ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਘਰ ਵਿਚ ਹੀ ਮਿਠਾਈਆਂ ਬਣਾਓ

Posted On October - 12 - 2019

ਕਿਰਨ ਗਰੋਵਰ*, ਮੋਨਿਕਾ ਚੌਧਰੀ
ਇਸ ਤਿਉਹਾਰੀ ਸੀਜ਼ਨ ਵਿਚ ਜੇਕਰ ਆਪਾਂ ਆਪਣੇ ਘਰਾਂ ਵਿਚ ਹੀ ਮਿਠਾਈਆਂ ਬਣਾ ਕੇ ਤਿਉਹਾਰਾਂ ਦਾ ਅਨੰਦ ਮਾਣੀਏ ਤਾਂ ਸਾਡਾ ਚਾਅ ਦੁੱਗਣਾ ਹੋ ਜਾਵੇਗਾ। ਘਰ ਵਿਚ ਬਣਾਈਆਂ ਮਿਠਾਈਆਂ ਜਿੱਥੇ ਸਿਹਤ ਲਈ ਸੁਰੱਖਿਅਤ ਹਨ, ਉੱਥੇ ਇਨ੍ਹਾਂ ਵਿਚੋਂ ਪਰਿਵਾਰਕ ਮੋਹ-ਪਿਆਰ ਅਤੇ ਅਪਣੱਤ ਦੀ ਮਹਿਕ ਦਾ ਵੀ ਅਹਿਸਾਸ ਹੁੰਦਾ ਹੈ। ਆਓ, ਫਿਰ ਘਰ ਵਿਚ ਬਹੁਤ ਹੀ ਆਸਾਨ ਢੰਗ ਨਾਲ ਕੁਝ ਮਿਠਾਈਆਂ ਬਣਾਉਂਦੇ ਹਾਂ।
1. ਪੇਠੇ ਦੀ ਬਰਫ਼ੀ
ਸਮੱਗਰੀ: ਪੇਠੇ ਦੇ ਟੁਕੜੇ: 500 ਗ੍ਰਾਮ, ਬੇਸਣ : 150 ਗ੍ਰਾਮ, ਗੁੜ ਜਾਂ ਸ਼ੱਕਰ : 150 ਗ੍ਰਾਮ, ਘਿਓ: 100 ਗ੍ਰਾਮ, ਨਾਰੀਆਲ ਦਾ ਬੁਰਾਦਾ : 100 ਗ੍ਰਾਮ, ਇਲਾਇਚੀ ਪਾਊਡਰ: ਛੋਟਾ ਚਮਚ, ਪਾਣੀ : 1 ਕੱਪ
ਵਿਧੀ: ਪੇਠੇ ਨੂੰ ਛਿਲ ਕੇ ਇਸਦੇ ਬੀਜ ਕੱਢ ਦਿਉ ਅਤੇ ਟੁਕੜਿਆਂ ਵਿਚ ਕਟ ਲਓ। ਦਿੱਤੀ ਮਾਤਰਾ ਅਨੁਸਾਰ ਪਾਣੀ, ਪੇਠੇ ਅਤੇ ਇਲਾਇਚੀ ਪਾਊਡਰ ਨੂੰ ਪ੍ਰੈੱਸ਼ਰ ਕੁੱਕਰ ਵਿਚ ਪਾ ਕੇ 3-5 ਮਿੰਟਾਂ ਲਈ ਪਕਾ ਲਓ। ਹੁਣ ਇਸ ਨੂੰ ਇਕ ਮਿਕਸਰ ਵਿਚ ਪਾ ਕੇ ਪੀਸ ਲਓ। ਕੜਾਹੀ ਵਿਚ ਬੇਸਣ ਨੂੰ ਸੁਕਾ ਭੁੰਨੋ। ਫਿਰ ਇਸ ਵਿਚ ਘਿਓ ਪਾ ਕੇ ਸੁਨਹਿਰਾ ਹੋਣ ਤਕ ਭੁੰਨ ਲਓ। ਪੇਠੇ ਵਾਲੇ ਮਿਸ਼ਰਣ ਨੂੰ ਬੇਸਣ ਨਾਲ ਮਿਕਸ ਕਰਕੇ ਇਸ ਵਿਚ ਨਾਰੀਅਲ ਦਾ ਬੁਰਾਦਾ ਪਾ ਕੇ ਘੱਟ ਸੇਕ ’ਤੇ ਪਕਾਓ ਅਤੇ ਲਗਾਤਾਰ ਹਿਲਾਉਂਦੇ ਰਹੋ। ਮਿਸ਼ਰਣ ਨੂੰ ਬਰਤਨ ਦੀਆਂ ਸਾਈਡਾਂ ਛੱਡਣ ਤਕ ਪਕਾਓ। ਹੁਣ ਇਕ ਥਾਲੀ ਲਓ ਅਤੇ ਇਸ ਵਿਚ ਘਿਓ ਲਗਾ ਦਿਓ। ਇਸ ਥਾਲੀ ਵਿਚ ਤਿਆਰ ਮਿਸ਼ਰਣ ਨੂੰ ਪਾ ਦਿਓ ਅਤੇ ਸੈੱਟ ਹੋਣ ’ਤੇ ਬਰਫ਼ੀ ਦੇ ਆਕਾਰ ਵਿਚ ਕੱਟ ਦਿਓ।
2. ਖਜੂਰ ਦੇ ਲੱਡੂ
ਸਮੱਗਰੀ: ਖਸ-ਖਸ: 4 ਛੋਟੇ ਚਮਚ, ਪਿਸਤਾ : 15-20, ਬਦਾਮ : 20-25, ਕਾਜੂ : 20, ਮਗਜ਼ : 2 ਵੱਡੇ ਚਮਚ, ਬੀਜ ਰਹਿਤ ਖਜੂਰ : 250 ਗ੍ਰਾਮ, ਘਿਓ : 2 ਛੋਟੇ ਚਮਚ।
ਵਿਧੀ: ਖਸ-ਖਸ ਨੂੰ ਸੁੱਕਾ ਕੜਾਹੀ ਵਿਚ ਭੁੰਨੋ। ਬਦਾਮ, ਪਿਸਤਾ ਅਤੇ ਕਾਜੂ ਨੂੰ ਮੋਟੇ ਮੋਟੇ ਟੁਕੜਿਆਂ ਵਿਚ ਪੀਸ ਲਓ। ਫਿਰ ਇਨ੍ਹਾਂ ਸਾਰਿਆਂ ਨੂੰ ਮਗਜ਼ਾਂ ਸਮੇਤ ਸੁੱਕਾ ਭੁੰਨ ਲਓ। ਖਜੂਰਾਂ ਨੂੰ ਬਰੀਕ ਕੱਟ ਲਓ ਅਤੇ ਇਕ ਚਮਚ ਘਿਓ ਵਿਚ 2-3 ਮਿੰਟਾਂ ਲਈ ਭੁੰਨ ਲਓ। ਇਸ ਵਿਚ ਖਸ-ਖਸ ਦੇ ਅੱਧੇ ਹਿੱਸੇ ਅਤੇ ਬਾਕੀ ਸਮੱਗਰੀ ਪਾ ਕੇ 2-3 ਮਿੰਟਾਂ ਲਈ ਭੁੰਨ ਲਓ। ਇਸ ਵਿਚ ਇਕ ਚਮਚ ਘਿਓ ਹੋਰ ਪਾਓ ਅਤੇ ਕੋਸੇ ਮਿਸ਼ਰਣ ਤੋਂ ਲੱਡੂ ਬਣਾ ਲਓ। ਬਣਾਏ ਹੋਏ ਲੱਡੂਆਂ ’ਤੇ ਬਾਕੀ ਬਚੀ ਖਸ-ਖਸ ਲਗਾ ਦਿਓ ਅਤੇ ਪਿਸਤਾ ਜਾਂ ਬਦਾਮ ਲਗਾ ਕੇ ਸਜਾ ਦਿਓ।
3. ਰਬੜੀ-ਜਲੇਬੀ
ਰਬੜੀ ਸਮੱਗਰੀ: ਦੁੱਧ : 1 ਲਿਟਰ, ਬ੍ਰੈੱਡ ਸਲਾਈਸ : 1, ਇਲਾਇਚੀ ਪਾਊਡਰ : ਛੋਟਾ ਚਮਚ, ਕੰਡੈਸਡ ਮਿਲਕ: ਕੱਪ।
ਵਿਧੀ: ਦੁੱਧ ਉਬਾਲੋ ਅਤੇ ਇਸ ਨੂੰ ਅੱਧਾ ਹੋਣ ਤਕ ਕਾੜ੍ਹ ਲਓ। ਇਸ ਵਿਚ ਬ੍ਰੈੱਡ ਸਲਾਈਸ (ਸਾਈਡਾਂ ਨੂੰ ਉਤਾਰ ਕੇ), ਇਲਾਇਚੀ ਪਾਊਡਰ ਅਤੇ ਕੰਡੈਸਡ ਮਿਲਕ ਪਾ ਕੇ 8-10 ਮਿੰਟਾਂ ਲਈ ਗਾੜ੍ਹਾ ਹੋਣ ਤਕ ਪਕਾਓ।
ਜਲੇਬੀ ਲਈ ਸਮੱਗਰੀ: ਮੈਦਾ: 1 ਕੱਪ, ਚੌਲਾਂ ਦਾ ਆਟਾ: 1 ਕੱਪ, ਬੇਕਿੰਗ ਪਾਊਡਰ : ਛੋਟਾ ਚਮਚ, ਪਾਣੀ : 1 ਕੱਪ ਤੇਲ ਤਲਣ ਲਈ:
ਚਾਸ਼ਨੀ: ਖੰਡ : 1 ਕੱਪ, ਇਲਾਇਚੀ ਪਾਊਡਰ : ਛੋਟਾ ਚਮਚ, ਪਾਣੀ : 1 ਕੱਪ, ਨਿੰਬੂ ਦਾ ਰਸ : 1 ਛੋਟਾ ਚਮਚ।
ਵਿਧੀ: ਦਿੱਤੀ ਮਾਤਰਾ ਅਨੁਸਾਰ ਮੈਦੇ, ਚੌਲਾਂ ਦੇ ਆਟੇ ਅਤੇ ਬੇਕਿੰਗ ਪਾਊਡਰ ਨੂੰ ਮਿਲਾ ਕੇ ਇਸਦਾ ਘੋਲ ਬਣਾ ਲਓ। ਇਸ ਘੋਲ ਨੂੰ 15 ਮਿੰਟਾਂ ਲਈ ਢਕ ਕੇ ਰੱਖ ਦਿਓ। ਇਸ ਘੋਲ ਨੂੰ ਪਾਇਪਿੰਗ ਬੈਗ ਵਿਚ ਪਾ ਕੇ ਜਲੇਬੀ ਆਕਾਰ ਦੇ ਕੇ ਤੇਲ ਵਿਚ ਤਲ ਲਓ। ਖੰਡ ਅਤੇ ਪਾਣੀ ਉਬਾਲ ਕੇ ਇਕ ਤਾਰ ਦੀ ਚਾਸ਼ਨੀ ਬਣਾ ਲਓ ਅਤੇ ਨਿੰਬੂ ਦਾ ਰਸ ਪਾ ਦਿਓ। ਤਿਆਰ ਜਲੇਬੀ ਨੂੰ ਚਾਸ਼ਨੀ ਵਿਚ 2 ਮਿੰਟਾਂ ਲਈ ਡੁਬੋ ਕੇ ਰੱਖੋ। ਤਿਆਰ ਜਲੇਬੀ ਨੂੰ ਰਬੜੀ ਨਾਲ ਪਰੋਸੋ।
4. ਚਾਕਲੇਟ ਲੌਲੀਪੌਪ
ਸਮੱਗਰੀ: ਬਿਸਕੁਟ (ਮੈਰੀ): 20-25, ਕੋਕੋ ਪਾਊਡਰ: 1 ਵੱਡਾ ਚਮਚ, ਪੀਸੀ ਹੋਈ ਖੰਡ: 1 ਕੱਪ, ਕਰੀਮ ਜਾਂ ਮੋਟੀ ਮਲਾਈ: 3-4 ਛੋਟੇ ਚਮਚ।
ਭਰਨ ਲਈ ਸਮੱਗਰੀ: ਨਾਰੀਅਲ ਦਾ ਬੁਰਾਦਾ: 1 ਕੱਪ ਪੀਸੀ ਹੋਈ ਖੰਡ : 1 ਛੋਟਾ ਚਮਚ, ਕਰੀਮ ਜਾਂ ਮੋਟੀ ਮਲਾਈ: 1 ਛੋਟਾ ਚਮਚ, ਭੂਰੀ ਚਾਕਲੇਟ: 50 ਗ੍ਰਾਮ, ਸਫ਼ੈਦ ਚਾਕਲੇਟ : 50 ਗ੍ਰਾਮ।
ਵਿਧੀ: ਬਿਸਕੁਟਾਂ ਨੂੰ ਪੀਸ ਲਓ। ਪੀਸੇ ਹੋਏ ਬਿਸਕੁਟਾਂ ਵਿਚ ਖੰਡ, ਕੋਕੋ ਪਾਊਡਰ ਅਤੇ ਕਰੀਮ ਮਿਲਾ ਕੇ ਆਟਾ ਗੁੰਨ੍ਹ ਲਓ। ਭਰਨ ਵਾਲੀ ਸਮੱਗਰੀ ਤਿਆਰ ਕਰਨ ਲਈ ਨਾਰੀਅਲ ਦੇ ਬੁਰਾਦੇ ਵਿਚ ਖੰਡ ਅਤੇ ਕਰੀਮ ਮਿਕਸ ਕਰ ਲਓ। ਤਿਆਰ ਮਿਸ਼ਰਣ ਦਾ ਇਕ-ਇਕ ਛੋਟਾ ਚਮਚ ਲੈ ਕੇ ਹਥੇਲੀ ’ਤੇ ਫੈਲਾ ਕੇ ਇਸ ਵਿਚ ਭਰਨ ਵਾਲਾ ਮਿਸ਼ਰਣ ਪਾਓ ਅਤੇ ਛੋਟੇ ਆਕਾਰ ਦੀਆਂ ਬਾਲਾਂ ਬਣਾ ਕੇ ਇਸ ਵਿਚ ਪਾਈਪਾਂ ਪਾ ਕੇ ਫਰਿੱਜ ਵਿਚ 15 ਮਿੰਟ ਸੈੱਟ ਹੋਣ ਲਈ ਰੱਖ ਦਿਓ ਤਾਂ ਜੋ ਇਹ ਲੌਲੀਪੌਪ ਦਾ ਆਕਾਰ ਲੈ ਲੈਣ। ਹੁਣ ਮਾਈਕਰੋਵੇਵ ਜਾਂ ਗਰਮ ਪਾਣੀ ’ਤੇ ਬਰਤਨ ਰੱਖ ਕੇ ਚਾਕਲੇਟ ਨੂੰ ਪਿਘਲਾ ਲਓ। ਪਿਘਲੀ ਹੋਈ ਭੂਰੀ ਅਤੇ ਸਫ਼ੈਦ ਚਾਕਲੇਟ ਵਿਚ ਲੌਲੀਪੌਪ ਨੂੰ ਡੁਬੋ ਕੇ ਇਸ ’ਤੇ ਸਜਾਵਟੀ ਸੌਂਫ ਪਾ ਦਿਓ। ਬੱਚਿਆਂ ਲਈ ਚਾਕਲੇਟ ਲੌਲੀਪੌਪ ਤਿਆਰ ਹਨ।
*ਸੰਪਰਕ: 94173-76488


Comments Off on ਘਰ ਵਿਚ ਹੀ ਮਿਠਾਈਆਂ ਬਣਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.