ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

Posted On October - 7 - 2019

ਡਾ. ਯਾਦਵਿੰਦਰ ਸਿੰਘ
ਹਰ ਸਾਲ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਵਿਸ਼ਵ ਨਿਵਾਸ ਦਿਵਸ (World Habitat Day) ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਸੰਕਲਪ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਦਸੰਬਰ 1985 ਵਿਚ ਲਿਆ ਗਿਆ ਸੀ। ਪਹਿਲਾ ਵਿਸ਼ਵ ਨਿਵਾਸ ਦਿਵਸ 6 ਅਕਤੂਬਰ 1986 ਨੂੰ ‘ਆਸਰਾ ਮੇਰਾ ਹੱਕ ਹੈ’ ਦੇ ਵਿਸ਼ੇ ਤਹਿਤ ਮਨਾਇਆ ਗਿਆ ਸੀ। ਇਹ ਦਿਨ ਮਨਾਉਣ ਦਾ ਮੁੱਖ ਉਦੇਸ਼ ਸਾਰੀ ਦੁਨੀਆਂ ਵਿਚ ਬਿਹਤਰ ਵਸੇਬੇ ਦੀ ਜ਼ਰੂਰਤ ਵੱਲ ਧਿਆਨ ਦੇਣਾ, ਵਿਸ਼ਵ ਵਿਚ ਹਰ ਜਗ੍ਹਾ ਕਿਫਾਇਤੀ ਅਤੇ ਢੁੱਕਵੀਂ ਰਿਹਾਇਸ਼ ਦਾ ਬਿਹਤਰ ਪ੍ਰਬੰਧ ਕਰਨਾ ਅਤੇ ਸਰਕਾਰੀ ਨੀਤੀਆਂ ’ਤੇ ਨਿਵਾਸੀਆਂ ਦੇ ਰਵੱਈਏ ਵਿਚ ਰਹਿਣ ਵਾਲੀ ਥਾਂ ਦੀ ਸਾਂਭ-ਸੰਭਾਲ ਲਈ ਸਾਕਾਰਾਤਮਕ ਤਬਦੀਲੀਆਂ ਲਿਆਉਣਾ ਹੈ। ਪਿਛਲੇ ਵਰ੍ਹੇ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਇਸ ਦਿਨ ਦਾ ਮੁੱਖ ਥੀਮ ‘ਨਗਰ ਪਾਲਿਕਾ ਦੇ ਠੋਸ ਕੂੜੇ ਦਾ ਪ੍ਰਬੰਧਨ’ ਮਿਥਿਆ ਗਿਆ ਸੀ। ਇਸ ਥੀਮ ਦੇ ਮੱਦੇਨਜ਼ਰ ਇਸ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਇਸ ਵਾਰ ਦਾ ਥੀਮ ‘ਕੂੜੇ ਨੂੰ ਆਮਦਨੀ ਵਿਚ ਤਬਦੀਲ ਕਰਨ ਲਈ ਇਕ ਨਵੀਨਤਮ ਸਾਧਨ ਵਜੋਂ ਫਰੰਟੀਅਰ ਤਕਨਾਲੋਜੀਆਂ’ (Frontier Technologies as an Innovative Tool to Transform Waste to Wealth) ਮਿਥਿਆ ਗਿਆ ਹੈ ਜੋ ਰਹਿੰਦ-ਖੂੰਹਦ ਦੇ ਸੁਚਾਰੂ ਪ੍ਰਬੰਧਨ ਵਿਚ ਨਵੀਆਂ ਤਕਨੀਕਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ।
ਰਹਿੰਦ-ਖੂੰਹਦ (ਠੋਸ, ਤਰਲ, ਘਰੇਲੂ, ਉਦਯੋਗਿਕ ਅਤੇ ਵਪਾਰਕ) ਵਿਚ ਮਨੁੱਖੀ ਗਤੀਵਧੀਆਂ ਕਾਰਨ ਉਪਜਿਆ ਸਾਰਾ ਕੂੜਾ ਸ਼ਾਮਲ ਹੁੰਦਾ ਹੈ ਜਿਸ ਦਾ ਜਲਵਾਯੂ ਤਬਦੀਲੀ, ਮਨੁੱਖੀ ਸਿਹਤ ਅਤੇ ਵਾਤਾਵਰਣ +ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਨਵੀਆਂ ਫਰੰਟੀਅਰ ਤਕਨਾਲੋਜੀਆਂ, ਜਿਵੇਂ ਆਟੋਮੇਸ਼ਨ, ਰੋਬੋਟਿਕਸ, ਇਲੈਕਟ੍ਰਿਕ ਵਾਹਨ, ਨਵਿਆਉਣਯੋਗ ਊਰਜਾ ਤਕਨਾਲੋਜੀ, ਬਾਇਓਟੈਕਨਾਲੋਜੀ ਅਤੇ ਮਸਨੂਈ ਬੁੱਧੀ ਆਦਿ ਸੰਭਵ ਤੌਰ ’ਤੇ ਸਮਾਜਿਕ, ਆਰਥਿਕ ਅਤੇ ਵਾਤਾਵਰਣ ਦੇ ਖੇਤਰਾਂ ਨੂੰ ਬਦਲਣ ਦੀ ਸਮਰਥਾ ਰੱਖਦੀਆਂ ਹਨ। ਗਲੋਬਲ ਵੇਸਟ ਮੈਨੇਜਮੈਂਟ ਆਊਟਲੁੱਕ (UNEP, 2015) ਮੁਤਾਬਿਕ ਦੁਨੀਆਂ ਦੇ ਸ਼ਹਿਰ ਹਰ ਸਾਲ ਲਗਭਗ 7-10 ਬਿਲੀਅਨ ਟਨ ਕੂੜਾ-ਕਰਕਟ ਪੈਦਾ ਕਰਦੇ ਹਨ ਜਿਸ ਵਿਚ ਨਗਰਪਾਲਿਕਾ ਦਾ ਠੋਸ ਕੂੜਾ, ਵਪਾਰਕ ਅਤੇ ਉਦਯੋਗਿਕ ਕੂੜਾ, ਉਸਾਰੀ ਤੇ ਭੰਨ-ਤੋੜ ਤੋਂ ਉਤਪੰਨ ਕੂੜਾ ਅਤੇ ਬੁਨਿਆਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ’ਚੋਂ ਪੈਦਾ ਹੋਇਆ ਕੂੜਾ ਸ਼ਾਮਿਲ ਹੈ। ਜੇ ਦੁਨੀਆਂ ਭਰ ਦੇ ਮੁਲਕਾਂ ’ਤੇ ਨਿਗ੍ਹਾ ਮਾਰੀ ਜਾਵੇ ਤਾਂ ਅੱਜ ਵੀ ਇਨ੍ਹਾਂ ਸਾਰੀਆਂ ਸਰਗਰਮੀਆਂ ਤੋਂ ਪੈਦਾ ਹੋਏ ਠੋਸ ਕੂੜੇ ਦਾ ਇਕ-ਤਿਹਾਈ ਹਿੱਸਾ ਖੁੱਲ੍ਹੇਆਮ ਸੁੱਟਿਆ ਜਾਂਦਾ ਹੈ ਜਦੋਂਕਿ ਸਿਰਫ਼ ਪੰਜਵਾਂ ਹਿੱਸਾ ਪਦਾਰਥਕ ਰਿਕਵਰੀ, ਯਾਨੀ ਰੀਸਾਈਕਲਿੰਗ ਅਤੇ ਖਾਦ ਬਣਾਉਣ ਲਈ ਵਰਤਿਆ ਜਾਂਦਾ ਹੈ। ਦੂਜੇ ਪਾਸੇ ਅੱਜ ਵੀ ਪੂਰੀ ਦੁਨੀਆਂ ਦਾ 80 ਫ਼ੀਸਦੀ ਦੂਸ਼ਿਤ ਪਾਣੀ ਵਰਤੋਂ ਯੋਗ ਪਾਣੀ ਦੇ ਸਰੋਤਾਂ ਵਿਚ ਅਣਸੋਧਿਆ ਹੀ ਛੱਡਿਆ ਜਾਂਦਾ ਹੈ। ਰਹਿੰਦ-ਖੂੰਹਦ ਦੇ ਢੁਕਵੇਂ ਪ੍ਰਬੰਧਨ ਦੀ ਘਾਟ ਦੇ ਸਿੱਟੇ ਵਜੋਂ ਹਵਾ, ਮਿੱਟੀ ਅਤੇ ਪਾਣੀ ਦਾ ਪ੍ਰਦੂਸ਼ਣ ਦਿਨੋ-ਦਿਨ ਵਧ ਰਿਹਾ ਹੈ। ਇਸ ਨਾਲ ਮਨੁੱਖੀ ਸਿਹਤ, ਵਾਤਾਵਰਣ ਪ੍ਰਣਾਲੀ ਅਤੇ ਜੀਵ-ਵਿਭਿੰਨਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਕ ਅੰਦਾਜ਼ੇ ਮੁਤਾਬਿਕ ਕੁੱਲ ਦੁਨੀਆਂ ਵਿਚ ਹਰ 30 ਸਕਿੰਟ ਵਿਚ ਇਕ ਵਿਅਕਤੀ ਕੂੜੇ-ਕਰਕਟ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ, ਮਲੇਰੀਆ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਆਦਿ ਕਾਰਨ ਮਰਦਾ ਹੈ ਅਤੇ ਇਸ ਕਾਰਨ ਸਾਲਾਨਾ 4 ਲੱਖ ਤੋਂ ਲੈ ਕੇ 10 ਲੱਖ ਮੌਤਾਂ ਪੂਰੀ ਦੁਨੀਆਂ ਵਿਚ ਹੁੰਦੀਆਂ ਹਨ।
ਸੰਯੁਕਤ ਰਾਸ਼ਟਰ ਮਹਾਂਸਭਾ ਦਾ ਸਥਿਰ ਵਿਕਾਸ ਏਜੰਡਾ 2030 ਅਤੇ ਪੈਰਿਸ ਜਲਵਾਯੂ ਸਮਝੌਤਾ ਠੋਸ ਕੂੜੇ ਦੇ ਸਹੀ ਪ੍ਰਬੰਧਨ ਨੂੰ ਇਕ ਜ਼ਰੂਰੀ ਅਤੇ ਨਾਜ਼ੁਕ ਮੁੱਦਾ ਮੰਨਦੇ ਹਨ ਜਿਸ ਨੂੰ ਭਵਿੱਖ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਅਤੇ ਸਾਡੇ ਗ੍ਰਹਿ ਦੀ ਸੁਰੱਖਿਆ ਲਈ ਹੱਲ ਕੀਤਾ ਜਾਣਾ ਚਾਹੀਦਾ ਹੈ। ਫਰੰਟੀਅਰ ਟੈਕਨਾਲੋਜੀਆਂ ਜਿਵੇਂ: ੳ) ਨਵੇ ਪਦਾਰਥਾਂ ਦੀ ਵਰਤੋਂ ਕਰਕੇ ਕੂੜਾ ਉਤਪਾਦਨ ਤੋਂ ਬਚਾਅ/ ਮੁੜ ਵਰਤੋਂ ਯੋਗ ਕੂੜਾ ਪੈਦਾ ਕਰਨ/ ਉਤਪਾਦਨ ਵਿਚ ਟਿਕਾਊ ਪੌਲੀਮਰਾਂ ਦੀ ਵਰਤੋਂ ਕਰਨਾ/ ਕੂੜਾ ਪ੍ਰਬੰਧਨ ਵਿਚ ਨੈਨੋ-ਤਕਨਾਲੋਜੀ ਦਾ ਪ੍ਰਯੋਗ ਕਰਨਾ; ਅ) 3-ਡੀ ਪ੍ਰਿੰਟਿੰਗ, ਜਿਸ ਵਿਚ ਉਤਪਾਦਨ ਦੌਰਾਨ ਘੱਟ ਕੂੜਾ ਪੈਦਾ ਕਰਨ ਅਤੇ ਨਾਲ ਹੀ ਕੂੜੇ ਨੂੰ ਕੱਚੇ ਮਾਲ ਦੀ ਤਰ੍ਹਾਂ ਵਰਤੋਂ ਕਰਨ; ੲ) ਮੋਬਾਈਲ ਐਪਲੀਕੇਸ਼ਨਜ਼, ਲੌਜਿਸਟਿਕ ਪਲੇਟਫਾਰਮ, ਡਿਜੀਟਲ ਡੈਸ਼ਬੋਰਡਜ਼, ਕਲਾਊਡ ਕੰਪਿਊਟਿੰਗ, ਬਿੱਗ ਡਾਟਾ ਅਤੇ ਇੰਟਰਨੈੱਟ ਨੂੰ ਕੂੜਾ ਇਕੱਠਾ ਕਰਨ ਅਤੇ ਪ੍ਰਬੰਧਨ ਦੇ ਨੀਤੀ-ਨਿਰਮਾਣ ਲਈ ਵਰਤਣਾ; ਸ) ਮਸਨੂਈ ਬੁੱਧੀ ਜਾਂ ਸੈਂਸਰਾਂ ਦੀ ਵਰਤੋਂ ਕਰਦੇ ਹੋਏ ਕੂੜਾ-ਕਰਕਟ ਛਾਂਟੀ ਕਰਨ ਦੀ ਸਹੂਲਤ ਲਈ ਸਮਾਰਟ ਡੱਬੇ ਤਿਆਰ ਕਰਨਾ ਆਦਿ ਸ਼ਾਮਿਲ ਹਨ, ਕੂੜੇ-ਕਰਕਟ ਦੇ ਸੁਚਾਰੂ ਪ੍ਰਬੰਧਨ ਨੂੰ ਯਕੀਨੀ ਬਣਾਉਣ ਵਿਚ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਨਵੀਆਂ ਫਰੰਟੀਅਰ ਤਕਨਾਲੋਜੀਆਂ ਨੌਜਵਾਨਾਂ ਲਈ ਰੁਜ਼ਗਾਰ ਦਾ ਇਕ ਵਧੀਆ ਮੌਕਾ ਪ੍ਰਦਾਨ ਕਰਦੀਆਂ ਹਨ ਜੋ ਇਨ੍ਹਾਂ ਦੀ ਵਰਤੋਂ ਕੂੜਾ ਇਕੱਠਾ ਕਰਨ ਅਤੇ ਇਸ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਕੇ ਚੰਗੀ ਆਮਦਨੀ ਪ੍ਰਾਪਤ ਕਰਨ ਲਈ ਕਰ ਸਕਦੇ ਹਨ। ਇਕ ਆਮ ਆਦਮੀ ਹੇਠਲੇ ਪੱਧਰ ’ਤੇ ਆਪਣੇ ਘਰ ਵਿਚ ਹੀ ਰਹਿੰਦ-ਖੂੰਹਦ ਨੂੰ ਵੱਖ ਕਰਕੇ ਕੂੜੇ ਦੇ ਸੁਚਾਰੂੂ ਪ੍ਰਬੰਧਨ ਵਿਚ ਯੋਗਦਾਨ ਪਾ ਸਕਦਾ ਹੈ।
ਵਿਸ਼ਵ ਨਿਵਾਸ ਦਿਵਸ ਮਨਾਉਣਾ ਤਾਂ ਹੀ ਸਫਲ ਹੈ ਜੇ ਲੋਕ ਆਪਣੇ ਨਿਵਾਸ ਸਥਾਨ ਦੇ ਆਸ-ਪਾਸ ਸਫ਼ਾਈ ਦੀ ਮਹੱਤਤਾ ਤੋਂ ਜਾਣੂੰ ਹੋਣ ਅਤੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਦੀ ਸੰਭਾਲ ਅਤੇ ਸੁਰੱਖਿਆ ਲਈ ਯੋਗਦਾਨ ਪਾਉਣ।
ਸੰਪਰਕ: 098769-30409


Comments Off on ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.