ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਕਸ਼ਮੀਰ ’ਚ ਪੋਸਟ-ਪੇਡ ਮੋਬਾਈਲ ਸੇਵਾ ਅੱਜ ਤੋਂ ਚੱਲਣ ਦੇ ਆਸਾਰ

Posted On October - 12 - 2019

ਸ੍ਰੀਨਗਰ, 11 ਅਕਤੂਬਰ
ਕਸ਼ਮੀਰ ਵਾਦੀ ’ਚ ਪੋਸਟ-ਪੇਡ ਮੋਬਾਈਲ ਸੇਵਾਵਾਂ ਭਲਕ ਤੋਂ ਮੁੜ ਆਰੰਭ ਹੋ ਸਕਦੀਆਂ ਹਨ। ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਮਗਰੋਂ ਪਿਛਲੇ ਕਰੀਬ 68 ਦਿਨਾਂ ਤੋਂ ਮੋਬਾਈਲ ਸੇਵਾਵਾਂ ਵਾਦੀ ਵਿਚ ਠੱਪ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਪੱਧਰਾਂ ’ਤੇ ਇੰਟਰਨੈੱਟ ਸੇਵਾਵਾਂ ਮੁੜ ਚਾਲੂ ਕਰਨ ਲਈ ਥੋੜ੍ਹਾ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ। ਪਹਿਲਾਂ ਪੋਸਟ-ਪੇਡ ਅਤੇ ਕੁਝ ਸਮੇਂ ਬਾਅਦ ਪ੍ਰੀ-ਪੇਡ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਵਾਦੀ ਵਿਚ ਕਰੀਬ 66 ਲੱਖ ਲੋਕਾਂ ਕੋਲ ਮੋਬਾਈਲ ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 40 ਲੱਖ ਲੋਕਾਂ ਕੋਲ ਪੋਸਟ-ਪੇਡ ਸੁਵਿਧਾ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਕੇਂਦਰ ਨੇ ਵਾਦੀ ਵਿਚ ਸੈਲਾਨੀਆਂ ਦੇ ਆਉਣ-ਜਾਣ ਬਾਰੇ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ। ਸੈਰ-ਸਪਾਟਾ ਸੰਗਠਨਾਂ ਨੇ ਕਿਹਾ ਸੀ ਕਿ ਬਿਨਾਂ ਮੋਬਾਈਲ ਸੁਵਿਧਾ ਤੋਂ ਕੋਈ ਵੀ ਸੈਲਾਨੀ ਵਾਦੀ ’ਚ ਨਹੀਂ ਆਉਣ ਚਾਹੇਗਾ। ਦੱਸਣਯੋਗ ਹੈ ਕਿ ਲੈਂਡਲਾਈਨ ਫੋਨ ਚਾਰ ਸਤੰਬਰ ਤੋਂ ਪੂਰੀ ਤਰ੍ਹਾਂ ਚਾਲੂ ਕਰ ਦਿੱਤੇ ਗਏ ਸਨ। ਜੰਮੂ ਖਿੱਤੇ ਵਿਚ ਮੋਬਾਈਲ ਇੰਟਰਨੈੱਟ ਮੱਧ ਅਗਸਤ ਵਿਚ ਚਾਲੂ ਕੀਤਾ ਗਿਆ ਸੀ ਪਰ ਦੁਰਵਰਤੋਂ ਕਾਰਨ ਮੁੜ 18 ਅਗਸਤ ਨੂੰ ਬੰਦ ਕੀਤਾ ਗਿਆ ਸੀ। ਮੋਬਾਈਲ ਸੇਵਾਵਾਂ ਹੰਦਵਾੜਾ ਤੇ ਕੁਪਵਾੜਾ ਵਿਚ ਪਹਿਲਾਂ ਹੀ ਚਾਲੂ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ ਵਾਦੀ ਵਿਚ ਆਮ ਜਨ-ਜੀਵਨ ਲਗਾਤਾਰ 68ਵੇਂ ਦਿਨ ਉਸੇ ਤਰ੍ਹਾਂ ਪ੍ਰਭਾਵਿਤ ਹੈ। ਬਾਜ਼ਾਰ ਤੇ ਸਰਕਾਰੀ ਟਰਾਂਸਪੋਰਟ ਬੰਦ ਹੈ। ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮੌਕੇ ਸੰਵੇਦਨਸ਼ੀਲ ਥਾਵਾਂ ’ਤੇ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ। ਅਧਿਕਾਰੀਆਂ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਆਉਣ-ਜਾਣ ’ਤੇ ਨਹੀਂ ਹੈ। ਲੰਘੇ ਕਰੀਬ ਦੋ ਮਹੀਨਿਆਂ ਤੋਂ ਕਿਸੇ ਵੱਡੀ ਮਸਜਿਦ ਜਾਂ ਦਰਗਾਹ ’ਤੇ ਜੁਮੇ ਦੀ ਨਮਾਜ਼ ਅਦਾ ਨਹੀਂ ਕੀਤੀ ਗਈ ਹੈ। -ਪੀਟੀਆਈ

ਅਤਿਵਾਦੀਆਂ ਤੋਂ ਡਰਨ ਦੀ ਲੋੜ ਨਹੀਂ: ਪ੍ਰਸ਼ਾਸਨ
ਸ੍ਰੀਨਗਰ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅੱਜ ਸਥਾਨਕ ਅਖ਼ਬਾਰਾਂ ਵਿਚ ਪੂਰੇ ਸਫ਼ੇ ਦਾ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਦਹਿਸ਼ਤਗਰਦਾਂ ਦੀਆਂ ਧਮਕੀਆਂ ਤੋਂ ਨਾ ਡਰ ਕੇ ਆਮ ਗਤੀਵਿਧੀਆਂ ਆਰੰਭਣ ਲਈ ਕਿਹਾ ਹੈ। ਇਸ਼ਤਿਹਾਰ ਵਿਚ ਲਿਖਿਆ ਗਿਆ ਹੈ ‘ਕੀ ਅਸੀਂ ਇਸੇ ਤਰ੍ਹਾਂ ਦਹਿਸ਼ਤਗਰਦਾਂ ਦਾ ਸ਼ਿਕਾਰ ਬਣਦੇ ਰਹਾਂਗੇ? 70 ਸਾਲਾਂ ਤੋਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਗਲਤ ਸੇਧ ਦਿੱਤੀ ਗਈ। ਉਹ ਸਾਜ਼ਿਸ਼ਾਂ ਤੇ ਸ਼ਹਿ ਪ੍ਰਾਪਤ ਕੂੜ ਪ੍ਰਚਾਰ ਦਾ ਸ਼ਿਕਾਰ ਬਣੇ ਅਤੇ ਅਤਿਵਾਦ, ਹਿੰਸਾ, ਤਬਾਹੀ ਤੇ ਗਰੀਬੀ ਦੇ ਅੰਤਹੀਣ ਚੱਕਰ ’ਚ ਫਸ ਗਏ।’ ਇਸ਼ਤਿਹਾਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਵੱਖਵਾਦੀਆਂ ਨੇ ਤਾਂ ਆਪਣੇ ਬੱਚਿਆਂ ਨੂੰ ਕੰਮ ਕਰਨ ਤੇ ਕਮਾਉਣ ਲਈ ‘ਮਨਮੋਹਣੀਆਂ ਥਾਵਾਂ’ ਉਤੇ ਭੇਜ ਦਿੱਤਾ ਜਦਕਿ ਆਮ ਲੋਕਾਂ ਦੇ ਬੱਚਿਆਂ ਨੂੰ ‘ਹਿੰਸਾ, ਪੱਥਰਬਾਜ਼ੀ’ ਲਈ ਉਤਸ਼ਾਹਿਤ ਕੀਤਾ। ਪ੍ਰਸ਼ਾਸਨ ਨੇ ਕਿਹਾ ਕਿ ਲੋਕ ਦਹਿਸ਼ਤਗਰਦਾਂ ਦੇ ਇਨ੍ਹਾਂ ਪੁਰਾਣੇ ਹਥਕੰਡਿਆਂ ਤੋਂ ਘਬਰਾਉਣ ਨਾ, ਕਸ਼ਮੀਰ ਉਨ੍ਹਾਂ ਦਾ ਘਰ ਹੈ ਤੇ ਇਸ ਨੂੰ ਖ਼ੁਸ਼ਹਾਲ ਬਣਾਉਣ ਬਾਰੇ ਸੋਚਿਆ ਜਾਵੇ। -ਪੀਟੀਆਈ

ਧਾਰਾ 370 ਹਟਣ ਤੋਂ ਬਾਅਦ ਹਿੰਸਾ ਘਟੀ: ਫ਼ੌਜ
ਭੱਦਰਵਾਹ/ਜੰਮੂ: ਫ਼ੌਜ ਨੇ ਅੱਜ ਕਿਹਾ ਹੈ ਕਿ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਵਾਦੀ ’ਚ ਹਿੰਸਾ ’ਚ ਕਮੀ ਆਈ ਹੈ। ਉੱਤਰੀ ਕਮਾਂਡ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵਾਦੀ ਦੇ ਨੌਜਵਾਨਾਂ ਤੋਂ ਵੱਡੀਆਂ ਆਸਾਂ ਹਨ। ਵਾਦੀ ਵਿਚ ਸਥਿਤੀ ਕਾਬੂ ਹੇਠ ਹੈ ਤੇ ਅਤਿਵਾਦੀ ਗਤੀਵਿਧੀਆਂ ਵਿਚ ਕਮੀ ਆਈ ਹੈ। ਪੱਥਰਬਾਜ਼ੀ ਵੀ ਘਟੀ ਹੈ ਤੇ ਵੱਡੇ ਇਕੱਠਾਂ ਵਾਲੇ ਰੋਸ ਮੁਜ਼ਾਹਰੇ ਵੀ ਘੱਟ ਗਏ ਹਨ। ਪਰ ਇਸ ਦੇ ਬਾਵਜੂਦ ਸਥਿਤੀ ਨਾਜ਼ੁਕ ਹੈ ਕਿਉਂਕਿ ਪਾਕਿਸਤਾਨ ਘੁਸਪੈਠੀਏ ਭੇਜ ਕੇ ਜੰਮੂ ਕਸ਼ਮੀਰ ਵਿਚ ਗੜਬੜੀ ਬਰਕਰਾਰ ਰੱਖਣਾ ਚਾਹੁੰਦੇ ਹੈ। ਉਨ੍ਹਾਂ ਕਿਹਾ ਕਿ ਫ਼ੌਜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਕ ਸਵਾਲ ਦੇ ਜਵਾਬ ਵਿਚ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਕੰਟਰੋਲ ਰੇਖਾ ਸਬੰਧੀ ਸੰਯੁਕਤ ਰਾਸ਼ਟਰ ਦੀ ਭੂਮਿਕਾ ’ਚ ਕੋਈ ਬਦਲਾਅ ਨਹੀਂ ਆਇਆ ਹੈ।


Comments Off on ਕਸ਼ਮੀਰ ’ਚ ਪੋਸਟ-ਪੇਡ ਮੋਬਾਈਲ ਸੇਵਾ ਅੱਜ ਤੋਂ ਚੱਲਣ ਦੇ ਆਸਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.