ਹੌਲੀਵੁੱਡ ਦੀਆਂ ਹਸਤੀਆਂ ਨੇ ਫਲਾਇਡ ਲਈ ਇਨਸਾਫ਼ ਮੰਗਿਆ !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲ ਗੱਡੀਆਂ: ਰੇਲਵੇ !    ਖਾਲਿਸਤਾਨ ਪੱਖੀ ਖਾੜਕੂ ਮੇਰਠ ਤੋਂ ਗ੍ਰਿਫ਼ਤਾਰ !    ਜ਼ਮੀਨੀ ਝਗੜੇ ’ਚ ਗੋਲੀ ਚੱਲੀ; ਮੁਟਿਆਰ ਜ਼ਖ਼ਮੀ !    ਅੱਜ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਰਵਾਨਾ ਹੋਵੇਗੀ ਜਨ ਸ਼ਤਾਬਦੀ ਐਕਸਪ੍ਰੈਸ !    ਲੱਖਾਂ ਲੋਕ ਲਈ ਸਹਾਰਾ ਬਣਿਆ ‘ਗੁਰੂ ਕਾ ਲੰਗਰ’ !    ਐਕਸਾਈਜ਼ ਵਿਭਾਗ ਨੇ ਦੋ ਟਰੱਕ ਨਾਜਾਇਜ਼ ਸ਼ਰਾਬ ਫੜੀ !    ਲੌਕਡਾਊਨ ਨੇ ਸਾਦੇ ਵਿਆਹਾਂ ਦੀ ਪਿਰਤ ਪਾਈ !    ਚੰਡੀਗੜ੍ਹ ’ਚ ਕਰਫਿਊ ਦਾ ਸਮਾਂ ਬਦਲਿਆ !    ਫਗਵਾੜਾ ’ਚ ਕਿਰਾਏਦਾਰ ਨਿਕਲਿਆ ਪਰਵਾਸੀ ਜੋੜੇ ਦਾ ਕਾਤਲ !    

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

Posted On October - 9 - 2019

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼

ਹਰਮਿੰਦਰ ਸਿੰਘ ਕੈਂਥ
ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ਦੇਣਾ। ਅਜਿਹਾ ਹੀ ਇੱਕ ਯੋਧਾ ਸੀ ਅਰਨੈਸਟੋ ਚੀ ਗਵੇਰਾ, ਜਿਸ ਨੂੰ ਕਿਊਬਾ ਕ੍ਰਾਂਤੀ ਦਾ ਮਹਾਂਨਾਇਕ, ਕੌਮਾਂਤਰੀ ਕ੍ਰਾਂਤੀ ਦਾ ਹੀਰੋ ਤੇ ਹੋਰ ਬਹੁਤ ਸਾਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।
ਚੀ ਗਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਸ਼ਹਿਰ ਰੋਜੇਰਿਓ ਵਿਚ ਹੋਇਆ। ਚੀ ਨੂੰ ਬਚਪਨ ਤੋਂ ਹੀ ਦਮੇ ਦੀ ਬਿਮਾਰੀ ਸੀ, ਜਿਹੜੀ ਮੌਤ ਤੱਕ ਉਸ ਨਾਲ ਰਹੀ। ਉਹ ਦਮੇ ਦੀ ਬਿਮਾਰੀ ਦੇ ਬਾਵਜੂਦ ਚੰਗਾ ਅਥਲੀਟ ਸੀ। ਉਸ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ। ਦਮੇ ਦੀ ਬਿਮਾਰੀ ਕਾਰਨ ਹੀ ਉਸ ਨੇ ਡਾਕਟਰੀ ਕਰਨ ਦੀ ਸੋਚੀ। 1953 ਵਿੱਚ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਸ ਨੇ ਆਪਣੇ ਮਿੱਤਰ ਨਾਲ ਮੋਟਰਸਾਈਕਲ ’ਤੇ ਚਿੱਲੀ, ਕੋਲੰਬੀਆ, ਪੀਰੂ ਤੇ ਵੈਨਜ਼ੂਏਲਾ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਦੇਖੇ ਤੇ ਉਸ ਦਾ ਮਨ ਬਹੁਤ ਅਸ਼ਾਂਤ ਹੋਇਆ।
ਸੰਨ 1954 ਵਿਚ ਉਸ ਨੇ ਬੋਲੀਵੀਆ, ਕੋਲੰਬੀਆ, ਕੋਸਟਾਰਿਕਾ, ਪਨਾਮਾ ਤੇ ਹੋਰ ਲਾਤੀਨੀ ਦੇਸ਼ਾਂ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਉਸ ਨੇ ਕੋਹੜ ਆਸ਼ਰਮਾਂ ਵਿਚ ਜਾ ਕੇ ਕੋਹੜੀਆਂ ਦਾ ਇਲਾਜ ਕੀਤਾ। ਜਦੋਂ ਉਸ ਨੇ ਡਾਕਟਰੀ ਪੂਰੀ ਕੀਤੀ ਤਾਂ ਉਸ ਵੇਲੇ ਅਰਜਨਟੀਨਾ ਵਿਚ ਪੀਰੋਨ ਨਾਂ ਦੇ ਤਾਨਾਸ਼ਾਹ ਦੀ ਸਰਕਾਰ ਸੀ ਤੇ ਉਸ ਸਮੇਂ ਨੌਜਵਾਨਾਂ ਨੂੰ ਡਾਕਟਰ ਬਣਨ ਲਈ ਫ਼ੌਜੀ ਨੌਕਰੀ ਜ਼ਰੂਰੀ ਸੀ। ਚੀ ਦੀ ਇਹ ਨੌਕਰੀ ਕਰਨ ਦੀ ਉੱਕਾ ਹੀ ਇੱਛਾ ਨਹੀਂ ਸੀ, ਜਿਸ ਕਰਕੇ ਉਹ ਬਰਫ ਵਰਗੇ ਠੰਡੇ ਪਾਣੀ ਨਾਲ ਨਹਾਤਾ ਤੇ ਉਸ ਨੂੰ ਦਮੇ ਦਾ ਦੌਰਾ ਪੈ ਗਿਆ। ਉਹ ਮੈਡੀਕਲ ਬੋਰਡ ਅੱਗੇ ਪੇਸ਼ ਹੋਇਆ ਤਾਂ ਉਸ ਨੂੰ ਛੁੱਟੀ ਮਿਲ ਗਈ।
ਇਸ ਮਗਰੋਂ ਉਹ ਇਕੱਲਾ ਦੱਖਣੀ ਅਮਰੀਕਾ ਦੀ ਯਾਤਰਾ ’ਤੇ ਨਿੱਕਲ ਪਿਆ। ਸਭ ਤੋਂ ਪਹਿਲਾਂ ਉਹ ਬੋਲੀਵੀਆ ਗਿਆ। ਉਥੇ ਚੀ ਨੇ ਕਲੋਨੀਆਂ ਵਿਚ ਮਜ਼ਦੂਰਾਂ ਦੇ ਹਾਲਾਤ ਦੇਖੇ ਤਾਂ ਸਰਕਾਰ ਦੇ ਸੁਧਾਰ ਉਸ ਨੂੰ ਸਿਰਫ਼ ਖਾਨਾਪੁਰਤੀ ਲੱਗੇ। ਬੋਲੀਵੀਆ ਦੀ ਰਾਜਧਾਨੀ ਵਿਚ ਰਹਿੰਦੇ ਹੋਏ ਹੀ ਉਸ ਨੂੰ ਗੁਆਟੇਮਾਲਾ ਦੀ ਅਰਬੇਨਜ ਸਰਕਾਰ ਦੁਆਰਾ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਬਾਰੇ ਪਤਾ ਲੱਗਿਆ ਤਾਂ ਉਹ ਉੱਥੇ ਪਹੁੰਚ ਗਿਆ। ਗੁਆਟੇਮਾਲਾ ਦੀ ਸਰਕਾਰ ਨੇ ਅਮਰੀਕਾ ਦੀ ਬਹੁ ਰਾਸ਼ਟਰੀ ਕੰਪਨੀ ਯੂਨਾਈਟਿਡ ਫਰੂਟ ਕੰਪਨੀ ਤੋਂ 556 ਹਜ਼ਾਰ ਹੈਕਟੇਅਰ ਜ਼ਮੀਨ ਜ਼ਬਤ ਕਰਕੇ ਆਮ ਲੋਕਾਂ ਵਿਚ ਵੰਡ ਦਿੱਤੀ ਤੇ ਮਜ਼ਦੂਰਾਂ ਦਾ ਮਿਹਨਤਾਨਾ ਦੁੱਗਣਾ ਕਰ ਦਿੱਤਾ, ਜਿਸ ਕਰਕੇ ਗੁਆਟੇਮਾਲਾ ਦੀ ਅਰਬੇਂਜ ਸਰਕਾਰ ਅਮਰੀਕਾ ਦੀਆਂ ਅੱਖਾਂ ਵਿੱਚ ਖਟਕਦੀ ਸੀ ਤੇ ਅਮਰੀਕਾ ਅਰਬੇਂਜ ਸਰਕਾਰ ਦਾ ਤਖਤਾ ਪਲਟਣ ਲਈ ਬਜ਼ਿੱਦ ਸੀ। ਇਸ ਵਿਚ ਅਮਰੀਕਾ ਸਫਲ ਵੀ ਹੋਇਆ। ਉੱਥੋਂ ਦੀ ਸੱਤਾ ਅਮਰੀਕਾ ਸਮਰਥਕ ਕਸਟਿੱਕੋ ਆਰਾਮ ਨੂੰ ਦੇ ਦਿੱਤੀ ਗਈ ਤੇ ਰਾਸ਼ਟਰਪਤੀ ਅਰਬੈਂਜ ਅਰਜਨਟੀਨਾ ਚਲਾ ਗਿਆ। ਚੀ ਨੇ ਉਸ ਤੋਂ ਬਾਅਦ ਅਰਬੇਂਜ਼ ਦੇ ਸਮਰਥਨ ਲਈ ਜਨਤਾ ਨੂੰ ਇੱਕ-ਜੁੱਟ ਕਰਨਾ ਸ਼ੁਰੂ ਕਰ ਦਿੱਤਾ ਤੇ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਚੀ ਸੀਆਈਏ ਦੀ ਹਿੱਟ ਲਿਸਟ ’ਤੇ ਆ ਗਿਆ ਤੇ ਬਾਅਦ ਵਿਚ ਬਾਗੀਆਂ ਨੂੰ ਦੇਸ਼ ਨਿਕਾਲਾ ਦੇ ਕੇ ਮੈਕਸੀਕੋ ਭੇਜ ਦਿੱਤਾ ਗਿਆ। ਚੀ ਵੀ ਉਨ੍ਹਾਂ ਵਿਚ ਸ਼ਾਮਿਲ ਸੀ।
ਮੈਕਸੀਕੋ ਪਹੁੰਚ ਕੇ ਚੀ ਨੇ ਸਰਨਾਰਥੀ ਕੈਂਪਾਂ ਵਿਚ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਕੈਂਪ ਵਿਚ ਹੀ ਰਾਉਲ ਕਾਸਤਰੋ ਆਇਆ, ਉਸ ਦੀ ਉਂਗਲੀ ’ਤੇ ਜ਼ਖ਼ਮ ਸੀ। ਇਤਫ਼ਾਕ ਵਸ ਰਾਉਲ ਚੀ ਕੋਲ ਹੀ ਇਲਾਜ ਕਰਵਾਉਣ ਚਲਾ ਜਾਂਦਾ ਹੈ। ਚੀ ਨੇ ਕਿਹਾ ਕਿ ਜ਼ਖ਼ਮ ਜ਼ਿਆਦਾ ਗਹਿਰਾ ਹੋਣ ਕਾਰਨ 6-7 ਦਿਨ ਪੱਟੀ ਕਰਵਾਉਣੀ ਪਵੇਗੀ। ਕਾਸਤਰੋ ਫਿਰ ਅਗਲੇ ਦਿਨ ਆਉਂਦਾ ਹੈ ਤੇ ਦੋਨਾਂ ਵਿਚਾਲੇ ਗੱਲਾਂ-ਬਾਤਾਂ ਦਾ ਸਿਲਸਿਲਾ ਚੱਲ ਪੈਂਦਾ ਹੈ। ਇਸ ਦੌਰਾਨ ਜਦ ਚੀ ਨੇ ਕਾਸਤਰੋ ਨੂੰ ਉਨ੍ਹਾਂ ਦੇ ਆਗੂ ਬਾਰੇ ਪੁੱਛਿਆ ਤਾਂ ਰਾਉਲ ਕਾਸਤਰੋ ਨੇ ਜਵਾਬ ਦਿੱਤਾ ਕਿ ਉਸ ਦਾ ਵੱਡਾ ਭਰਾ ਫ਼ਿਦੇਸ ਕਾਸਤਰੋ ਉਨ੍ਹਾਂ ਦਾ ਆਗੂ ਹੈ। ਚੀ ਨੇ ਉਸ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਤੇ ਅਗਲੇ ਹੀ ਦਿਨ ਚੀ ਤੇ ਫ਼ਿਦੇਲ ਕਾਸਤਰੋ ਦੀ ਮੁਲਾਕਾਤ ਹੋਈ। ਫ਼ਿਦੇਲ ਨੇ ਚੀ ਨੂੰ ਪੁੱਛਿਆ, ‘‘ਤੁਸੀਂ ਕੀ ਕਰਦੇ ਹੋ?’’ ਚੀ ਨੇ ਜਵਾਬ ਦਿੱਤਾ, ‘‘ਮੈਂ ਡਾਕਟਰ ਹਾਂ ਤੇ ਮਜ਼ਦੂਰਾਂ ਤੇ ਲੋੜਵੰਦਾਂ ਦਾ ਇਲਾਜ ਕਰਦਾ ਹਾਂ।’’ ਫ਼ਿਦੇਲ ਨੇ ਚੀ ਨੂੰ ਕਿਹਾ, ‘‘ਤੁਸੀਂ ਕੋਹੜ ਦਾ ਇਲਾਜ ਕਰਦੇ ਹੋ, ਕੀ ਤੁਹਾਡੇ ਇਲਾਜ ਕਰਨ ਨਾਲ ਕੋਹੜ ਘੱਟ ਰਿਹਾ ਹੈ ਜਾਂ ਵੱਧ ਰਿਹਾ ਹੈ?’’ ਚੀ ਨੇ ਕਿਹਾ, ‘‘ਮੈਂ 10 ਰੋਗੀ ਠੀਕ ਕਰਦਾ ਹਾਂ ਤੇ ਅਗਲੇ ਦਿਨ 20 ਆ ਜਾਂਦੇ ਹਨ। 20 ਠੀਕ ਕਰਦਾ ਹਾਂ ਤਾਂ ਅਗਲੇ ਦਿਨ 50 ਆ ਜਾਂਦੇ ਹਨ। ਇਸ ਤਰ੍ਹਾਂ ਤਾਂ ਕੋਹੜ ਵੱਧ ਹੀ ਰਿਹਾ ਹੈ।’’ ਫ਼ਿਦੇਲ ਨੇ ਚੀ ਨੂੰ ਕਿਹਾ, ‘‘ਤੇਰੇ ਇਲਾਜ ਕਰਨ ਦੇ ਬਾਵਜੂਦ ਵੀ ਕੋਹੜ ਵੱਧ ਰਿਹਾ ਹੈ ਤਾਂ ਇਹ ਖਤਮ ਕਿਵੇਂ ਹੋਵੇਗਾ?’’ ਚੀ ਨਿਰਉੱਤਰ ਹੋ ਗਿਆ। ਫ਼ਿਦੇਲ ਨੇ ਕਿਹਾ, ‘‘ਸੋਚ ਲੈ। ਜਦੋਂ ਤੈਨੂੰ ਪਤਾ ਲੱਗ ਜਾਵੇ ਤਾਂ ਮੇਰੇ ਕੋਲ ਆ ਜਾਵੀਂ।’’ ਇਸ ਤੋਂ ਬਾਅਦ ਕਈ ਦਿਨ ਤੇ ਰਾਤ ਸੋਚਦਾ ਰਿਹਾ ਤੇ ਉਸ ਦਾ ਮਨ ਅਸ਼ਾਂਤ ਰਿਹਾ ਪਰ ਉਸ ਨੂੰ ਕੋਈ ਉੱਤਰ ਨਾ ਸੁੱਝਿਆ। ਉਹ ਦੁਬਾਰਾ ਫ਼ਿਦੇਲ ਕਾਸਤਰੋ ਕੋਲ ਗਿਆ ਤੇ ਕਿਹਾ, ‘‘ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕੋਹੜ ਕਿਵੇਂ ਖ਼ਤਮ ਹੋਵੇਗਾ ਪਰ ਮੈਂ ਇਸ ਨੂੰ ਕਿਸੇ ਵੀ ਕੀਮਤ ’ਤੇ ਖ਼ਤਮ ਕਰਨਾ ਚਾਹੁੰਦਾ ਹਾਂ।’’ ਫ਼ਿਦੇਲ ਕਾਸਤਰੋ ਨੇ ਕਿਹਾ, ‘‘ਜਦੋਂ ਤੱਕ ਤੂੰ ਇਹ ਨਹੀਂ ਪਤਾ ਕਰੇਂਗਾ ਕਿ ਕੋਹੜ ਕਿਥੋਂ ਪੈਦਾ ਹੁੰਦਾ ਹੈ, ਤੂੰ ਇਸ ਨੂੰ ਖ਼ਤਮ ਨਹੀਂ ਕਰ ਸਕਦਾ। ਜਾ ਕੇ ਦੇਖ ਲੋਕ ਕਿੰਨੇ ਗੰਦੇ ਹਾਲਾਤ ਵਿਚ ਰਹਿ ਰਹੇ ਹਨ। ਨਾ ਤਾਂ ਉਨ੍ਹਾਂ ਕੋਲ ਖਾਣ ਲਈ ਰੋਟੀ ਹੈ ਤੇ ਰਹਿਣ ਲਈ ਵੀ ਗੰਦੀਆਂ ਬਸਤੀਆਂ ਹਨ। ਸਾਰੇ ਸੋਮਿਆਂ ’ਤੇ ਸਰਮਾਏਦਾਰਾਂ ਦਾ ਅਧਿਕਾਰ ਹੈ। ਜੇਕਰ ਕੋਹੜ ਨੂੰ ਖਤਮ ਕਰਨਾ ਹੈ ਤਾਂ ਉਨ੍ਹਾਂ ਦੇ ਹਾਲਾਤ ਨੂੰ ਬਦਲਣਾ ਪਵੇਗਾ।’’ ਚੀ ਨੇ ਕਿਹਾ, ‘‘ਲੋਕਾਂ ਦੇ ਹਾਲਾਤ ਕਿਵੇਂ ਬਦਲੇ ਜਾ ਸਕਦੇ ਹਨ?’’ ਤਾਂ ਫ਼ਿਦੇਲ ਕਾਸਤਰੋ ਨੇ ਬੰਦੂਕ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਇਸ ਲਈ ਹਥਿਆਰ ਚੁੱਕਣੇ ਪੈਣਗੇ ਕਿਉਂਕਿ ਇਸ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਚੀ ਨੇ ਬੰਦੂਕ ਚੁੱਕ ਲਈ ਤੇ ਕਿਹਾ,‘‘ਮੈਂ ਹੁਣ ਜਾਣ ਗਿਆ ਹਾਂ ਕਿ ਮੇਰੀ ਮੰਜ਼ਿਲ ਤੇ ਰਸਤਾ ਕੀ ਹੈ।’’
ਇਸ ਤੋਂ ਬਾਅਦ ਚੀ ਤੇ ਫ਼ਿਦੇਲ ਕ੍ਰਾਂਤੀ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਤੇ ਲੋਕਾਂ ਨੂੰ ਇਕਜੁੱਟ ਕਰਦੇ। ਉਨ੍ਹਾਂ ਨੇ ਕਿਊਬਾ ਪਹੁੰਚਣ ਲਈ ਗਰਹਮਾ ਨਦੀ ਦੀ ਚੋਣ ਕੀਤੀ ਤੇ ਨਵੰਬਰ 1956 ਨੂੰ ਕਿਸ਼ਤੀ ਰਾਹੀਂ ਯਾਤਰਾ ਸ਼ੁਰੂ ਕੀਤੀ। ਕਿਸ਼ਤੀ ਵਿਚ ਸਿਰਫ਼ ਕੁਝ ਵਿਅਕਤੀ ਹੀ ਬੈਠ ਸਕਦੇ ਸਨ ਪਰ ਫ਼ਿਦੇਲ ਕਾਸਤਰੋ ਰਾਉਲ ਕਾਸਤਰੋ ਤੇ ਚੀ ਸਮੇਤ ਕੁੱਲ 81 ਲੋਕ ਕਿਸ਼ਤੀ ਵਿਚ ਸਵਾਰ ਹੋ ਗਏ। ਇਸ ਕਰਕੇ ਰਸਤੇ ਵਿਚ ਕੁਝ ਲੋਕ ਡੁੱਬਣ ਕਰਕੇ ਮਰ ਗਏ। 25 ਨਵੰਬਰ 1956 ਕਿਊਬਾ ਪਹੁੰਚਦੇ ਸਾਰ ਹੀ ਬਤਿਤਸਾ ਦੀਆਂ ਫ਼ੌਜਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਰਾਉਲ, ਫ਼ਿਦੇਲ ਤੇ ਚੀ ਸਮੇਤ ਸਿਰਫ਼ 20 ਸਾਥੀ ਹੀ ਬਚ ਸਕੇ। ਚੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਅਗਲੇ ਕਈ ਦਿਨਾਂ ਤੱਕ ਫੌਜ ਤੇ ਹਵਾਈ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਕ੍ਰਾਂਤੀਕਾਰੀ ਜੰਗਲਾਂ ਰਾਹੀਂ ਅੱਗੇ ਵਧਦੇ ਰਹੇ। ਚੀ ਸਿਆਰਾ ਮੇਤਰਾ ਦੀਆਂ ਪਹਾੜੀਆਂ ਵਿਚ ਲੁਕ ਗਿਆ ਜਿੱਥੇ ਉਨ੍ਹਾਂ ਨੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਨ੍ਹਾਂ ਨੇ ਇਨ੍ਹਾਂ ਪਹਾੜੀਆਂ ਦੇ ਨਾਲ ਨਾਲ ਬਤਿਸਤਾ ਦੀ ਫੌਜ ਦੀਆਂ ਚੌਕੀਆਂ ਖਦੇੜ ਦਿੱਤੀਆਂ ਤੇ ਕਈ ਜ਼ਮੀਨੀ ਸੁਧਾਰ ਕੀਤੇ। 2 ਜੂਨ 1959 ਨੂੰ ਆਪਣੀ ਹੀ ਇੱਕ ਇਨਕਲਾਬੀ ਸਾਥਣ ਅਲੇਡਾ ਮਾਰਚ ਨਾਲ ਉਸ ਨੇ ਵਿਆਹ ਕਰਵਾ ਲਿਆ, ਜਿਸ ਦੀ ਕੁੱਖੋਂ ਚਾਰ ਬੱਚਿਆਂ ਨੇ ਜਨਮ ਲਿਆ। ਚੀ ਨੇ ਸਿੱਧੀ ਲੜਾਈ ਦੀ ਥਾਂ ਗੋਰੀਲਾ ਯੁੱਧ ਦੀ ਹਮਾਇਤ ਕੀਤੀ।
ਦੋ ਸਾਲ ਪੂਰਾ ਖੂਨੀ ਸੰਘਰਸ਼ ਚੱਲਿਆ ਤੇ ਅੰਤ 31 ਦਸੰਬਰ 1958 ਨੂੰ ਕ੍ਰਾਂਤੀ ਦੀ ਜਿੱਤ ਹੋਈ ਤੇ ਬਤਿਸਤਾ ਰਾਜ ਦਾ ਤਖ਼ਤਾ ਪਲਟ ਹੋ ਗਿਆ। ਫ਼ਿਦੇਲ ਕਾਸਤਰੋ ਨੂੰ ਰਾਸ਼ਟਰਪਤੀ ਚੁਣਿਆ ਗਿਆ ਤੇ ਚੀ ਗਵੇਰਾ ਨੂੰ ਕਿਊਬਾ ਦੀ ਨਾਗਰਿਕਤਾ ਦੇ ਕੇ ਸਰਕਾਰ ਵਿਚ ਮਹੱਤਵਪੂਰਨ ਅਹੁਦਾ ਦਿੱਤਾ ਗਿਆ। ਚੀ ਨੂੰ ਕਿਊਬਾ ਦੇ ਕੇਂਦਰੀ ਬੈਂਕ ਦਾ ਮੁਖੀ, ਖੇਤੀਬਾੜੀ ਤੇ ਉਦਯੋਗ ਮਹਿਕਮੇ ਦਾ ਮੁਖੀ ਵੀ ਬਣਾਇਆ ਗਿਆ। ਪਰ ਚੀ ਕਦੇ ਵੀ ਆਪਣੇ ਦਫ਼ਤਰ ਵਿਚ ਕੁਰਸੀ ’ਤੇ ਨਹੀਂ ਬੈਠਿਆ। ਉਹ ਆਪ ਤੇ ਆਪਣੇ ਅਫ਼ਸਰਾਂ ਨੂੰ ਨਾਲ ਲੈ ਕੇ ਖੇਤਾਂ ਵਿਚ ਮਜ਼ਦੂਰਾਂ ਨਾਲ ਕੰਮ ਕਰਦਾ, ਤਾਂ ਜੋ ਅਫ਼ਸਰ ਜ਼ਮੀਨੀ ਮੁਸ਼ਕਲਾਂ ਬਾਰੇ ਜਾਣ ਕੇ ਸਹੀ ਯੋਜਨਾਵਾਂ ਬਣਾਉਣ।
ਫ਼ਿਦੇਲ ਕਾਸਤਰੋ ਤੇ ਚੀ ਗਵੇਰਾ ਨੇ ਪੂਰੀ ਦੁਨੀਆਂ ਨੂੰ ਕਿਊਬਾ ਦੇ ਲੋਕ ਰਾਜ ਦਾ ਸ਼ੀਸ਼ਾ ਦਿਖਾਇਆ। ਅੱਜ ਕਿਊਬਾ ਵਿਚ 60 ਵਿਅਕਤੀਆਂ ਪਿੱਛੇ ਇੱਕ ਡਾਕਟਰ ਹੈ, ਜਦੋਂ ਕਿ ਭਾਰਤ ਵਿਚ 1300 ਪਿੱਛੇ ਇੱਕ ਡਾਕਟਰ।
ਜਦੋਂ ਕਿਊਬਾ ਵਿਚ ਸਭ ਪਾਸੇ ਸ਼ਾਂਤੀ ਹੋ ਗਈ ਤਾਂ ਚੀ ਨੇ ਫ਼ਿਦੇਲ ਨੂੰ ਕਿਹਾ, ‘‘ਕਿਊਬਾ ਵਿਚ ਹੁਣ ਲੋਕ ਰਾਜ ਸਥਾਪਿਤ ਹੋ ਚੁੱਕਾ ਹੈ ਪਰ ਸੰਸਾਰ ਦੇ ਬਹੁਤੇ ਦੇਸ਼ ਅਜੇ ਵੀ ਸਰਮਾਏਦਾਰੀ ਦਾ ਸ਼ਿਕਾਰ ਹਨ। ਮੈਂ ਉਨ੍ਹਾਂ ਲਈ ਕੁਝ ਕਰਨਾ ਚਾਹੁੰਦਾ ਹਾਂ ਤੇ ਮੈਨੂੰ ਇਜਾਜ਼ਤ ਦਿਓ।’’ ਫ਼ਿਦੇਲ ਨੇ ਭਰੇ ਮਨ ਨਾਲ ਚੀ ਗਵੇਰਾ ਨੂੰ ਵਿਦਾ ਕੀਤਾ। ਇਸ ਤੋਂ ਬਾਅਦ ਉਸ ਨੇ ਕਈ ਦੇਸ਼ਾਂ ਵਿੱਚ ਕ੍ਰਾਂਤੀ ਦਾ ਬਿਗਲ ਵਜਾਇਆ ਤੇ ਬ੍ਰਾਜ਼ੀਲ ਤੇ ਕਾਂਗੋ ਵਰਗੇ ਕਈ ਦੇਸ਼ਾਂ ਵਿੱਚ ਕ੍ਰਾਂਤੀ ਦੀ ਚਿਣਗ ਲਗਾਉਣ ਤੋਂ ਬਾਅਦ ਬੋਲੀਵੀਆ ਵਿਚ ਹੋ ਰਹੇ ਜ਼ੁਲਮਾਂ ਦਾ ਬਦਲਾ ਲੈਣ ਲਈ ਚਲਾ ਗਿਆ। ਹੁਣ ਤੱਕ ਉਹ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਚੁੱਕਾ ਸੀ। 8 ਅਕਤੂਬਰ 1967 ਨੂੰ ਅਮਰੀਕੀ ਸੈਨਾ ਨੇ ਬੋਲੀਵੀਆ ਦੇ ਜੰਗਲਾਂ ਵਿੱਚ 1800 ਸੈਨਿਕਾਂ ਦੀ ਟੁਕੜੀ ਨੇ ਚੀ ਗਵੇਰਾ ਨੂੰ ਘੇਰਾ ਪਾ ਲਿਆ ਤੇ ਉਸ ਨੂੰ ’ਤੇ ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ।
9 ਅਕਤੂਬਰ 1967 ਨੂੰ ਇੱਕ ਕਮਾਂਡਰ ਜਦੋਂ ਗਵੇਰਾ ਨੂੰ ਗੋਲੀ ਮਾਰਨ ਲੱਗਾ ਤਾਂ ਉਸ ਨੇ ਦੇਖਿਆ ਕਿ ਉਹ ਕੁਝ ਸੋਚ ਰਿਹਾ ਸੀ। ਉਸ ਨੇ ਪੁੱਛਿਆ,‘‘ਤੂੰ ਆਪਣੇ ਅਮਰ ਹੋਣ ਬਾਰੇ ਸੋਚ ਰਿਹਾ ਏਂ?’’ ਤਾਂ ਗੁਵੇਰਾ ਨੇ ਕਿਹਾ,‘‘ ਨਹੀਂ ਮੈਂ ਤਾਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਹਾਂ ਤੇ ਸੋਚ ਰਿਹਾ ਹਾਂ ਕਿ ਜਿਸ ਦਿਨ ਲੋਕ ਜ਼ੁਲਮਾਂ ਖ਼ਿਲਾਫ਼ ਉੱਠ ਖੜ੍ਹੇ ਹੋਣਗੇ ਤਾਂ ਉਹ ਤੁਹਾਨੂੰ ਤਬਾਹ ਕਰ ਦੇਣਗੇ।’’ ਅਜੇ ਉਹ ਬੋਲ ਹੀ ਰਿਹਾ ਸੀ ਕਿ ਕਮਾਂਡਰ ਗੋਲੀ ਚਲਾ ਦਿੰਦਾ ਹੈ ਤੇ ਉਸ ’ਤੇ ਇੱਕ ਤੋਂ ਬਾਅਦ ਇੱਕ ਨੌ ਗੋਲੀਆਂ ਚਲਾਈਆਂ ਜਾਂਦੀਆਂ ਹਨ। ਉਸ ਤੋਂ ਬਾਅਦ ਉਸ ਦੇ ਹੱਥ ਕੱਟ ਦਿੱਤੇ ਜਾਂਦੇ ਹਨ ਤਾਂ ਕਿ ਉਸ ਦੇ ਹੱਥਾਂ ਦੇ ਨਿਸ਼ਾਨ ਲਏ ਜਾ ਸਕਣ।
ਬੋਲੀਵੀਆ ਸਰਕਾਰ ਨੇ ਐਲਾਨ ਕੀਤਾ ਕਿ ਉਹ ਚੀ ਦੀ ਡਾਇਰੀ 10 ਲੱਖ ਡਾਲਰ ’ਚ ਵੇਚਣ ਲਈ ਤਿਆਰ ਹੈ ਪਰ ਫ਼ਿਦੇਲ ਕਾਸਤਰੋ ਨੇ ਟੀਵੀ ’ਤੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਚੀ ਗਵੇਰਾ ਦੀ ਡਾਇਰੀ ਦੀ ਅਸਲੀ ਨਕਲ ਕਿਸੇ ਸ਼ੁੱਭਚਿੰਤਕ ਨੇ ਪਹਿਲਾਂ ਹੀ ਸਾਡੇ ਤੱਕ ਪਹੁੰਚਾ ਦਿੱਤੀ ਹੈ ਤੇ ਜਲਦੀ ਹੀ ਛਾਪ ਵੀ ਦਿੱਤੀ ਜਾਵੇਗੀ ਕਿਉਕਿ ਫ਼ਿਦੇਲ ਜਾਣਦਾ ਸੀ ਕਿ ਗਵੇਰਾ ਡਾਇਰੀ ਲਿਖਦਾ ਸੀ ਤੇ ਉਹ ਡਾਇਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣੇਗੀ।


Comments Off on ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.