ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਔਖਾ ਨਹੀਂ ਹੈ ਖ਼ੁਸ਼ ਰਹਿਣਾ

Posted On October - 5 - 2019

ਪ੍ਰਿੰਸ ਅਰੋੜਾ

ਪ੍ਰਿੰਸ ਅਰੋੜਾ

ਹਰ ਕੋਈ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਚਾਹੁੰਦਾ ਹੈ ਅਤੇ ਇਹ ਕੰਮ ਕੋਈ ਔਖਾ ਨਹੀਂ ਹੈ। ਇਨਸਾਨ ਨੇ ਆਪਣੇ ਲਈ ਖ਼ੁਦ ਹੀ ਅਜਿਹੇ ਨਿਯਮ ਬਣਾ ਲਏ ਹਨ ਕਿ ਜਦੋਂ ਉਸ ਨੂੰ ਮਨਚਾਹੀ ਚੀਜ਼ ਦੀ ਪ੍ਰਾਪਤੀ ਹੋ ਜਾਵੇਗੀ ਉਹ ਖ਼ੁਸ਼ ਹੋ ਜਾਵੇਗਾ। ਅਜਿਹੀਆਂ ਬੇਲੋੜੀਆਂ ਸ਼ਰਤਾਂ ਹੀ ਇਨਸਾਨ ਦੀ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਪਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਨਾ ਕੋਈ ਚੰਗਾ ਸਮਝਦਾ ਹੈ ਅਤੇ ਨਾ ਹੀ ਕੋਈ ਉਨ੍ਹਾਂ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ। ਖ਼ੁਸ਼ੀ ਇਕ ਅਜਿਹੀ ਚੀਜ਼ ਹੈ ਜਿਸਨੂੰ ਹਰ ਇਨਸਾਨ ਪ੍ਰਾਪਤ ਕਰਨਾ ਚਾਹੁੰਦਾ ਹੈ।
ਅਸੀਂ ਆਪਣੇ ਜੀਵਨ ਵਿਚ ਜੋ ਕੁਝ ਵੀ ਕਰਦੇ ਹਾਂ, ਉਸ ਪਿੱਛੇ ਕਾਰਨ ਖ਼ੁਸ਼ੀ ਦੀ ਪ੍ਰਾਪਤੀ ਕਰਨਾ ਹੀ ਹੁੰਦਾ ਹੈ। ਦੁਨੀਆਂ ਵੱਖ ਵੱਖ ਤਰ੍ਹਾਂ ਦੇ ਲੋਕਾਂ ਨਾਲ ਭਰੀ ਪਈ ਹੈ। ਕੋਈ ਇਨਸਾਨ ਆਪਣੀ ਪੂਰੀ ਜ਼ਿੰਦਗੀ ਖ਼ੁਸ਼ੀ ਨਾਲ ਬਤੀਤ ਕਰਦਾ ਹੈ ਅਤੇ ਕੋਈ ਰੋ ਪਿੱਟ ਕੇ ਲੰਘਾਉਂਦਾ ਹੈ। ਖ਼ੁਸ਼ ਰਹਿਣ ਵਾਲੇ ਲੋਕਾਂ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਅਜਿਹੇ ਇਨਸਾਨ ਹਰ ਗੱਲ ਵਿਚ ਖ਼ੁਸ਼ ਰਹਿਣ ਦਾ ਕਾਰਨ ਲੱਭ ਲੈਂਦੇ ਹਨ ਅਤੇ ਅਜਿਹੇ ਕੰਮ ਕਰਨ ਤੋਂ ਬਚਦੇ ਹਨ ਜੋ ਉਨ੍ਹਾਂ ਨੂੰ ਦੁਖੀ ਕਰਨ। ਇਹ ਅਟੱਲ ਸੱਚਾਈ ਹੈ ਕਿ ਖ਼ੁਸ਼ ਰਹਿਣ ਵਾਲਾ ਵਿਅਕਤੀ ਦੁਖੀ ਰਹਿਣ ਵਾਲੇ ਵਿਅਕਤੀ ਨਾਲੋਂ ਆਪਣਾ ਕੰਮ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਦਾ ਹੈ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਵਿਦਿਆਰਥੀ, ਵਪਾਰੀ, ਅਫ਼ਸਰ, ਦੁਕਾਨਦਾਰ ਜਾਂ ਮਜ਼ਦੂਰ ਹੋ, ਖ਼ੁਸ਼ੀ ਦਾ ਖ਼ਜ਼ਾਨਾ ਹਰ ਇਨਸਾਨ ਦੇ ਅੰਦਰ ਹੀ ਹੈ। ਲੋੜ ਹੈ ਸਿਰਫ਼ ਉਸ ਨੂੰ ਪਛਾਨਣ ਦੀ। ਕੋਈ ਸਾਈਕਲ ’ਤੇ ਵੀ ਖ਼ੁਸ਼ ਹੈ ਅਤੇ ਕੋਈ ਮਰਸਡੀਜ਼ ਵਿਚ ਵੀ ਉਦਾਸ। ਖ਼ੁਸ਼ ਰਹਿਣਾ ਹਰ ਇਕ ਜਿਉਂਦੇ ਵਿਅਕਤੀ ਦਾ ਹੱਕ ਹੈ, ਪਰ ਅਸੀਂ ਆਪਣੇ ਜੀਵਨ ਨੂੰ ਇੰਨਾ ਉਲਝਾ ਲਿਆ ਹੈ ਕਿ ਅਸੀਂ ਖ਼ੁਸ਼ ਰਹਿਣਾ ਹੀ ਭੁੱਲ ਗਏ ਹਾਂ। ਜ਼ਿਆਦਾਤਰ ਦੁਖੀ ਲੋਕਾਂ ਦੀ ਇਹ ਆਦਤ ਹੀ ਬਣ ਗਈ ਹੈ ਕਿ ਉਹ ਹਰ ਇਕ ਗੱਲ ਵਿਚ ਸ਼ਿਕਾਇਤ ਕਰਦੇ ਹਨ। ਉਨ੍ਹਾਂ ਨੂੰ ਹਰ ਗੱਲ ਵਿਚ ਕੋਈ ਨਾ ਕੋਈ ਨੁਕਸ ਹੀ ਨਜ਼ਰ ਆਉਂਦਾ ਹੈ ਅਤੇ ਉਹ ਕਿਸੇ ਵੇਲੇ ਵੀ ਖ਼ੁਸ਼ੀ ਮਹਿਸੂਸ ਨਹੀਂ ਕਰ ਪਾਉਂਦੇ। ਸ਼ਿਕਾਇਤ ਕਰਨ ਵਾਲੇ ਆਪਣੇ ਕੰਮ ਨੂੰ ਸਹੀ ਸਮੇਂ ਅਤੇ ਸਹੀ ਢੰਗ ਨਾਲ ਪੂਰਾ ਨਹੀਂ ਕਰ ਪਾਉਂਦੇ, ਨਤੀਜਾ ਉਹ ਆਪਣੀ ਮਨਚਾਹੀ ਮੰਜ਼ਿਲ ਦੀ ਪ੍ਰਾਪਤੀ ਕਰਨ ਵਿਚ ਅਸਫਲ ਰਹਿੰਦੇ ਹਨ। ਇਸਦੇ ਉਲਟ ਖ਼ੁਸ਼ਮਿਜਾਜ਼ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸ਼ਿਕਾਇਤ ਕਰਨ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ, ਬਲਕਿ ਖ਼ੁਸ਼ ਰਹਿੰਦੇ ਹੋਏ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਪੂਰੀ ਮਿਹਨਤ ਹੀ ਮੰਜ਼ਿਲ ’ਤੇ ਲਿਜਾ ਸਕਦੀ ਹੈ। ਅਜਿਹੇ ਇਨਸਾਨ ਜ਼ਿੰਦਗੀ ਵਿਚ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਲੈਂਦੇ ਹਨ।
ਹਰ ਇਕ ਇਨਸਾਨ ਨਾਲ ਬੀਤ ਚੁੱਕੇ ਸਮੇਂ ਵਿਚ ਚੰਗਾ ਜਾਂ ਮਾੜਾ ਹੋਇਆ ਹੁੰਦਾ ਹੈ, ਪਰ ਜ਼ਿਆਦਾਤਰ ਲੋਕ ਬੀਤ ਚੁੱਕੇ ਸਮੇਂ ਬਾਰੇ ਸੋਚ ਸੋਚ ਕੇ ਆਪਣਾ ਵਰਤਮਾਨ ਵੀ ਖ਼ਰਾਬ ਕਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਸਭ ਤੋਂ ਬੁਰਾ ਹੋ ਰਿਹਾ ਹੈ। ਜੇਕਰ ਅਸੀਂ ਪਿਛਲੀਆਂ ਗੱਲਾਂ ਨੂੰ ਆਪਣੇ ਦਿਮਾਗ਼ ਵਿਚੋਂ ਖ਼ਤਮ ਨਹੀਂ ਕਰਾਂਗੇ ਤਾਂ ਇਸਦਾ ਮਾੜਾ ਅਸਰ ਸਾਡੇ ਆਉਣ ਵਾਲੇ ਸਮੇਂ ’ਤੇ ਪਵੇਗਾ। ਜਦੋਂ ਅਸੀਂ ਇਕ ਗੱਲ ਨੂੰ ਲੈ ਕੇ ਵਾਰ ਵਾਰ ਖ਼ੁਸ਼ ਨਹੀਂ ਹੋ ਰਹੇ ਤਾਂ ਇਕੋ ਗੱਲ ਨੂੰ ਲੈ ਕੇ ਵਾਰ ਵਾਰ ਦੁਖੀ ਹੋ ਕੇ ਆਪਣੀਆਂ ਖ਼ੁਸ਼ੀਆਂ ਨੂੰ ਕਿਉਂ ਖ਼ਤਮ ਕਰ ਰਹੇ ਹਾਂ? ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਵਰਤਮਾਨ ਵਿਚ ਸਹੀ ਫ਼ੈਸਲਾ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖ਼ੁਸ਼ਨੁਮਾ ਬਣਾ ਸਕਦੇ ਹਾਂ। ਕਈ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਹਰ ਇਕ ਗੱਲ ’ਤੇ ਦੂਜਿਆਂ ਨਾਲ ਤੁਲਨਾ ਕਰਦੇ ਹਨ ਜੋ ਕਿ ਉਨ੍ਹਾਂ ਨੂੰ ਦੁੱਖ ਦੇਣ ਦਾ ਕਾਰਨ ਬਣਦਾ ਹੈ। ਹਰ ਇਨਸਾਨ ਵਿਚ ਕੁਝ ਨਾ ਕੁਝ ਗੁਣ ਹੁੰਦੇ ਹਨ, ਪਰ ਇਨਸਾਨ ਦੀ ਇਹ ਫਿਤਰਤ ਹੈ ਕਿ ਜਿਹੜੀ ਚੀਜ਼ ਉਸ ਕੋਲ ਹੈ, ਉਹ ਉਸ ਦਾ ਆਨੰਦ ਨਾ ਮਾਣ ਕੇ ਉਨ੍ਹਾਂ ਚੀਜ਼ਾਂ ਦੀ ਇੱਛਾ ਕਰਦਾ ਹੈ ਜੋ ਉਸ ਕੋਲ ਨਹੀਂ ਹਨ। ਇਸ ਲਈ ਜੋ ਕੁਝ ਵੀ ਆਪਣੇ ਕੋਲ ਹੈ, ਉਸ ਨਾਲ ਖ਼ੁਸ਼ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ।
ਖ਼ੁਸ਼ ਰਹਿਣ ਲਈ ਇਨਸਾਨ ਨੂੰ ਉਹ ਕੰਮ ਕਰਨੇ ਚਾਹੀਦੇ ਹਨ ਜੋ ਉਸ ਨੂੰ ਖ਼ੁਸ਼ੀ ਪ੍ਰਦਾਨ ਕਰਦੇ ਹੋਣ। ਫਿਰ ਭਾਵੇਂ ਉਹ ਸਮਾਜਿਕ, ਧਾਰਮਿਕ, ਇਕ ਦੂਜੇ ਦੀ ਮਦਦ, ਕਿਤਾਬਾਂ ਪੜ੍ਹਨਾ, ਸੰਗੀਤ ਸੁਣਨਾ ਜਾਂ ਕੋਈ ਹੋਰ ਕੰਮ ਹੋਵੇ। ਇਕ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਦੂਜੇ ਦਾ ਮਨ ਦੁਖਾ ਕੇ ਖ਼ੁਸ਼ੀ ਪ੍ਰਾਪਤ ਕਰਨਾ ਸਭ ਤੋਂ ਵੱਡਾ ਪਾਪ ਹੈ, ਇਸ ਲਈ ਸਾਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਜੋ ਕਿਸੇ ਦੇ ਦੁੱਖ ਦਾ ਕਾਰਨ ਨਾ ਬਣ ਕੇ ਸਾਡੀ ਜਾਂ ਹੋਰਾਂ ਦੀ ਖ਼ੁਸ਼ੀ ਦਾ ਕਾਰਨ ਬਣੇ। ਜਦੋਂ ਵੀ ਇਨਸਾਨ ਕੋਈ ਨਵਾਂ ਕੰਮ ਕਰਨ ਲੱਗਦਾ ਹੈ ਤਾਂ ਉਹ ਆਪਣੇ ਮਾਤਾ ਪਿਤਾ, ਸਕੇ ਸਬੰਧੀਆਂ, ਯਾਰਾਂ ਦੋਸਤਾਂ ਦੀ ਸਲਾਹ ਜ਼ਰੂਰ ਲੈਂਦਾ ਹੈ, ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਸਲਾਹ ਤੋਂ ਬਾਅਦ ਵੀ ਇਨਸਾਨ ਫ਼ੈਸਲਾ ਨਹੀਂ ਕਰ ਪਾਉਂਦਾ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ।
ਅਜਿਹੇ ਸਮੇਂ ਇਨਸਾਨ ਨੂੰ ਆਪਣੇ ਦਿਲ ਦੀ ਆਵਾਜ਼ ਸੁਣ ਕੇ ਫ਼ੈਸਲਾ ਲੈਣਾ ਚਾਹੀਦਾ ਹੈ। ਸਿਆਣੇ ਕਹਿੰਦੇ ਹਨ ਕਿ ਜੋ ਇਨਸਾਨ ਆਪਣੇ ਦਿਲ ਦੀ ਆਵਾਜ਼ ਸੁਣ ਕੇ ਸਹੀ ਫ਼ੈਸਲਾ ਕਰਦਾ ਹੈ, ਸਮਾਂ ਉਸਦੀ ਝੋਲੀ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ। ਜ਼ਿੰਦਗੀ ਵਿਚ ਹਰ ਇਕ ਤੋਂ ਗ਼ਲਤੀਆਂ ਹੁੰਦੀਆਂ ਹਨ। ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਸਮੇਂ ਦੇ ਨਾਲ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਲੈਣਾ ਚਾਹੀਦਾ ਹੈ। ਜੇਕਰ ਸਾਡੀ ਕੋਈ ਗ਼ਲਤੀ ਦੁੱਖ ਦਾ ਕਾਰਨ ਬਣੀ ਹੈ ਤਾਂ ਉਸ ਗ਼ਲਤੀ ਦਾ ਸੁਧਾਰ ਕਰਕੇ ਅਸੀਂ ਭਵਿੱਖ ਵਿਚ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਨ। ਹਰ ਇਨਸਾਨ ਨੂੰ ਕੁਦਰਤ ਦੀਆਂ ਦਾਤਾਂ ਦਾ ਹਰ ਵੇਲੇ ਆਨੰਦ ਮਾਨਣਾ ਚਾਹੀਦਾ ਹੈ ਅਤੇ ਆਪਣਾ ਜੀਵਨ ਹਰ ਹਾਲ ਖ਼ੁਸ਼ ਰਹਿ ਕੇ ਬਤੀਤ ਕਰਨਾ ਚਾਹੀਦਾ ਹੈ।


Comments Off on ਔਖਾ ਨਹੀਂ ਹੈ ਖ਼ੁਸ਼ ਰਹਿਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.