ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਕੁਦਰਤ ਦੇ ਅੰਗ-ਸੰਗ ਕਰੇਰੀ ਝੀਲ

Posted On October - 27 - 2019

ਯਾਦਵਿੰਦਰ ਵਿਰਕ
ਸੈਰ ਸਫ਼ਰ

ਇਸ ਵਾਰ ਅਸੀਂ ਅਪਰੈਲ ਦੇ ਪਹਿਲੇ ਹਫ਼ਤੇ ਕਰੇਰੀ ਪਿੰਡ ਘੁੰਮਣ ਦਾ ਪ੍ਰੋਗਰਾਮ ਬਣਾਇਆ। ਅਸੀਂ ਚੰਡੀਗੜ੍ਹ ਤੋਂ ਚਿੰਤਪੁਰਨੀ ਹੁੰਦੇ ਹੋਏ ਧਰਮਸ਼ਾਲਾ ਨੇੜੇ ਮਟੋਰ ਸ਼ਹਿਰ ਪਹੁੰਚ ਗਏ। ਮਟੋਰ ਤੋਂ ਦੋ ਰਸਤੇ ਪਾਟਦੇ ਹਨ। ਇਕ ਰਸਤਾ ਉੱਪਰ ਧਰਮਸ਼ਾਲਾ ਵੱਲ ਨੂੰ ਜਾਂਦਾ ਹੈ ਅਤੇ ਦੂਜਾ ਰਸਤਾ ਗੱਗਲ ਨੂੰ ਹੁੰਦਾ ਹੋਇਆ ਕਰੇਰੀ ਤਕ ਪਹੁੰਚਦਾ ਹੈ। ਗੱਗਲ ਪਹੁੰਚ ਕੇ ਨਦੀ ਦੇ ਸੁੰਦਰ ਦ੍ਰਿਸ਼ ਦਿਖਾਈ ਦਿੰਦੇ ਹਨ। ਕੁਝ ਪਰਿਵਾਰ ਗੱਡੀ ਰੋਕ ਕੇ ਨਦੀ ਵਿਚ ਨਹਾਉਣ ਦਾ ਲੁਤਫ਼ ਉਠਾ ਰਹੇ ਸਨ। ਗੱਗਲ ਤੋਂ ਅੱਗੇ ਗੇਰਾ ਪਿੰਡ ਆਉਂਦਾ ਹੈ ਜੋ ਆਖ਼ਰੀ ਬੱਸ ਅੱਡਾ ਹੈ। ਕਰੇਰੀ ਪਿੰਡ ਆਉਣ ਲਈ ਚੰਡੀਗੜ੍ਹ/ਦਿੱਲੀ ਤੋਂ ਧਰਮਸ਼ਾਲਾ ਤਕ ਸਿੱਧੀ ਬੱਸ ਸੇਵਾ ਮੌਜੂਦ ਹੈ। ਧਰਮਸ਼ਾਲਾ ਤੋਂ ਅੱਗੇ ਕਰੇਰੀ ਪਿੰਡ ਤਕ ਵੀ ਬੱਸ ਮਿਲ ਜਾਂਦੀ ਹੈ, ਪਰ ਇਹ ਬੱਸ ਸਿਰਫ਼ ਗੇਰਾ ਪਿੰਡ ਤਕ ਜਾਂਦੀ ਹੈ। ਗੇਰਾ ਤੋਂ ਕਰੇਰੀ ਪਿੰਡ ਦੀ ਦੂਰੀ ਤਕਰੀਬਨ 9 ਕਿਲੋਮੀਟਰ ਹੈ ਜਿਸ ਲਈ ਇੱਥੋਂ ਟੈਕਸੀ ਲੈਣੀ ਪੈਂਦੀ ਹੈ ਜਾਂ ਫਿਰ ਆਪਣੇ ਸਾਧਨ ਰਾਹੀਂ ਜਾਣਾ ਪੈਂਦਾ ਹੈ। ਗੇਰਾ ਤੋਂ ਕਰੇਰੀ ਪਿੰਡ ਤਕ ਨਵੀਂ ਸੜਕ ਬਣੀ ਹੋਣ ਕਰਕੇ ਸਫ਼ਰ ਦਾ ਆਨੰਦ ਆ ਰਿਹਾ ਸੀ। ਦਸੰਬਰ ਵਿਚ ਭਾਵੇਂ ਇਹ ਪਿੰਡ ਬਰਫ਼ ਨਾਲ ਢਕਿਆ ਜਾਂਦਾ ਹੈ, ਪਰ ਅਪਰੈਲ ਵਿਚ ਇੱਥੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਪਿੰਡ ਪਹੁੰਚਣ ਤੋਂ ਪਹਿਲਾਂ ਹੀ ਹਰੇ ਭਰੇ ਖੇਤ ਦਿਖਾਈ ਦੇਣ ਲੱਗਦੇ ਹਨ। ਅਸੀਂ ਗੱਡੀ ਰੋਕ ਕੇ ਕੁਦਰਤ ਦਾ ਆਨੰਦ ਮਾਣਨ ਲਈ ਖੇਤਾਂ ਵਿਚ ਵੜ ਗਏ। ਇੱਥੇ ਜ਼ਿਆਦਾਤਰ ਕਣਕ ਬੀਜੀ ਹੋਈ ਸੀ। ਇਹ ਪਿੰਡ ਪਹਾੜਾਂ ਦੀ ਗੋਦ ਵਿਚ ਵਸਿਆ ਹੋਣ ਕਰਕੇ ਖੇਤਾਂ ਵਿਚੋਂ ਦੂਰ-ਦੂਰ ਤਕ ਦਾ ਖ਼ੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਖੇਤਾਂ ਦੇ ਆਲੇ-ਦੁਆਲੇ ਕੁਝ ਨਵੇਂ ਘਰ ਵੀ ਬਣ ਰਹੇ ਸਨ। ਕੈਂਪਿੰਗ ਕਰਨ ਲਈ ਖੇਤਾਂ ਵਿਚਕਾਰ ਇਕ ਪੁਆਇੰਟ ਬਣਿਆ ਹੋਇਆ ਸੀ ਜਿੱਥੇ ਦੁਕਾਨਦਾਰਾਂ ਨੇ ਸੈਲਾਨੀਆਂ ਦੇ ਰੁਕਣ ਲਈ ਟੈਂਟ ਲਾਏ ਹੋਏ ਸਨ। ਉਹ ਪ੍ਰਤੀ ਵਿਅਕਤੀ ਟੈਂਟ ਵਿਚ ਰੁਕਣ ਦਾ 300 ਤੋਂ 500 ਰੁਪਏ ਕਿਰਾਇਆ ਵਸੂਲ ਕਰਦੇ ਹਨ ਅਤੇ ਖਾਣ-ਪੀਣ ਦਾ ਅਲੱਗ ਖਰਚਾ ਹੁੰਦਾ ਹੈ। ਇਸ ਪਿੰਡ ਵਿਚ ਘਰਾਂ ਵਿਚ ਵੀ ਠਾਹਰ ਮਿਲ ਜਾਂਦੀ ਹੈ। ਕਰੇਰੀ ਪਿੰਡ ਵਿਚ ਸਕੂਲ ਕੋਲ ਕਾਰ ਪਾਰਕਿੰਗ ਲਈ ਢੁਕਵੀਂ ਥਾਂ ਹੈ। ਸਾਰੇ ਸੈਲਾਨੀ ਕਰੇਰੀ ਝੀਲ ਦਾ ਟਰੈਕ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਧਨ ਇੱਥੇ ਪਾਰਕ ਕਰਦੇ ਹਨ। ਪਾਰਕਿੰਗ ਦੇ ਨਜ਼ਦੀਕ ਜੰਗਲਾਤ ਮਹਿਕਮੇ ਦਾ ਰੈਸਟ ਹਾਊਸ ਵੀ ਬਣਿਆ ਹੋਇਆ ਹੈ।

ਯਾਦਵਿੰਦਰ ਵਿਰਕ

ਇਸ ਪਿੰਡ ਦੇ ਲੋਕ ਜ਼ਿਆਦਾਤਰ ਭੇਡਾਂ, ਗਾਵਾਂ, ਮੁਰਗੀਆਂ ਪਾਲਦੇ ਅਤੇ ਖੇਤੀ ਕਰਦੇ ਹਨ। ਕਰੇਰੀ ਪਿੰਡ ਤੋਂ ਕਰੇਰੀ ਝੀਲ ਦਾ ਟਰੈਕ ਸ਼ੁਰੂ ਹੁੰਦਾ ਹੈ। ਟਰੈਕ ਦੌਰਾਨ ਰਸਤੇ ਵਿਚ ਵੱਡੇ ਵੱਡੇ ਪੱਥਰ ਦਿਖਾਈ ਦੇ ਰਹੇ ਸਨ ਜੋ ‘ਸ਼ੋਅਲੇ’ ਫਿਲਮ ਦੇ ਦ੍ਰਿਸ਼ਾਂ ਦੀ ਯਾਦ ਦਿਵਾ ਰਹੇ ਸਨ। ਆਲੇ-ਦੁਆਲੇ ਬੁਰਾਂਸ਼ ਦੇ ਦਰੱਖਤ ਫੁੱਲਾਂ ਨਾਲ ਲੱਦੇ ਹੋਣ ਕਰਕੇ ਹਰਿਆਲੀ ਵਿਚੋਂ ਲਾਲੀ ਵੀ ਨਜ਼ਰ ਆ ਰਹੀ ਸੀ। ਅਸੀਂ ਤੁਰਦੇ-ਤੁਰਦੇ ਪਿੰਡ ਦੇ ਪੁਲ ਕੋਲ ਪਹੁੰਚ ਗਏ। ਪੁਲ ਤੋਂ ਕਰੇਰੀ ਝੀਲ ਤਕ ਦੀ ਦੂਰੀ 13 ਕਿਲੋਮੀਟਰ ਦੇ ਕਰੀਬ ਸੀ। ਪੁਲ ਪਾਰ ਕਰਨ ਤੋਂ ਬਾਅਦ ਟਰੈਕ ਹੋਰ ਵੀ ਸੰਘਣੇ ਜੰਗਲ ਨਾਲ ਘਿਰ ਜਾਂਦਾ ਹੈ ਅਤੇ ਨਦੀ ਵੀ ਨਾਲ-ਨਾਲ ਚੱਲ ਪੈਂਦੀ ਹੈ। ਕਰੇਰੀ ਝੀਲ ਦੇ ਠੀਕ ਅੱਧ ਵਿਚ ਰਿਓਟੀ ਪੈਂਦਾ ਹੈ। ਰਿਓਟੀ ਪਹੁੰਚ ਕੇ ਕਾਫ਼ੀ ਲੋਕ ਉੱਥੇ ਹੀ ਕੈਂਪਿੰਗ ਕਰ ਲੈਂਦੇ ਹਨ। ਉੱਥੇ ਖਾਣ-ਪੀਣ ਵਾਲੀਆਂ ਇੱਕਾ-ਦੁੱਕਾ ਦੁਕਾਨਾਂ ਮੌਜੂਦ ਹਨ, ਪਰ ਸਾਮਾਨ ਮਹਿੰਗਾ ਮਿਲਦਾ ਹੈ। ਤੁਸੀਂ ਆਪਣਾ ਖਾਣ-ਪੀਣ ਦਾ ਸਾਮਾਨ ਹੇਠਾਂ ਤੋਂ ਹੀ ਲਿਜਾ ਕੇ ਆਪਣਾ ਖਰਚ ਘਟਾ ਸਕਦੇ ਹੋ। ਇਹ ਰਸਤਾ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ। ਸੰਘਣਾ ਜੰਗਲ ਅਤੇ ਨਦੀ ਹੋਣ ਕਰਕੇ ਠੰਢਕ ਦਾ ਅਹਿਸਾਸ ਹੁੰਦਾ ਹੈ। ਰਸਤਾ ਬੇਹੱਦ ਚੜ੍ਹਾਈ ਵਾਲਾ ਅਤੇ ਔਖਾ ਹੋਣ ਕਰਕੇ ਵਾਰ-ਵਾਰ ਰੁਕਣਾ ਪੈਂਦਾ ਹੈ, ਪਰ ਇੱਥੋਂ ਦੀ ਖ਼ੂਬਸੂਰਤੀ ਥਕਾਵਟ ਦਾ ਅਹਿਸਾਸ ਨਹੀਂ ਹੋਣ ਦਿੰਦੀ। ਕੁਝ ਦੂਰੀ ’ਤੇ ਜਾ ਕੇ ਜੋ ਨਦੀ ਨਾਲ ਨਾਲ ਚੱਲ ਰਹੀ ਸੀ, ਉਸ ਨੂੰ ਪਾਰ ਕਰਨਾ ਪੈਂਦਾ ਹੈ। ਨਦੀ ਉੱਪਰ ਪੁਲ ਨਾ ਹੋਣ ਕਾਰਨ ਦੋ ਰੁੱਖਾਂ ਦੇ ਤਣੇ ਸੁੱਟ ਕੇ ਲਾਘਾਂ ਬਣਾਇਆ ਹੋਇਆ ਹੈ। ਇਸ ਨੂੰ ਧਿਆਨਪੂਰਵਕ ਪਾਰ ਕਰਨਾ ਪੈਂਦਾ ਹੈ। ਲਾਪਰਵਾਹੀ ਵਰਤਣ ’ਤੇ ਸੰਤੁਲਨ ਵਿਗੜ ਵੀ ਸਕਦਾ ਹੈ ਜਿਸ ਕਾਰਨ ਨਦੀ ਵਿਚ ਡਿੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਸੀਂ ਹੌਲੀ-ਹੌਲੀ ਠਰੰਮੇ ਨਾਲ ਨਦੀ ਪਾਰ ਕਰ ਲਈ। ਇੱਥੇ ਲੋਕ ਕਾਫ਼ੀ ਮੌਜ ਮਸਤੀ ਕਰ ਰਹੇ ਸਨ। ਪਾਣੀ ਐਨਾ ਜ਼ਿਆਦਾ ਸਾਫ਼ ਹੈ ਕਿ ਤੁਸੀਂ ਪਾਣੀ ਵਿਚ ਸਿੱਕਾ ਸੁੱਟ ਕੇ ਆਸਾਨੀ ਨਾਲ ਲੱਭ ਸਕਦੇ ਹੋ। ਨਦੀ ਪਾਰ ਕਰਨ ਤੋਂ ਬਾਅਦ ਇਕਦਮ ਔਖੀ ਚੜ੍ਹਾਈ ਆ ਜਾਂਦੀ ਹੈ। ਵੱਡੇ ਵੱਡੇ ਪੱਥਰਾਂ ਉੱਪਰ ਦੀ ਪੌੜੀਆਂ ਵਾਂਗ ਚੜ੍ਹਨਾ ਪੈਂਦਾ ਹੈ। ਅਸੀਂ ਵਾਰ-ਵਾਰ ਰੁਕ ਕੇ ਦਮ ਲੈ ਰਹੇ ਸੀ। ਟਰੈਕ ਦਾ ਆਲਾ-ਦੁਆਲਾ ਬੁਰਾਂਸ਼ ਦੇ ਫੁੱਲਾਂ ਨਾਲ ਲੱਦਿਆ ਪਿਆ ਸੀ। ਸਾਨੂੰ ਉੱਪਰ ਪਹੁੰਚ ਕੇ ਬਰਫ਼ ਦਿਖਾਈ ਦੇਣ ਲੱਗੀ। ਚਿੱਟੀ ਬਰਫ਼ ਨਾਲ ਢਕੇ ਹੋਏ ਪਹਾੜ ਸਫ਼ੈਦ ਚਾਦਰ ਨਾਲ ਲਿਪਟੇ ਹੋਏ ਜਾਪ ਰਹੇ ਸਨ। ਇੱਥੋਂ ਦੇ ਨਜ਼ਾਰਿਆਂ ਨੂੰ ਤੱਕ ਕੇ ਮਨ ਗਦਗਦ ਹੋ ਰਿਹਾ ਸੀ। ਵੱਡੇ ਵੱਡੇ ਪੱਥਰਾਂ ਦੇ ਹੇਠਾਂ ਗੁਫ਼ਾਵਾਂ ਬਣੀਆਂ ਹੋਈਆਂ ਹਨ ਜਿੱਥੇ ਗਾਈਡ ਸੈਲਾਨੀਆਂ ਦੇ ਰੁਕਣ ਦਾ ਇੰਤਜ਼ਾਮ ਕਰਦੇ ਹਨ। ਸਾਡੇ ਲਈ ਇਹ ਸਭ ਕੁਝ ਦੇਖਣਾ ਬੜਾ ਦਿਲਚਸਪ ਸੀ। ਅਸੀਂ ਰਿਓਟੀ ਦੇ ਨਜ਼ਦੀਕ ਪਹੁੰਚ ਚੁੱਕੇ ਸੀ। ਸਾਹਮਣੇ ਪੱਥਰਾਂ ਵਿਚਦੀ ਨਦੀ ਗੁਜ਼ਰ ਰਹੀ ਸੀ। ਇੱਥੇ ਸਾਡੇ ਤੋਂ ਇਲਾਵਾ ਕੋਈ ਹੋਰ ਨਜ਼ਰ ਨਹੀਂ ਆ ਰਿਹਾ ਸੀ। ਸਾਨੂੰ ਲੱਗਿਆ ਕਿ ਅਸੀਂ ਸ਼ਾਇਦ ਰਸਤਾ ਭਟਕ ਗਏ ਹਾਂ, ਪਰ ਅਸਲ ਵਿਚ ਉੱਥੇ ਕੋਈ ਰਸਤਾ ਸੀ ਹੀ ਨਹੀਂ। ਹੁਣ ਪਾਣੀ ਅਤੇ ਪੱਥਰਾਂ ਵਿਚਦੀ ਹੋ ਕੇ ਉੱਪਰ ਚੜ੍ਹਨਾ ਪੈ ਰਿਹਾ ਸੀ। ਸਾਨੂੰ ਪਾਣੀ ਅਤੇ ਪੱਥਰਾਂ ਵਿਚਦੀ ਸਾਵਧਾਨੀ ਨਾਲ ਜਾਣਾ ਪੈ ਰਿਹਾ ਸੀ ਕਿਉਂਕਿ ਪੈਰ ਤਿਲ੍ਹਕਣ ’ਤੇ ਹਾਦਸਾ ਵਾਪਰ ਸਕਦਾ ਸੀ। ਸਾਡੇ ਬੂਟ ਵੀ ਪਾਣੀ ਨਾਲ ਪੂਰੀ ਤਰ੍ਹਾਂ ਗਿੱਲੇ ਹੋ ਗਏ ਸਨ। ਗੜ੍ਹੇ ਪੈਣ ਕਰਕੇ ਸਾਡੀਆਂ ਮੁਸ਼ਕਿਲਾਂ ਵਿਚ ਹੋਰ ਵੀ ਵਾਧਾ ਹੋ ਗਿਆ।
ਅਸੀਂ ਰਿਓਟੀ ਪਹੁੰਚ ਕੇ ਆਪਣਾ ਕੈਂਪਿੰਗ ਦਾ ਸਾਮਾਨ ਦੁਕਾਨ ਵਿਚ ਹੀ ਛੱਡ ਕੇ ਕਰੇਰੀ ਝੀਲ ਵੱਲ ਨੂੰ ਚੱਲ ਪਏ। ਜਿਉਂ-ਜਿਉਂ ਅਸੀਂ ਉੱਪਰ ਵੱਲ ਨੂੰ ਵਧ ਰਹੇ ਸੀ, ਉਵੇਂ-ਉਵੇਂ ਹੀ ਇਸ ਖੇਤਰ ਦੀ ਖ਼ੂਬਸੂਰਤੀ ਹੋਰ ਵੀ ਵਧ ਰਹੀ ਸੀ। ਰਸਤੇ ਵਿਚ ਸਾਨੂੰ ਇਕ ਛੋਟਾ ਜਿਹਾ ਮੰਦਰ ਦਿਖਾਈ ਦਿੱਤਾ। ਮੰਦਰ ਦੇ ਉੱਪਰਲੀ ਚੱਟਾਨ ਦਾ ਆਕਾਰ ਇਕ ਅਜਗਰ ਵਾਂਗੂੰ ਸੀ। ਪਹਿਲੀ ਵਾਰ ਦੇਖਣ ’ਤੇ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਕੋਈ ਵੱਡੇ ਸਾਰੇ ਮੂੰਹ ਵਾਲਾ ਅਜਗਰ ਇਸ ਮੰਦਰ ਦੀ ਰੱਖਿਆ ਕਰ ਰਿਹਾ ਹੋਵੇ। ਮੰਦਰ ਤੋਂ ਉੱਪਰ ਬਰਫ਼ ਸ਼ੁਰੂ ਹੋ ਚੁੱਕੀ ਸੀ। ਮੀਂਹ ਪੈਣ ਕਾਰਨ ਬਰਫ਼ ਸਖ਼ਤ ਹੋਣ ਕਰਕੇ ਪੈਰ ਵਾਰ-ਵਾਰ ਤਿਲ੍ਹਕ ਰਹੇ ਸਨ। ਕੁਝ ਦੇਰ ਬਰਫ਼ ਦਾ ਆਨੰਦ ਮਾਣਨ ਤੋਂ ਬਾਅਦ ਅਸੀਂ ਵਾਪਸ ਰਿਓਟੀ ਆ ਗਏ। ਨਦੀ ਪਾਰ ਕਰਕੇ ਟੈਂਟ ਲਗਾ ਕੇ ਰਾਤ ਗੁਜ਼ਾਰਨ ਦਾ ਨਜ਼ਾਰਾ ਵੱਖਰਾ ਹੀ ਸੀ। ਸਾਡੇ ਟੈਂਟ ਕੋਲ ਹੋਰ ਵੀ ਟੈਂਟ ਲੱਗੇ ਹੋਏ ਸਨ। ਇਹ ਸੈਲਾਨੀ ਮਨੀਪੁਰ ਤੋਂ ਆਏ ਹੋਏ ਸਨ। ਇਹ ਜਗ੍ਹਾ ਚਾਰੇ ਪਾਸਿਓਂ ਪਹਾੜਾਂ ਨਾਲ ਘਿਰੀ ਹੋਈ ਸੀ। ਮੀਂਹ ਪੈਣ ਕਰਕੇ ਠੰਢ ਵਧ ਗਈ ਸੀ ਜਿਸ ਕਾਰਨ ਸਾਰੇ ਲੋਕ ਇਸ ਠੰਢੀ ਰਾਤ ਵਿਚ ਅੱਗ ਬਾਲ ਕੇ ਨਿੱਘ ਮਾਣ ਰਹੇ ਸਨ। ਕਾਲਜ ਦੇ ਮੁੰਡੇ-ਕੁੜੀਆਂ ਦੇ ਗਰੁੱਪ ਗਿਟਾਰ ਵਜਾ ਕੇ ਗਾਣੇ ਗਾ ਕੇ ਮੌਜ ਮੇਲਾ ਕਰ ਰਹੇ ਸਨ। ਪਹਾੜਾਂ ਵਿਚ ਘਿਰੀ ਹੋਈ ਇਸ ਤਾਰਿਆਂ ਭਰੀ ਰਾਤ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਯਾਦਗਾਰੀ ਬਣਾ ਰਿਹਾ ਸੀ। ਰਾਤ ਤੋਂ ਬਾਅਦ ਅਗਲੀ ਸਵੇਰ ਵੀ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਸੀ। ਪਹਾੜ ਉੱਪਰਲੀ ਬਰਫ਼ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਕਿਸੇ ਸੱਜ-ਵਿਆਹੀ ਦੇ ਮੁੱਖ ਵਾਂਗ ਚਮਕ ਰਹੀ ਸੀ। ਕੁਝ ਦੇਰ ਬਾਅਦ ਕੜਕਦੀ ਧੁੱਪ ਨਿਕਲਣ ਕਾਰਨ ਗਰਮੀ ਲੱਗਣ ਲੱਗੀ ਅਤੇ ਵਾਪਸੀ ਵੇਲੇ ਹੇਠਾਂ ਉਤਰਨ ਕਰਕੇ ਦੂਰ-ਦੂਰ ਤਕ ਸੁੰਦਰ ਦ੍ਰਿਸ਼ ਨਜ਼ਰ ਆ ਰਹੇ ਸਨ। ਇਸ ਤਰ੍ਹਾਂ ਸਾਡੀ ਇਹ ਯਾਤਰਾ ਕੁਦਰਤ ਨੂੰ ਨੇੜਿਓਂ ਤੱਕਣ ਕਰਕੇ ਬੜੀ ਰੌਚਕ ਹੋ ਨਿੱਬੜੀ।

ਸੰਪਰਕ: 84270-95100


Comments Off on ਕੁਦਰਤ ਦੇ ਅੰਗ-ਸੰਗ ਕਰੇਰੀ ਝੀਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.