ਆਈਸੀਐੱਮਆਰ ਦੇ ਸੀਨੀਅਰ ਵਿਗਿਆਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ !    ਸਿਰਸਾ ਵਿੱਚ ਕਰੋਨਾ ਦੇ 28 ਨਵੇਂ ਕੇਸ ਸਾਹਮਣੇ ਆਉਣ ਨਾਲ ਦਹਿਸ਼ਤ !    ਕੇਜਰੀਵਾਲ ਵੱਲੋਂ ਦਿੱਲੀ ਦੀਆਂ ਹੱਦਾਂ ਸੀਲ ਕਰਨ ਦਾ ਐਲਾਨ !    ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

Posted On October - 7 - 2019

ਐੱਸ ਪੀ ਸਿੰਘ
ਹੁਣ ਵਾਲਾ ਲੁਧਿਆਣਾ ਤਾਂ ਬੜਾ ਵੱਡਾ ਹੈ, ਭੀੜ-ਭੜੱਕੇ ਵਾਲਾ ਤੇ ਰੌਲੇ-ਧੱਕੇ ਵਾਲਾ, ਪਰ ਮੇਰੇ ਸਕੂਲ ਦੇ ਦਿਨਾਂ ਵਿੱਚ ਸ਼ਹਿਰ ਵਿੱਚ ਅਜੇ ਠਹਿਰਾਓ ਸੀ। ਹੁਣ ਤਾਂ ਦਰਵਾਜ਼ਿਓਂ ਬਾਹਰ ਬੱਚਾ ਨਿਕਲ ਜਾਵੇ ਤਾਂ ਮਾਵਾਂ ਨੂੰ ਹੌਲ ਪੈ ਜਾਂਦੇ ਹਨ। ਉਦੋਂ ਅਸੀਂ ਇਕੱਲੇ ਹੀ ਨਿਕਲ ਪੈਂਦੇ ਜੇ ਸਾਈਕਲ ਹੱਥ ਆ ਜਾਂਦਾ। ਦਾਦਕੇ ਵੀ ਲੁਧਿਆਣੇ ਤੇ ਨਾਨਕੇ ਵੀ ਲੁਧਿਆਣੇ। ਸੁੱਖ ਨਾਲ ਸਾਰੇ ਪੱਕੇ ਸ਼ਹਿਰੀ। ਉੱਤੋਂ ਵੱਡੇ ਮਾਸੀ ਜੀ ਦਾ ਘਰ ਤਾਂ ਸਾਡੇ ਘਰ ਦੇ ਸਾਹਮਣੇ ਹੀ ਸੀ। ਦਿਨ ਭਰ ਮੇਰੀ ਮਾਂ ਨੇ ਆਪਣੀ ਭੈਣ ਨਾਲ ਗੱਲਾਂ ਕਰਨੀਆਂ। ਤਿੰਨ ਮੇਰੀਆਂ ਮਾਮੀਆਂ ਸਨ, ਅਤੇ ਜਾਂ ਉਨ੍ਹਾਂ ਵਿੱਚੋਂ ਕੋਈ ਸਾਡੇ ਘਰ ਹੁੰਦੀ ਜਾਂ ਮਾਂ ਮੇਰੀ ਆਪਣੇ ਕਿਸੇ ਭਰਾ ਦੇ ਘਰ। ਵੱਡੇ, ਵੱਡਿਆਂ ਵਾਲੀਆਂ ਗੱਲਾਂ ਕਰਦੇ ਸਨ ਪਰ ਮੈਂ ਛੋਟਾ ਧਿਆਨ ਨਾਲ ਸੁਣਦਾ। ਕਈ ਵਾਰੀ ਤਾਂ ਕਿਸੇ ਦੂਜੀ ਮਾਸੀ, ਮਾਮੀ ਜਾਂ ਉਨ੍ਹਾਂ ਦੇ ਧੀਆਂ-ਪੁੱਤਾਂ ਬਾਰੇ ਏਡੀ ਧਮਾਕਾਖੇਜ਼ ਸਮੱਗਰੀ ਸੁਣਨ ਨੂੰ ਮਿਲਦੀ ਕਿ ਸੋਚਦਾ ਜੇ ਕਿਸੇ ਦਿਨ ਉਨ੍ਹਾਂ ਨੂੰ ਸੁਣਾ ਦੇਵਾਂ ਤਾਂ ਪਟਾਕੇ ਪੈਣ ਰਿਸ਼ਤੇਦਾਰੀ ਵਿੱਚ! ਪਰ ਕੀ ਕਰਦਾ? ਹੱਥ ਜੋ ਬੱਧੇ ਸਨ। ਉੱਠਣ ਲੱਗਿਆਂ ਮੇਰੀ ਮਾਂ, ਮਾਮੀ ਜਾਂ ਮਾਸੀ ਤਾਕੀਦ ਕਰ ਦਿੰਦੇ ਕਿ ‘‘ਕਾਕਾ ਘਰ ਦੀ ਗੱਲ ਹੈ, ਬਾਹਰ ਨਹੀਂ ਕਰਨੀ।’’ ਬੱਸ, ਮਾਮਲਾ ਅੰਦਰੂਨੀ ਹੋ ਜਾਂਦਾ।
ਕਿਸੇ ਮਸਲੇ ਦੇ ਅੰਦਰੂਨੀ ਹੋ ਜਾਣ ਦੀ ਤਾਕੀਦ ਉਹਦੇ ਬਾਰੇ ਜੱਗ-ਜ਼ਾਹਰਾ ਗੱਲਬਾਤ ਨੂੰ ਅਸੰਭਵ ਬਣਾ ਦਿੰਦੀ ਹੈ, ਪਰ ਜੇ ਗੱਲ ਕੁੱਲ ਜਹਾਨ ਕਰਨ ਲੱਗ ਜਾਵੇ ਤਾਂ ਕਾਹਦੀ ਘਰ ਦੀ ਗੱਲ ਰਹੀ? ਫਿਰ ਜਾਂ ਜੱਗ-ਰਸਾਈ ਕਰਨੀ ਪੈਂਦੀ ਹੈ ਜਾਂ ਜੱਗ-ਹਸਾਈ ਸਹਿਣੀ ਪੈਂਦੀ ਹੈ। ਅਸਾਂ ਦਹਾਕਿਆਂ ਤੋਂ ਕਸ਼ਮੀਰ ਦੇ ਸਾਡਾ ਅੰਦਰੂਨੀ ਮਸਲਾ ਹੋਣ ਬਾਰੇ ਇੱਕ ਠੋਸ ਬਿਆਨੀਆ ਤਾਮੀਰ ਕੀਤਾ ਹੋਇਆ ਸੀ। ਜੇ ਕਦੀ ਇਹ ਮਸਲਾ ਕੋਈ ਕਿਸੇ ਅੰਤਰਰਾਸ਼ਟਰੀ ਮੰਚ ਜਾਂ ਬਹੁਰਾਸ਼ਟਰੀ ਸੰਗਠਨ ਦੇ ਅਖਾੜੇ ਵਿੱਚ ਉਠਾਉਂਦਾ ਤਾਂ ਅਸੀਂ ਟੋਕ ਦਿੰਦੇ, ਠੋਕ ਕੇ ਕਹਿੰਦੇ ਕਿ ਸਾਡਾ ਅੰਦਰੂਨੀ ਮਸਲਾ ਹੈ। ਘਰ ਦੀ ਗੱਲ ਬਾਹਰ ਕੋਈ ਹੋਰ ਕਿਉਂ ਕਰੇ?
ਕੋਈ ਦੋ ਮਹੀਨੇ ਪਹਿਲਾਂ ਸਰਕਾਰ ਨੇ ਸਾਨੂੰ ਦੱਸਿਆ ਕਿ ਉਸ ਨੇ ਕਸ਼ਮੀਰ ਮਸਲੇ ਦਾ ਸਦੀਵੀ ਹੱਲ ਕਰ ਦਿੱਤਾ ਹੈ। ਹੁਣ ਇਹ ਧਰਤੀ ਉਤਲਾ ਸਵਰਗ ਏਨਾ ਸਾਡਾ ਹੋ ਗਿਆ ਹੈ ਕਿ ਕਹਿਣ ਦੀ ਲੋੜ ਹੀ ਨਹੀਂ ਰਹਿ ਗਈ ਕਿ ਭਾਰਤ ਦਾ ਅਨਿੱਖੜਵਾਂ ਅੰਗ ਹੈ। ਤੁਸਾਂ ਕਦੀ ਆਪਣੇ ਨੇਤਾ ਦੇ ਮੂੰਹੋਂ ਇਹ ਨਹੀਂ ਸੁਣਿਆ ਕਿ ਮੱਧ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ। ਇਹ ਸੁਰਖ਼ੀ ਨਹੀਂ ਪੜ੍ਹੀ ਕਿ ਮੁੰਬਈ ਭਾਰਤ ਦਾ ਅਨਿੱਖੜਵਾਂ ਅੰਗ ਹੈ। ਕਸ਼ਮੀਰ ਨੂੰ ਇਸ ਕਦਰ ਅੰਦਰੂਨੀ ਕਰਨ ਲਈ ਸਰਕਾਰ ਨੇ ਬੜਾ ਤਰੱਦਦ ਕੀਤਾ ਹੈ। ਜਿੱਥੇ ਪਹਿਲਾਂ ਹੀ ਬਹੁਤ ਸਾਰੀ ਫ਼ੌਜ ਸੀ, ਉੱਥੇ ਹੋਰ ਫ਼ੌਜ ਭੇਜ ਦਿੱਤੀ। ਜਿੱਥੇ ਪਹਿਲੋਂ ਹੀ ਨਿੱਤ ਹੜਤਾਲਾਂ ਤੇ ਬੰਦ ਹੁੰਦੇ ਸਨ, ਉੱਥੇ ਪੂਰੀ ਵਾਦੀ ਵਿੱਚ ਸਰਕਾਰੀ ਹੜਤਾਲ ਲਾਗੂ ਕਰ ਦਿੱਤੀ। ਪਹਿਲੋਂ ਉਹ ਧਿਰ ਕਹਿੰਦੀ ਸੀ ਜੇ ਕਹਿਣਾ ਨਾ ਮੰਨਿਆ ਤਾਂ ਗੋਲੀ ਆ ਸਕਦੀ ਹੈ। ਹੁਣ ਸਰਕਾਰੀ ਧਿਰ ਇਹੋ ਕਹਿੰਦੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਜਦੋਂ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਕਸ਼ਮੀਰ ਮਸਲੇ ਨੂੰ ਆਜ਼ਾਦੀ ਤੋਂ ਕੁਝ ਹੀ ਮਹੀਨਿਆਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਲੈ ਗਏ ਸਨ ਤਾਂ ਉਹ ਵੱਡੀ ਗ਼ਲਤੀ ਸੀ। ਕਈ ਦਹਾਕਿਆਂ ਤੱਕ ਕਸ਼ਮੀਰ ਠੰਢੇ ਬਸਤੇ ਵਿੱਚ ਪਿਆ ਰਿਹਾ। ਦੋਹਾਂ ਦੇਸ਼ਾਂ ਨੇ ਯੁੱਧ ਵੀ ਲੜੇ, ਦੁਵੱਲੀ ਬੱਝਵੀਂ ਗੱਲਬਾਤ ਦਾ ਸਿਲਸਿਲਾ ਵੀ ਚਲਾਇਆ, ਤਾਅਨੇ-ਮਿਹਣੇ ਵੀ ਦਿੰਦੇ ਰਹੇ ਅਤੇ ਦੁਵੱਲਾ ਕਾਰੋਬਾਰ ਵਧਾਉਣ ਦੀਆਂ ਗੱਲਾਂ ਵੀ ਕਰਦੇ ਰਹੇ। ਕਦੀ ਕਦੀ ਜਾਪਿਆ ਮੁਲਕ ਕਿਸੇ ਹੱਲ ਦੇ ਨੇੜੇ ਢੁੱਕ ਗਏ ਹਨ, ਪਰ ਫਿਰ ਕੋਈ ਗਰਮ ਹਵਾ ਚੱਲਦੀ ਤੇ ਰਿਸ਼ਤਿਆਂ ਵਿੱਚ ਸੀਤ ਰੁੱਤ ਆ ਜਾਂਦੀ।
ਪਰ ਸਰਕਾਰੀ ਬਿਆਨੀਆ ਮੇਰੀ ਮਾਂ, ਮਾਮੀ, ਮਾਸੀ ਵਾਲੀ ਲਕੀਰ ਤੋਂ ਕਦੀ ਨਾ ਥਿੜਕਿਆ – ਮਸਲਾ ਅੰਦਰੂਨੀ ਹੈ, ਕਿਸੇ ਦੀ ਸਾਲਸੀ ਮਨਜ਼ੂਰ ਨਹੀਂ, ਅਸਾਂ ਗੱਲ ਹੀ ਨਹੀਂ ਕਰਨੀ ਬਾਹਰ, ਸਾਡੀ ਘਰ ਦੀ ਗੱਲ ਹੈ।
ਫਿਰ ਪੰਜ ਅਗਸਤ ਨੂੰ ਕਸ਼ਮੀਰ ਨੂੰ ਪੂਰਨ ਰੂਪ ਵਿੱਚ ਅੰਦਰੂਨੀ ਕਰ ਦਿੱਤਾ ਗਿਆ। 80 ਲੱਖ ਲੋਕ ਆਪਣੇ ਘਰਾਂ ਦੇ ਅੰਦਰੂਨ ਵਿੱਚ ਸਿਮਟ ਕੇ ਰਹਿ ਗਏ। ਬਾਹਰੋਂ ਕੋਈ ਅੰਦਰ ਨਾ ਜਾ ਸਕੇ, ਅੰਦਰੋਂ ਕੋਈ ਬਾਹਰ ਨਾ ਆ ਸਕੇ। ਅੰਦਰ ਵਾਲਾ ਵੀ ਅੰਦਰ ਨਾ ਘੁੰਮ ਸਕੇ, ਬੱਸ ਡੱਕਿਆ ਰਹੇ। ਦੋ ਮਹੀਨਿਆਂ ਬਾਅਦ ਸਰਕਾਰ ਨੂੰ ਅਜੇ ਨਹੀਂ ਲੱਗਦਾ ਕਿ ਏਨਾ ਅਨਿੱਖੜਵਾਂ ਹੋ ਗਿਆ ਹੈ ਕਿ ਕਿਤੇ ਭੱਜ ਕੇ ਨਹੀਂ ਚੱਲਿਆ ਭਾਵੇਂ ਖੋਲ੍ਹ ਦਿਓ, ਪਰ ਮਸਲਾ ਕਿੰਨਾ ਕੁ ਅੰਦਰੂਨੀ ਰਹਿ ਗਿਆ ਹੈ?
ਦੇਸ਼ ਦੇ ਮੀਡੀਆ ਉੱਤੇ ਸਰਕਾਰ ਦਾ ਇੱਕ ਦਬਾਅ ਹੈ ਅਤੇ ਇਸ ਨਾਲ ਕਸ਼ਮੀਰ ਦੇ ਭਾਰਤ ਦਾ ਅੰਦਰੂਨੀ ਮਸਲਾ ਹੋਣ ਬਾਰੇ ਇੱਕ ਬਿਆਨੀਆ ਸਿਰਜਿਆ ਜਾ ਸਕਦਾ ਹੈ, ਪਰ ਦੁਨੀਆ ਸਿਰਫ਼ ਭਾਰਤੀ ਅਖ਼ਬਾਰ ਪੜ੍ਹਨ ਜਾਂ ਕੁਰਸੀ ਤੋਂ ਉੱਛਲਦੇ ‘‘ਦੇਸ਼ ਜਵਾਬ ਮੰਗਦਾ ਹੈ’’ ਚੀਕਦੇ ਟੀਵੀ ਐਂਕਰ ਵੇਖਣ ਦੀ ਹਾਲੇ ਪਾਬੰਦ ਨਹੀਂ ਹੋਈ, ਅਜੇ ਅਸੀਂ ਏਡੇ ਵੱਡੇ ਵਿਸ਼ਵ ਗੁਰੂ ਨਹੀਂ ਬਣੇ। ਅੰਤਰਰਾਸ਼ਟਰੀ ਸਮਝ-ਤਰਾਸ਼ੀ ਅਤੇ ਵਿਚਾਰਸਾਜ਼ੀ ਵਿੱਚ ਦੀ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਗਾਰਡੀਅਨ, ਬੀਬੀਸੀ, ਵਾਲ ਸਟ੍ਰੀਟ ਜਰਨਲ, ਲਾਸ ਏਂਜਲਸ ਟਾਈਮਜ਼, ਹਾਫਿੰਗਟਨ ਪੋਸਟ, ਟਾਈਮ ਮੈਗਜ਼ੀਨ, ਇਕੌਨੋਮਿਸਟ, ਐਸੋਸੀਏਟਿਡ ਪ੍ਰੈੱਸ, ਰਾਇਟਰਜ਼ ਆਦਿ ਬਹੁਤ ਵੱਡਾ ਰੋਲ ਨਿਭਾਉਂਦੇ ਹਨ। ਜੇ ਇਹ ਸਭ ਕਸ਼ਮੀਰ ਬਾਰੇ ਗੱਲ ਕਰ ਰਹੇ ਹਨ ਤਾਂ ਫਿਰ ਧਾਰਾ 370 ਹਟਾ, ਵਿਸ਼ੇਸ਼ ਦਰਜਾ ਖੋਹ ਅਸਾਂ ਕਸ਼ਮੀਰ ਦਾ ਮਸਲਾ ਪਹਿਲਾਂ ਨਾਲੋਂ ਵਧੇਰੇ ਅੰਦਰੂਨੀ ਕੀਤਾ ਹੈ ਜਾਂ ਅੰਤਰਰਾਸ਼ਟਰੀ? ਮੇਰੇ ਵਿਦੇਸ਼ੀ ਮਿੱਤਰਾਂ ਵਿੱਚੋਂ ਜਿਹੜੇ ਪਹਿਲਾਂ ਭਾਰਤੀ ਫਿਲਮਾਂ ਬਾਰੇ ਜਾਂ ਆਈ.ਟੀ. ਦੇ ਖੇਤਰ ਵਿੱਚ ਸਾਡੀ ਤਾਕਤ ਅਤੇ ਮੁਹਾਰਤ ਬਾਰੇ ਗੱਲਾਂ ਕਰਦੇ ਸਨ, ਹੁਣ ਕਸ਼ਮੀਰ ਬਾਰੇ ਹੀ ਗੱਲਾਂ ਕਰਦੇ ਹਨ। ਉਨ੍ਹਾਂ ਦਾ ਕੀ ਕਸੂਰ, ਜਦੋਂ ਪੂਰੀ ਦੁਨੀਆਂ ਹੀ ਕਸ਼ਮੀਰ ਬਾਰੇ ਗੱਲ ਕਰ ਰਹੀ ਹੈ?
ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ, ਸੁਰੱਖਿਆ ਪ੍ਰੀਸ਼ਦ (UNSC) ਨੇ ਅਗਸਤ ਮਹੀਨੇ ਹੀ ਕਸ਼ਮੀਰ ਮਸਲੇ ਅਤੇ 5 ਅਗਸਤ ਦੇ ਮੋਦੀ ਸਰਕਾਰ ਦੇ ਫ਼ੈਸਲੇ ਬਾਰੇ ਇੱਕ ਗੈਰ-ਰਸਮੀ ਕਮਰਾ-ਬੰਦ ਮੀਟਿੰਗ ਕੀਤੀ। ਇਹ ਮੀਟਿੰਗ ਚੀਨ ਦੇ ਜ਼ੋਰ ਦੇਣ ਉੱਤੇ ਕੀਤੀ ਗਈ। ਜੈਨੇਵਾ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ (UNHCR) ਵਿੱਚ ਕਸ਼ਮੀਰ ਦੀ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਹਾਓਡੀ ਮੋਦੀ ਰੈਲੀ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹੁੰਚਿਆ ਤਾਂ ਜ਼ਾਹਿਰ ਸੀ ਕਿ ਵਿਸ਼ਵ ਭਰ ਦੇ ਮੀਡੀਆ ਨੇ ਆਪਣੇ-ਆਪਣੇ ਮੁਲਕ ਵਿੱਚ ਲੋਕਾਂ ਨੂੰ ਸਮਝਾਉਣਾ ਸੀ ਕਿ ਇਹ ਏਨਾ ਵੱਡਾ ਨੇਤਾ ਕੌਣ ਹੈ ਜਿਸ ਦੇ ਖੱਬੇ ਹੱਥ ਖੜ੍ਹ ਟਰੰਪ ਨੂੰ ਤਾੜੀਆਂ ਵਜਾਉਣ ਦਾ ਕੰਮ ਮਿਲਿਆ ਹੈ। ਸੋ ਇਹ ਸਾਰਾ ਮੀਡੀਆ ਸਮਝਾ ਰਿਹਾ ਸੀ ਕਿ ਇਹ ਨਰਿੰਦਰ ਮੋਦੀ ਹਨ, ਐਟਮੀ ਸ਼ਕਤੀ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਬੜੇ ਹਰਮਨ ਪਿਆਰੇ ਹਨ, ਹੁਣੇ ਹੁਣੇ ਕਸ਼ਮੀਰ ਨੂੰ ਅੰਦਰੂਨੀ ਕਰਕੇ ਆਏ ਹਨ, ਇਸੇ ਲਈ ਗੁਆਂਢੀ ਪਾਕਿਸਤਾਨ ਨਾਲ ਪੰਗਾ ਪੈ ਗਿਆ ਹੈ ਅਤੇ ਗੁਆਂਢੀ ਵੀ ਐਟਮੀ ਸ਼ਕਤੀ ਹੈ।
ਬ੍ਰਿਟੇਨ ਦੀ ਪ੍ਰਮੁੱਖ ਰਾਜਸੀ ਪਾਰਟੀ, ਲੇਬਰ ਪਾਰਟੀ ਨੇ ਕਸ਼ਮੀਰ ਬਾਰੇ ਇੱਕ ਮਤਾ ਪਾਸ ਕੀਤਾ ਹੈ ਜਿਹੜਾ ਸਾਡੇ ਹਰਮਨ ਪਿਆਰੇ ਨੇਤਾ ਪਿੱਛੇ ਲੱਗੀ ਭੀੜ ਨੂੰ ਚੰਗਾ ਨਹੀਂ ਲੱਗੇਗਾ। ਤੁਰਕੀ ਨੇ ਵਿਸ਼ਵ ਮੰਚ ਉੱਤੇ ਕਸ਼ਮੀਰ ਦੇ ਅੰਦਰੂਨੀ ਮਸਲਾ ਹੋਣ ਨੂੰ ਚੁਣੌਤੀ ਦਿੱਤੀ ਹੈ। ਮਲੇਸ਼ੀਆ ਨੇ ਜਨਤਕ ਤੌਰ ਉੱਤੇ ਭਾਰਤ ਨੂੰ ਕਸ਼ਮੀਰ ਉੱਤੇ ਧਾੜਵੀ ਕਿਹਾ ਹੈ। ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋਆਪ੍ਰੇਸ਼ਨ (OIC) ਨੇ ਧਾਰਾ 370 ਅਤੇ ਧਾਰਾ 35-ਏ ਬਾਰੇ ਲਏ ਫ਼ੈਸਲੇ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।
ਭਾਰਤੀ ਮੀਡੀਆ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਵਿੱਚ ਦਿੱਤੀ ਤਕਰੀਰ ਨੂੰ ਭਾਵੇਂ ਸੌ ਵਾਰੀ ਫਲਾਪ ਸ਼ੋਅ ਕਹੇ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਅੰਤਰਰਾਸ਼ਟਰੀ ਮੰਚ ਤੋਂ ਬੋਲਣ ਵਾਲੇ ਨੂੰ ਦੁਨੀਆਂ ਧਿਆਨ ਨਾਲ ਸੁਣਦੀ ਹੈ। ਫਿਰ ਇਹ ਤਾਂ ਇੱਕ ਐਟਮੀ ਸ਼ਕਤੀ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਸੀ, ਕਸ਼ਮੀਰ ਅਤੇ ਕਿਸੇ ਸੰਭਾਵੀ ਐਟਮੀ ਯੁੱਧ ਵਿਚਲੇ ਸਮੀਕਰਨ ਤੋਲ ਰਿਹਾ ਸੀ।
ਬੋਲੇ ਤਾਂ ਇਸ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਨ। ਉਨ੍ਹਾਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ। ਕੁਝ ਮਹਾਤਮਾ ਗਾਂਧੀ ਬਾਰੇ, ਸਵੱਛ ਭਾਰਤ ਮਿਸ਼ਨ ਬਾਰੇ, 50 ਕਰੋੜ ਲੋਕਾਂ ਲਈ ਸਿਹਤ ਬੀਮੇ ਬਾਰੇ, ਸਵਾ ਲੱਖ ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਬਣਾਉਣ ਬਾਰੇ, ਸਾਡੀ ਹਜ਼ਾਰਾਂ ਸਾਲਾਂ ਦੀ ਸੱਭਿਅਤਾ ਬਾਰੇ। ਪਰ ਜਦੋਂ ਅੰਤਰਰਾਸ਼ਟਰੀ ਮੀਡੀਆ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਭਾਸ਼ਣ ਬਾਰੇ ਦੱਸਿਆ ਤਾਂ ਸਭ ਤੋਂ ਪਹਿਲਾਂ ਇਹੀ ਦੱਸਿਆ ਕਿ ਉਨ੍ਹਾਂ ਕਸ਼ਮੀਰ ਬਾਰੇ ਕੋਈ ਗੱਲ ਨਹੀਂ ਕੀਤੀ, ਨਾ ਹੀ ਪਾਕਿਸਤਾਨ ਬਾਰੇ ਕੋਈ ਗੱਲ ਕੀਤੀ। ਫਿਰ ਸਮਝਾਇਆ ਕਿ ਕਸ਼ਮੀਰ ਜਾਂ ਪਾਕਿਸਤਾਨ ਦਾ ਜ਼ਿਕਰ ਨਾ ਹੋਣ ਦੀ ਕੀ ਮਹੱਤਤਾ ਹੈ। ਸਾਰੀ ਅੰਦਰੂਨੀ ਗੱਲ ਦੀਆਂ ਤਹਿਆਂ ਖੋਲ੍ਹ-ਖੋਲ੍ਹ ਸਮਝਾਈਆਂ।
ਇਮਰਾਨ ਖਾਨ ਨੇ ਸੀਐੱਨਐੱਨ ਇੰਟਰਨੈਸ਼ਨਲ ਦੀ ਕ੍ਰਿਸਟੀਆਨ ਆਮਨਪੋਰ ਨੂੰ ਇੰਟਰਵਿਊ ਦਿੱਤੀ। ਨਿਊਯਾਰਕ ਟਾਈਮਜ਼ ਨੇ ਇਮਰਾਨ ਖਾਨ ਦਾ ਕਸ਼ਮੀਰ ਮਸਲੇ ਬਾਰੇ ਇੱਕ ਵੱਡਾ ਸਾਰਾ ਲੇਖ ਛਾਪਿਆ। ਜਵਾਬ ਵਿੱਚ ਅਮਰੀਕਾ ਵਿੱਚ ਭਾਰਤੀ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ਨੇ ਉਸੇ ਅਖ਼ਬਾਰ ਵਿੱਚ ਇਮਰਾਨ ਖ਼ਾਨ ਅਤੇ ਪਾਕਿਸਤਾਨ ਨੂੰ ਭੰਡਦਾ ਲੇਖ ਲਿਖਿਆ। ਅਮਰੀਕਾ ਵਿੱਚ ਆਪਣੇ ਮੁਕਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੱਖ ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਵੱਖਰੀਆਂ ਗ਼ੈਰਰਸਮੀ ਮੁਲਾਕਾਤਾਂ ਕੀਤੀਆਂ। ਨਰਿੰਦਰ ਮੋਦੀ ਨੇ ਜਾਰਡਨ ਦੇ ਰਾਜਾ, ਇਟਲੀ, ਨਾਰਵੇ, ਸਿੰਗਾਪੁਰ, ਆਈਸਲੈਂਡ ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਕੋਲੰਬੀਆ, ਦੱਖਣੀ ਕੋਰੀਆ, ਚਿੱਲੀ ਅਤੇ ਕੀਨੀਆ ਦੇ ਰਾਸ਼ਟਰਪਤੀਆਂ ਨਾਲ ਅਜਿਹੀਆਂ ਮੁਲਾਕਾਤਾਂ ਕੀਤੀਆਂ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੰਨਿਆ ਹੈ ਕਿ ਇਨ੍ਹਾਂ ਕਈ ਮੁਲਾਕਾਤਾਂ ਵਿੱਚ ਕਸ਼ਮੀਰ ਦਾ ਮਸਲਾ ਵਿਚਾਰ-ਗੋਚਰੇ ਆਇਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 42 ਵਿਦੇਸ਼ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ।
ਇਸ ਸਭ ਦੇ ਦੌਰਾਨ ਨਿਊਯਾਰਕ ਟਾਈਮਜ਼ ਅਤੇ ਹੋਰ ਵੱਡੇ ਅਖ਼ਬਾਰਾਂ ਵਿੱਚ ਕਸ਼ਮੀਰ ਉੱਤੇ ਰਿਪੋਰਟਾਂ ਹੀ ਨਹੀਂ, ਸੰਪਾਦਕੀ ਵੀ ਛਪਦੇ ਰਹੇ ਹਨ। ਦੁਨੀਆਂ ਕਸ਼ਮੀਰ ਬਾਰੇ ਗੱਲ ਕਰਦੀ ਰਹੀ, ਪਰ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਸਰਕਾਰ ਨੇ ਕਸ਼ਮੀਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਪਰ ਨਿਊਯਾਰਕ ਟਾਈਮਜ਼ ਦਾ ਫ਼ੋਟੋਗ੍ਰਾਫ਼ਰ ਅਤੁਲ ਲੋਕੇ ਅਗਸਤ ਅਤੇ ਸਤੰਬਰ ਮਹੀਨੇ ਦੋ ਵਾਰੀ ਕਸ਼ਮੀਰ ਜਾ ਆਇਆ। ਉਸ ਨੇ ਕੁੱਲ ਚਾਰ ਹਫ਼ਤੇ ਕਸ਼ਮੀਰ ਵਿੱਚ ਗੁਜ਼ਾਰੇ ਅਤੇ ਸੈਂਕੜੇ ਫੋਟੋਆਂ ਖਿੱਚੀਆਂ ਜਿਨ੍ਹਾਂ ਵਿੱਚੋਂ ਕੁਝ ਦਿਲ ਹਿਲਾ ਦੇਣ ਵਾਲੀਆਂ ਫੋਟੋਆਂ ਅੰਤਰਰਾਸ਼ਟਰੀ ਮੰਚ ਉੱਤੇ ਵੱਡਾ ਅਸਰ ਰੱਖਣ ਵਾਲੀ ਇਸ ਅਖ਼ਬਾਰ ਨੇ 1 ਅਕਤੂਬਰ 2019 ਦੇ ਐਡੀਸ਼ਨ ਵਿੱਚ ‘In Kashmir, Anger and Fear Amid Chaos’ ਦੇ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਛਾਪੀਆਂ।
ਜੇ ਅੰਤਰਰਾਸ਼ਟਰੀ ਮੀਡੀਆ ਦੀ ਇਸ ਕਰਤੂਤ ’ਤੇ ਬੜਾ ਗੁੱਸਾ ਆ ਰਿਹਾ ਹੋਵੇ ਤਾਂ ਇਹ ਜਾਣ ਲੈਣਾ ਕਿ ਸਾਡੇ ਪ੍ਰਧਾਨ ਮੰਤਰੀ ਇਸ ਅਖ਼ਬਾਰ ਨੂੰ ਕਿੰਨੀ ਮਹੱਤਤਾ ਦਿੰਦੇ ਹਨ। ਇਸੇ ਲਈ ਉਨ੍ਹਾਂ ਨੇ ਅਗਲੇ ਹੀ ਦਿਨ ਗਾਂਧੀ ਜੈਅੰਤੀ ਮੌਕੇ ਖ਼ਾਸ ਇਸੇ ਅਖ਼ਬਾਰ ਨੂੰ ਆਪਣਾ ਇੱਕ ਵਿਸ਼ੇਸ਼ ਲੇਖ ਸ਼ਾਇਆ ਕਰਨ ਲਈ ਚੁਣਿਆ।
ਅੰਤਰਰਾਸ਼ਟਰੀ ਮੀਡੀਆ ਵਿੱਚ ਰੋਜ਼ ਰੋਜ਼ ਕਸ਼ਮੀਰ ਦੇ ਜ਼ਿਕਰ ਬਾਰੇ ਪੜ੍ਹ ਇਹ ਤੱਥ ਵੀ ਤਾਂ ਮੁੜ ਚਰਚਾ ਵਿੱਚ ਹੈ ਕਿ ਕਸ਼ਮੀਰ ਦਾ ਕੁਝ ਹਿੱਸਾ ਜੇ ਪਾਕਿਸਤਾਨ ਕੋਲ ਹੈ ਤਾਂ 20 ਪ੍ਰਤੀਸ਼ਤ ਹਿੱਸਾ ਚੀਨ ਕੋਲ ਵੀ ਤਾਂ ਹੈ। ਜੇ 1972 ਵਾਲੇ ਸ਼ਿਮਲਾ ਸਮਝੌਤੇ ’ਤੇ ਪਾਕਿਸਤਾਨ ਪੂਰਾ ਨਹੀਂ ਉਤਰ ਰਿਹਾ ਤਾਂ 1914 ਵਾਲੇ ਚੀਨ-ਤਿੱਬਤ-ਭਾਰਤ ਵਾਲੇ ਸ਼ਿਮਲਾ ਸਮਝੌਤੇ ਤੋਂ ਚੀਨ ਵੀ ਤਾਂ ਮੁਨਕਰ ਹੈ, ਇਸੇ ਲਈ ਲੱਦਾਖ ਨੂੰ ਆਪਣਾ ਅਨਿੱਖੜਵਾਂ ਅੰਗ ਦੱਸਦਾ ਹੈ।
ਜਦੋਂ ਅਜੇ ਪ੍ਰਧਾਨ ਮੰਤਰੀ ਅਮਰੀਕਾ ਵਿੱਚ ਹੀ ਸਨ ਤਾਂ ਇੱਕ ਨਵਾਂ ਗੁਲ ਖਿੜਿਆ। ਅਮਰੀਕੀ ਸੈਨੇਟ ਦੀ ਵਿਦੇਸ਼ ਰਿਸ਼ਤਿਆਂ ਬਾਰੇ ਕਮੇਟੀ ਨੇ ਭਾਰਤ ਦਾ ਦੌਰਾ ਕਰਨ ਬਾਅਦ ਆਪਣੀ ਰਿਪੋਰਟ ਸੈਨੇਟ ਨੂੰ ਸੌਂਪੀ ਜਿਸ ਵਿੱਚ ਕਸ਼ਮੀਰ ਦੇ ਮਸਲੇ ਉੱਤੇ ਭਾਰੀ ਚਿੰਤਾ ਪ੍ਰਗਟਾਈ, ਭਾਰਤ ਨੂੰ ਕਸ਼ਮੀਰ ਖੋਲ੍ਹਣ ਲਈ ਕਿਹਾ ਅਤੇ ਨਾਜਾਇਜ਼ ਗ੍ਰਿਫ਼ਤਾਰ ਕੀਤਿਆਂ ਨੂੰ ਰਿਹਾਅ ਕਰਨ ਦੀ ਤਾਕੀਦ ਕੀਤੀ। ਸਾਡੇ ਦੇਸ਼ ਤੋਂ ਗਏ ਦੇਸ਼-ਭਗਤੀ ਦੀ ਭਾਵਨਾ ਨਾਲ ਓਤ-ਪ੍ਰੋਤ ਪੱਤਰਕਾਰਾਂ ਦੀ ਟੋਲੀ ਇਸ ਸਾਰੇ ਅੰਤਰਰਾਸ਼ਟਰੀ ਬਿਆਨੀਏ ਨੂੰ ਕਿੰਨਾ ਕੁ ਨਕਾਰ ਸਕਦੀ ਹੈ?
5 ਅਗਸਤ ਤੋਂ ਬਾਅਦ ਕਸ਼ਮੀਰ ਕਿੰਨਾ ਅੰਦਰੂਨੀ ਅਤੇ ਕਿੰਨਾ ਅੰਤਰਰਾਸ਼ਟਰੀ ਮਸਲਾ ਹੋ ਗਿਆ ਹੈ, ਇਹ ਹੁਣ ਤੱਥਾਂ ਤੋਂ ਵਧੇਰੇ ਤੁਹਾਡੇ ਵਿਵੇਕ ’ਤੇ ਨਿਰਭਰ ਹੈ।

ਐੱਸ ਪੀ ਸਿੰਘ

ਜੇ ਕਸ਼ਮੀਰ ਅਜੇ ਵੀ ‘‘ਅੰਦਰੂਨੀ ਮਸਲਾ’’ ਹੀ ਹੈ ਤਾਂ ਮਾਂ, ਮਾਸੀ, ਮਾਮੀ ਦੀ ਕਿਸੇ ਕਿੱਸੇ ਦੇ ‘‘ਘਰ ਦੀ ਗੱਲ’’ ਹੋਣ ਬਾਰੇ ਕੀਤੀ ਤਾਕੀਦ ਦੇ ਮਾਅਨੇ ਵੀ ਬਦਲ ਗਏ ਹੋਣਗੇ? ਮੈਂ ਤਾਂ ਅਜੇ ਵੀ ਮਾਂ ਦੀ ਤਾਕੀਦ ਦਾ ਬੱਧਾ ਹਾਂ, ਧਮਾਕਾਖੇਜ਼ ਸਮੱਗਰੀ ਰਿਸ਼ਤੇਦਾਰਾਂ ਨੂੰ ਸਪਲਾਈ ਕਰਨ ਦਾ ਕੋਈ ਇਰਾਦਾ ਨਹੀਂ, ਪਰ ਦੋ ਮਹੀਨਿਆਂ ਲੰਮੀ ਸਾਡੀ ਸਾਂਝੀ ਚੁੱਪ ਵੇਖ ਸੋਚ ਰਿਹਾ ਹਾਂ ਕਿ ਕੀ ਪੂਰਾ ਮੁਲਕ ਹੀ ਮੇਰੇ ਬਚਪਨ ਦੇ ਸ਼ਹਿਰ ਵਾਂਗ ਬਦਲ ਗਿਆ ਹੈ? ਉਨ੍ਹਾਂ ਠਹਿਰਾਓ ਵਾਲੇ ਸਮਿਆਂ ਵਿਚ ਛੋਟੇ ਹੁੰਦਿਆਂ ਜੇ ਬਾਪੂ ਨੇ ਥੋੜ੍ਹਾ ਕੁਵੇਲਾ ਕਰਨਾ ਤਾਂ ਅਸੀਂ ਵਾਰ-ਵਾਰ ਗਲੀ ਦੇ ਮੋੜ ਤੱਕ ਦੇਖ ਕੇ ਆਉਣਾ ਕਿ ਸ਼ਾਇਦ ਸਾਈਕਲ ’ਤੇ ਆਉਂਦਾ ਬਾਪੂ ਦੂਰੋਂ ਦਿਸ ਜਾਵੇ। ਹੁਣ ਤਾਂ ਉਹ ਸਾਡੇ ਅਨਿੱਖੜਵੇਂ ਹੋ ਗਏ ਹਨ, ਵਿਸ਼ੇਸ਼ ਦਰਜਾ ਵਾਲੇ ਵੀ ਨਹੀਂ ਰਹੇ, ਆਮ ਹੋ ਗਏ ਹਨ। ਘਰ ਦੀ ਗੱਲ ਹੈ, ਮਾਮਲਾ ਅੰਦਰੂਨੀ ਹੈ। ਦੋ ਮਹੀਨੇ ਲੰਘ ਗਏ ਹਨ। ਦੁਨੀਆਂ ਉਨ੍ਹਾਂ ਦਾ ਹਾਲ ਪੁੱਛ ਰਹੀ ਹੈ। ਤੁਹਾਨੂੰ ਵਿਹਲ ਨਹੀਂ ਮਿਲੀ ਜਾਂ ਦਿਲ ਦਿਮਾਗ਼ ਦੇ ਅੰਦਰ ਦਾ ਕੋਈ ਸ਼ਹਿਰ ਬਦਲ ਗਿਆ ਹੈ? ਸੱਚੀ ਗੱਲ ਹੀ ਸੁਣ ਲਵੋ – ਕਸ਼ਮੀਰ ਹੁਣ ਅੰਦਰੂਨੀ ਮਸਲਾ ਨਹੀਂ ਹੈ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਬਾਹਰੀ, ਅੰਦਰੂਨੀ ਮਸਲਿਆਂ ਵਿੱਚ ਟਪਲ਼ੇ ਖਾਂਦਾ ਘਰ ਦੀ ਗੱਲ ਬਾਹਰ ਅਤੇ ਬਾਹਰ ਦੀ ਘਰ ਕਰਦਾ ਰਹਿੰਦਾ ਹੈ।)


Comments Off on ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.