ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਗਨਗੌਰਾਂ ਤੇ ਦੁਸਹਿਰਾ

Posted On October - 5 - 2019

ਪਰਮਜੀਤ ਕੌਰ ਸਰਹਿੰਦ

ਦੁਸਹਿਰਾ ਵੀ ਦੀਵਾਲੀ ਵਾਂਗ ਤਕਰੀਬਨ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ, ਪਰ ਪੰਜਾਬੀ ਲੋਕ ਇਸਨੂੰ ਨਿਵੇਕਲੇ ਢੰਗ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ ਪਹਿਲਾਂ ਜੌਂ ਬੀਜੇ ਜਾਂਦੇ ਜਿਨ੍ਹਾਂ ਨੂੰ ‘ਗਨਗੌਰਾਂ’ ਕਿਹਾ ਜਾਂਦਾ ਹੈ।
ਗਨਗੌਰਾਂ ਦੁਸਹਿਰੇ ਤੋਂ ਗਿਆਰਾਂ ਦਿਨ ਪਹਿਲਾਂ ਅੱਸੂ ਮਹੀਨੇ ਦੇ ਅਖੀਰਲੇ ਪੱਖ ਸ਼ਰਾਧਾਂ ਤੋਂ ਬਾਅਦ ਬੀਜੀਆਂ ਜਾਂਦੀਆਂ ਹਨ। ਕਈ ਲੋਕ ਤਾਂ ਗਨਗੌਰਾਂ ਮੱਸਿਆ ਵਾਲੇ ਦਿਨ ਬੀਜਦੇ ਹਨ ਤੇ ਇਸ ਨੂੰ ਸਾਂਝਾ ਦਿਨ ਮੰਨਦੇ ਹਨ। ਬਹੁਤੇ ਲੋਕ ਪਹਿਲੇ ਨਰਾਤੇ ਨੂੰ ਬੀਜਦੇ ਹਨ। ਹਰ ਇਲਾਕੇ ਦਾ ਆਪਣਾ-ਆਪਣਾ ਰਿਵਾਜ ਹੈ, ਪਰ ਬਹੁਤਾ ਮਿਲਦਾ-ਜੁਲਦਾ ਹੀ ਹੈ। ਗਨਗੌਰਾਂ ਬੀਜਣ ਲਈ ‘ਸੰਨਵੇਂ’ ਖੇਤ ਦੀ ਮਿੱਟੀ ਲਿਆਂਦੀ ਜਾਂਦੀ ਹੈ, ਇਸ ਵਿਚ ਜੌਂ ਬਹੁਤ ਸੋਹਣੇ ਤੇ ਭਰਵੇਂ ਜੰਮਦੇ। ਅੱਜ ਤਾਂ ਸੰਨਵੇਂ ਖੇਤ ਰਹੇ ਹੀ ਨਹੀਂ। ਸੰਨਵੇਂ ਖੇਤ ਉਹ ਹੁੰਦੇ ਜਿਨ੍ਹਾਂ ਵਿਚ ਸਾਉਣੀ ਦੀ ਫ਼ਸਲ ਨਾ ਬੀਜੀ ਜਾਂਦੀ ਹੋਵੇ।
ਗਨਗੌਰਾਂ ਬੀਜਣ ਲਈ ਆਮ ਤੌਰ ’ਤੇ ਪੰਜ ਕੱਚੇ-ਪੱਕੇ ਬੇਕਾਰ ਪਏ ਭਾਂਡੇ ਜਾਂ ਕੁੱਜੇ-ਠੂਠੀਆਂ ਇਕੱਠੀਆਂ ਕਰ ਲਈਆਂ ਜਾਂਦੀਆਂ। ਇਕ ਵੱਡਾ ਭਾਂਡਾ ਜਾਂ ਮਿੱਟੀ ਦਾ ਕੰਡੀਰਾ ਲਿਆ ਜਾਂਦਾ, ਉਸ ਵਿਚ ਬੀਜੇ ਜੌਂਆਂ ਨੂੰ ‘ਦੁਸਹਿਰਾ’ ਕਿਹਾ ਜਾਂਦਾ। ਕਈ ਵਾਰ ਘਰਾਂ ਵਿਚ ਜਿੰਨੇ ਪੁੱਤਰ ਹੁੰਦੇ ਓਨੀਆਂ ਹੀ ਗਨਗੌਰਾਂ ਬੀਜੀਆਂ ਜਾਂਦੀਆਂ ਤੇ ਵੱਡੇ ਭਾਂਡੇ ਦੀ ਥਾਂ ਕੱਚੇ ਵਿਹੜੇ ਵਿਚ ‘ਦੁਸਹਿਰਾ’ ਇਕ ਕਿਆਰੀ ਬਣਾ ਕੇ ਬੀਜਿਆ ਜਾਂਦਾ। ਜਿਨ੍ਹਾਂ ਪਰਿਵਾਰਾਂ ਵਿਚ ਪੁੱਤਰ ਨਾ ਹੁੰਦਾ, ਉਹ ਕਈ ਵਾਰ ਇਕੱਲਾ ‘ਦੁਸਹਿਰਾ’ ਹੀ ਬੀਜਦੇ। ਘਰ ਦੀ ਵੱਡੀ ਸੁਆਣੀ ਨੂੰਹਾਂ ਨੂੰ ਕੋਲ ਬਿਠਾ ਕੇ ਗਨਗੌਰਾਂ ਬੀਜਦੀ। ਜੌਂ, ਮਿੱਟੀ ਵਿਚ ਰਲਾ ਲਏ ਜਾਂਦੇ ਤੇ ਭਾਂਡਿਆਂ ਵਿਚ ਪਾ ਦਿੱਤੇ ਜਾਂਦੇ, ਉੱਤੋਂ ਪਾਣੀ ਤਰੌਂਕ ਦਿੱਤਾ ਜਾਂਦਾ। ਇਨ੍ਹਾਂ ਕੁੱਜੇ-ਠੂਠੀਆਂ ਤੇ ਭਾਂਡਿਆਂ ਨੂੰ ਅਰਿੰਡ ਜਾਂ ਅੱਕ ਦੇ ਪੱਤਿਆਂ ਨਾਲ ਚੰਗੀ ਤਰ੍ਹਾਂ ਢਕ ਕੇ ਉਪਰੋਂ ਫੇਰ ਕਿਸੇ ਮੋਟੇ-ਪੁਰਾਣੇ ਕੱਪੜੇ ਜਾਂ ਬੋਰੀ ਨਾਲ ਇਕੱਠਿਆਂ ਢਕ ਦਿੱਤਾ ਜਾਂਦਾ ਤੇ ਕਿਤੇ ਸੁਰੱਖਿਅਤ ਥਾਂ ਰੱਖ ਦਿੱਤਾ ਜਾਂਦਾ। ਗਨਗੌਰਾਂ ਵਾਲੇ ਦਿਨ ਕੌੜੇ ਅੱਕ ਦੇ ਪੱਤਿਆਂ ਦੀ ਬੜੀ ਪੁੱਛ ਪੈਂਦੀ ਜਿਸਨੂੰ ਔੜਾਂ-ਉਜਾੜਾਂ ’ਚ ਖੜ੍ਹੇ ਨੂੰ ਸਾਲ ਭਰ ਕੋਈ ਨਾ ਪੁੱਛਦਾ। ਗਨਗੌਰਾਂ ਦੇ ਦਿਨੀਂ ਅੱਕ ਦੂਰ-ਪਾਰ ਦੇ ਖੇਤਾਂ ਵਿਚੋਂ ਲੱਭ ਕੇ ਲਿਆਉਂਦੇ।
ਜੌਂ ਉੱਗਣ ਲੱਗਦੇ ਤਾਂ ਰਾਤ ਨੂੰ ਉਨ੍ਹਾਂ ਨੂੰ ਚੁੱਕ ਕੇ ਤ੍ਰੇਲ ’ਚ ਰੱਖਿਆ ਜਾਂਦਾ ਤੇ ਧੁੱਪ ਚੜ੍ਹਨ ਤੋਂ ਪਹਿਲਾਂ ਫਿਰ ਛਾਂ ਵਿਚ ਕਰ ਦਿੱਤਾ ਜਾਂਦਾ। ਗਨਗੌਰਾਂ ਆਮ ਤੌਰ ’ਤੇ ਕੋਠੇ ਜਾਂ ਚੁਬਾਰੇ ਦੇ ਬਰਾਂਡੇ ’ਚ ਰੱਖੀਆਂ ਜਾਂਦੀਆਂ, ਰਾਤ ਨੂੰ ਕੋਠੇ ਉੱਤੇ ਰੱਖੀਆਂ ਜਾਂਦੀਆਂ। ਕਈਆਂ ਦੀਆਂ ਗਨਗੌਰਾਂ ‘ਸੂਤ ਕੱਤ ਕੇ’ ਭਾਵ ਚਿੱਟੇ ਜਿਹੇ ਧਾਗੇ ਬਣ ਕੇ ਹੀ ਰਹਿ ਜਾਂਦੀਆਂ ਜਾਂ ਕਈ ਵਾਰ ‘ਤੂਈਆਂ ਕੱਢਕੇ’ ਥੋੜ੍ਹੀਆਂ ਜਿਹੀਆਂ ਪੁੰਗਰ ਕੇ ਰਹਿ ਜਾਂਦੀਆਂ। ਕਦੇ-ਕਦੇ ਇਹ ਪੱਲਰ ਕੇ ਪੀਲੀਆਂ ਪੈ ਜਾਂਦੀਆਂ। ਪੱਲਰੀਆਂ, ਹਰੀਆਂ ਕਚੂਰ ਗਨਗੌਰਾਂ ਤੋਂ ਪੱਤੇ ਤੇ ਕੱਪੜੇ ਚੁੱਕ ਦਿੱਤੇ ਜਾਂਦੇ, ਉਹ ਫਿਰ ਛਾਵੇਂ ਹੀ ਰਹਿੰਦੀਆਂ। ਸਵੇਰੇ ਉਨ੍ਹਾਂ ਨੂੰ ਪਾਣੀ ਜ਼ਰੂਰ ਦਿੱਤਾ ਜਾਂਦਾ। ਕਈ ਘਰਾਂ ਦੀਆਂ ਗਨਗੌਰਾਂ ਹਰੀਆਂ-ਕਚੂਰ ਗਿੱਠ-ਡੇਢ ਗਿੱਠ ਲੰਮੀਆਂ ਹੋ ਜਾਂਦੀਆਂ ਤੇ ਕਿਸੇ ਦੇ ਬਹੁਤ ਹੀ ਮਰੀਆਂ ਜਿਹੀਆਂ ਹੁੰਦੀਆਂ। ਹਰੀਆਂ-ਭਰੀਆਂ ਲੰਮੀਆਂ ਗਨਗੌਰਾਂ ਨੂੰ ਖ਼ੁਸ਼ਹਾਲੀ ਦਾ ਸੁਨੇਹਾ ਸਮਝਿਆ ਜਾਂਦਾ ਤੇ ਕੁਮਲਾਈਆਂ ਅੱਧ ਪੱਲਰੀਆਂ ਨੂੰ ਮੰਦਹਾਲੀ ਦਾ ਸੰਦੇਸ਼ ਮੰਨਿਆ ਜਾਂਦਾ, ਪਰ ਅਸਲ ਵਿਚ ਇਹ ਬੀਜਣ-ਸਾਂਭਣ ਵਾਲੀ ਦੇ ਸੁਚੱਜ ’ਤੇ ਵੀ ਨਿਰਭਰ ਹੁੰਦਾ ਹੈ। ਸਮੇਂ ਸਿਰ ਧੁੱਪੇ-ਛਾਵੇਂ ਕਰਨਾ ਤੇ ਪਾਣੀ ਦੇਣਾ ਜ਼ਰੂਰੀ ਹੁੰਦਾ।

ਪਰਮਜੀਤ ਕੌਰ ਸਰਹਿੰਦ

ਦੁਸਹਿਰੇ ਤੋਂ ਪਹਿਲਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ। ਕੋਈ ਉਨ੍ਹਾਂ ਵਿਚ ਘਰ ਦਾ ਕੱਢਿਆ ਖੋਆ ਵੀ ਪਾ ਲੈਂਦਾ। ਕੋਈ ਸੁਆਣੀ ਪੰਜੀਰੀ ਰਲਾ ਲੈਂਦੀ। ਦੁਸਹਿਰੇ ਤੋਂ ਪਹਿਲੇ ਦਿਨ ਤੜਕੇ, ਮੂੰਹ ਹਨ੍ਹੇਰੇ ਹੀ ਉਹ ਗਨਗੌਰਾਂ ਚੱਕਲੀ ਸਮੇਤ ਭਾਂਡਿਆਂ ਵਿਚੋਂ ਕੱਢ ਲੈਣੀਆਂ ਤੇ ਧੋਤੇ-ਸੁਆਰੇ ਸਾਫ਼ ਤਸਲੇ ਵਿਚ ਰੱਖ ਦੇਣੀਆਂ। ਗਨਗੌਰਾਂ ਦਾ ‘ਦੁਸਹਿਰੇ’ ਵਾਲਾ ਵੱਡਾ ਭਾਂਡਾ ਨਾ ਛੇੜਿਆ ਜਾਂਦਾ, ਉਹ ਜਿਉਂ ਦਾ ਤਿਉਂ ਘਰ ਰੱਖਿਆ ਜਾਂਦਾ। ਸਾਰੇ ਘਰਾਂ ਦੇ ਜੁਆਕ ਤੜਕੇ ਹੀ ਨਾਹ-ਧੋ ਕੇ ਤਿਆਰ ਹੋ ਜਾਂਦੇ। ਜਿਨ੍ਹਾਂ ਨੇ ‘ਸਾਂਝੀ’ ਤੇ ‘ਬਰੋਟੇ’ ਲਾਏ ਹੁੰਦੇ ਉਹ ਵੀ ਕੁਝ ਟਿੱਕੀਆਂ ਰੱਖ ਕੇ ਬਾਕੀ ਤਸਲਿਆਂ ਵਿਚ ਪਾ ਲੈਂਦੀਆਂ। ਕਈ ਘਰਾਂ ਵਿਚ ਪੂਰਾ ਬਰੋਟਾ ਰੱਖ ਵੀ ਲਿਆ ਜਾਂਦਾ। ਸਾਂਝੀ ਤੇ ਬਰੋਟਾ ਵੀ ਗਨਗੌਰਾਂ ਬੀਜਣ ਵਾਲੇ ਦਿਨ ਹੀ ਲਗਾਏ ਹੁੰਦੇ। ਗਨਗੌਰਾਂ ਤੇ ਸਾਂਝੀ-ਬਰੋਟਾ ਪਿੰਡ ਦੇ ਛੱਪੜ ਜਾਂ ਟੋਭੇ ਜਾਂ ਇਨ੍ਹਾਂ ਦੇ ਨਾ ਹੋਣ ’ਤੇ ਨਾਲ ਵਗਦੇ ਨਦੀ-ਨਹਿਰ ਵਿਚ ਤਾਰੇ ਜਾਂਦੇ। ਇਸ ਦਿਨ ਟੋਭੇ ਉੱਤੇ ਕਿਸੇ ਚੰਗੇ ‘ਪਿਕਨਿਕ ਸਪੌਟ’ ਜਿਹੀ ਰੌਣਕ ਹੁੰਦੀ। ਉੱਥੇ ਬੱਚੇ ਵੀ ਹੁੰਦੇ ਤੇ ਵੱਡੇ ਵੀ। ਕਈ ਥਾਈਂ ਇਹ ਰਸਮ ਦੁਸਹਿਰੇ ਵਾਲੇ ਦਿਨ ਵੀ ਕੀਤੀ ਜਾਂਦੀ ਹੈ ਭਾਵ ਦੁਸਹਿਰੇ ਨੂੰ ਗਨਗੌਰਾਂ ਪਾਣੀ ਵਿਚ ਤਾਰੀਆਂ ਜਾਂਦੀਆਂ ਹਨ। ਕੁਝ ਜੌਂ ਵਾਪਸ ਘਰ ਮੋੜ ਕੇ ਲਿਆਂਦੇ ਜਾਂਦੇ।
ਦੁਸਹਿਰੇ ਵਾਲੇ ਦਿਨ ਘਰ ਦੀਆਂ ਧੀਆਂ-ਭੈਣਾਂ ਭਰਾਵਾਂ ਦੇ ਤੇ ਘਰ ਦੇ ਵੱਡੇ ਬੰਦਿਆਂ ਬਾਪ, ਤਾਏ-ਚਾਚਿਆਂ ਦੀਆਂ ਪੱਗਾਂ ’ਚ ‘ਦੁਸਹਿਰੇ’ ਵਿਚੋਂ ਪੁੱਟ ਕੇ ਜੌਂ ਟੰਗਦੀਆਂ। ਛੋਟੇ ਬਾਲਾਂ ਦੇ ਜੂੜਿਆਂ ’ਚ ਜੌਂ ਟੰਗੇ ਜਾਂਦੇ ਤੇ ਕਿਸੇ ਦੀ ਜੇਬ ’ਚ ਪਾਏ ਜਾਂਦੇ। ਸਾਰੇ ਧੀਆਂ-ਭੈਣਾਂ ਨੂੰ ਸਰਦਾ-ਬਣਦਾ ਸ਼ਗਨ ਦਿੰਦੇ। ਲਾਗੀ-ਤੱਥੀ ਵੀ ਜੌਂ ਲੈ ਕੇ ਆਉਂਦੇ, ਉਨ੍ਹਾਂ ਨੂੰ ਕਣਕ, ਗੁੜ, ਮੱਕੀ ਤੇ ਪੰਜ-ਦਸ ਰੁਪਏ ਦਿੱਤੇ ਜਾਂਦੇ। ਉਨ੍ਹਾਂ ਨੂੰ ਕੋਈ ਚੌਲ, ਸ਼ੱਕਰ, ਬੂਰਾ ਤੇ ਰੋਟੀ ਵੀ ਦੇ ਦਿੰਦਾ ਤਾਂ ਉਹ ਅਸੀਸਾਂ ਦਿੰਦੇ ਜਾਂਦੇ। ਇਸ ਤਰ੍ਹਾਂ ਗਨਗੌਰਾਂ ਦੁਸਹਿਰੇ ਤੋਂ ਬਿਨਾਂ ਵੀ ਇਕ ਛੋਟਾ ਜਿਹਾ ਤਿਉਹਾਰ ਬਣ ਜਾਂਦੀਆਂ। ਭਾਵੇਂ ਅੱਜ ਸ਼ਹਿਰੀ ਆ ਵਸੇ ਪੇਂਡੂ ਲੋਕ ਬਹੁਤਾ ਕਰਕੇ ਗਨਗੌਰਾਂ ਬੀਜਣੀਆਂ ਛੱਡ ਚੁੱਕੇ ਹਨ, ਪਰ ਉਹ ਹਰੀਆਂ-ਕਚੂਰ ਗਨਗੌਰਾਂ ਮੇਰੇ ਚੇਤਿਆ ਵਿਚ ਅੱਜ ਵੀ ਲਹਿ-ਲਹਾਉਂਦੀਆਂ ਹਨ ਜਿਨ੍ਹਾਂ ਦਾ ਸਾਡੀ ਅਗਲੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀ ਲੱਗਣਾ ਕਿ ਗਨਗੌਰਾਂ ਕੀ ਹੁੰਦੀਆਂ ਹਨ?

ਸੰਪਰਕ: 98728-98599


Comments Off on ਗਨਗੌਰਾਂ ਤੇ ਦੁਸਹਿਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.