ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਕਾਵਿ ਕਿਆਰੀ

Posted On October - 27 - 2019

ਤ੍ਰੈਲੋਚਨ ਲੋਚੀ

ਗ਼ਜ਼ਲਾਂ
ਮੈਨੂੰ ਪਰਖਣ ਆਏ ਸੀ ਜੋ ਚਾਵਾਂ ਨਾਲ!
ਝੂੰਮਣ ਲੱਗੇ ਮੇਰੀਆਂ ਹੀ ਕਵਿਤਾਵਾਂ ਨਾਲ!

ਨਿੱਤ ਬੁਝਾਉਣ ਉਹ ਦੀਵੇ, ਮੈਂ ਫਿਰ ਬਾਲ ਦਿਆਂ,
ਅੱਜਕੱਲ੍ਹ ਮੇਰਾ ਇੱਟ ਖੜਿੱਕਾ ’ਵਾਵਾਂ ਨਾਲ!

ਤੇਰੀ ਥਾਲੀ ਵਿੱਚ ਹੀ ਚੁੰਝਾਂ ਮਾਰ ਗਏ,
ਕੀ ਖੱਟਿਆ ਤੂੰ ਯਾਰੀ ਲਾਕੇ ਕਾਵਾਂ ਨਾਲ!

ਭਰਮ ਹੈ ਤੇਰਾ, ਤੇਰੇ ਲਈ ਕੋਈ ਹੋਰ ਲੜੂ,
ਲੜਨਾ ਪੈਂਦਾ ਆਪਣੀਆਂ ਹੀ ਬਾਵ੍ਹਾਂ ਨਾਲ!

ਧੁੱਪਾਂ ਵਿੱਚ ਨਾ ਤੁਰਨਾ ਔਖਾ ਹੋ ਜਾਵੇ,
ਏਡਾ ਵੀ ਨਾ ਰਿਸ਼ਤਾ ਰੱਖੀਂ ਛਾਵਾਂ ਨਾਲ!

ਜਿੱਥੇ ਲੋਚੀ ਤੇਰੀਆਂ ਗ਼ਜ਼ਲਾਂ ਟਹਿਲਦੀਆਂ,
ਅੱਜਕੱਲ੍ਹ ਮੋਹ ਜਿਹਾ ਆਉਂਦੈ ਉਨ੍ਹਾਂ ਰਾਵ੍ਹਾਂ ਨਾਲ!
* * *
ਬੰਦਾ ਬਣ’ਜੇ ਬੰਦਾ ਬਸ!
ਏਨਾ ਕਰ ਦੇ ਰੱਬਾ ਬਸ!
ਕੰਬ ਗਿਆ ਅੰਧਕਾਰ ਓਦੋਂ,
ਜਗਿਆ ਸੀ ਇੱਕ ਦੀਵਾ ਬਸ!
ਮੇਰੇ ਸੁਪਨ ’ਚ ਆਵੇਂ ਤੂੰ,
ਮੇਰਾ ਏਹੋ ਸੁਪਨਾ ਬਸ!
ਇੰਨ ਬਿੰਨ ਕਵਿਤਾ ਵਰਗਾ ਹੈ,
ਸੱਚੀਓਂ ਤੇਰਾ ਚਿਹਰਾ ਬਸ!
ਮੈਂ ਚੋਟੀ ਸਰ ਕਰਨੀ ਸੀ,
ਬਿੱਲੀ ਕੱਟ ਗਈ ਰਸਤਾ ਬਸ!
ਗ਼ਰਜ਼ਾਂ ਪਿੱਛੇ ਟੁੱਟ ਗਿਆ,
ਏਨਾ ਸੀ ਇੱਕ ਰਿਸ਼ਤਾ ਬਸ!
ਕੀ ਏਨੀ ਸੀ ਦੌੜ ਤੇਰੀ?
ਕੁਰਸੀ, ਕਲਗੀ, ਰੁਤਬਾ ਬਸ!
ਸੰਪਰਕ: 98142-53315

 

ਨਿੰਦੀ ਈਸਾਪੁਰ ਵਾਲਾ

ਦੀਵੇ ਉੱਥੇ ਵੇ ਤੂੰ ਬਾਲੀਂ
ਵੇ ਤੂੰ ਅੜਿਆ ਨਾ ਰਹੀਂ ਪਹਿਲਾਂ ਵਾਲੀ ਰੀਤ ’ਤੇ
ਦੀਵੇ ਉੱਥੇ ਵੇ ਤੂੰ ਬਾਲੀਂ ਜਿੱਥੇ ਵਸਦੇ ਗ਼ਰੀਬ ਨੇ
ਕੱਚਿਆਂ ਘਰਾਂ ’ਚ ਜਾ ਕੇ ਕਰੀਂ ਰੁਸ਼ਨਾਈਆਂ ਤੂੰ
ਕਾਮੇ ਭੁੱਖੇ ਢਿੱਡ ਸੌਂਦੇ ਜਿੱਥੇ ਵੰਡੀਂ ਮਠਿਆਈਆਂ ਤੂੰ
ਵੇ ਹੁੰਦੇ ਗ਼ਰੀਬ ਕਹਿੰਦੇ ਰੱਬ ਦੇ ਕਰੀਬ ਨੇ
ਦੀਵੇ ਉੱਥੇ ਵੇ ਤੂੰ ਬਾਲੀਂ…

ਪਾਟੇ ਹੋਏ ਲੀੜੇ ਜਿੱਥੇ ਪੈਰਾਂ ’ਚ ਬਿਆਈਆਂ ਨੇ
ਦੇਈਂ ਉਨ੍ਹਾਂ ਨੂੰ ਤੂੰ ਤੋਹਫ਼ੇ ਆਹੀ ਨੇਕ ਕਮਾਈਆਂ ਨੇ
ਵੇ ਸਦਾ ਕਰਨੇ ਤੋਂ ਦਾਨ ਫਲਦੇ ਨਸੀਬ ਨੇ
ਦੀਵੇ ਉੱਥੇ ਵੇ ਤੂੰ ਬਾਲੀਂ…

ਮਿੱਟੀ ਵਾਲੇ ਦੀਵੇ ਲੈ ਕੇ ਆਈਂ ਘੁਮਿਆਰ ਤੋਂ
ਦੇਖ ਮਿਹਨਤ ਦੇ ਨਾਲ ਨਿੱਤ ਪਾਲੇ ਪਰਿਵਾਰ ਜੋ
ਨਿੰਦੀ ਲਿਖ ਬੈਠਾ ਸਾਰੇ ਲਫ਼ਜ਼ ਅਜ਼ੀਜ਼ ਨੇ
ਦੀਵੇ ਉੱਥੇ ਵੇ ਤੂੰ ਬਾਲੀਂ…
ਸੰਪਰਕ: 99883-30410

ਗ਼ਜ਼ਲ

ਗੁਰਚਰਨ ਸਿੰਘ ਨੂਰਪੁਰ

ਕੁਰਸੀ ’ਤੇ ਬਹਿ ਕੇ ਸਾਡੀਆਂ, ਲਿਖਦਾ ਉਹ ਤਕਦੀਰਾਂ।
ਦਾਲ ਤੇ ਆਟਾ ਸਾਡੇ ਹਿੱਸੇ, ਆਪਣੇ ਹਿੱਸੇ ਖੀਰਾਂ।

ਦੇਸ਼ ਦੇ ਮਾਲਕ ਕਾਮੇ ਹੋ ਗਏ, ਉਹ ਬਣ ਬੈਠੇ ਮਾਲਕ,
ਰਾਂਝਿਆਂ ਹਿੱਸੇ ਕਾਸੇ ਆਏ, ਖੇੜਿਆਂ ਹਿੱਸੇ ਹੀਰਾਂ।

ਡਾਂਗਾਂ ਸੋਟੇ ਧਰਨੇ ਸਾਡੇ, ਹਿੱਸੇ ਉਨ੍ਹਾਂ ਲਿਖਤੇ,
ਆਪਣੇ ਹਿੱਸੇ ਏ ਸੀ ਬੰਗਲੇ, ਦੌਲਤ ਧਨ ਜਗੀਰਾਂ।

ਵੱਡੇ ਵੱਡੇ ਝੂਠ ਮਾਰ ਜੋ, ਬਣਦਾ ਲੋਕ ਹਿਤੈਸ਼ੀ,
ਉਹਦੇ ਹੱਕ ਕਿਉਂ ਪੰਜੀ ਸਾਲੀਂ, ਜਾਵਣ ਭੁਗਤ ਵਹੀਰਾਂ?

ਜਾਗਣਗੇ ਜਦ ਲੋਕ ਤਾਂ ਉਦੋਂ, ਆਉਣੀ ਨਵੀਂ ਸਵੇਰ,
ਸੁੱਤੇ ਰਹੇ ਤਾਂ ਖੁੱਸ ਜਾਣਾ ਹੈ, ਤਰਕਸ਼ ਵਿਚਲੇ ਤੀਰਾਂ।

ਕਿੰਨੀ ਕੁ ਦੱਸ ਹੋਰ ਤਰੱਕੀ, ਕਰਨੀ ਹੈ ਅਜੇ ਬਾਕੀ?
ਅੱਖਾਂ ਭਰਕੇ ਪੁੱਛਿਆ ਮੈਥੋਂ, ਮੈਲੇ ਹੋ ਗਏ ਨੀਰਾਂ।

ਨਰਮੇ ਅਤੇ ਕਪਾਹਾਂ ਇੱਥੇ, ਸਦੀਆਂ ਤੋਂ ਜੋ ਬੀਜਣ,
ਪੁੱਛਦੇ ਸਾਡੇ ਗਲੀਂ ਰਹਿਣੀਆਂ, ਕਿੰਨਾ ਕੁ ਚਿਰ ਲੀਰਾਂ?
ਸੰਪਰਕ: 98550-51099


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.