ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

Posted On October - 16 - 2019

ਡਾ. ਸੰਦੀਪ ਰਾਣਾ
ਸਾਹਿਤਕ ਪ੍ਰਤਿਭਾ ਦੇ ਮਾਲਕ, ਦੇਸ਼ ਭਗਤੀ, ਮਾਨਵ ਭਗਤੀ ਅਤੇ ਸਿਸ਼ਟਾਚਾਰ ਦੇ ਅਦੁੱਤੀ ਗੁਣਾਂ ਦੇ ਸੁਮੇਲ ਗਿਆਨੀ ਕੇਸਰ ਸਿੰਘ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ (ਪਾਕਿਸਤਾਨ) ਦੇ ਪਿੰਡ ਮੁਗ਼ਲ ਖ਼ਾਲਸਾ ਵਿਚ ਹੋਇਆ। ਉਹ ਤਿੰਨ ਸਾਲ ਦੀ ਉਮਰ ਵਿਚ ਅਨਾਥ ਹੋ ਗਏ। ਇਸੇ ਕਾਰਨ ਉਨ੍ਹਾਂ ਨੂੰ ਆਪਣਾ ਬਚਪਨ ਅੰਮ੍ਰਿਤਸਰ ਦੇ ਅਨਾਥ ਆਸ਼ਰਮ ਵਿੱਚ ਗੁਜ਼ਾਰਨਾ ਪਿਆ। ਅੰਮ੍ਰਿਤਸਰ ਵਿਚ ਹੀ ਸਕੂਲ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਸ.ਸ. ਅਮੋਲ ਕੋਲੋਂ ਗਿਆਨੀ ਪਾਸ ਕੀਤੀ। ਇਸ ਤੋਂ ਬਾਅਦ 1936 ਵਿਚ ਉਹ ਮਲਾਇਆ ਚਲੇ ਗਏ। ਉਥੇ ਜਾ ਕੇ ਉਨ੍ਹਾਂ ਨੇ ਗੁਰਦੁਆਰੇ ਵਿਚ ਗ੍ਰੰਥੀ ਅਤੇ ਰਾਗੀ ਦਾ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਦਾ ਸੰਪਰਕ ਦੇਸ਼ ਭਗਤਾਂ ਨਾਲ ਹੋਇਆ ਅਤੇ ਛੇਤੀ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬਹੁਤ ਨੇੜੇ ਦੇ ਸੰਗ੍ਰਾਮੀ ਹੋਣ ਕਾਰਨ ਗਿਆਨੀ ਕੇਸਰ ਸਿੰਘ ਆਜ਼ਾਦ ਹਿੰਦ ਫ਼ੌਜ ਵਿਚ ਇਕ ਸਰਗਰਮ ਮੈਂਬਰ ਬਣ ਗਏ। 1941-45 ਵਿਚ ਦੱਖਣ-ਪੂਰਬੀ ਏਸ਼ੀਆ ਵਿਚ ਜਨਰਲ ਮੋਹਨ ਸਿੰਘ ਨੇ ਆਜ਼ਾਦ ਹਿੰਦ ਸਰਕਾਰ ਅਤੇ ਫਿਰ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਕਾਇਮ ਕੀਤੀ। ਗਿਆਨੀ ਕੇਸਰ ਸਿੰਘ ਇਸ ਵੇਲੇ ਆਜ਼ਾਦ ਹਿੰਦ ਫ਼ੌਜ ਵਿਚ ਸਿਵਲ ਐਡਮਿਨਸਟ੍ਰੇਟਰ ਬਣੇ ਅਤੇ ਇਨਕਲਾਬ ਦਾ ਇਤਿਹਾਸ ਲਿਖਣ ਵਿਚ ਯੋਗਦਾਨ ਪਾਇਆ। ਇਸੇ ਵਿਸ਼ੇ ’ਤੇ ਗਿਆਨੀ ਕੇਸਰ ਸਿੰਘ ਨੇ ਆਪਣੀ ਪਹਿਲੀ ਪੁਸਤਕ ਅੰਗਰੇਜ਼ੀ ਵਿਚ Indian Independence Movement in in East Asia ਸਿਰਲੇਖ ਹੇਠ ਲਿਖੀ, ਜੋ ਲਾਹੌਰ ਤੋਂ ਸਿੰਘ ਬ੍ਰਦਰਜ਼ ਵੱਲੋਂ 1947 ਵਿਚ ਪ੍ਰਕਾਸ਼ਿਤ ਕੀਤੀ ਗਈ। ਇਸ ਇਨਕਲਾਬ ’ਤੇ ਆਧਾਰਿਤ ਉਸ ਦਾ ਪਹਿਲਾ ਨਾਵਲ ‘ਲਹਿਰ ਵਧਦੀ ਗਈ’ 1953 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਦੂਜਾ ‘ਜੰਗੀ ਕੈਦੀ’ 1969 ਵਿਚ ਛਪਿਆ। ਪੂਰਬੀ ਏਸ਼ੀਆ ਵਿਚ ਚੱਲਿਆ ਇਹ ਆਜ਼ਾਦੀ ਅੰਦੋਲਨ ਭਾਵੇਂ ਅਸਫ਼ਲ ਰਿਹਾ ਪਰ ਇਸ ਵਿਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਅਤੇ ਆਜ਼ਾਦੀ ਦੇ ਮਤਵਾਲਿਆਂ ਦੀ ਕੁਰਬਾਨੀ ਦੀ ਭਾਵਨਾ, ਜੋਸ਼ ਅਤੇ ਲਗਨ ਨੇ ਭਾਰਤੀਆਂ ਵਿਚ ਆਜ਼ਾਦੀ ਲਈ ਨਵਾਂ ਉਤਸ਼ਾਹ ਤੇ ਤੜਪ ਪੈਦਾ ਕਰਕੇ ਸੁਤੰਤਰਤਾ-ਸੰਗ੍ਰਾਮ ਨੂੰ ਤੇਜ਼ ਕਰਨ ਅਤੇ ਅੰਤ ਆਜ਼ਾਦੀ ਪ੍ਰਾਪਤ ਕਰਨ ਵਿਚ ਭਰਪੂਰ ਹਿੱਸਾ ਪਾਇਆ ਸੀ।
ਆਪਣੇ ਪੂਰੇ ਜੀਵਨਕਾਲ ਵਿਚ ਗਿਆਨੀ ਕੇਸਰ ਸਿੰਘ ਨੇ ਲਗਭਗ ਦੋ ਦਰਜਨ ਨਾਵਲਾਂ ਦੀ ਰਚਨਾ ਕੀਤੀ ਤੇ ਇਨ੍ਹਾਂ ਨਾਵਲਾਂ ਦੇ ਵਿਸ਼ੇ ਜ਼ਿਆਦਾਤਰ ਇਤਿਹਾਸਕ ਸਨ। ਲੇਖਕ ਦੁਆਰਾ 60 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ਗਈ, ਜਿਨ੍ਹਾਂ ਵਿੱਚ ਨਾਵਲਾਂ ਤੋਂ ਇਲਾਵਾ ਕਹਾਣੀ-ਸੰਗ੍ਰਹਿ, ਕਾਵਿ-ਸੰਗ੍ਰਹਿ, ਆਤਮ ਕਥਾ ਅਤੇ ਇਕ ਡਾਇਰੀ ਸ਼ਾਮਲ ਹਨ। ਉਸ ਦੀ ਸਵੈ-ਜੀਵਨੀ ‘ਮੇਰੀ ਆਤਮ ਕਥਾ’ ਅਤੇ ਡਾਇਰੀ ‘ਮੇਰੀ ਆਜ਼ਾਦ ਹਿੰਦ ਫ਼ੌਜ ਦੀ ਡਾਇਰੀ’ ਅਜਿਹੀਆਂ ਹੀ ਟਕਸਾਲੀ ਪੁਸਤਕਾਂ ਹਨ। ਗਿਆਨੀ ਕੇਸਰ ਸਿੰਘ ਦੇ ਜੀਵਨ ਦੇ ਅਨੇਕਾਂ ਤੱਥ, ਰੁਚੀਆਂ ਅਤੇ ਆਦਰਸ਼ਾਂ ਦੀ ਸਹੀ ਜਾਣਕਾਰੀ ਉਸ ਦੀ ਸਵੈ-ਜੀਵਨੀ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਇਸ ਸਵੈ-ਜੀਵਨੀ ਵਿਚ ਗਿਆਨੀ ਕੇਸਰ ਸਿੰਘ ਨੇ ਕੇਵਲ ਗ਼ਦਰੀ ਬਾਬਿਆਂ ਅਤੇ ਗ਼ਦਰ ਲਹਿਰ ਬਾਰੇ ਹੀ ਜਾਣਕਾਰੀ ਨਹੀਂ ਦਿੱਤੀ ਸਗੋਂ ਆਜ਼ਾਦੀ ਦੇ ਲਈ ਕੀਤੇ ਸੰਘਰਸ਼ ਵਿੱਚ ਆਪਣੇ ਖ਼ੁਦ ਦੇ ਯੋਗਦਾਨ ਬਾਰੇ ਵੀ ਲਿਖਿਆ ਹੈ। ਉਨ੍ਹਾਂ ਦੇ ਲਿਖਣ ਢੰਗ ਵਿੱਚ ਸਾਰਥਕਤਾ ਅਤੇ ਸਪੱਸ਼ਟਤਾ ਦੀ ਝਲਕ ਮਿਲਦੀ ਹੈ ਅਤੇ ਉਨ੍ਹਾਂ ਦੇ ਮਹਾਨ ਜੀਵਨ ਅਨੁਭਵ ਉਨ੍ਹਾਂ ਵੱਲੋਂ ਰਚੀ ਵਾਰਤਕ ਪੁਸਤਕ ਨੂੰ ਵੀ ਮਹਾਨਤਾ ਤਾਂ ਪ੍ਰਦਾਨ ਕਰਦੇ ਹੀ ਹਨ ਨਾਲ ਹੀ ਗਲਪ ਸਾਹਿਤ ਦਾ ਆਧਾਰ ਬਣਦੇ ਹਨ। ਦੂਜੇ ਪਾਸੇ ਉਨ੍ਹਾਂ ਵੱਲੋਂ ਰਚੀ ਆਤਮ ਕਥਾ ਵਿਚ ਵੀ ਪਾਠਕ ਨਾਵਲਾਂ ਵਾਂਗ ਹੀ ਬਿਰਤਾਂਤਕ ਰਸ ਮਾਣਦਾ ਹੈ ਅਤੇ ਇਨ੍ਹਾਂ ਵਾਰਤਕ ਰਚਨਾਵਾਂ ਦੀਆਂ ਘਟਨਾਵਾਂ ਅਤੇ ਪਾਤਰ ਉਨ੍ਹਾਂ ਪਾਠਕਾਂ ਲਈ ਅਭੁਲ ਹੋ ਨਿਬੜਦੇ ਹਨ।
ਗਿਆਨੀ ਕੇਸਰ ਸਿੰਘ ਨੇ ਆਜ਼ਾਦ ਹਿੰਦ ਫ਼ੌਜ ਦੀ ਕਾਰਵਾਈ ਅਤੇ ਦੂਜੇ ਮਹਾਂਯੁੱਧ ਵੇਲੇ ਆਪਣੇ ਅਨੁਭਵਾਂ ਨੂੰ ਅੰਕਿਤ ਕਰਨ ਲਈ ਆਪਣੇ ਕੋਲ ਡਾਇਰੀ ਰੱਖੀ, ਇਹ ਉਸ ਦੀ ਨਿੱਜੀ ਡਾਇਰੀ ਸੀ ਅਤੇ ਇਹ ਡਾਇਰੀ ਲਿਖਣ ਵੇਲੇ ਵੀ ਲੇਖਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਉਸ ਦੀ ਲਿਖੀ ਡਾਇਰੀ ਇਤਿਹਾਸ ਲੇਖਣ ਵੇਲੇ ਸਹਾਈ ਹੋਵੇਗੀ ਕਿਉਂਕਿ ਉਸ ਵੇਲੇ ਤਕ ਲੇਖਕ ਹਫ਼ਤਾਵਾਰੀ ਰਸਾਲੇ ‘ਮਲਾਯਾ’ ਅਤੇ ਪਰਚੇ ‘ਆਜ਼ਾਦ ਹਿੰਦੋਸਤਾਨ’ ਵਿਚ ਸਾਹਿਤਕ ਰਚਨਾਵਾਂ ਕਾਰਨ ਸਾਹਿਤ ਜਗਤ ਵਿਚ ਚੰਗੀ ਪਛਾਣ ਬਣਾ ਚੁੱਕਾ ਸੀ। ਇਸੇ ਕਾਰਨ ਉਸ ਨੇ ਚੇਤੰਨ ਰੂਪ ਵਿਚ ਆਜ਼ਾਦ ਹਿੰਦ ਫ਼ੌਜ ਦੀਆਂ ਗਤੀਵਿਧੀਆਂ ਦੀ ਇਤਿਹਾਸਕਾਰੀ ਲਈ ਇਹ ਡਾਇਰੀ ਲਿਖੀ। ਇਹ ਡਾਇਰੀ ਲੇਖਕ ਵੱਲੋਂ 1941 ਤੋਂ 1945 ਤਕ ਦੂਜੇ ਵਿਸ਼ਵ ਯੁੱਧ ਦੌਰਾਨ ਲਿਖੀ ਗਈ ਹੈ, ਜਿਸ ਵਿਚ ਉਹ ਆਜ਼ਾਦ ਹਿੰਦ ਫ਼ੌਜ ਦੀ ਹੋਂਦ ਨੂੰ 1914-15 ਵਿਚ ਗ਼ਦਰ ਲਹਿਰ ਨਾਲ ਅਤੇ ਗ਼ਦਰੀ ਬਾਬਿਆਂ ਦੀ ਘਾਲਣਾ ਨਾਲ ਜੋੜਦਾ ਹੈ।
ਇਹ ਡਾਇਰੀ ਗਿਆਨੀ ਕੇਸਰ ਸਿੰਘ ਦੇ ਉਨ੍ਹਾਂ ਇਤਿਹਾਸਕ ਨਾਵਲਾਂ ਦੀ ਪਿੱਠ ਭੂਮੀ ਵੀ ਬਣਦੀ ਹੈ, ਜੋ ਦੱਖਣ ਪੂਰਬੀ ਏਸ਼ੀਆ ਨਾਲ ਸਬੰਧਤ ਹਨ। ‘ਲਹਿਰ ਵਧਦੀ ਗਈ’, ‘ਜੰਗੀ ਕੈਦੀ’ ਅਤੇ ‘ਬਾਬਾ ਹਰੀ ਸਿੰਘ ਉਸਮਾਨ’ ਦੇ ਬੀਜ ਸਿੱਧੇ ਤੌਰ ’ਤੇ ਇਸ ਵਿੱਚ ਵੇਖੇ ਜਾ ਸਕਦੇ ਹਨ। ਇਸ ਡਾਇਰੀ ਵਿਚ ਲੇਖਕ ਜੰਗੀ ਕੈਦੀਆਂ ਬਾਰੇ ਜੋ ਵੀ ਘਟਨਾਵਾਂ ਲਿਖਦਾ ਹੈ ਉਹ ਬਾਅਦ ਵਿੱਚ ਲੇਖਕ ਦੁਆਰਾ ਰਚੇ ਨਾਵਲ ‘ਜੰਗੀ ਕੈਦੀ’ ਦਾ ਬਿਰਤਾਂਤ ਰਚਣ ਵਿੱਚ ਸਹਾਈ ਹੋਇਆ ਹੈ। ਇਸ ਨਾਵਲ ਵਿਚ ਜੰਗੀ ਕੈਦੀਆਂ ਦੀ ਤ੍ਰਾਸਦਿਕ ਹੋਣੀ ਨੂੰ ਪੇਸ਼ ਕੀਤਾ ਗਿਆ ਹੈ ਕਿ ਕੈਦੀ ਚਾਹੇ ਹੁਕਮਰਾਨ ਕੌਮ ਦਾ ਹੋਵੇ ਤੇ ਚਾਹੇ ਗ਼ੁਲਾਮ ਕੌਮ ਦਾ, ਕੈਦ ਵਿਚ ਪੈ ਕੇ ਸਭ ਲਈ ਇੱਕੋ ਜਿਹੀਆਂ ਮੁਸ਼ਕਿਲਾਂ ਹੀ ਸਾਹਮਣੇ ਆਉਂਦੀਆਂ ਹਨ। ਇਸ ਨਾਵਲ ਵਿੱਚ ਲੇਖਕ ਦੁਆਰਾ ਦਰਸਾਈਆਂ ਗਈਆਂ ਕਈ ਘਟਨਾਵਾਂ ਜਿਵੇਂ ਜੰਗੀ ਕੈਦੀਆਂ ਲਈ ਭੋਜਨ ਦੀ ਘਾਟ, ਖਾਣ ਪੀਣ ਦੀਆਂ ਵਸਤਾਂ ਦੀ ਚੋਰੀ, ਮਲੇਰੀਏ ਦੀ ਦਵਾਈ ਕੁਨੀਨ ਦੀ ਚੋਰੀ ਸਬੰਧੀ ਇਕ ਕਵਿਤਾ ਵੀ ਡਾਇਰੀ ਵਿੱਚ ਦਰਜ ਕੀਤੀ ਗਈ ਹੈ ਜੋ ਉਸ ਵੇਲੇ ਕੈਦੀਆਂ ਦੇ ਹਾਲਾਤ ਨੂੰ ਸਪਸ਼ਟ ਦਰਸਾਉਂਦੀ ਹੈ।
ਮਲਾਇਆ ਦੀ ਨੌਕਰੀ ਤੋਂ ਬਾਅਦ 1946 ਵਿਚ ਗਿਆਨੀ ਕੇਸਰ ਸਿੰਘ ਹਿੰਦੋਸਤਾਨ ਵਾਪਸ ਆ ਗਏ ਅਤੇ 9 ਸਾਲ (1948-1957) ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਰਹੇ। ਮਗਰੋਂ ਦੋ ਸਾਲ ਲਈ ਉਹ ਹਰਿਮੰਦਰ ਸਾਹਿਬ ਵਿਖੇ ਪੱਥ-ਪ੍ਰਦਰਸ਼ਕ ਵੀ ਰਹੇ। ਉਨ੍ਹਾਂ ਨੇ 1951 ਵਿਚ 40 ਸਾਲ ਦੀ ਉਮਰ ਵਿਚ ਮੈਟਰਿਕ ਪਾਸ ਕੀਤੀ ਅਤੇ ਫਿਰ ਉਸ ਤੋਂ ਬਾਅਦ ਬੀਏ, ਬੀਟੀ ਅਤੇ ਐੱਮਏ ਦੀ ਪੜ੍ਹਾਈ ਮੁਕੰਮਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਅਧਿਆਪਨ ਦਾ ਕੰਮ ਵੀ ਕੀਤਾ। 10 ਕੁ ਸਾਲ ਆਜ਼ਾਦ ਭਾਰਤ ਵਿੱਚ ਰਹਿਣ ਮਗਰੋਂ 1957 ਵਿਚ ਉਹ ਇੰਗਲੈਂਡ ਚਲੇ ਗਏ। ਉਥੇ ਉਨ੍ਹਾਂ ਨੇ 14 ਸਾਲ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਈਆਂ।
1965-66 ਵਿਚ ਉਹ ਅਲਬਰਟਾ (ਕੈਨੇਡਾ) ਆ ਗਏ, ਜਿੱਥੇ ਉਨ੍ਹਾਂ ਨੇ ਸਕੂਲ ਅਧਿਆਪਕ ਅਤੇ ਕੌਂਸਲਰ ਦੀ ਨੌਕਰੀ ਕੀਤੀ। ਅੰਤ ਸਮੇਂ ’ਚ ਉਹ ਕੈਨੇਡਾ ਦੇ ਹੀ ਸਰੀ ਇਲਾਕੇ ਵਿਚ ਵੱਸ ਗਏ, ਜਿੱਥੇ 21 ਸਤੰਬਰ, 2001 ਨੂੰ 94 ਸਾਲ ਦੀ ਉਮਰ ਵਿਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸਾਹਿਤ ਦੇ ਹਰ ਖੇਤਰ ਵਿਚ ਗਿਆਨੀ ਕੇਸਰ ਸਿੰਘ ਦੀ ਦੇਣ ਬੇਸ਼ਕੀਮਤੀ ਹੈ ਤੇ ਉਹ ਪੰਜਾਬੀ ਸਾਹਿਤ ਦੇ ਆਕਾਸ਼ ’ਚ ਧਰੂ ਤਾਰੇ ਵਾਂਗ ਹਮੇਸ਼ਾ ਚਮਕਦੇ ਰਹਿਣਗੇ।
ਸੰਪਰਕ: 98728-87551


Comments Off on ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.