ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ

Posted On October - 19 - 2019

ਗੁਰਮੀਤ ਸਿੰਘ*

ਲਾਲ ਸਿਰੀ ਪੋਚਰਡ ਪਰਵਾਸੀ ਮੁਰਗਾਬੀਆਂ ਵਿਚੋਂ ਇਕ ਖ਼ੂਬਸੂਰਤ ਮੁਰਗਾਬੀ ਹੈ। ਇਹ ਹੋਰ ਗੋਤਾਖੋਰ ਮੁਰਗਾਬੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਨੂੰ ਅੰਗਰੇਜ਼ੀ ਵਿਚ Red Crested Poachard ਅਤੇ ਹਿੰਦੀ ਵਿਚ ਲਾਲ ਸਿਰ ਪੋਚਰਡ ਕਹਿੰਦੇ ਹਨ। ਇਸ ਦਾ ਪ੍ਰਜਣਨ ਦਾ ਸਥਾਨ ਦੱਖਣੀ ਯੂਰੋਪ ਅਤੇ ਮੱਧ ਏਸ਼ੀਆ ਵਿਚ ਨੀਵੀਆਂ ਦਲਦਲੀ ਥਾਵਾਂ, ਝੀਲਾਂ ਆਦਿ ਹਨ। ਇਹ ਸਰਦੀਆਂ ਵਿਚ ਭਾਰਤੀ ਉਪ ਮਹਾਂਦੀਪ ਅਤੇ ਅਫ਼ਰੀਕਾ ਵਿਚ ਪਰਵਾਸ ਕਰਦੀਆਂ ਹਨ। ਨਰ ਦਾ ਸਿਰ ਸੰਤਰੇ ਵਰਗਾ ਗੋਲ ਹੁੰਦਾ ਹੈ, ਚੁੰਝ ਲਾਲ ਅਤੇ ਛਾਤੀ ਕਾਲੀ, ਸੱਜੇ ਖੱਬੇ ਦੋਵੇਂ ਪਾਸੋਂ ਚਿੱਟਾ, ਪੂਛ ਭੂਰੇ ਰੰਗ ਅਤੇ ਪਿੱਛੇ ਦੇ ਖੰਭ ਪੀਲੇਪਣ ਵਿਚ ਹੁੰਦੇ ਹਨ। ਮਾਦਾ ਮੁੱਖ ਤੌਰ ’ਤੇ ਫਿੱਕੇ ਭੂਰੇ ਰੰਗ ਦੀ ਹੁੰਦੀ ਹੈ। ਉਸ ਦੇ ਸਿਰ ’ਤੇ ਗੂੜ੍ਹਾ ਭੂਰਾ ਤਾਜ ਵਰਗਾ ਨਿਸ਼ਾਨ, ਚਿਹਰੇ ’ਤੇ ਚਿੱਟਾ ਰੰਗ ਚਮਕ ਮਾਰਦਾ ਹੈ ਅਤੇ ਚੁੰਝ ਲਾਲ ਹੁੰਦੀ ਹੈ।
ਮੁਰਗਾਬੀ ਦੀ ਇਹ ਕਿਸਮ ਸੰਗਤ ਪ੍ਰੇਮੀ ਹੈ ਅਤੇ ਸਰਦੀਆਂ ਵਿਚ ਵੱਡੇ ਝੁੰਡਾਂ ਵਿਚ ਮਿਲਦੀ ਹੈ। ਇਸ ਨੂੰ ਪੰਜਾਬ ਵਿਚ ਹਰੀਕੇ ਵੈੱਟਲੈਂਡ ਅਤੇ ਹੋਰ ਝੀਲਾਂ ਅਤੇ ਦਰਿਆਵਾਂ ਵਿਚ ਪਰਵਾਸੀ ਪੰਛੀਆਂ ਦੇ ਘੇਰੇ ਵਿਚ ਵੇਖਿਆ ਜਾ ਸਕਦਾ ਹੈ। ਲਾਲ ਸਿਰੀ ਪੋਚਰਡ ਮੁੱਖ ਤੌਰ ’ਤੇ ਪਾਣੀ ਵਿਚ ਡੁੱਬਕੀਆਂ ਮਾਰ ਕੇ ਆਪਣੀ ਖੁਰਾਕ ਨੂੰ ਬਾਹਰ ਕੱਢਣ ਵਿਚ ਮਾਹਿਰ ਹੈ। ਇਹ ਹਰ ਕਿਸਮ ਦੀ ਹਰਿਆਲੀ, ਵੱਖ ਵੱਖ ਤਰ੍ਹਾਂ ਦੀ ਸਮੁੰਦਰੀ ਕਾਈ, ਪੱਤੇ ਅਤੇ ਪੌਦਿਆਂ ਦੀਆਂ ਨਿੱਕੀਆਂ-ਨਿੱਕੀਆਂ ਨਰਮ ਕਰੂੰਬਲਾਂ, ਜੜਾਂ ਅਤੇ ਬਨਸਪਤੀ ਦੇ ਬੀਜ ਖਾਣ ਨੂੰ ਤਰਜੀਹ ਦਿੰਦੇ ਹਨ। ਪਾਣੀ ਦੇ ਨੇੜੇ ਉਹ ਘਾਹ ਦੀਆਂ ਰਸਦਾਰ ਡੰਡੀਆਂ ਨੂੰ ਤੋੜਦੇ ਹਨ ਅਤੇ ਛੋਟੇ ਮੋਟੇ ਫ਼ਲਾਂ ਨੂੰ ਵੀ ਖਾ ਜਾਂਦੇ ਹਨ। ਕਈ ਬਾਰ ਇਹ ਕੀੜੇ ਦੇ ਲਾਰਵੇ ਨੂੰ ਵੀ ਖਾ ਜਾਂਦੇ ਹਨ।
ਇਹ ਪ੍ਰਜਣਨ ਵੇਲੇ ਦੱਖਣੀ ਯੂਰੋਪ ਅਤੇ ਮੱਧ ਏਸ਼ੀਆ ਵਿਚ ਸੰਘਣੀ ਬਨਸਪਤੀ ਵਿਚ ਪਾਣੀ ਦੇ ਨੇੜੇ ਇਕ ਜ਼ਮੀਨੀ ਆਲ੍ਹਣਾ ਬਣਾਉਂਦੇ ਹਨ। ਪ੍ਰਜਣਨ ਤੋਂ ਪਹਿਲਾਂ ਨਰ ਮਾਦਾ ਲਈ ਖਾਣ ਲਈ ਕੋਈ ਚੀਜ਼ ਚੁੰਝ ਵਿਚ ਫੜ ਕੇ ਲਿਆਉਂਦਾ ਹੈ। ਨਰ ਲਾਲ ਸਿਰੀ ਪੋਚਰਡ ਦਾ ਇਹ ਵਰਤਾਓ ਮੁਰਗਾਬੀਆਂ ਦੀ ਹੋਰ ਕਿਸੇ ਪ੍ਰਜਾਤੀ ਵਿਚ ਵੇਖਣ ਨੂੰ ਨਹੀਂ ਮਿਲਦਾ। ਮਾਦਾ 8 ਤੋਂ 10 ਹਰੇ ਤੇ ਪੀਲੇ ਆਂਡੇ ਦਿੰਦੀ ਹੈ ਜਿਨ੍ਹਾਂ ਵਿਚੋਂ 28 ਦਿਨਾਂ ਬਾਅਦ ਬੱਚੇ ਨਿਕਲਦੇ ਹਨ। ਲਾਲ ਸਿਰੀ ਪੋਚਰਡ ਦੇ ਸਰੀਰ ਦੀ ਲੰਬਾਈ 20-23 ਇੰਚ ਅਤੇ ਇਸਦਾ ਭਾਰ ਡੇਢ ਕਿਲੋਗ੍ਰਾਮ ਤਕ ਹੋ ਜਾਂਦਾ ਹੈ। ਇਹ ਸ਼ਾਨਦਾਰ ਉਡਾਰੀ ਭਰਨ ਵਾਲਾ ਪਰਵਾਸੀ ਪੰਛੀ ਹੈ।
ਲਾਲ ਸਿਰੀ ਪੋਚਰਡ ਵਰਗੇ ਸੁੰਦਰ ਪਰਵਾਸੀ ਪੰਛੀ ਹਰ ਸਾਲ ਸਰਦ ਰੁੱਤ ਵਿਚ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਸਾਡੇ ਕੋਲ ਆਉਂਦੇ ਹਨ, ਪਰ ਅਸੀਂ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾ ਸਕਦੇ। 1918 ਦੀ ਪਰਵਾਸੀ ਪੰਛੀ ਸੰਧੀ ਸਾਰੀਆਂ ਸੂਚੀਬੱਧ ਜਾਤੀਆਂ ਜਾਂ ਉਨ੍ਹਾਂ ਦੇ ਹਿੱਸੇ (ਖੰਭ, ਅੰਡੇ, ਆਲ੍ਹਣੇ ਆਦਿ) ਨੂੰ ਨੁਕਸਾਨ ਪਹੁੰਚਾਉਣ ’ਤੇ ਪਾਬੰਦੀ ਲਗਾਉਂਦੀ ਹੈ। ਪਰਵਾਸੀ ਪੰਛੀਆਂ ਨੂੰ ਮਾਰਨਾ, ਉਨ੍ਹਾਂ ਦੇ ਵਾਸ ਨੂੰ ਨੁਕਸਾਨ ਪਹੁੰਚਾਉਣਾ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਲਈ ਭਾਰਤ ਸਰਕਾਰ ਵੱਲੋਂ ਪ੍ਰਵਾਨਿਤ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ਸਖ਼ਤ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ।

*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ : 98884-56910


Comments Off on ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.