਟਾਂ ਵਿਚ ਦਰੜੀਂਦਿਆਂ; ਮਹਿੰਗੀਆਂ ਸ਼ਰਾਬਾਂ, ਖੁਰਾਕਾਂ ਖਾਂਦਿਆਂ; ਓਪਰੀਆਂ ਜ਼ਬਾਨਾਂ ਵਿਚ ਔ ਰੈਟ, ਥੈਂਕਯੂ, ਪਲੀਜ਼ ਕਹਿੰਦਿਆਂ ਸ਼ਾਇਦ ਆਪਣੀ ਮੌਜੂਦਾ ਜ਼ਿੰਦਗੀ ਦੇ ਸੱਖਣੇਪਣ ਨੂੰ ਪਿੱਛੇ ਰਹਿ ਗਏ ਪੰਜਾਬ ਦੀਆਂ ਸਾਦ-ਮੁਰਾਦੀਆਂ ਰੰਗੀਨੀਆਂ ਦੀ ਸਿਮਰਤੀ ਨਾਲ ਪਰਚਾ-ਮੁਸਕੁਰਾ ਲੈਂਦੇ ਹਨ ਤਾਂ ਫਿਰ ਮਸਲਾ ਕੀ ਹੈ? ‘ਜੋ ਸੁਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖਾਰੇ’ ਦੀ ਜ਼ਮੀਨ ’ਤੇ ਉੱਸਰੇ ‘ਆਪਣਾ ਪੰਜਾਬ ਹੋਵੇ’ ਗੀਤ ਵਿਚ ਹਸਰਤ ਕਹਿੰਦੀ ਹੈ ਕਿ ਵਾਣ ਵਾਲੇ ਮੰਜੇ ’ਤੇ ਜੱਟ ਨਵਾਬ ਬਣਿਆ ਬੈਠਾ ਹੋਵੇ- ਉਂਞ ਇਸ ਸਤਰ ਵਿਚ ਨਵਾਬਾਂ ਦੇ ਮਜ਼ਬੂਤ, ਮਖ਼ਮਲੀ ਤਖ਼ਤ ਨੂੰ ਸਭ ਤੋਂ ਖੁਰਦਰੇ ਆਸਣ ‘ਵਾਣ ਵਾਲੇ ਮੰਜੇ’ ਤੋਂ ਹੇਠਾਂ ਦਰਸਾਇਆ ਗਿਆ ਹੈ। ਇਸ ‘ਨਵਾਬੀ’ ਲਈ ਹੋਰ ਕਿਹੜੀ ਅਮੀਰੀ, ਕੁਮਕ ਤੇ ਹੱਲਾ-ਗੁੱਲਾ ਲੋੜੀਂਦਾ ਹੈ, ਉਹ ਵੇਖਦੇ ਹਾਂ – ਘਰ ਦੀ ਸ਼ਰਾਬ, ਵੱਡੀ ਬੇਬੇ ਦਾ ਬਣਾਇਆ ਗੰਦਲਾਂ ਦਾ ਸਾਗ, ਸੀਪ ਖੇਡਦਿਆਂ ਰਾਣੀ ਨਾਲ ਯੱਕਾ ਮੇਲ ਕੇ ਕੀਤੇ ਤੇਰਾਂ, ਮੂਲੀ ਨਾਲ ਗੰਢਾ, ਖੂਹ ’ਤੇ ਚੂਪਿਆ ਗੰਨਾ, ਕੂੰਡੇ ਵਿਚ ਘੋਟੇ ਮਸਾਲੇ ਦਾ ਸਵਾਦ ਆਦਿ।
‘ਆਪਣਾ ਪੰਜਾਬ ਹੋਵੇ’ ਵਿਚ ਅਸਲ ਕਾਰਗਰ ਸ਼ਬਦ ‘ਆਪਣਾ’ ਹੈ। ਸਰਮਾਏ ਦੇ ਲਿਸ਼ਕਦੇ ਮਾਰੂਥਲਾਂ ਵਿਚ ਗਰਦਿਸ਼ ਕਰ ਰਹੇ ਉਜਰਤੀ ਕਾਮਿਆਂ ਦੇ ਮੰਤਕਹੀਣ ਕਾਫ਼ਲੇ ਖੁਰਦੇ, ਕਿਰਦੇ, ਭੁਰਦੇ ਜਾ ਰਹੇ ਹਨ। ਇਨ੍ਹਾਂ ਦਾ ਇੰਞ ਭਟਕਦਿਆਂ ਦਾ ‘ਆਪਣਾ’ ਕੀ ਰਹਿ ਗਿਆ ਹੈ? ਹੱਡਾਂ ਵਿਚ ਰਚ ਚੁੱਕੀ ਬੇਗਾਨਗੀ-ਇਕੱਲਤਾ-ਅਵਾਜ਼ਾਰੀ ਆਪਣਾ ਟਿਕਾਣਾ ਟੋਲਦੀ ਹੋਈ ਜੇ ਪੰਜਾਬ ਨੂੰ ਸੁਖ-ਚੈਨ-ਅਪਣੱਤ ਦਾ ਸੁਪਨਾ-ਸਿਰਨਾਵਾਂ ਸਮਝਦੀ ਹੈ ਤਾਂ ਇਹ ਉਸ ਦੀ ਅਸਤਿਤਵੀ ਹੂੰਗ ਹੈ। ਮੱਖਣ ਬਰਾੜ ਦਾ ਗੀਤ ਐਨਾ ਹੀ ਹੈ, ਪਰ ਗੁਰਦਾਸ ਮਾਨ ਨੇ ਗਿਰਹ ਲਾਉਣ ਲਈ ਫਿਰ ਅਖੀਰਲੇ ਬੰਦ ਨੂੰ ਲਿਖਿਆ ਹੈ ਜਿਸ ਵਿਚ ਮੌਜੂਦਾ ਪੰਜਾਬ ਬਾਰੇ ਫਿਕਰਮੰਦੀ ਮੌਜੂਦ ਹੈ:
ਆਪਣੇ ਗਰਾਂਈਂ ਕੋਲੋਂ ਹਾਲ ਪੁੱਛਾਂ ਪਿੰਡ ਦਾ,
ਮਰ ਜਾਣੇ ਮਾਨਾਂ ਕਿਉਂ ਪੰਜਾਬ ਜਾਂਦਾ ਖਿੰਡਦਾ।

ਸੁਮੇਲ ਸਿੰਘ ਸਿੱਧੂ

ਇੱਥੇ ਕੁਲਵੰਤ ਸਿੰਘ ਵਿਰਕ ਦੀ ਲਾਜਵਾਬ ਕਹਾਣੀ ‘ਤੂੜੀ ਦੀ ਪੰਡ’ ਦਾ ਚੇਤਾ ਵੀ ਆਉਂਦਾ ਹੈ। ‘ਕਿਉਂ ਪੰਜਾਬ ਜਾਂਦਾ ਖਿੰਡਦਾ’ ਦੇ ਸਵਾਲ ਪੁੱਛਣ ਵਿਚ ਗੁਰਦਾਸ ਦਾ ਤਰਲਾ ਵੀ ਹੈ ਤੇ ਵੰਗਾਰ ਵੀ। ਅਗਲੀਆਂ ਸਤਰਾਂ ਵਿਚ ਗਿਰਹ ਲਾਉਂਦਾ ਹੋਇਆ ਉਹ ਪੰਜਾਬ ਦੇ ਖਿੰਡਣ ਦਾ ਇਤਿਹਾਸਕ ਹਵਾਲਾ ਵੀ ਲੈ ਆਉਂਦਾ ਹੈ:
ਕਦੇ ਕਿਸੇ ਰਾਵੀ ਕੋਲੋਂ ਵੱਖ ਨਾ ਚਨਾਬ ਹੋਵੇ।
ਇਨ੍ਹਾਂ ਸਤਰਾਂ ਵਿਚ ਉਸ ਦੀ ਧਾਹ ਨਿਕਲੀ ਲੱਗਦੀ ਹੈ। ਸਮਾਜਿਕ ਖਿੰਡਾਅ ਨੂੰ ਇਸ ਖਿੱਤੇ ਦੀ 1947 ਵਿਚ ਸਾਮਰਾਜ ਹੱਥੋਂ ਹੋਈ ਵੰਡ ਦੀ ਲੀਹ ਨਾਲ ਜੋੜ ਕੇ ਵੇਖਿਆਂ ‘ਆਪਣਾ ਪੰਜਾਬ ਹੋਵੇ’ ਦੀ ਸਿਰਫ਼ ਪਰਵਾਸੀ ਪੰਜਾਬੀ ਕਾਮਿਆਂ ਦੀ ਹਸਰਤ ਨੂੰ ਵੰਡ ਤੋਂ ਪਹਿਲੋਂ ਦੇ ਸਾਂਝੇ ਪੰਜਾਬ ਦੀ ਸਿਮਰਤੀ ਨਾਲ ਜੋੜਿਆ ਗਿਆ ਹੈ।
ਮੁੱਕਦੀ ਗੱਲ ਕਿ ਮਸਲਾ ਗੁਰਦਾਸ ਮਾਨ ਦੇ ਹੱਕ-ਵਿਰੋਧ ਦਾ ਨਾ ਹੋ ਕੇ ਪੰਜਾਬ ਦੇ ਸੰਕਟ ਦੀ ਤਾਸੀਰ ਫੜਣ ਦਾ ਹੈ। ਪੁਰਾਣਾ ਪੰਜਾਬ ਜਾਂ ਉਸ ਦੀ ਸਿਮਰਤੀ ਸਾਡੇ ਲਈ ਹੁਣ ਕੋਈ ਅਰਥ ਰੱਖਦੀ ਹੈ ਜਾਂ ਨਹੀਂ ਰੱਖਦੀ? ਗੁਰਦਾਸ ਮਾਨ ਨਾਲ ਸਾਡੇ ਬੇਪਨਾਹ ਮੋਹ-ਸਤਿਕਾਰ ਸਦਕਾ ਹੀ ਉਸ ਨਾਲ ਸਾਡੇ ਗਿਲੇ-ਸ਼ਿਕਵੇ ਵੀ ਹਨ। ਅਸੀਂ ਰੁੱਸੇ ਆਸ਼ਕਾਂ ਵਾਂਗ ਤਾਅਨੇ-ਮਿਹਣੇ ਮਾਰ ਕੇ ਭੜਾਸ ਕੱਢ ਲੈਣ ਦੇ ਆਦੀ ਹੋ ਗਏ ਹਾਂ ਜਿਹੜੇ ਬਾਅਦ ਵਿਚ ਆਪਣੇ ਵੱਲੋਂ ਹੋਈ ਵਧੀਕੀ ’ਤੇ ਸ਼ਰਮਸਾਰ ਹੁੰਦੇ ਹੋਏ ਵੀ ਮੂੰਹ ’ਤੇ ਮੰਨ ਕੇ ਰਾਜ਼ੀ ਨਹੀਂ ਹੁੰਦੇ। ਸਾਡਾ ਨੱਕ ਰਹਿ ਜਾਵੇ, ਇਸ ਲਈ ਗੁਰਦਾਸ ਮਾਨ ਨੂੰ ਹੀ ਸਲਾਹ ਹੈ ਕਿ, ‘‘ਬਾਬਿਓ, ‘ਅੱਜਕੱਲ੍ਹ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦੈ’।’’ ਉਂਞ ਗੁਰਦਾਸ ਮਾਨ ਨੂੰ ਮੇਰਾ ਢਿੱਡੋਂ ਕਹਿਣਾ ਹੈ ਕਿ ਇਹ ਸਭ ਅਸਲ ਵਿਚ ‘ਤੇਰੇ ਇਸ਼ਕ ਦਾ ਗਿੱਧਾ ਪੈਂਦਾ’ ਵਾਲਾ ਵਰਤਾਰਾ ਈ ਐ ਤੇ ਇਸ ਗੀਤ ਦੇ ਅਖੀਰ ਵਿਚ ਗਿਰਹ ਲਾਉਂਦਿਆਂ ਤੁਸੀਂ ਆਖਿਆ ਹੈ, ‘ਆਸ਼ਕ ਦਾ ਘਰ ਦੂਰ ਸੁਣੀਂਦਾ’। ਸਾਨੂੰ ਇਸ਼ਕ ਦਾ ਸਿਦਕ-ਸਲੀਕਾ-ਸੁਮੱਤ ਆਵੇ ਨਾ ਆਵੇ, ਤੁਸੀਂ ਆਪਣਾ ਦਿਲ ਸਾਫ਼ ਹੀ ਰੱਖਿਆ ਜੇ।

ਗੁਰਦਾਸ ਮਾਨ ਦਾ ਵਿਰੋਧ ਕੀ ਕਿਸੇ ਇੱਕ ਵਿਅਕਤੀ ਦਾ ਹੈ ਜਾਂ ਕਿਸੇ ਇੱਕ ਚਿੰਨ੍ਹ ਦਾ? ਕੀ ਸਾਡੀ ਪਰਵਾਨਗੀ ਤੋਂ ਬਿਨਾਂ ਇਹ ਸੱਭਿਆਚਾਰਕ ਚਿੰਨ੍ਹਕਾਰੀ ਐਨਾ ਸਮਾਂ ਸਫ਼ਲਤਾ ਨਾਲ ਸਿਰ ਚੜ੍ਹ ਕੇ ਰਹਿ ਸਕਦੀ ਸੀ? ਕੀ ਪੰਜਾਬੀ ਸਮਾਜ ਹੁਣ ਪੰਜਾਬੀ ਜ਼ੁਬਾਨ ਦੀ ਬਿਹਤਰੀ ਲਈ, ਸਿੱਖੀ ਦੇ ਭਵਿੱਖ ਬਾਬਤ ਜਾਂ ਸਮਾਜਿਕ ਮਰਿਆਦਾਵਾਦ ਨਾਲ ਭਿੜਣ ਲਈ ਜ਼ਿਆਦਾ ਚੇਤੰਨ ਹੋਇਆ ਹੈ ਜਾਂ ਇਸ ਨੇ ਸਭ ਮਸਲੇ ਹੱਲ ਕਰ ਦਿੱਤੇ ਹਨ? ਗੁਰਦਾਸ ਮਾਨ ’ਤੇ ਕੀਤਾ ਮੁਕੱਦਮਾ ਸਾਡੇ ਆਪਣੇ ਕਮਾਏ ਹੋਏ ਵਿਵੇਕ ਬਾਰੇ ਕੀ ਚੁਗਲੀ ਕਰਦਾ ਹੈ?

‘ਆਪਣਾ ਪੰਜਾਬ ਹੋਵੇ’ ਵਿਚ ਅਸਲ ਕਾਰਗਰ ਸ਼ਬਦ ‘ਆਪਣਾ’ ਹੈ। ਸਰਮਾਏ ਦੇ ਲਿਸ਼ਕਦੇ ਮਾਰੂਥਲਾਂ ਵਿਚ ਗਰਦਿਸ਼ ਕਰ ਰਹੇ ਉਜਰਤੀ ਕਾਮਿਆਂ ਦੇ ਮੰਤਕਹੀਣ ਕਾਫ਼ਲੇ ਖੁਰਦੇ, ਕਿਰਦੇ, ਭੁਰਦੇ ਜਾ ਰਹੇ ਹਨ। ਇਨ੍ਹਾਂ ਦਾ ਇੰਞ ਭਟਕਦਿਆਂ ਦਾ ‘ਆਪਣਾ’ ਕੀ ਰਹਿ ਗਿਆ ਹੈ? ਹੱਡਾਂ ਵਿਚ ਰਚ ਚੁੱਕੀ ਬੇਗਾਨਗੀ-ਇਕੱਲਤਾ-ਅਵਾਜ਼ਾਰੀ ਆਪਣਾ ਟਿਕਾਣਾ ਟੋਲਦੀ ਹੋਈ ਜੇ ਪੰਜਾਬ ਨੂੰ ਸੁਖ-ਚੈਨ-ਅਪਣੱਤ ਦਾ ਸੁਪਨਾ-ਸਿਰਨਾਵਾਂ ਸਮਝਦੀ ਹੈ ਤਾਂ ਇਹ ਉਸ ਦੀ ਅਸਤਿਤਵੀ ਹੂੰਗ ਹੈ।
ਬਾਕੀ ਦੀਆਂ ਗੱਲਾਂ ਛੱਡੋ…
ਸੰਪਰਕ: 94649-84010
(ਲੇਖਕ ਅਦਾਰਾ 23 ਮਾਰਚ ਨਾਲ ਸੰਬੰਧਿਤ ਇਤਿਹਾਸਕਾਰ ਹੈ ਅਤੇ ਪੰਜਾਬੀ ਮੈਗਜ਼ੀਨ ‘ਸੇਧ’ ਦਾ ਸੰਪਾਦਕ ਹੈ।)


Comments Off on ‘ਤੇਰੇ ਇਸ਼ਕ ਦਾ ਗਿੱਧਾ ਪੈਂਦਾ…’: ਗੁਰਦਾਸ ਮਾਨ ਹਾਜ਼ਰ ਹੋ!
1 Star2 Stars3 Stars4 Stars5 Stars (1 votes, average: 1.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.