ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਜਦੋਂ ਘਰ ਜੰਮ ਪਈ ਧੀ ਵੇ…

Posted On October - 19 - 2019

ਜਸਬੀਰ ਕੇਸਰ

ਕੁਝ ਸਮਾਂ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਵਿਆਹ ਜਾਂ ਮੁੰਡੇ ਦੇ ਜਨਮ ਦੀ ਖ਼ੁਸ਼ੀ ਵਿਚ ਗਿੱਧਾ ਪਾਉਂਦੀਆਂ ਮੁਟਿਆਰਾਂ, ਔਰਤਾਂ ਵੱਲੋਂ ਇਕ ਬੋਲੀ ਆਮ ਪਾਈ ਜਾਂਦੀ ਸੀ:
ਜਦੋਂ ਘਰ ਜੰਮ ਪਈ ਧੀ ਵੇ ਨਰੰਜਣਾ
ਥੋੜ੍ਹੀ-ਥੋੜ੍ਹੀ ਪੀ ਵੇ ਨਰੰਜਣਾ
ਜਦੋਂ ਘਰ ਜੰਮਿਆ ਪੁੱਤ ਵੇ ਨਰੰਜਣਾ
ਹੁਣ ਦਾਰੂ ਦੀ ਰੁੱਤ ਵੇ ਨਰੰਜਣਾ
ਦੱਬੀਆਂ ਬੋਤਲਾਂ ਪੁੱਟ ਵੇ ਨਰੰਜਣਾ
ਭਰ ਭਰ ਪਿਆਲੇ ਪੀ ਵੇ ਨਰੰਜਣਾ… 
ਇਸ ਬੋਲੀ ਵਿਚ ਸਮਾਜ ਤੇ ਸੱਭਿਆਚਾਰ ਵਿਚ ਧੀ ਦੀ ਸਥਿਤੀ ਦੇ ਮੱਦੇਨਜ਼ਰ ਉਸ ਦੇ ਜਨਮ ’ਤੇ ਬਾਪੂ ਨੂੰ ਸੰਜੀਦਗੀ ਅਖ਼ਤਿਆਰ ਕਰਨ ਲਈ ਜਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਥੋੜ੍ਹੀ-ਥੋੜ੍ਹੀ ਪੀਣ ਦੀ ਨਸੀਹਤ ਵੀ ਔਰਤ ਵੱਲੋਂ ਹੀ ਦਿੱਤੀ ਗਈ ਹੈ ਤੇ ਪੁੱਤਰ ਦੇ ਜਨਮ ਸਮੇਂ ਦੱਬੀਆਂ ਬੋਤਲਾਂ ਪੁੱਟਣ ਦੀ ਖੁੱਲ੍ਹ ਵੀ ਔਰਤ ਵੱਲੋਂ ਹੀ ਹੈ, ਕਿਉਂਕਿ ਔਰਤ ਖੁ਼ਦ ਵੀ ਉਸੇ ਸੋਚ ਦੇ ਅਧੀਨ ਹੈ। ਨਾਲੇ ਉਸ ਨੂੰ ਪਤਾ ਹੈ ਕਿ ਜੱਟ ਨੇ ਪੀਣੀ ਤਾਂ ਜ਼ਰੂਰ ਹੈ, ਧੀ ਦੇ ਜਨਮ ਵੇਲੇ ਗ਼ਮ ਕਰਨ ਲਈ ਤੇ ਪੁੱਤ ਦੇ ਜਨਮ ’ਤੇ ਖ਼ੁਸ਼ੀ ਵਿਚ ਚਾਂਭੜਾਂ ਪਾਉਣ ਲਈ।
ਸਾਮੰਤੀ ਸਮਾਜ ਦੀ ਪੁੱਤਰ ਯਾਨੀ ਜਾਇਦਾਦ ਦੇ ਵਾਰਸ ਦੀ ਮਹੱਤਤਾ ਨੂੰ ਦਰਸਾਉਂਦੀ ਇਹ ਬੋਲੀ ਅੱਜ ਦੇ ਅਖੌਤੀ ਅਗਾਂਹਵਧੂ ਸੋਚ ਵਾਲੇ ਸਮਾਜ ਵਿਚ ਸ਼ਾਇਦ ਪਿਛਾਂਹ-ਖਿੱਚੂ ਲੱਗੇ। ਇਸ ਸਮਾਜ ਵਿਚ ਸਮੇਂ ਦੀ ਤਬਦੀਲੀ ਨਾਲ ਕੁੜੀਆਂ, ਔਰਤਾਂ ਦੇ ਵਿੱਦਿਆ ਹਾਸਲ ਕਰਨ, ਨੌਕਰੀਆਂ ਪ੍ਰਾਪਤ ਕਰਨ ਨਾਲ ਭਾਵੇਂ ਮੁੰਡੇ-ਕੁੜੀ ਵਿਚਲਾ ਫ਼ਰਕ ਕੁਝ ਘਟਿਆ ਜ਼ਰੂਰ ਹੈ, ਪਰ ਸਥਿਤੀ ਤੇ ਸੋਚ ਬਹੁਤੀ ਬਦਲੀ ਨਹੀਂ। ਜਾਇਦਾਦ ਦੇ ਨਾਂ ’ਤੇ ਜਿਨ੍ਹਾਂ ਕੋਲ ਚਾਰ ਖਣ ਵੀ ਨਹੀਂ, ਪੁੱਤਰ-ਮੋਹ ਤੇ ਪੁੱਤਰ-ਲਾਲਸਾ ਉਨ੍ਹਾਂ ਵਿਚ ਵੀ ਉਵੇਂ ਹੀ ਬਰਕਰਾਰ ਹੈ ਤੇ ਭਰੂਣ ਹੱਤਿਆ ਵਰਗੇ ਕੁਕਰਮ ਵੱਡੇ ਪੱਧਰ ’ਤੇ ਔਰਤਾਂ ਦੇ ਬਲਾਤਕਾਰ ਤੇ ਕਤਲ ਵਰਗੇ ਜੁਰਮ ਇਸ ਬਦਲੇ ਵਕਤ ਦੀ ਹੀ ਦੇਣ ਹਨ।
ਸਾਮੰਤੀ ਸੱਭਿਆਚਾਰ ਵਿਚੋਂ ਨਿਕਲ ਕੇ ਅਸੀਂ ਜਿਸ ਸੱਭਿਆਚਾਰ ਵਿਚ ਪ੍ਰਵੇਸ਼ ਕੀਤਾ ਹੈ, ਉਹ ਅਤਿ ਦਾ ਅਸੱਭਿਅਕ ਹੈ। ਇਸ ਨੂੰ ਜੰਗਲੀ ਵੀ ਨਹੀਂ ਕਹਿ ਸਕਦੇ। ਜੰਗਲ ਦਾ ਵੀ ਕੋਈ ਕਾਨੂੰਨ ਹੁੰਦਾ ਹੈ। ਇਸ ਬਰਬਰਤਾ ਵੱਲ ਵਧਦੇ ਸਮਾਜ ਵਿਚ ਧੀਆਂ ਦੇ ਜਨਮ ’ਤੇ ਖੁਸਰੇ ਨਚਾ ਕੇ ਉਨ੍ਹਾਂ ਦੀਆਂ ਲੋਹੜੀਆਂ ਮਨਾ ਕੇ ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ, ਨੌਕਰੀਆਂ ਲੁਆ ਕੇ ਫਿਰ ਪੂਰੀ ਤੜਕ-ਭੜਕ ਨਾਲ ਲੱਖਾਂ ਰੁਪਏ ਲਾ ਕੇ ਮੈਰਿਜ ਪੈਲੇਸਾਂ ਵਿਚ ਅਤੁੱਟ ਦਾਰੂ ਵਰਤਾ ਕੇ ਤੇ ਲੱਚਰ ਗੀਤਾਂ ਦੀ ਧੁਨ ’ਤੇ ਨੱਚ ਕੇ ਇਹ ਮਿੱਥਾਂ ਨਹੀਂ ਸਿਰਜੀਆਂ ਜਾ ਸਕਦੀਆਂ ਕਿ ਮੁੰਡਾ/ਕੁੜੀ, ਪੁੱਤਰ/ਧੀ ਬਰਾਬਰ ਹੋ ਗਏ ਹਨ। ਮੈਂ ਗੱਲ ਸਿਰਫ਼ ਸੱਭਿਆਚਾਰ ਦੇ ਨੁਕਤੇ ਤੋਂ ਕਰ ਰਹੀ ਹਾਂ।
ਗੱਲ ਦਾਰੂ ਤੋਂ ਸ਼ੁਰੂ ਹੋ ਕੇ ਲੱਚਰ ਗਾਇਕੀ ਤਕ ਆ ਪਹੁੰਚੀ ਹੈ।
ਇਨ੍ਹਾਂ ਦੋਹਾਂ ਵਰਤਾਰਿਆਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪਹਿਲਾਂ ਦਾਰੂ ਦੀ ‘ਮਰਿਆਦਾ’ ਬਾਰੇ ਕੁਝ ਗੱਲਾਂ…। ਪੈਂਤੀ-ਚਾਲੀ ਸਾਲ ਪਹਿਲਾਂ ਜਦੋਂ ਪਿੰਡ ਵਿਚ ਧੀ ਦੀ ਬਰਾਤ ਆਉਂਦੀ ਸੀ ਤਾਂ ਦਾਰੂ ਸਿਰਫ਼ ਬਰਾਤੀਆਂ ਨੂੰ ਹੀ ਵਰਤਾਈ ਜਾਂਦੀ ਸੀ। ਧੀ ਵਾਲੇ ਆਪ ਉਨ੍ਹਾਂ ਨਾਲ ਬੈਠ ਕੇ ਨਹੀਂ ਪੀਂਦੇ ਸਨ। ਇਸ ਤੋਂ ਵੀ ਪਹਿਲਾਂ ਧੀ ਦੇ ਸਹੁਰੇ ਜਾ ਕੇ ਉਸ ਦੇ ਘਰ ਦਾ ਅੰਨ-ਪਾਣੀ ਵੀ ਕਿਸੇ ਮਜਬੂਰੀ-ਵੱਸ ਹੀ ਛਕਿਆ ਜਾਂਦਾ ਸੀ। ਦਾਜ ਦੇਣ ਦੇ ਰਿਵਾਜ ਅਤੇ ਇਸ ਸੰਕੋਚ ਪਿੱਛੇ ਸ਼ਾਇਦ ਮਾਪਿਆਂ ਦੇ ਅਚੇਤ ਮਨ ਵਿਚ ਧੀ ਨੂੰ ਜਾਇਦਾਦ ਤੋਂ ਵਿਰਵੇ ਰੱਖਣ ਦੀ ਗੁਨਾਹ-ਭਾਵਨਾ ਹੁੰਦੀ ਹੋਵੇਗੀ। ਵਿਆਹ ਸਮਾਗਮਾਂ ਵੇਲੇ ਤਵਿਆਂ ਵਾਲੇ ਵਾਜੇ ’ਤੇ ਥੋੜ੍ਹੇ ਜਿਹੇ ਨਿਸੰਗ ਗੀਤ ਵੀ ਘਰ ਦੇ ਬਜ਼ੁਰਗ ਨਹੀਂ ਸਨ ਵੱਜਣ ਦਿੰਦੇ ਕਿਉਂਕਿ ਪਿੰਡ ਦੀਆਂ ਨੂੰਹਾਂ- ਧੀਆਂ ਸਾਹਮਣੇ ਇਕ ਸੰਗ ਦਾ ਓਹਲਾ ਹੁੰਦਾ ਸੀ। ਇਹ ਲੋਕ-ਗੀਤ ਸਾਡੀ ਰਹਿਣੀ-ਸਹਿਣੀ ਤੇ ਸੱਭਿਆਚਾਰਕ ਮਰਿਆਦਾ ਵਿਚੋਂ ਆਪਮੁਹਾਰੇ ਨਿਕਲੇ ਹੁੰਦੇ ਸਨ ਤੇ ਇਸ ਦੀ ਤਰਜ਼ਮਾਨੀ ਵੀ ਕਰਦੇ ਸਨ।
ਪਰ ਅੱਜ ਲੋਕ-ਗੀਤਾਂ ਦੇ ਨਾਂ ’ਤੇ ਕੱਚ-ਘਰੜ ਕਥਿਤ ਗੀਤਕਾਰਾਂ, ਗਾਇਕਾਂ ਵੱਲੋਂ ਘੜੇ ਤੇ ਗਾਏ ਜਾਂਦੇ ਗੀਤਾਂ ਰਾਹੀਂ ਇਕ ਨਵਾਂ, ਨਿਸੰਗ, ਬੇਹਯਾ ਅਤੇ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣਾ ਸੱਭਿਆਚਾਰ ਸਿਰਜਿਆ ਜਾ ਰਿਹਾ ਹੈ। ਡੀ.ਜੇ. ਦੇ ਕੰਨ-ਪਾੜਵੇਂ ਰੌਲੇ ਵਿਚ ਅਤੇ ਟੀ.ਵੀ. ’ਤੇ ਹਰ ਤਰ੍ਹਾਂ ਦੇ ਲੱਚਰ ਦੋ-ਅਰਥੀ ਗੀਤ ਵੱਜਦੇ ਹਨ ਅਤੇ ਕਿਸੇ ਵੱਡੇ-ਛੋਟੇ ਦਾ ਸਿਰ ਸ਼ਰਮ ਨਾਲ ਨਹੀਂ ਝੁਕਦਾ। ਬਹੁ-ਗਿਣਤੀ ਪੰਜਾਬੀ ਆਪਣੀ ਸੱਭਿਆਚਾਰਕ ਪਰੰਪਰਾ ਨੂੰ ਭੁੱਲ ਕੇ ਜੋ ਪਰੋਸਿਆ ਜਾ ਰਿਹਾ ਹੈ, ਉਸ ਨੂੰ ਅਚੇਤ ਹੀ ਅਪਣਾ ਰਹੇ ਹਨ। ਇਸ ਸਾਰੇ ਕੁਝ ਪਿੱਛੇ ਇਕ ਬੜੀ ਖ਼ਤਰਨਾਕ ਰਾਜਨੀਤੀ ਕੰਮ ਕਰ ਰਹੀ ਹੈ ਜਿਸ ਨੇ ਪੰਜਾਬੀ ਸੱਭਿਆਚਾਰ ਦਾ ਪੂਰਾ ਬਿਰਤਾਂਤ ਹੀ ਬਦਲ ਕੇ ਰੱਖ ਦਿੱਤਾ ਹੈ।
ਪਿੱਛੇ ਜਿਹੇ ਇਕ ਵਿਆਹ ਸਮਾਗਮ ’ਤੇ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ। ਗੀਤ ਵੱਜ ਰਿਹਾ ਸੀ ‘ਤੂੰ ਨੱਚੇਂ ਜਦੋਂ ਭੈਣ ਦੀ ਪੂਰਾ ਲੰਡਨ ਠੁਮਕਦਾ’। ਬੱਚੇ, ਬੁੱਢੇ, ਜਵਾਨ, ਭੈਣ, ਭਰਾ ਡਾਂਸ ਫਲੋਰ ’ਤੇ ਮਸਤ ਹੋਏ ਨੱਚ ਰਹੇ ਸਨ ਕਿ ਇਕ ਪਾਸਿਓਂ ਕਿਸੇ ਔਰਤ ਦੀ ਗੜ੍ਹਕਦੀ ਆਵਾਜ਼ ਆਈ। ‘‘ਸ਼ਰਮ ਕਰ ਚੌਰਿਆ ਸ਼ਰਮ! ਕਬਰ ’ਚ ਲੱਤਾਂ ਤੇਰੀਆਂ, ਤੀਜੀ ਪੀੜ੍ਹੀ ਚੱਲ ਪੀ…ਹੱਟ ਜਾ ਪਾਸੇ ਨਹੀਂ ਮੈਂ ਜੁੱਤੀ ਲਾਹ ਲੈਣੀ ਐ…’’। ਤੇ ਦਾਰੂ ਦਾ ਡੱਕਿਆ ਇਕ ਬਜ਼ੁਰਗ ਡਿੱਕ-ਡੋਲੇ ਖਾਂਦਾ ਖਸਿਆਨਾ ਜਿਹਾ ਹੋਇਆ ਕਹਿ ਰਿਹਾ ਸੀ ‘‘ਲੈ ਮੈਂ ਕਿਆ ਕਿਹੈ… ਮੈਂ ਕਿਆ ਕਿਹੈ…।‘‘
ਇਹ ਬਜ਼ੁਰਗ ਵਿਆਂਦੜ ਕੁੜੀ ਦਾ ਨਾਨਾ ਸੀ ਜੋ ਆਪਣੀ ਸੇਵਾਮੁਕਤ ਸਕੂਲ ਪ੍ਰਿੰਸੀਪਲ, ਵਿਧਵਾ ਵੱਡੀ ਭਰਜਾਈ ਨੂੰ ਆਪਣੇ ਨਾਲ ਨਚਾ ਕੇ ਪੂਰੇ ਲੰਡਨ ਨੂੰ ਠੁਮਕਣ ਲਾਉਣਾ ਚਾਹੁੰਦਾ ਸੀ। ਧੀ ਦੇ ਜਨਮ ’ਤੇ ‘ਥੋੜ੍ਹੀ-ਥੋੜ੍ਹੀ’ ਪੀਣ ਵਾਲਾ ‘ਨਰੰਜਣ’ ਹੁਣ ਦੋਹਤੀ ਦੇ ਵਿਆਹ ’ਤੇ ਦਾਰੂ ਨਾਲ ਰੱਜ ਕੇ ਖਰੂਦ ਕਰਨ ’ਤੇ ਆਮਦਾ ਸੀ। ਪੂਰੇ ਗੀਤ ਵਿਚਲੀ ਲੱਚਰਤਾ ਦਾ ਉਸ ’ਤੇ ਕੋਈ ਅਸਰ ਨਹੀਂ ਸੀ।

ਸੰਪਰਕ: 95010-01396


Comments Off on ਜਦੋਂ ਘਰ ਜੰਮ ਪਈ ਧੀ ਵੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.