ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਉਸ ਬੋਹੜ ਨੇ ਪੁੱਛਿਆ ਸੀ

Posted On October - 13 - 2019

ਡਾ. ਨੀਤਾ ਗੋਇਲ
ਅਹਿਮ ਸਵਾਲ

ਉਸ ਬੋਹੜ ਨੂੰ ਮੈਂ ਹੋਸ਼ ਸੰਭਾਲਣ ਤੋਂ ਲੈ ਕੇ ਓਥੇ ਵੇਖਿਆ ਸੀ। ਵਿਸ਼ਾਲ, ਆਪਣੀ ਦਾੜ੍ਹੀ ਖਿਲਾਰੀ ਸਵੇਰ ਦੀ ਸੀਤਲ ਪੌਣ ਨੂੰ ਮਾਣਦਾ। ਮੇਰੇ ਦਾਦਾ ਜੀ ਸਵੇਰੇ ਸੈਰ ਨੂੰ ਜਾਂਦੇ ਤਾਂ ਮੈਂ ਵੀ ਰੋਜ਼ ਉਨ੍ਹਾਂ ਦੀ ਉਂਗਲ ਫੜ ਨਾਲ ਹੋ ਤੁਰਦੀ। ਦਾਦਾ ਜੀ ਗਲੀ ’ਚੋਂ ਨਿਕਲ ਕੇ ਸੱਜੇ ਪਾਸੇ ਦੀ ਸੜਕ ਪਾਰ ਕਰ ਕੇ ਸ਼ਹਿਰ ਦੇ ਬਾਹਰੋ-ਬਾਹਰ ਵਗਦੇ ਸੂਏ ਦੇ ਨਾਲ-ਨਾਲ ਸੈਰ ਕਰਨ ਜਾਂਦੇ ਸਨ, ਪਰ ਵਾਪਸੀ ’ਤੇ ਮੈਂ ਉਨ੍ਹਾਂ ਨੂੰ ਗਲੀ ’ਚ ਮੁੜਨ ਨਾ ਦਿੰਦੀ। ਗਲੀ ਦੇ ਸੱਜੇ ਪਾਸੇ ਵੱਲ ਪੈਂਦੇ ਰੇਲਵੇ ਫਾਟਕ ਦੇ ਪਾਰ ਕੁਝ ਵਿੱਥ ’ਤੇ ਖੜ੍ਹੇ ਉਸ ਬੋਹੜ ਕੋਲ ਲੈ ਜਾਂਦੀ। ਉਦੋਂ ਤੀਕ ਹੋਰ ਬੱਚੇ ਵੀ ਉਥੇ ਆ ਜਾਂਦੇ ਸਨ। ਅਸੀਂ ਸਾਰੇ ਇਕ-ਦੂਜੇ ਦੇ ਹੱਥ ਫੜ ਕੇ ਬੋਹੜ ਨੂੰ ਜੱਫੀ ਵਿਚ ਲੈਣ ਦੀ ਖੇਡ ਖੇਡਦੇ ਅਤੇ ਨਾਲ ਹੀ ਪਤਾ ਨਹੀਂ ਕਿਹੜੀਆਂ ਗੱਲਾਂ ’ਤੇ ਉੱਚੀ-ਉੱਚੀ ਹੱਸੀ ਵੀ ਜਾਂਦੇ। ਬੋਹੜ ਦੀ ਦਾੜ੍ਹੀ ’ਚੋਂ ਲੰਘਣਾ ਖਾਸਾ ਸੁਆਦਲਾ ਲੱਗਦਾ ਸੀ।
ਜਿਸ ਦਿਨ ਸਕੂਲ ਦੀ ਛੁੱਟੀ ਹੁੰਦੀ ਅਤੇ ਘਰ ਪਰਤਣ ਦੀ ਕਾਹਲੀ ਨਾ ਹੁੰਦੀ, ਉਸ ਦਿਨ ਮੈਂ ਦਾਦਾ ਜੀ ਨੂੰ ਬੋਹੜ ਹੇਠ ਬੈਠ ਕੇ ਬੋਹੜ ਦੀ ਕਹਾਣੀ ਸੁਣਾਉਣ ਲਈ ਕਹਿੰਦੀ। ਦਾਦਾ ਜੀ, ਸਾਨੂੰ ਸਾਰਿਆਂ ਨੂੰ ਆਪਣੇ ਦੁਆਲੇ ਬਿਠਾ ਕੇ ਕਦੇ ਬੋਹੜ ਦੇ ਕਲਪ ਬਿਰਖ ਅਤੇ ਅਮਰ ਬਿਰਖ ਹੋਣ ਦੀਆਂ ਮਿਥਿਹਾਸਕ ਕਥਾਵਾਂ ਸੁਣਾਉਂਦੇ, ਕਦੇ ਸੱਤਯਵਾਨ-ਸਵਿੱਤਰੀ ਦੀ ਕਹਾਣੀ ਅਤੇ ਕਦੇ ਕੋਈ ਹੋਰ ਕਹਾਣੀ; ਕਦੇ ਬੋਹੜ ਦੀਆਂ ਸ਼ਾਖਾਵਾਂ ਵਿਚ ਟਹਿਕਦੇ ਪੰਛੀਆਂ ਵੱਲ ਇਸ਼ਾਰਾ ਕਰਕੇ ਦੱਸਦੇ ਕਿ ਕਿਵੇਂ ਵਿਸ਼ਾਲ ਬੋਹੜ ਅਨੇਕਾਂ ਜੀਵਾਂ ਦਾ ਕੁਦਰਤੀ ਘਰ ਬਣਦੇ ਹਨ; ਕਦੇ ਇਸ ਦੇ ਪੱਤਿਆਂ, ਛਾਲ, ਬੀਜ ਅਤੇ ਹੋਰ ਅੰਗਾਂ ਤੋਂ ਬਣਨ ਵਾਲੀਆਂ ਦਵਾਈਆਂ ਦਾ ਵਰਣਨ ਕਰਦੇ। ਬੋਹੜ ਹੇਠ ਬੈਠ ਕੇ ਮਹਾਤਮਾ ਬੁੱਧ ਦੇ ਗਿਆਨ ਪ੍ਰਾਪਤ ਕਰਨ ਦੀ ਗੱਲ ਵੀ ਮੈਂ ਦਾਦਾ ਜੀ ਪਾਸੋਂ ਸੁਣੀ ਸੀ।
ਸਾਲ ਦੀ ਕਿਸੇ ਖ਼ਾਸ ਮੱਸਿਆ ਮੌਕੇ ਉਸ ਬੋਹੜ ਕੋਲ ਮੈਂ ਆਪਣੇ ਦਾਦੀ ਜੀ ਨਾਲ ਜਾਇਆ ਕਰਦੀ ਸੀ। ਉਸ ਦਿਨ ਦਾਦੀ ਜੀ ਸਵੇਰੇ ਨਹਾ-ਧੋ ਕੇ ਇਕ ਡੋਲੂ ਤਾਜ਼ੇ ਪਾਣੀ ਦਾ ਭਰ ਕੇ ਉਸ ਵਿਚ ਦੁੱਧ ਦਾ ਛਿੱਟਾ ਦਿੰਦੇ ਅਤੇ ਫਿਰ ਉਸ ਪਾਣੀ ਵਿਚ ਇਕ ਨਿੱਕੀ ਜਿਹੀ ਗੜਵੀ ਪਾ ਦਿੰਦੇ। ਉਸ ਪਿੱਛੋਂ ਇਕ ਪਰਾਤ ਲੈ ਕੇ ਉਸ ਦੀ ਇਕ ਨੁੱਕਰੇ ਮੌਲੀ, ਟਿੱਕੇ ਵਾਲਾ ਸੰਧੂਰ ਅਤੇ ਚੌਲ ਰੱਖਦੇ ਅਤੇ ਬਾਕੀ ਸਾਰੀ ਪਰਾਤ ਪਹਿਲੇ ਦਿਨ ਦਾਦਾ ਜੀ ਤੋਂ ਉਚੇਚੇ ਮੰਗਵਾ ਕੇ ਰੱਖੇ ਪਤਾਸਿਆਂ ਨਾਲ ਭਰ ਲੈਂਦੇ। ਫਿਰ ਇਕ ਹੱਥ ’ਤੇ ਪਰਾਤ ਚੁੱਕੀ ਅਤੇ ਦੂਜੇ ਹੱਥ ਵਿਚ ਮੇਰਾ ਗੁੱਟ ਫੜ ਕੇ ਉਹ ਬੋਹੜ ਵੱਲ ਨੂੰ ਤੁਰਦੇ। ਪਾਣੀ ਵਾਲਾ ਡੋਲੂ ਮੇਰੇ ਸੱਜੇ ਹੱਥ ਵਿਚ ਹੁੰਦਾ ਸੀ। ਉੱਥੇ ਪਹੁੰਚ ਕੇ ਦਾਦੀ ਜੀ ਜੁੱਤੀਆਂ ਲਾਹ ਕੇ ਬੋਹੜ ਦੇ ਤਣੇ ਨੂੰ ਟਿੱਕਾ ਲਾਉਂਦੇ, ਫਿਰ ਉਸ ਦੀ ਇਕ ਸ਼ਾਖ ਨੂੰ ਮੌਲੀ ਬੰਨ੍ਹ ਕੇ ਬੋਹੜ ਨੂੰ ਚੌਲ ਚੜ੍ਹਾਉਂਦੇ ਅਤੇ ਅੰਤ ਵਿਚ ਉਸ ਦੀਆਂ ਜੜ੍ਹਾਂ ਨੂੰ ਦੂਧੀਆ ਜਲ ਨਾਲ ਸਿੰਜ ਕੇ ਉਸ ਦੀ ਪਰਿਕਰਮਾ ਕੀਤੀ ਜਾਂਦੀ। ਇੰਨੇ ਸਾਰੇ ਕੰਮ ਹੋਣ ਤੀਕਰ ਪਤਾਸਿਆਂ ਲਈ ਮੇਰੀ ਉਡੀਕ ਦੀ ਹੱਦ ਹੋ ਚੁੱਕੀ ਹੁੰਦੀ ਸੀ। ਹੱਥ ਜੋੜ ਕੇ ਦਾਦੀ ਦੇ ਪਿੱਛੇ ਘੁੰਮਦੇ-ਘੁੰਮਦੇ ਮੇਰੇ ਹੱਥ ਪਤਾ ਨਹੀਂ ਕਦੋਂ ਪ੍ਰਸ਼ਾਦ ਲਈ ਆਪਣੇ ਆਪ ਹੀ ਅੱਡੇ ਜਾ ਚੁੱਕੇ ਹੁੰਦੇ ਸਨ।
ਸਮਾਂ ਜਿਵੇਂ ਖੰਭ ਲਾ ਕੇ ਉੱਡ ਰਿਹਾ ਸੀ। ਮੈਂ ਵੱਡੀ ਹੋ ਰਹੀ ਸੀ। ਬੋਹੜ ਦੁਆਲੇ ਵੀ ਹੁਣ ਸੀਮੇਂਟ ਦੇ ਪਲੱਸਤਰ ਵਾਲਾ ਕੂਲਾ ਜਿਹਾ ਚਬੂਤਰਾ ਬਣ ਚੁੱਕਾ ਸੀ। ਚਬੂਤਰੇ ’ਤੇ ਖੜ੍ਹ ਕੇ ਬੋਹੜ ਦੇ ਦਾੜ੍ਹੇ ਫੜ ਕੇ ਲੰਮੇ-ਲੰਮੇ ਝੂਟੇ ਲੈਂਦੇ ਹੋਏ ਮੈਂ ਆਪਣੇ ਆਪ ਨੂੰ ਜੰਗਲ ਬੁੱਕ ਵਾਲੇ ਮੋਗਲੀ ਜਿਹਾ ਮਹਿਸੂਸ ਕਰਦੀ ਸੀ। ਕਦੇ-ਕਦੇ ਦੁਪਹਿਰ ਵੇਲੇ ਉਥੋਂ ਲੰਘਦਿਆਂ ਵੇਖਦੀ ਕਿ ਬੋਹੜ ਹੁਣ ਰੇਲਵੇ ਸਟੇਸ਼ਨ ਤੇ ਮਾਲ ਗੱਡੀ ’ਚੋਂ ਬੋਰੀਆਂ ਲਾਹੁਣ ਅਤੇ ਲੱਦਣ ਦਾ ਕੰਮ ਕਰਦੇ ਪੱਲੇਦਾਰਾਂ ਦਾ ਵੀ ਘਰ ਬਣ ਗਿਆ ਸੀ। ਕੰਮ ਕਰਦਿਆਂ ਜਦੋਂ ਸੂਰਜ ਸਿਰ ’ਤੇ ਆ ਕੇ ਭਖਣ ਲੱਗ ਪੈਂਦਾ ਸੀ ਤਾਂ ਉਹ ਪੱਲੇਦਾਰ ਬੋਹੜ ਦੀ ਠੰਢੀ ਅਤੇ ਸੰਘਣੀ ਛਾਂ ਹੇਠ ਚਬੂਤਰੇ ’ਤੇ ਆ ਬਹਿੰਦੇ; ਸਾਹ ਲੈ ਕੇ ਰੋਟੀ ਖਾਂਦੇ ਤੇ ਰੋਟੀ ਖਾ ਕੇ ਬੋਹੜ ਦੇ ਤਣੇ ਨਾਲ ਸਿਰ ਟਿਕਾ ਕੇ ਪੈ ਜਾਂਦੇ। ਸ਼ਾਮ ਨੂੰ ਵੀ ਸਟੇਸ਼ਨ ’ਤੇ ਸੈਰ ਕਰਨ ਆਉਣ ਵਾਲੇ ਲੋਕ ਵਾਪਸੀ ਸਮੇਂ ਕੁਝ ਦੇਰ ਬੋਹੜ ਹੇਠ ਬਹਿ ਕੇ ਸਮਾਜ ਅਤੇ ਸਿਆਸਤ ਬਾਰੇ ਚਰਚਾ ਕਰ ਕੇ ਹੀ ਘਰਾਂ ਨੂੰ ਮੁੜਦੇ।
ਸਮਾਂ ਬਦਲ ਰਿਹਾ ਸੀ। ਇਸ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਮੇਰੀ ਦਾਦੀ ਨੇ ਦਾਦਾ ਜੀ ਨੂੰ ਮੈਨੂੰ ਸਵੇਰ ਦੀ ਸੈਰ ’ਤੇ ਨਾਲ ਲਿਜਾਣ ਤੋਂ ਮਨ੍ਹਾਂ ਕਰ ਦਿੱਤਾ, ਇਹ ਕਹਿ ਕੇ ਕਿ ਉੱਥੇ ਬੰਦੇ ਹੁੰਦੇ ਹਨ। ਬੰਦੇ ਤਾਂ ਉੱਥੇ ਪਹਿਲਾਂ ਵੀ ਹੁੰਦੇ ਸਨ। ਮੇਰੀ ਸਮਝ ’ਚ ਕੁਝ ਨਾ ਆਇਆ। ਮੈਂ ਸ਼ਾਮ ਨੂੰ ਗਲੀ ਦੇ ਹੋਰ ਬੱਚਿਆਂ ਨਾਲ ਬੋਹੜ ’ਤੇ ਜਾ ਕੇ ਆਪਣਾ ਘਾਟਾ ਪੂਰਾ ਕਰਨ ਬਾਰੇ ਕਿਹਾ ਤਾਂ ਮੈਨੂੰ ਦੱਸਿਆ ਗਿਆ ਕਿ ਮੇਰੇ ਜਿੰਨੀਆਂ ਵੱਡੀਆਂ ਕੁੜੀਆਂ ਜੁਆਕਾਂ ਦੀਆਂ ਟੋਲੀਆਂ ਵਿਚ ਘੁੰਮਦੀਆਂ ਚੰਗੀਆਂ ਨਹੀਂ ਲੱਗਦੀਆਂ। ਮੇਰੇ ਇਕੱਲਿਆਂ ਉੱਥੇ ਜਾਣ ਦੀ ਗੱਲ ਤਾਂ ਸਿਰਿਉਂ ਹੀ ਨਕਾਰ ਦਿੱਤੀ ਗਈ। ਉਸ ਦਿਨ ਮੈਂ ਸੋਚਿਆ ਸੀ ਕਿ ਕਾਸ਼, ਮੈਂ ਇਕ ਵੱਡੀ ਕੁੜੀ ਹੋਣ ਦੀ ਜਗ੍ਹਾ ਬੋਹੜ ਦੀਆਂ ਸ਼ਾਖਾਵਾਂ ਵਿਚ ਬੈਠੇ ਪੰਛੀਆਂ ’ਚੋਂ ਕੋਈ ਇਕ ਪੰਛੀ ਹੋ ਜਾਂਦੀ!
ਖ਼ੈਰ! ਹੌਲੀ-ਹੌਲੀ ਮੈਂ ਵੀ ਉਸ ਬਦਲਾਅ ਨਾਲ ਢਲਦਿਆਂ ਆਪਣੀ ਪੜ੍ਹਾਈ ਵਿਚ ਰੁੱਝ ਗਈ। ਸਕੂਲ ਤੋਂ ਕਾਲਜ ਪਹੁੰਚੀ ਤਾਂ ਆਪਣੇ ਹਮਉਮਰਾਂ ਵਾਂਗ ਸਾਈਕਲ ਤੋਂ ਸਕੂਟਰ ’ਤੇ ਆ ਗਈ। ਬੋਹੜ ਨਾਲ ਮੇਲ ਹਾਲਾਂਕਿ ਬਹੁਤ ਘਟ ਗਿਆ ਸੀ, ਪਰ ਮੋਹ ਨਹੀਂ ਸੀ ਛੁੱਟਿਆ। ਕਾਲਜ ਜਾਂ ਬਾਜ਼ਾਰ ਤੋਂ ਆਉਂਦੇ-ਜਾਂਦੇ ਜਦੋਂ ਕਦੇ ਫਾਟਕ ਲੱਗਿਆ ਮਿਲਦਾ ਤਾਂ ਬੋਹੜ ਨੂੰ ਵੇਖਣ ਦਾ ਮੌਕਾ ਮਿਲ ਜਾਂਦਾ। ਜ਼ਿਆਦਾਤਰ ਫਾਟਕ ਦੇ ਬੰਦ ਹੋਣ ਤੇ ਫਿਰ ਖੁੱਲ੍ਹ ਕੇ ਟਰੈਫਿਕ ਨਿਕਲਣ ਤਕ ਪੌਣਾ ਘੰਟਾ ਵੀ ਲੱਗ ਜਾਂਦਾ ਸੀ। ਲੋਕ ਸ਼ਿਕਾਇਤਾਂ ਕਰਦੇ ਕਿ ਬਾਕੀ ਸ਼ਹਿਰਾਂ ਵਾਂਗੂੰ ਸਾਡੇ ਸ਼ਹਿਰ ਵਿਚ ਵੀ ਸਰਕਾਰ ਰੇਲਵੇ ਓਵਰਬ੍ਰਿਜ ਕਿਉਂ ਨਹੀਂ ਬਣਵਾਉਂਦੀ, ਪਰ ਮੈਨੂੰ ਉਸ ਇੰਤਜ਼ਾਰ ਤੋਂ ਕੋਈ ਔਖ ਨਹੀਂ ਸੀ। ਮੈਂ ਚਾਹੁੰਦੀ ਕਿ ਮੈਨੂੰ ਫਾਟਕ ਬੰਦ ਮਿਲੇ ਤੇ ਮੈਂ ਬੋਹੜ ਨਾਲ ਗੱਲਾਂ ਕਰਕੇ ਆਪਣਾ ਘਾਟਾ ਪੂਰਾ ਕਰ ਸਕਾਂ। ਉਨ੍ਹੀਂ ਦਿਨੀਂ ਹੀ ਮੇਰੇ ਦਾਦਾ ਜੀ ਪੂਰੇ ਹੋ ਗਏ ਸਨ ਅਤੇ ਬੋਹੜ ’ਤੇ ਮੈਨੂੰ ਹੋਰ ਵੀ ਮੋਹ ਆਉਣ ਲੱਗ ਪਿਆ ਸੀ। ਕਈ ਵਾਰੀ ਮੈਂ ਸਕੂਟਰ ਨੂੰ ਸਟੈਂਡ ਲਗਾ ਕੇ ਕੁਝ ਦੇਰ ਲਈ ਬੋਹੜ ਕੋਲ ਜਾ ਕੇ ਖੜ੍ਹ ਤਾਂ ਜਾਂਦੀ, ਪਰ ਚਾਹ ਕੇ ਵੀ ਉਸ ਦੇ ਤਣੇ ਨੂੰ ਜੱਫੀ ਵਿਚ ਲੈਣ ਦੀ ਖੇਡ ਨਾ ਖੇਡ ਸਕਦੀ; ਨਾ ਉਸ ਦੇ ਦੁਆਲੇ ਘੁੰਮ ਸਕਦੀ ਅਤੇ ਨਾ ਹੀ ਸ਼ਰਮ ਦੇ ਮਾਰੇ ਉਸ ਦੇ ਦਾੜ੍ਹਿਆਂ ’ਚੋਂ ਲੰਘਣ ਦੀ ਹਿੰਮਤ ਹੁੰਦੀ। ਪਰ ਮੈਨੂੰ ਮਹਿਸੂਸ ਹੁੰਦਾ ਜਿਵੇਂ ਬੋਹੜ ਵੀ ਮੈਨੂੰ ਯਾਦ ਕਰਦਾ ਹੈ; ਮੇਰੇ ਕੋਲ ਹੋਣ ’ਤੇ ਉਹ ਵੀ ਖ਼ੁਸ਼ ਹੈ ਅਤੇ ਸ਼ਾਇਦ ਕੁਝ ਕਹਿਣਾ ਵੀ ਚਾਹੁੰਦਾ ਹੈ। ਮੈਂ ਅਕਸਰ ਇਨ੍ਹਾਂ ਅੰਦਾਜ਼ਿਆਂ ਵਿਚ ਗੁੰਮੀ ਹੀ ਘਰ ਪਰਤ ਆਉਂਦੀ।
ਫਿਰ ਇਕ ਦਿਨ ਅਖ਼ਬਾਰ ’ਚ ਪੜ੍ਹਿਆ ਕਿ ਸ਼ਹਿਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਅਪੀਲਾਂ ਨੂੰ ਬੂਰ ਪਿਆ ਹੈ; ਵਾਹਨ ਚਾਲਕਾਂ ਦੇ ਜੀਅ ਦਾ ਜੰਜਾਲ ਬਣੇ ਫਾਟਕ ਉੱਤੇ ਪੁਲ ਬਣਨਾ ਮਨਜ਼ੂਰ ਹੋ ਗਿਆ ਹੈ। ਕੁਝ ਕੁ ਸਮੇਂ ਬਾਅਦ ਪੁਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਅਤੇ ਉਸਾਰੀ ਦੇ ਰਾਹ ਵਿਚ ਪੈਂਦੀਆਂ ਦੁਕਾਨਾਂ ਖਾਲੀ ਕਰਵਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ। ਹੁਣ ਤਕ ਮੈਨੂੰ ਵੀ ਲੱਗਣ ਲੱਗਿਆ ਸੀ ਕਿ ਇਹ ਫਲਾਈਓਵਰ ਬਣਨ ਪਿੱਛੋਂ ਸ਼ਹਿਰ ਦੇ ਦੂਜੇ ਪਾਸੇ ਜਾਣ ਦਾ ਸਮਾਂ ਅਤੇ ਖੇਚਲ ਘਟ ਜਾਵੇਗੀ। ਸ਼ਾਇਦ ਫਲਾਈਓਵਰ ਬਣਨ ਮਗਰੋਂ ਪਿਤਾ ਜੀ ਮੈਨੂੰ ਕਾਰ ਲਿਜਾਣ ਦੀ ਆਗਿਆ ਵੀ ਦੇ ਦੇਣ, ਇਹ ਸੋਚ ਕੇ ਮੈਂ ਕਾਫ਼ੀ ਖ਼ੁਸ਼ ਹੋਈ ਸੀ।
ਇਕ ਸਾਲ ਹੋਰ ਬੀਤ ਗਿਆ ਸੀ। ਪੁਲ ਦੇ ਰਾਹ ਵਿਚ ਪੈਂਦੀਆਂ ਦੁਕਾਨਾਂ ਨੂੰ ਖਾਲੀ ਕਰਵਾ ਕੇ ਢਾਹ ਦਿੱਤਾ ਗਿਆ ਸੀ ਅਤੇ ਹੁਣ ਬਿਜਲੀ ਦੇ ਖੰਭਿਆਂ ਨੂੰ ਸ਼ਿਫਟ ਕਰਨ ਦੀ ਵਾਰੀ ਸੀ। ਸਾਨੂੰ ਸਾਰਿਆਂ ਨੂੰ ਪੁਲ ਦਾ ਸੁਪਨਾ ਪੂਰਾ ਹੁੰਦਾ ਦਿਸ ਰਿਹਾ ਸੀ। ਅਜਿਹੇ ਹੀ ਇਕ ਦਿਨ ਪਿਤਾ ਜੀ ਨੇ ਸ਼ਾਮ ਦੀ ਸੈਰ ਤੋਂ ਵਾਪਸ ਆ ਕੇ ਦੱਸਿਆ, ‘‘ਫਾਟਕ ਕੋਲ ਉਹ ਜਿਹੜਾ ਬੋਹੜ ਲੱਗਿਆ ਸੀ, ਅੱਜ ਉਸ ਨੂੰ ਵੱਢ ’ਤਾ। ਉੱਥੇ ਬਿਜਲੀ ਆਲੇ ਖੰਭੇ ਲੱਗਣਗੇ।’’ ਮੇਰੇ ਪਿੰਡੇ ਨਾਲ ਜਿਵੇਂ ਕਿਸੇ ਨੇ ਬਿਜਲੀ ਦੀ ਨੰਗੀ ਤਾਰ ਛੁਹਾ ਦਿੱਤੀ ਹੋਵੇ, ‘‘ਤੁਸੀਂ ਵੇਖਿਆ ਆਪਣੀ ਅੱਖੀਂ?’’ ‘‘ਹਾਂ ਹੁਣੇ ਵੇਖ ਕੇ ਆਇਆਂ। ਚਬੂਤਰੇ ਦੇ ਐਨ ਨਾਲ-ਨਾਲ ਆਰੀ ਚਲਾਈ ਐ ਤੇ ਬੋਹੜ ਖੱਬੇ ਲਾਈਨਾਂ ਵਾਲੇ ਪਾਸੇ ਪਿਐ।’’ ਮੈਨੂੰ ਪਤਾ ਨਹੀਂ ਕੀ ਹੋਇਆ, ਮੈਂ ‘ਹੁਣੇ ਆਈ’ ਕਹਿ ਕੇ ਬਿਨਾਂ ਸੋਚੇ ਲਾਈਨਾਂ ਵੱਲ ਨੂੰ ਭੱਜ ਪਈ ਕਿ ਵੇਖਣ ਵਾਲੇ ਕੀ ਸੋਚ ਰਹੇ ਸਨ। ਉੱਥੇ ਪਹੁੰਚ ਕੇ ਵੇਖਿਆ ਕਿ ਹਮੇਸ਼ਾ ਮਾਣ ਨਾਲ ਸਿਰ ਚੁੱਕੀ ਖੜ੍ਹਾ ਰਹਿਣ ਵਾਲਾ ਬਾਬਾ ਬੋਹੜ ਧੂੜ ਵਿਚ ਲਿਟਿਆ ਪਿਆ ਸੀ ਤੇ ਉਸ ਦੇ ਦਾੜ੍ਹੇ ਲਾਈਨਾਂ ਤੀਕ ਖਿੱਲਰੇ ਆਉਣ-ਜਾਣ ਵਾਲਿਆਂ ਦੀਆਂ ਪੈੜਾਂ ਹੇਠ ਮਿੱਧੇ ਜਾ ਰਹੇ ਸਨ। ਮੈਂ ਆਖ਼ਰੀ ਸਾਹ ਲੈਂਦੇ ਉਸ ਵਿਚਾਰੇ ਬੋਹੜ ਨਾਲ ਲੱਗ ਕੇ ਬੈਠੀ ਉਸ ਦੇ ਤਣੇ ’ਤੇ ਹੱਥ ਫੇਰ ਰਹੀ ਸੀ ਅਤੇ ਆਪਣੇ ਦਾਦਾ ਜੀ ਦੀ ਮੌਤ ਦਾ ਦਰਦ ਦੂਹਰੀ ਵਾਰ ਸਹਿ ਰਹੀ ਸੀ। ਬੋਹੜ ਵੀ ਜਿਵੇਂ ਜਾਂਦੇ-ਜਾਂਦੇ ਮੈਨੂੰ ਪੁੱਛ ਰਿਹਾ ਸੀ, ‘‘ਕੀ ਤੁਸੀਂ ਮੈਨੂੰ ਨਾਲ ਰੱਖ ਕੇ ਤਰੱਕੀ ਨਹੀਂ ਸੀ ਕਰ ਸਕਦੇ?’’


Comments Off on ਉਸ ਬੋਹੜ ਨੇ ਪੁੱਛਿਆ ਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.