ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ

Posted On October - 21 - 2019

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਪ੍ਰੋ. ਕਿ੍ਸ਼ਨ ਕੁਮਾਰ ਰੱਤੂ

ਅਰਥ-ਸ਼ਾਸਤਰ ਨੋਬੇਲ ਪੁਰਸਕਾਰ ਜੇਤੂ ਭਾਰਤੀ ਅਰਥ ਵਿਗਿਆਨੀ ਅਭਿਜੀਤ ਬੈਨਰਜੀ ਤੇ ਉਸ ਦੇ ਸਾਥੀ ਖੋਜਾਰਥੀਆਂ ਨੇ ਜੋ ਵਿਸ਼ਲੇਸ਼ਣ ਭਾਰਤ ਤੇ ਵਿਸ਼ਵ ਬਾਰੇ ਦਿੱਤੇ ਹਨ, ਉਹ ਬੇਹੱਦ ਰੌਚਕ ਤੇ ਅਰਥ ਭਰਪੂਰ ਹਨ। ਉਨ੍ਹਾਂ ਨੇ ਅਰਥ ਸ਼ਾਸਤਰ ਦੇ ਮੂਲ ਸਿਧਾਂਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਇਹ ਅਰਥ ਖੋਜਾਂ ਸਿੱਧੀਆਂ ਗ਼ਰੀਬੀ ਰੇਖਾ ਤੋਂ ਥੱਲੇ ਗ਼ਰੀਬ ਵਿਅਕਤੀ ਲਈ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ, ਨਾ ਕਿ ਕਿਤਾਬੀ ਗਿਆਨ ’ਤੇ ਥਿਊਰੀ ਆਧਾਰਿਤ। ਇਸ ਸਮੇਂ ਪੂਰੀ ਦੁਨੀਆਂ ਵਿਚ 70 ਕਰੋੜ ਤੋਂ ਜ਼ਿਆਦਾ ਲੋਕ ਨਰਕ ਦੀ ਜ਼ਿੰਦਗੀ ਜੀਅ ਰਹੇ ਹਨ।
ਅਭਿਜੀਤ ਬੈਨਰਜੀ ਤੇ ਉਸ ਦੀ ਪਤਨੀ ਐਸਥਰ ਡੁਫਲੋ ਅਤੇ ਅਮਰੀਕੀ ਆਰਥਿਕ ਮਾਹਿਰ ਮਾਈਕਲ ਕਰੇਮਰ ਨੇ ਇਹ ਸਿੱਧ ਕੀਤਾ ਹੈ ਕਿ ਗ਼ਰੀਬੀ ਹੀ ਅਸਲ ਵਿਚ ਸਾਰੀਆਂ ਕੁਰੀਤੀਆਂ ਦੀ ਜੜ ਹੈ। ਉਨ੍ਹਾਂ ਦੀ ਖੋਜ ਸਿੱਧ ਕਰਦੀ ਹੈ ਕਿ ਵਿਆਪਕ ਨੀਤੀਆਂ ਅਪਣਾ ਕੇ ਗ਼ਰੀਬੀ ਦੂਰ ਕੀਤੀ ਜਾ ਸਕਦੀ ਹੈ। ਇਸ ਬਾਰੇ ਉਨ੍ਹਾਂ ਨੇ ਆਪਣੇ ਸੈਂਕੜੇ ਤਜਰਬੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਸਾਂਝੇ ਕੀਤੇ ਹਨ, ਜਿਨ੍ਹਾਂ ਵਿਚ ਅਫ਼ਰੀਕੀ ਤੇ ਏਸ਼ੀਆਈ ਦੇਸ਼ ਵਿਸ਼ੇਸ਼ ਕਰਕੇ ਹਨ। ਅਭਿਜੀਤ ਦਾ ਕਹਿਣਾ ਹੈ ਕਿ ਅੱਜ ਸਮਾਂ ਆ ਗਿਆ ਹੈ, ਜਦੋਂ ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ ਅਰਥਾਤ ਵਿਚਾਰਾਂ ਦੀ ਪ੍ਰਸਤੂਤੀ ਦੀ ਵੀ ਥਾਂ ਨਿਸ਼ਚਤ ਹੋਣੀ ਚਾਹੀਦੀ ਹੈ। ਇਸ ਨਾਲ ਗ਼ਰੀਬ ਦੇਸ਼ਾਂ ਦਾ ਭਲਾ ਹੋ ਸਕਦਾ ਹੈ ਤੇ ਲੱਖਾਂ ਲੋਕ ਜ਼ਿੰਦਗੀ ਦੀ ਚੰਗੀ ਰੇਖਾ ਦੇ ਦਾਇਰੇ ’ਚ ਆ ਜਾਣਗੇ। ਭਾਰਤ ਵਰਗੇ ਦੇਸ਼ ਜੋ ਗ਼ਰੀਬੀ ਤੋਂ ਮੁਕਤ ਹੋਣਾ ਚਾਹੁੰਦੇ ਹਨ, ਉਹ ਅਭਿਜੀਤ ਦੀ ਅਰਥ ਬਦਲਾਅ ਥਿਊਰੀ ’ਤੇ ਚੱਲ ਸਕਦੇ ਹਨ। ਸਿੱਖਿਆ, ਸਿਹਤ ਤੇ ਮਕਾਨ (ਆਵਾਸ) ਦੀ ਮੁੱਢਲੀ ਜ਼ਰੂਰਤ ਇਸ ’ਚ ਵੱਡਾ ਰੋਲ ਅਦਾ ਕਰ ਸਕਦੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਸਭ ਸੰਭਵ ਹੈ, ਜੇਕਰ ਸਰਕਾਰਾਂ ਦੀ ਮਨੋਦਸ਼ਾ ਇਸ ਨੂੰ ਲਾਗੂ ਕਰਵਾਉਣ ਦੀ ਹੋਵੇ। ਭਾਰਤ ਵਿਚ ਇਸ ਤਰ੍ਹਾਂ ਦੇ ਪ੍ਰਯੋਗਾਂ ਨਾਲ 50 ਲੱਖ ਬੱਚਿਆਂ ਨੂੰ ਫ਼ਾਇਦਾ ਹੋਇਆ ਹੈ।
ਪਿਛਲੇ 25 ਵਰ੍ਹਿਆਂ ਵਿਸ਼ੇਸ਼ ਕਰਕੇ ਪਿਛਲੇ ਵਰ੍ਹਿਆਂ ਵਿਚ ਗ਼ਰੀਬੀ ਹਟਾਉਣ ਬਾਰੇ ਜਾਰੀ ਵਿਸ਼ਲੇਸ਼ਣ ਵਿਚ ਗ਼ਰੀਬੀ ਮੁਕਤੀ ਦੇ ਜੋ ਅੰਕੜੇ ਦਿੱਤੇ ਗਏ ਹਨ, ਉਹ ਨਵੀਂ ਰੌਸ਼ਨੀ ਜਗਾਉਣ ਵਾਲੇ ਹਨ, ਜਿਨ੍ਹਾਂ ਨੇ ਪੂਰੇ ਵਿਸ਼ਵ ਵਿਚ ਗ਼ਰੀਬੀ ਹਟਾਉਣ ਬਾਰੇ ਨਵੀਂ ਚੇਤਨਾ ਪੈਦਾ ਕੀਤੀ ਹੈ। ਹੁਣ ਨਵੇਂ ਨੋਬੇਲ ਜੇਤੂ ਅਰਥ ਵਿਗਿਆਨੀ ਨੇ ਆਪਣੇ ਪ੍ਰਯੋਗਾਂ ਵਿਚ ਇਹ ਸਹੀ ਪਾਇਆ ਹੈ ਕਿ ਜਿੰਨੀ ਦੇਰ ਕੋਈ ਦੇਸ਼ ਗ਼ਰੀਬੀ ਬਾਰੇ ਆਪਣੀਆਂ ਯੋਜਨਾਵਾਂ ਪ੍ਰਭਾਵੀ ਤੌਰ ’ਤੇ ਲਾਗੂ ਨਹੀਂ ਕਰਦਾ, ਓਨੀ ਦੇਰ ਕੋਈ ਵੀ ਸਰਕਾਰ ਆਪਣੇ ਲੋਕਾਂ ਦੀ ਗ਼ਰੀਬੀ ਨੂੰ ਹਟਾ ਨਹੀਂ ਸਕਦੀ।
ਅਭਿਜੀਤ ਕਹਿੰਦੇ ਹਨ ਕਿ ਗ਼ਰੀਬੀ ਇਕ ਭਿਆਨਕ ਮਜਬੂਰੀ ਹੈ। 2018 ਦੇ ਮਲਟੀਡਾਇਮੈਂਸ਼ਨਲ ਪ੍ਰਾਪਰਟੀ ਇੰਡੈਕਸ ਮੁਤਾਬਕ ਭਾਰਤ ਨੇ 2005-06 ਵਿਚਕਾਰ ਤੇ 2015-16 ਦੇ ਇਕ ਦਹਾਕੇ ’ਚ 27 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਉੱਪਰ ਲਿਆਂਦਾ, ਪਰ ਵਿਸ਼ਵ ਬੈਂਕ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿਚ 22 ਫ਼ੀਸਦੀ ਤੋਂ ਜ਼ਿਆਦਾ ਲੋਕ ਅਜੇ ਵੀ ਗ਼ਰੀਬੀ ਰੇਖਾ ਤੋਂ ਥੱਲੇ ਹਨ। ਜ਼ਾਹਿਰ ਹੈ ਕਿ ਅਭਿਜੀਤ ਦੀ ਅਗਵਾਈ ਵਾਲੀ ਅਰਥ ਖੋਜ ਯਾਤਰਾ ਇਸ ਗ਼ਰੀਬੀ ਨੂੰ ਦੂਰ ਕਰਨ ਲਈ ਸਹਾਇਕ ਬਣ ਜਾਵੇ। ਇਹ ਵੀ ਵਰਨਣਯੋਗ ਹੈ ਕਿ ਭਾਰਤ ਵਿਚ ਲਾਲ ਫੀਤਾਸ਼ਾਹੀ ਤੇ ਭ੍ਰਿਸ਼ਟਾਚਾਰ ਨੂੰ ਇਸ ਵਿਚ ਵੱਡੀ ਰੁਕਾਵਟ ਗਰਦਾਨਿਆ ਗਿਆ ਹੈ। ਭਾਰਤ ਲਈ ਅਭਿਜੀਤ ਦੀ ਥਿਊਰੀ ਇਹ ਵੀ ਕਹਿੰਦੀ ਹੈ ਕਿ ਇੱਥੇ ਹੁਣ ਵਕਤ ਆ ਗਿਆ ਹੈ, ਜਦੋਂ ਗ਼ਰੀਬੀ ਦੀ ਮੁਕਤੀ ਲਈ ਉੱਠੀਆਂ ਆਵਾਜ਼ਾਂ ਨੂੰ ਸੁਣਿਆ ਜਾਵੇ ਤੇ ਉਨ੍ਹਾਂ ਨੂੰ ਇਕ ਨਿਰਣਾਇਕ ਥਾਂ ਦਿੱਤੀ ਜਾਵੇ।
ਅਭਿਜੀਤ ਦਾ ਅਰਥ ਵਿਸ਼ਲੇਸ਼ਣ ਐਨਾ ਸਾਧਾਰਨ ਹੈ ਕਿ ਉਸ ਨੂੰ ਕੋਈ ਵੀ ਸਮਝ ਅਤੇ ਲਾਗੂ ਕਰ ਸਕਦਾ ਹੈ, ਪਰ ਸਭ ਤੋਂ ਮਹੱਤਵਪੂਰਨ ਹੈ ਉਸ ਦਾ ਇਹ ਮੰਨਣਾ ਕਿ ਜੇ ਸਰਕਾਰਾਂ ਤੇ ਲੋਕਾਂ ਦੀ ਆਪਸੀ ਸਮਝਦਾਰੀ ਤੇ ਇੱਛਾ ਸ਼ਕਤੀ ਹੋਵੇ ਤਾਂ ਇਹ ਸਭ ਲਾਗੂ ਕੀਤਾ ਜਾ ਸਕਦਾ ਹੈ। ਅਭਿਜੀਤ ਦਾ ਮਤ ਹੈ ਕਿ ਸੰਸਾਰ ਦੀ ਗ਼ਰੀਬੀ ਨੂੰ ਦੂਰ ਕਰਨ ਲਈ ਕੋਈ ਨਿਸ਼ਚਤ ਫਾਰਮੂਲਾ ਨਹੀਂ ਹੈ। ਪੂਰੀ ਦੁਨੀਆਂ ਵਿਚ ਗ਼ਰੀਬੀ ਦਾ ਕਾਰਨ ਵੀ ਇਕ ਨਹੀਂ ਹੈ। ਜ਼ਰੂਰਤ ਉਨ੍ਹਾਂ ਸਾਰਿਆਂ ਵਿਸ਼ਿਆਂ ਦੇ ਰੂ-ਬ-ਰੂ ਹੋਣ ਤੇ ਹੱਲ ਲੱਭਣ ਦੀ ਹੈ।
ਭਾਰਤ ਵਿਚ ਅਭਿਜੀਤ ਦਾ ਇਹ ਅਰਥ ਦਰਸ਼ਨ ਮਗਨਰੇਗਾ, ਸਿੱਖਿਆ ਅਤੇ ਸਿਹਤ ’ਤੇ ਲਾਗੂ ਹੋਇਆ ਸੀ ਤੇ ਉਹ ਇਨ੍ਹਾਂ ਪ੍ਰਾਜੈਕਟਾਂ ਨਾਲ ਜੁੜੇ ਰਹੇ ਹਨ। ਗ਼ਰੀਬੀ ਨਾਲ ਲੜਨ ਲਈ ਉਹ ਸਾਰੇ ਸੋਮੇ ਤੇ ਸਾਧਨ ਤਿਆਰ ਰੱਖਣੇ ਹੋਣਗੇ ਜਿਸ ਨਾਲ ਆਮ ਆਦਮੀ ਦੀ ਗ਼ੁਰਬਤ ਦੂਰ ਹੋ ਸਕੇ। ਉਸਦੇ ਅਧਿਐਨ ਨੇ ਗ਼ਰੀਬੀ ਦੂਰ ਕਰਨ ਦੇ ਕਈ ਮੁੱਦੇ ਸੁਝਾਏ ਹਨ ਜਿਨ੍ਹਾਂ ਨਾਲ ਗ਼ਰੀਬੀ ਰੇਖਾ ਤੋਂ ਉੱਪਰ ਉੱਠਣ ਲਈ ਲੱਖਾਂ ਲੋਕਾਂ ਨੂੰ ਤਾਕਤ ਮਿਲੀ ਹੈ। ਇਸ ਜੋੜੇ ਦੀ ਖੋਜ ਇਹ ਸਿੱਧ ਕਰਦੀ ਹੈ ਕਿ ਦਵਾਈ ਦਾ ਕਲੀਨੀਕਲ ਟਰਾਇਲ ਹੁਣ ਬੰਦ ਕੀਤਾ ਜਾਵੇ, ਉਹ ਉਪਾਅ ਕੀਤੇ ਜਾਣ ਜੋ ਨਿਆਂ ’ਤੇ ਚਲਦਿਆਂ ਗ਼ਰੀਬੀ ਨੂੰ ਕੰਟਰੋਲ ਕਰ ਸਕਣ। ਮਿਟ (M9“) ਮੈਸਾਚੁਏਟ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਗ਼ਰੀਬੀ ਹਟਾਉਣ ਬਾਰੇ ਪ੍ਰਯੋਗਸ਼ਾਲਾ ਦੇ ਤਜਰਬੇ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਆਬਾਦੀ ਪ੍ਰੈੱਸ਼ਰ ਘੱਟ ਕਰਨਾ ਵੀ ਗ਼ਰੀਬੀ ਦੇ ਖ਼ਾਤਮੇ ਵਿਚ ਵਧੀਆ ਕਦਮ ਸਾਬਤ ਹੋਵੇਗਾ।
ਉਨ੍ਹਾਂ ਦੀ ਬੇਹੱਦ ਚਰਚਿਤ ਪੁਸਤਕ ‘ਪੂਅਰ ਇਕਨਾਮਿਕਸ’ ਨੂੰ ਪੜ੍ਹਨਾ ਆਪਣੇ ਆਪ ਵਿਚ ਅਦਭੁੱਤ ਤੇ ਅਨੋਖਾ ਅਨੁਭਵ ਹੈ। ਪਿਛਲੇ ਵਰ੍ਹਿਆਂ ਵਿਚ ਇਸ ਪੁਸਤਕ ਦੀ ਬੇਹੱਦ ਚਰਚਾ ਰਹੀ ਹੈ। ਪਤਨੀ ਐਸਥਰ ਡੁਫਲੋ ਨਾਲ ਸਾਂਝੀ ਖੋਜ ਵਾਲੀ ਉਸ ਦੀ ਇਸ ਕਿਤਾਬ ਨੂੰ ਮੈਂ ਜਿੰਨੀ ਵਾਰੀ ਪੜ੍ਹਿਆ ਹੈ, ਓਨੀ ਵਾਰ ਹੀ ਲੱਗਿਆ ਕਿ ਇਹ ਸੱਚਾਈ ਤੇ ਸਮਾਜ ਦੇ ਬੇਹੱਦ ਨਜ਼ਦੀਕ ਹੈ। ਇਸ ਕਿਤਾਬ ਦੀਆਂ ਉਦਾਹਰਨਾਂ ਵਿਚ ਦੱਸਿਆ ਗਿਆ ਹੈ ਕਿ ਇਕ ਕੇਲਾ ਇਕ ਆਦਮੀ ਲਈ ਇਕ ਸੰਪੂਰਨ ਖੁਰਾਕ ਹੈ ਜਿਸ ਵਿਚ ਸਾਰੇ ਤੱਤ ਹਨ, ਪਰ ਜੇ ਕੋਈ ਆਦਮੀ ਜ਼ਿਆਦਾ ਮਾਤਰਾ ਵਿਚ ਕੇਲਾ ਹੀ ਖਾਵੇ ਤਾਂ ਇਸ ਨਾਲ ਸਾਰੀਆਂ ਬਿਮਾਰੀਆਂ ਦੂਰ ਨਹੀਂ ਹੋਣੀਆਂ। ਉਸਨੇ ਇਸ ਕਿਤਾਬ ਵਿਚ ਕਈ ਦੇਸ਼ਾਂ ਦੀਆਂ ਮਿਸਾਲਾਂ ਦਿੱਤੀਆਂ ਹਨ। ਇਕ ਉਦਾਹਰਨ ਮਲੇਰੀਆ ਬਾਰੇ ਹੈ ਕਿ ਕਿਵੇਂ ਉਸ ਦਾ ਫੈਲਾਅ ਆਰਥਿਕ ਗਤੀਵਿਧੀਆਂ ਨੂੰ ਰੋਕ ਦਿੰਦਾ ਹੈ। ਜੇਕਰ ਇਸ ਨੂੰ ਪੂਰੇ ਤਾਣ ਨਾਲ ਰੋਕ ਦਿੱਤਾ ਜਾਵੇ ਤਾਂ ਗ਼ਰੀਬੀ ਤੇ ਬਿਮਾਰੀ ਦੀ ਸਥਿਤੀ ਵਿਚ ਸੁਧਾਰ ਹੋ ਸਕਦਾ ਹੈ। ਇਸ ਸੰਦਰਭ ਵਿਚ ਅਭਿਜੀਤ ਨੇ ਅਫ਼ਰੀਕੀ ਦੇਸ਼ ਤੇ ਭਾਰਤ ਦੀ ਤੁਲਨਾ ਕਰਦਿਆਂ ਕਿਹਾ ਹੈ ਕਿ ਇਸ ਲਈ ਮੱਛਰਦਾਨੀ ਵੀ ਇਕ ਉਪਾਅ ਹੈ।
ਸਿੱਖਿਆ ਦੀ ਗੁਣਵੱਤਾ ’ਤੇ ਵੀ ਇਕ ਅਜਿਹਾ ਹੀ ਪ੍ਰਯੋਗ ਕੀਤਾ ਗਿਆ ਹੈ। ਇਸ ’ਤੇ ਬਾਅਦ ਵਿਚ ਦਿੱਲੀ ਸਰਕਾਰ ਨੇ ਵੀ ਤਜਰਬੇ ਕੀਤੇ ਹਨ, ਜਿਨ੍ਹਾਂ ਨੇ ਅਭਿਜੀਤ ਤੋਂ ਸਲਾਹ-ਮਸ਼ਵਰਾ ਲਿਆ ਸੀ। ਉਸ ਦੇ ਨਤੀਜੇ ਵਜੋਂ ਦਿੱਲੀ ਦੇ ਸਕੂਲਾਂ ਵਿਚ ਸੁਧਾਰ ਹੋਇਆ ਵਿਖਾਈ ਦਿੰਦਾ ਹੈ। ਅਸਲ ਵਿਚ ‘ਪੂਅਰ ਇਕਨਾਮਿਕਸ’ ਵਿਚ ਗ਼ਰੀਬੀ ਦੂਰ ਕਰਨ ਦੇ ਕਈ ਪ੍ਰਯੋਗ ਪੂਰੀ ਦੁਨੀਆਂ ਲਈ ਅਪਣਾਏ ਗਏ ਤੇ ਉਨ੍ਹਾਂ ਦੀ ਸਮੀਖਿਆ ਵੀ ਕੀਤੀ ਗਈ ਹੈ।

ਸੰਪਰਕ: 94787-30156


Comments Off on ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.