ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਚਲਾਕ ਚਿੜੀ

Posted On October - 19 - 2019

ਬਾਲ ਕਹਾਣੀ

ਜੋਗਿੰਦਰ ਕੌਰ ਅਗਨੀਹੋਤਰੀ

ਇਕ ਚਿੜੀ ਰੁੱਖ ’ਤੇ ਰਹਿੰਦੀ ਸੀ। ਉਸ ਨੇ ਉਸ ’ਤੇ ਸੋਹਣਾ ਜਿਹਾ ਆਲ੍ਹਣਾ ਪਾਇਆ ਹੋਇਆ ਸੀ। ਉਹ ਰੁੱਖ ਬਹੁਤ ਵੱਡਾ ਅਤੇ ਸੰਘਣਾ ਸੀ। ਉਸ ਦੇ ਪੱਤਿਆਂ ਦੀਆਂ ਕੋਮਲ ਪਪੀਸੀਆਂ ’ਤੇ ਬੈਠ ਕੇ ਚਿੜੀ ਨੂੰ ਬਹੁਤ ਚੰਗਾ ਲੱਗਦਾ। ਉਸ ਨੂੰ ਲੱਗਦਾ ਜਿਵੇਂ ਉਹ ਸਵਰਗ ਵਿਚ ਬੈਠੀ ਹੋਵੇ। ਉਸ ਨੂੰ ਧਰਤੀ ’ਤੇ ਆਉਣਾ ਔਖਾ ਜਿਹਾ ਲੱਗਦਾ। ਜਦੋਂ ਉਹ ਚੋਗਾ ਚੁਗਣ ਜਾਂਦੀ ਤਾਂ ਆਪਣੇ ਆਲ੍ਹਣੇ ਵਿਚ ਵੜਨ ਤੋਂ ਪਹਿਲਾਂ ਪੈਰ ਧੋਂਦੀ। ਉਸ ਨੂੰ ਮਿੱਟੀ ਤੋਂ ਬਹੁਤ ਨਫ਼ਰਤ ਸੀ। ਉਸ ਦਾ ਜੀਅ ਕਰਦਾ ਕਿ ਉਹ ਧਰਤੀ ’ਤੇ ਪੈਰ ਹੀ ਨਾ ਰੱਖੇ। ਉਹ ਧਰਤੀ ’ਤੇ ਨਾ ਜਾਣ ਦੀਆਂ ਸਕੀਮਾਂ ਸੋਚਦੀ ਰਹਿੰਦੀ। ਇਕ ਦਿਨ ਉਸ ਦੇ ਦਿਮਾਗ਼ ਵਿਚ ਖ਼ਿਆਲ ਆਇਆ ਕਿ ਕਿਉਂ ਨਾ ਇਹ ਕੰਮ ਦੂਜਿਆਂ ਤੋਂ ਕਰਵਾਇਆ ਜਾਵੇ। ਚੋਗਾ ਕੋਈ ਹੋਰ ਹੀ ਲੈ ਆਵੇ ਤੇ ਉਹ ਮੌਜ ਨਾਲ ਬੈਠੀ ਰਹੇ। ਇਹ ਸੋਚ ਕੇ ਉਹ ਅਗਲੀ ਸਵੇਰ ਜਲਦੀ ਉੱਠੀ ਅਤੇ ਟਾਹਣੀ ’ਤੇ ਬੈਠ ਕੇ ਗੀਤ ਗਾਉਣ ਲੱਗੀ।
‘ਸੁਬ੍ਹਾ ਸਵੇਰੇ ਉੱਠੋ ਸਾਰੇ, ਲੈ ਕੇ ਰੱਬ ਦਾ ਨਾਮ,
ਫੇਰ ਸਭ ਦੇ ਬਣ ਜਾਵਣਗੇ, ਜੋ ਵਿਗੜੇ ਨੇ ਕਾਮ।’
ਚਿੜੀ ਇਸ ਗੀਤ ਨੂੰ ਵਾਰ-ਵਾਰ ਦੁਹਰਾਉਣ ਲੱਗੀ। ਸਾਰੇ ਪੰਛੀ ਹੈਰਾਨ ਹੋ ਗਏ। ਉਹ ਉਸ ਕੋਲ ਉਡਾਰੀ ਮਾਰ ਕੇ ਪਹੁੰਚ ਗਏ। ਪੰਛੀ ਸੋਚ ਰਹੇ ਸਨ ਕਿ ਚਿੜੀ ਰੱਬ ਦੀ ਭਗਤੀ ਕਰ ਰਹੀ ਹੈ। ਇਹ ਦੇਖ ਕੇ ਸਾਰਿਆਂ ਨੇ ਉਸ ਦਾ ਬਹੁਤ ਆਦਰ ਕੀਤਾ ਅਤੇ ਉਸ ਨੂੰ ਪੁੱਛਿਆ, ‘‘ਭੈਣ ਜੀ, ਅੱਜ ਤੁਸੀਂ ਭਜਨ ਕਿਉਂ ਗਾ ਰਹੇ ਹੋ?’’ ‘‘ਮੈਨੂੰ ਤਾਂ ਕੁਝ ਵੀ ਪਤਾ ਨ੍ਹੀਂ। ਬਸ ਮੈਨੂੰ ਆਵਾਜ਼ ਪਈ ਕਿ ਤੂੰ ਭਜਨ ਗਾ।’’ ‘‘ਅੱਛਾ?’’ ਸਾਰਿਆਂ ਨੇ ਹੈਰਾਨ ਹੋ ਕੇ ਪੁੱਛਿਆ।
ਉਸ ਦੀ ਗੱਲ ਸੁਣ ਕੇ ਸਾਰੇ ਪੰਛੀ ਚੁੱਪ ਕਰ ਗਏ। ਜਦੋਂ ਸਾਰੇ ਪੰਛੀ ਚੋਗਾ ਚੁਗਣ ਜਾਣ ਲੱਗੇ ਤਾਂ ਉਨ੍ਹਾਂ ਨੇ ਚਿੜੀ ਨੂੰ ਪੁੱਛਿਆ, ‘‘ਅੱਜ ਤੁਸੀਂ ਚੋਗਾ ਚੁਗਣ ਨ੍ਹੀਂ ਜਾਣਾ।’’
‘‘ਨਹੀਂ, ਅੱਜ ਮੇਰਾ ਵਰਤ ਹੈ। ਸ਼ਾਮ ਨੂੰ ਹੀ ਖਾਣਾ ਖਾਣਾ ਹੈ। ਅੱਜ ਤਾਂ ਸਾਰਾ ਦਿਨ ਭਜਨ ਹੀ ਕਰਾਂਗੀ।’’
‘‘ਚਲੋ ਕੋਈ ਗੱਲ ਨ੍ਹੀਂ ਸਾਰੇ ਜਣੇ ਭੈਣ ਜੀ ਲਈ ਇਕ ਇਕ ਦਾਣਾ ਲੈ ਆਵਾਂਗੇ।’’ ਇਕ ਹੋਰ ਚਿੜੀ ਨੇ ਕਿਹਾ। ਇਹ ਕਹਿ ਕੇ ਪੰਛੀ ਉਡਾਰੀ ਮਾਰ ਗਏ। ਚਿੜੀ ਅੰਦਰੋਂ ਅੰਦਰੀਂ ਪੂਰੀ ਖ਼ੁਸ਼ ਸੀ ਕਿ ਉਸ ਦੀ ਯੋਜਨਾ ਸਫਲ ਹੋ ਗਈ। ਉਸ ਨੂੰ ਯਕੀਨ ਹੋ ਗਿਆ ਕਿ ਉਸ ਦਾ ਚੋਗਾ ਤਾਂ ਘਰ ਹੀ ਆ ਜਾਵੇਗਾ। ਉਸ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਉਹ ਟਾਹਣੀ ’ਤੇ ਬੈਠ ਕੇ ਕੱਲ੍ਹ ਦੇ ਚੋਗੇ ਲਈ ਕੋਈ ਨਵਾਂ ਗੀਤ ਸੋਚਣ ਲੱਗੀ। ਉਹ ਮਨ ਵਿਚ ਚੰਗੇ ਖ਼ਿਆਲ ਲਿਆ ਕੇ ਗੀਤ ਲਈ ਸ਼ਬਦ ਲੱਭਣ ਲੱਗੀ। ਉਸ ਨੇ ਸ਼ਬਦ ਜੋੜ ਕੇ ਨਵਾਂ ਗੀਤ ਤਿਆਰ ਕਰ ਲਿਆ:
ਭਲਾ ਕਰੋ, ਭਲਾ ਕਰੋ ਮੇਰੇ ਭਾਵੀ
ਸਭ ਦਾ ਭਲਾ ਕਰੋ…
ਫਿਰ ਉਹ ਅੱਖਾਂ ਬੰਦ ਕਰਕੇ ਗੀਤ ਨੂੰ ਮਨ ਹੀ ਮਨ ਦੁਹਰਾਉਣ ਲੱਗੀ।
ਸ਼ਾਮ ਹੋ ਗਈ। ਪੰਛੀ ਚੋਗਾ ਚੁੱਗ ਕੇ ਆਲ੍ਹਣਿਆਂ ਨੂੰ ਪਰਤਣ ਲੱਗੇ ਤਾਂ ਚਿੜੀ ਫਿਰ ਅੱਖਾਂ ਬੰਦ ਕਰਕੇ ਬੈਠ ਗਈ। ਸਾਰੇ ਪੰਛੀਆਂ ਨੇ ਆਪਣੀ ਚੁੰਝ ਵਿਚੋਂ ਇਕ-ਇਕ ਦਾਣਾ ਕੱਢ ਕੇ ਚਿੜੀ ਦੇ ਸਾਹਮਣੇ ਰੱਖ ਦਿੱਤਾ। ਕਿੰਨੇ ਹੀ ਦਾਣੇ ’ਕੱਠੇ ਹੋ ਗਏ। ਇਹ ਤਾਂ ਕਈ ਦਿਨਾਂ ਦਾ ਚੋਗਾ ਬਣ ਗਿਆ। ਚਿੜੀ ਨੇ ਅੱਖਾਂ ਖੋਲ੍ਹੀਆਂ ਤੇ ‘ਹੇ ਭਗਵਾਨ’ ਕਿਹਾ। ਉਸ ਨੇ ਸਾਰੇ ਪੰਛੀਆਂ ਨੂੰ ਹੱਥ ਜੋੜ ਨਮਸਕਾਰ ਕੀਤਾ। ਪੰਛੀਆਂ ਨੇ ਹੱਥ ਜੋੜ ਕੇ ਚਿੜੀ ਨੂੰ ਵਰਤ ਖੋਲ੍ਹਣ ਲਈ ਕਿਹਾ।
ਚਿੜੀ ਦਾਣੇ ਦੇਖ ਕੇ ਕਾਫ਼ੀ ਖ਼ੁਸ਼ ਹੋਈ ਅਤੇ ਫਿਰ ਸਾਰਿਆਂ ਨੂੰ ਨਿਮਰਤਾ ਨਾਲ ਕਿਹਾ, ‘‘ਤੁਸੀਂ ਏਨੀ ਖੇਚਲ ਕਿਉਂ ਕੀਤੀ? ਮੈਨੂੰ ਕੀ ਪਤੈ ਕਿੰਨੇ ਕੁ ਦਿਨ ਵਰਤ ਰੱਖਣਾ ਪੈ ਜਾਵੇ।’’
‘‘ਕੋਈ ਨ੍ਹੀਂ।’’ ਕਹਿ ਪੰਛੀ ਉੱਡ ਗਏ।
ਚਿੜੀ ਨੇ ਰੱਜ ਕੇ ਖਾਣਾ ਖਾਧਾ ਅਤੇ ਬਾਕੀ ਬਚਿਆ ਖਾਣਾ ਆਲ੍ਹਣੇ ਦੇ ਇਕ ਪਾਸੇ ਸੰਭਾਲ ਕੇ ਰੱਖਦਿਆਂ ਕਹਿਣ ਲੱਗੀ, ‘‘ਇਕ ਹਫ਼ਤੇ ਦਾ ਖਾਣਾ ਤਾਂ ਮਿਲ ਗਿਆ।’’
ਪੰਛੀਆਂ ਨੇ ਆਪਣੇ ਆਪਣੇ ਸੁਆਦ ਅਨੁਸਾਰ ਵੱਖ-ਵੱਖ ਚੀਜ਼ਾਂ ਲਿਆਂਦੀਆਂ ਸਨ। ਦਾਣਿਆਂ ਤੋਂ ਬਿਨਾਂ ਸੁੱਕੇ ਮੇਵੇ ਵੀ ਸਨ।
ਵਿਹਲੀ ਹੋ ਕੇ ਚਿੜੀ ਓਹੀ ਗੀਤ ਦੁਹਰਾਉਣ ਲੱਗੀ ਜੋ ਉਸ ਨੇ ਕੱਲ੍ਹ ਨੂੰ ਗਾਉਣਾ ਸੀ। ਅਗਲੇ ਦਿਨ ਪਹੁ-ਫੁਟਾਲੇ ਚਿੜੀ ਨੇ ਆਪਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ, ਪੰਛੀ ਵੀ ਉਡਾਰੀ ਮਾਰ ਕੇ ਉਸ ਕੋਲ ਆ ਗਏ। ਉਹ ਵੀ ਉਸ ਦੇ ਪਿੱਛੇ-ਪਿੱਛੇ ਗਾਉਣ ਲੱਗੇ।
ਦਿਨ ਚੜ੍ਹਨ ਵਾਲਾ ਸੀ। ਚਿੜੀ ਨੇ ਫਿਰ ਓਹੀ ਗੱਲ ਦੁਹਰਾਉਂਦਿਆਂ ਕਿਹਾ, ‘‘ਭਾਈ ਮੇਰਾ ਤਾਂ ਅੱਜ ਵੀ ਵਰਤ ਐ। ਤੁਸੀਂ ਜਾਓ ਮੈਂ ਤਾਂ ਇੱਥੇ ਹੀ ਬੈਠਾਂਗੀ।’’ ਚਿੜੀ ਦੀ ਗੱਲ ਸੁਣ ਕੇ ਪੰਛੀ ਇਕ-ਦੂਜੇ ਨੂੰ ਕਹਿਣ ਲੱਗੇ, ‘‘ਆਪਾਂ ਨੂੰ ਥੋੜ੍ਹੇ ਖਾਣੇ ਨਾਲ ਕੀ ਫ਼ਰਕ ਪੈਂਦਾ ਹੈ। ਆਪਣਾ ਵੀ ਪੁੰਨ ਈ ਐ।’’ ਇਹ ਕਹਿ ਕੇ ਸਾਰੇ ਉੱਡ ਗਏ।
ਸ਼ਾਮ ਨੂੰ ਫਿਰ ਸਭ ਆਪਣੇ-ਆਪਣੇ ਹਿੱਸੇ ਦੀ ਚੀਜ਼ ਲੈ ਕੇ ਆ ਗਏ। ਚਿੜੀ ਨੇ ਸਾਰਿਆਂ ਨੂੰ ਕਿਹਾ, ‘‘ਤੁਸੀਂ ਰੋਜ਼ ਖੇਚਲ ਨਾ ਕਰਿਆ ਕਰੋ।’’
‘‘ਚਲੋ ਤੁਹਾਡੇ ਨਾਲ ਸਾਨੂੰ ਵੀ ਪੁੰਨ ਦਾ ਫ਼ਲ ਮਿਲ ਜਾਵੇਗਾ।’’ ਕੁਝ ਪੰਛੀਆਂ ਨੇ ਕਿਹਾ। ਇਸ ਤਰ੍ਹਾਂ ਦਿਨ ਬੀਤਣ ਲੱਗੇ। ਕੰਮ ਨਾ ਕਰਨ ਕਰਕੇ ਚਿੜੀ ਆਲਸੀ ਹੋ ਗਈ। ਹੁਣ ਉਸ ਦਾ ਪਪੀਸਿਆਂ ’ਤੇ ਵੀ ਜਾਣ ਨੂੰ ਦਿਲ ਨਹੀਂ ਕਰਦਾ ਸੀ। ਜ਼ਿਆਦਾ ਖਾਣ ਕਰਕੇ ਉਸ ਦਾ ਪੇਟ ਵੀ ਖ਼ਰਾਬ ਹੋ ਗਿਆ। ਉਹ ਬਿਮਾਰ ਹੋ ਗਈ। ਉਸ ਨੇ ਗੀਤ ਗਾਉਣਾ ਬੰਦ ਕਰ ਦਿੱਤਾ। ਸਾਰੇ ਪੰਛੀ ’ਕੱਠੇ ਹੋ ਕੇ ਉਸ ਦਾ ਪਤਾ ਲੈਣ ਆਏ। ਚਿੜੀ ਨੇ ਉਦਾਸ ਹੋ ਕੇ ਕਿਹਾ, ‘‘ਮੈਨੂੰ ਭੁੱਖ ਨਹੀਂ ਲੱਗਦੀ। ਮੇਰਾ ਸਰੀਰ ਵੀ ਕੰਮ ਨਹੀਂ ਕਰਦਾ। ਉਡਾਰੀ ਮਾਰਨੀ ਮੁਸ਼ਕਿਲ ਹੈ।’’ ਚਿੜੀ ਦੀ ਗੱਲ ਸੁਣ ਕੇ ਸਾਰੇ ਪੰਛੀ ਚਿੰਤਾ ਕਰਨ ਲੱਗੇ।
ਘੁੱਗੀ ਨੇ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਚਿੜੀ ਨੂੰ ਸ਼ੁਰੂ ਤੋਂ ਲੈ ਕੇ ਹੁਣ ਤਕ ਸਾਰੀ ਗੱਲ ਦੱਸਣ ਲਈ ਕਿਹਾ ਤਾਂ ਕਿ ਬਿਮਾਰੀ ਦਾ ਕਾਰਨ ਲੱਭਿਆ ਜਾ ਸਕੇ। ਚਿੜੀ ਡਰ ਗਈ। ਉਹ ਸਾਰਿਆਂ ਦੇ ਸਾਹਮਣੇ ਆਪਣੀ ਗੱਲ ਦੱਸਣ ਤੋਂ ਝਿਜਕਦੀ ਸੀ। ਉਸ ਨੇ ਚਾਲਾਕੀ ਤੋਂ ਕੰਮ ਲੈਂਦਿਆਂ ਨਿਮਰਤਾ ਨਾਲ ਕਿਹਾ, ‘‘ਡਾਕਟਰ ਸਾਹਿਬ। ਮੇਰੀ ਕਹਾਣੀ ਲੰਮੀ ਐ। ਇਨ੍ਹਾਂ ਵਿਚਾਰਿਆਂ ਨੇ ਚੋਗਾ ਲੈਣ ਜਾਣਾ ਹੈ। ਪਹਿਲਾਂ ਇਨ੍ਹਾਂ ਨੂੰ ਜਾਣ ਦਿਓ।’’
ਚੋਗਾ ਚੁੱਗਣ ਦਾ ਵੇਲਾ ਸੀ। ਪੰਛੀ ਵੀ ਜਾਣਾ ਚਾਹੁੰਦੇ ਸਨ। ਚਿੜੀ ਦੇ ਦਿੱਤੇ ਸੁਝਾਅ ਨਾਲ ਸਾਰਿਆਂ ਦਾ ਰਾਹ ਖੁੱਲ੍ਹ ਗਿਆ। ਸਾਰੇ ਪੰਛੀ ਉਡਾਰੀ ਮਾਰ ਗਏ।
ਚਿੜੀ ਨੇ ਹੱਥ ਜੋੜਦਿਆਂ ਕਿਹਾ ‘‘ਡਾਕਟਰ ਸਾਹਿਬ, ਮੈਨੂੰ ਮੁਆਫ਼ ਕਰ ਦਿਓ।’’
ਚਿੜੀ ਦੀ ਗੱਲ ਸੁਣ ਕੇ ਡਾਕਟਰ ਹੈਰਾਨ ਹੋ ਗਿਆ ਕਿ ਇਸ ਵਿਚ ਮੁਆਫ਼ੀ ਮੰਗਣ ਵਾਲੀ ਕਿਹੜੀ ਗੱਲ ਐ?
‘‘ਤੂੰ ਖੁੱਲ੍ਹ ਕੇ ਦੱਸ, ਤੈਥੋਂ ਕੀ ਗ਼ਲਤੀ ਹੋਈ ਐ?’’
‘‘ਡਾਕਟਰ ਸਾਹਿਬ, ਮੈਂ ਵਿਹਲੀ ਰਹਿਣਾ ਚਾਹੁੰਦੀ ਸੀ। ਮੈਂ ਰੱਬ ਦੇ ਨਾਂ ’ਤੇ ਗੀਤ ਗਾਉਂਦੀ ਸੀ। ਇਹ ਮੇਰੇ ਲਈ ਦਾਣੇ ਲੈ ਕੇ ਆਉਂਦੇ ਸੀ।’’
‘‘ਇਸ ਦਾ ਮਤਲਬ ਐ ਤੂੰ ਆਲਸੀ ਹੋ ਗਈ। ਤੂੰ ਕੰਮ ਕਰਨਾ ਬੰਦ ਕਰ ਦਿੱਤਾ ਤੇ ਖਾਣਾ ਪੂਰਾ ਖਾਂਦੀ ਰਹੀ, ਉਹ ਵੀ ਹਰਾਮ ਦਾ।’’
ਡਾਕਟਰ ਦੀ ਗੱਲ ਸੁਣ ਕੇ ਚਿੜੀ ਬਹੁਤ ਸ਼ਰਮਿੰਦੀ ਹੋਈ। ਅੱਗੇ ਤੋਂ ਉਸ ਨੇ ਕਿਸੇ ਨਾਲ ਚਾਲਾਕੀ ਕਰਨ ਤੋਂ ਤੌਬਾ ਕੀਤੀ ਤੇ ਮਿਹਨਤ ਕਰਨ ਦਾ ਪ੍ਰਣ ਲਿਆ।

ਸੰਪਰਕ: 94178-40323


Comments Off on ਚਲਾਕ ਚਿੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.