ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਇੱਜ਼ਤ ਵਾਲਾ ਕੰਮ

Posted On October - 27 - 2019

ਗੁਰਮੀਤ ਕੜਿਆਲਵੀ
ਕਥਾ ਪ੍ਰਵਾਹ

ਗੁਰਮੀਤ ਕੜਿਆਲਵੀ ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ‘ਆਤੂ ਖੋਜੀ’ ਤੇ ‘ਸਾਰੰਗੀ ਦੀ ਮੌਤ’ ਨੇ ਪੰਜਾਬੀ ਕਹਾਣੀਕਾਰਾਂ ਲਈ ਨਵੇਂ ਮਾਪਦੰਡ ਕਾਇਮ ਕੀਤੇ। ਉਸ ਦੀਆਂ ਸਾਰੀਆਂ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋ ਚੁੱਕੀਆਂ ਹਨ।

ਵੱਡੇ ਭਰਾ ਬਲਦੇਵ ਵਾਂਗ ਪਿੰਡ ਦੇ ਬਹੁਤੇ ਲੋਕਾਂ ਲਈ ਇਹ ਝੂਠ ਮਾਰਨ ਵਾਲੀ ਗੱਲ ਸੀ ਕਿ ਢਾਈ ਕਿੱਲਿਆਂ ਦੇ ਆਸਰੇ ਹੀ ਸੁਖਦੇਵ ਸਿੰਘ ਆਪਣੀ ਕਬੀਲਦਾਰੀ ਦੀ ਗੱਡੀ ਨੂੰ ਹੱਕੀ ਤੁਰਿਆ ਆਉਂਦਾ, ਪਰ ਇਹ ਚਿੱਟੇ ਦਿਨ ਵਾਂਗ ਸੱਚ ਸੀ।
ਅਜੇ ਤਾਂ ਗੁਰਦੁਆਰੇ ਵਾਲਾ ਭਾਈ ਜੀ ਰਜਾਈ ਵਿਚ ਉਸਲਵੱਟੇ ਹੀ ਲੈ ਰਿਹਾ ਹੁੰਦਾ ਜਦੋਂ ਸੁਖਦੇਵ ਖੇਤਾਂ ’ਚ ਜਾ ਵੜਦਾ। ਲੋਕ ਆਖਦੇ, ‘‘ਗੁਰਦੁਆਰੇ ਵਾਲਾ ਗ੍ਰੰਥੀ ਤਾਂ ਖੇਤ ਜਾਂਦੇ ਦੇਬੂ ਦੇ ਠਿੱਬੇ ਛਿੱਤਰਾਂ ਦੀ ਖੜੱਪ ਖੜੱਪ ਸੁਣ ਕੇ ਜਾਗਦਾ।’’
ਸੁਖਦੇਵ ਸਿੰਘ ਜਦੋਂ ਨੂੰ ਕੋਠੜੀ ’ਚੋਂ ਪੱਲੀਆਂ ਵਗੈਰਾ ਚੁੱਕ ਕੇ ਸਬਜ਼ੀਆਂ ’ਚ ਜਾਂਦਾ ਉਦੋਂ ਨੂੰ ਪਾਲੋ ਵੀ ਵਿਹੜੇ ’ਚ ਬਹੁਕਰ ਬੁਹਾਰੀ ਕਰ ਤੇ ਲਵੇਰੀਆਂ ਨੂੰ ਪੱਠਾ ਨੀਰਾ ਪਾ, ਧਾਰਾਂ ਚੋਅ ਲੈਂਦੀ। ਕਾਹਲੀ ਕਾਹਲੀ ਕੰਮ ਨਿਬੇੜਦੀ ਤੇ ਜੁਆਕਾਂ ਨੂੰ ਲੈ ਕੇ ਖੇਤ ਪਹੁੰਚ ਜਾਂਦੀ। ਸਾਰੇ ਜੀਅ ਹੱਥੋ ਹੱਥੀ ਅਗੇਤੀ ਲਾਈ ਸਬਜ਼ੀ ਤੋੜਦੇ ਤੇ ਮੰਡੀ ਲਿਜਾਣ ਲਈ ਪੱਲੀਆਂ ’ਚ ਬੰਨ੍ਹ ਦਿੰਦੇ। ਜਿਹੜੇ ਵੇਲੇ ਹਰਨਾਮੀ ਬੁੜੀ ‘ਸਤਿਨਾਮ ਵਾਹਿਗੁਰੂ’ ਬੋਲਦੀ ਤੇ ਮਾਲਾ ਫੇਰਦੀ ਵੱਡੇ ਗੁਰਦੁਆਰੇ ਨੂੰ ਜਾ ਰਹੀ ਹੁੰਦੀ, ਸੁਖਦੇਵ ਸਾਈਕਲ ਰੇਹੜੀ ’ਤੇ ਸਬਜ਼ੀ ਲੈ ਕੇ ਮੰਡੀ ਨੂੰ ਤੁਰ ਪਿਆ ਹੁੰਦਾ।
ਅੱਠ ਵਰ੍ਹੇ ਪਹਿਲਾਂ ਜਦੋਂ ਦੋਵਾਂ ਭਰਾਵਾਂ ਨੇ ਵਾਹੀ ਅੱਡੋ ਅੱਡ ਕੀਤੀ ਸੀ, ਵੱਡੇ ਭਰਾ ਬਲਦੇਵ ਸਿੰਘ ਦੇ ਹਿੱਸੇ ਵੀ ਢਾਈ ਕਿੱਲੇ ਹੀ ਆਏ ਸਨ, ਪਰ ਜਦੋਂ ਦੀ ਉਸ ਦੀ ਕੁੜੀ ਸੁਖਜੀਤ ਪੜ੍ਹਾਈ ਦੇ ਆਧਾਰ ’ਤੇ ਕੈਨੇਡਾ ਗਈ ਸੀ; ਉਹ ਆਪਣੇ ਆਪ ਨੂੰ ਪਿੰਡ ਦੇ ਸਿਆਣੇ ਅਤੇ ਸਹਿੰਦੇ ਬੰਦਿਆਂ ’ਚ ਗਿਣਨ ਲੱਗਾ ਸੀ। ਉਸ ਨੂੰ ਛੋਟੇ ਭਰਾ ਸੁਖਦੇਵ ਦਾ ਸਬਜ਼ੀ ਲਾਉਣ ਵਾਲਾ ਕੰਮ ਵੀ ਚੰਗਾ ਨਹੀਂ ਸੀ ਲੱਗਦਾ। ਉਹ ਇਸ ਨੂੰ ਕੰਮੀ ਕਮੀਣਾਂ ਵਾਲਾ ਕੰਮ ਸਮਝਦਾ ਸੀ। ਦੋਵਾਂ ਭਰਾਵਾਂ ਦੀ ਆਪਸ ਵਿਚ ਬਹੁਤੀ ਆਉਣੀ ਜਾਣੀ ਤਾਂ ਨਹੀਂ ਸੀ, ਪਰ ਰਾਹ ਖੇੜ੍ਹੇ ਮਿਲਣ ’ਤੇ ਇਕ ਦੂਜੇ ਨੂੰ ਬੁਲਾ ਲੈਂਦੇ। ਅੱਜਕੱਲ੍ਹ ਉਸ ਨੂੰ ਸੁਖਦੇਵ ’ਤੇ ਕਈ ਗੱਲਾਂ ਕਰਕੇ ਗੁੱਸਾ ਚੜ੍ਹਦਾ ਰਹਿੰਦਾ। ਜਦੋਂ ਦਾ ਸੁਖਦੇਵ ਵੱਲੋਂ ਮੁੰਡੇ ਮਨੀ ਨੂੰ ਅੱਗੇ ਪੜ੍ਹਨ ਲਾਉਣ ਦਾ ਸੁਣਿਆ ਸੀ, ਉਦੋਂ ਦਾ ਤਾਂ ਖ਼ਾਸਾ ਹੀ ਔਖਾ ਭਾਰਾ ਹੋਇਆ ਪਿਆ ਸੀ।
‘‘ਸੁਖਦੇਵ ਸਿਆਂ! ਲੱਗਣਾ ਤਾਂ ਤੂੰ ਆਵਦੀ ਜਨਾਨੀ ਮਗਰ ਈ ਐ। ਮੇਰੀ ਕਿਸੇ ਗੱਲ ’ਤੇ ਕੰਨ ਨ੍ਹੀ ਧਰਨਾ, ਪਰ ਇਕ ਗੱਲ ਧਿਆਨ ਨਾਲ ਸੁਣ ਲੈ। ਆਹ ਜਿਹੜਾ ਤੂੰ ਮਨੀ ਦੀ ਪੜ੍ਹਾਈ ’ਤੇ ਪੈਸਾ ਉਜਾੜੀ ਜਾਨੈ, ਸਿਰੇ ਦੀ ਬੇਵਕੂਫ਼ੀ ਐ। ਨੌਕਰੀ-ਨੂਕਰੀ ਕੋਈ ਨ੍ਹੀ ਮਿਲਣੀ ਹਮਾਤੜਾਂ ਨੂੰ। ਸਰਕਾਰੀ ਨੌਕਰੀਆਂ ਕਿਤੇ ਟਿੱਬਿਆਂ ’ਚ ਰੁਲਦੀਆਂ ਫਿਰਦੀਆਂ? ਲੋਕ ਤਾਂ ਵਜ਼ੀਰਾਂ ਮਗਰ ਨੋਟਾਂ ਦੀਆਂ ਦੱਥੀਆਂ ਚੱਕੀ ਫਿਰਦੇ। ਦੱਥੀਆਂ ਕੀ ਪੰਡਾਂ ਈ ਆਖ। ਉੱਤੋਂ ਵੱਡੀਆਂ ਵੱਡੀਆਂ ਸਿਫ਼ਾਰਸ਼ਾਂ। ਨੌਕਰੀ ਮਿਲਦੀ ਜੀਹਦੇ ਕੋਲ ਦੋਵੇਂ ਹੋਣ, ਪੈਸਾ ਵੀ ਤੇ ਸਿਫ਼ਾਰਸ਼ ਵੀ।’’ ਇਕ ਦਿਨ ਤੁਰੇ ਜਾਂਦੇ ਸੁਖਦੇਵ ਨੂੰ ਰੋਕ ਕੇ ਬਲਦੇਵ ਨੇ ਏਧਰ ਓਧਰ ਦੀਆਂ ਗੱਲਾਂ ਕੀਤੇ ਬਗੈਰ ਸਿੱਧਾ ਠਾਹ ਸੋਟਾ ਮਾਰਿਆ ਸੀ।

ਗੁਰਮੀਤ ਕੜਿਆਲਵੀ

‘‘…ਤੇ ਭਾਈ ਸਾਹਬ! ਗੁੱਸਾ ਤਾਂ ਕਰੀਂ ਨਾ। ਨਾ ਤੇਰੇ ਕੋਲ ਪੈਸਾ ਤੇ ਨਾ ਤੇਰੇ ਕੋਲ ਸਿਫ਼ਾਰਸ਼।’’ ਬਲਦੇਵ ਸਿੰਘ ਨੇ ਗੱਲ ਨਿਬੇੜ ਦਿੱਤੀ। ਸੁਖਦੇਵ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਵੱਡੇ ਭਰਾ ਦੀ ਆਖੀ ਗੱਲ ਦਾ ਕੀ ਜਵਾਬ ਦੇਵੇ।
‘‘ਬੱਸ ਬਾਈ ਪੜ੍ਹਾਈ ਜਾਨੇ ਆਂ ਔਖੇ ਸੌਖੇ। ਅੱਗੇ ਜੁਆਕ ਦੀ ਕਿਸਮਤ। ਜੇ ਕਰਮਾਂ ’ਚ ਹੋਈ ਤਾਂ ਸਰਕਾਰੀ ਨੌਕਰੀ ਮਿਲਜੂ ਨਹੀਂ ਤਾਂ ਪ੍ਰਾਈਵੇਟ ਲੱਗਜੂ ਕਿਧਰੇ ਪੰਜ ਸੱਤ ਹਜ਼ਾਰ ’ਤੇ। ਗੱਲ ਤਾਂ ਸਾਰੀ ਕਰਮਾਂ ’ਤੇ ਐ।’’ ਸੁਖਦੇਵ ਨੇ ਜਿਵੇਂ ਜਵਾਬ ਦੇਣ ਲਈ ਹੀ ਜਵਾਬ ਦਿੱਤਾ ਸੀ, ਉਂਜ ਉਸ ਨੂੰ ਪਤਾ ਸੀ ਕਿ ਐਨੇ ਕੁ ਜਵਾਬ ਨਾਲ ਵੱਡੇ ਭਰਾ ਦੀ ਤਸੱਲੀ ਨਹੀਂ ਹੋਣੀ।
‘‘ਉਏ ਕਰਮ ਕਿਤੇ ਐਵੇਂ ਬਣਦੇ ਐ? ਇਹ ਤਾਂ ਬਣਾਉਣੇ ਪੈਂਦੇ ਐ ਛੋਟੇ ਭਾਈ। ਸਿਆਣੇ ਬਣ ਕੇ ਚੱਲਣਾ ਪੈਂਦਾ। ਸਿਆਣਾ ਹੋਣ ਦੀ ਲੋੜ ਹੁੰਦੀ।’’ ਵੱਡੇ ਭਰਾ ਦੀਆਂ ਊਲ-ਜਲੂਲ ਸੁਣ ਕੇ ਸੁਖਦੇਵ ਅੰਦਰੇ ਅੰਦਰ ਵੱਟ ਖਾ ਗਿਆ ਸੀ।
‘‘ਦੇਬੂ! ਭਾਈ ਸਿਆਣੇ ਬਣ ਕੇ ਚੱਲੋ ਸਿਆਣੇ। ਤੀਵੀਂ ਮਗਰ ਨ੍ਹੀ ਲੱਗੀਦਾ ਬਾਹਲਾ। ਹਾਹੋ। ਸਮਾਂ ਵੇਖ ਕੇ ਚੱਲੀਦਾ।’’
‘‘ਬਾਈ ਜੇ ਬੋਝੇ ’ਚ ਚਾਰ ਠਿੱਪਰ ਹੋਣ, ਸਿਆਣਪ ਵੀ ਆ ਜਾਂਦੀ ਐ ਆਪਣੇ ਆਪ ਈ। ਹੁਣ ਸਾਡੇ ਵਰਗੇ ਨੰਗ ਨੇ ਕੀ ਸਿਆਣਾ ਹੋਣਾ?’’ ‘‘ਜੇ ਆਵਦੇ ਕੋਲ ਸਿਆਣਪ ਹੈਨੀ ਤਾਂ ਕਿਸੇ ਆਂਢੀ ਗੁਆਂਢੀ ਤੋਂ ਲੈ ਲੋ।’’ ਛੋਟੇ ਭਰਾ ਦੇ ਬੋਲਾਂ ਵਿਚਲੇ ਵਿਅੰਗ ਨੂੰ ਸਮਝਦਿਆਂ ਬਲਦੇਵ ਸਿੰਘ ਵੱਟ ਖਾ ਗਿਆ।
‘‘ਸਿਆਣੇ ਆਂਹਦੇ ਜੇ ਬੰਦੇ ਨੂੰ ਆਪ ਸੋਝੀ ਨਾ ਆਵੇ ਤਾਂ ਕੰਧ ਕੋਲੋਂ ਪੁੱਛ ਲਈਦਾ। ਪਰ ਥੋਨੂੰ ਸਿਆਣਪ ਆ ਕਿੱਥੋਂ ਜਾਊ? ਤੇਰੀ ਤੀਵੀਂ ਦੀ ਤਾਂ ਆਕੜ ’ਚ ਨਹੁੰ ਨ੍ਹੀ ਖੁੱਭਦਾ। ਬੰਦਾ ਕਿਸੇ ਭੈਣ ਭਰਾ ਨਾਲ ਈ ਰਾਇ ਮਸ਼ਵਰਾ ਕਰ ਲੈਂਦਾ। ਤੈਨੂੰ ਤਾਂ ਜਿਮੇ ਸਰਦਾਰਨੀ ਆਖਦੀ ਐ ਉਵੇਂ ਜਿਵੇਂ ਕਰ ਲੈਨਾ। ਜੇ ਮੈਨੂੰ ਪੁੱਛਦਾ ਤਾਂ ਮੈਂ ਕਦੇ ਵੀ ਮਨੀ ਨੂੰ ਅੱਗੇ ਪੜ੍ਹਾਉਣ ਦੀ ਸਾਲਾਹ ਨਾ ਦਿੰਦਾ।’’
‘‘ਹੋਰ ਫਿਰ ਕੀ ਕਰਦੇ?’’ ‘‘ਮੇਰੇ ਵੱਲੀ ਦੇਖਲਾ। ਮੈਂ ਨ੍ਹੀ ਸੀ ਹੀਰੇ ਨੂੰ ਅੱਗੇ ਪੜ੍ਹਾ ਸਕਦਾ? ਮੇਰੇ ਕੋਲ ਕਿਹੜਾ ਫੀਸ ਦੇਣ ਵਾਸਤੇ ਪੈਸੇ ਹੈਨੀ ਸੀ। ਸੁੱਖ ਨਾਲ ਗੁਰੂ ਮਾਰ੍ਹਾਜ ਦਾ ਦਿੱਤਾ ਸਭ ਕੁਛ ਐ। ਪਰ ਵੇਖ ਲਾ, ਨਹੀਂ ਲਾਇਆ। ਬਾਰ੍ਹਾਂ ਕਰਾਲੀਆਂ, ਵਾਧੂ ਐ। ਮੈਨੂੰ ਦੱਸ ਤਾਂ ਸਹੀ, ਧੀ ਪੁੱਤ ਨੂੰ ਵੱਧ ਪੜ੍ਹਾਉਣ ਦਾ ਹੈ ਕੋਈ ਲਾਭ?’’
‘‘ਲਾਭ? ਲਾਭ ਕੀ ਐ? ਹੋਰ ਫਿਰ ਕੀ ਕਰਦੇ?’’ ਸੁਖਦੇਵ ਨੇ ਆਪਣਾ ਹੀ ਪਹਿਲਾ ਸਵਾਲ ਫੇਰ ਦੁਹਰਾ ਦਿੱਤਾ ਸੀ।
‘‘ਹੀਰੇ ਨੂੰ ਸ਼ਹਿਰ ਸੀਮੈਂਟ ਸਰੀਏ ਦੀ ਦੁਕਾਨ ਕਰਾ ਦਿੱਤੀ ਐ। ਕੰਮ ਵੀ ਵਧੀਆ ਚੱਲ ਪਿਆ। ਸੁਰਜਨ ਸਿਹੁੰ ਆੜਤੀਏ ਦੇ ਮੁੰਡੇ ਨਾਲ ਸਾਂਝੀ ਆ। ਹੀਰਾ ਪੰਜ ਚਾਰ ਸਾਲ ਸਾਂਝਾ ਕੰਮ ਕਰਲੂ, ਫੇਰ ਅੱਡ ਕਰਲਾਂਗੇ। ਜੇ ਸੁਰਜਨ ਸਿਹੁੰ ਚੰਗੀ ਨਿਭਾਈ ਗਿਆ ਤਾਂ ਨਿਭੀ ਵੀ ਜਾਊ।’’ ਬਲਦੇਵ ਨੇ ਬੜਾ ਹੁੱਬ ਕੇ ਦੱਸਿਆ ਸੀ।
‘‘ਚੰਗਾ ਕੀਤਾ! ਚੰਗਾ ਕੀਤਾ!!’’ ਸੁਖਦੇਵ ਮਸੀਂ ਇੰਨਾ ਹੀ ਆਖ ਸਕਿਆ ਸੀ। ਸੁਰਜਨ ਸਿੰਘ ਆੜਤੀਏ ਨਾਲ ਸਾਂਝਦਾਰੀ ਦੀ ਗੱਲ ਸੁਣਦਿਆਂ ਉਸ ਦਾ ਮੂੰਹ ਕੌੜਾ ਹੋ ਗਿਆ ਸੀ ਜਿਵੇਂ ਕੁਨੀਨ ਦੀ ਕੌੜੀ ਗੋਲੀ ਸੰਘ ’ਚ ਆ ਫਸੀ ਹੋਵੇ। ਉਸ ਦਾ ਜੀਅ ਕੀਤਾ ਆਖੇ, ‘‘ਸੁਰਜਨ ਸਿੰਘ ਨੇ ਨਿਭਾਈ ਤਾਂ ਬਾਪੂ ਨਾਲ ਵੀ ਬੜੀ ਵਧੀਆ ਸੀ। ਬੜੀ ਭੱਦਰਕਾਰੀ ਵਾਲਾ ਕੰਮ ਕੀਤਾ ਬੁੱਕਲ ਦੇ ਸੱਪ ਸੁਰਜਨ ਸਿੰਘ ਆੜਤੀਏ ਨਾਲ ਸਾਂਝਦਾਰੀ ਕਰਕੇ। ਕੋਈ ਅੰਤ ਨ੍ਹੀ ਤੇਰੀ ਸਿਆਣਪ ਦਾ। ਬਾਪੂ ਦੀ ਆਤਮਾ ਵੀ ਤੈਨੂੰ ਥਾਪੀਆਂ ਦਿੰਦੀ ਹੋਊ ਬਈ ਮੇਰੀ ਔਲਾਦ ਨੇ ਬੜਾ ਨੇਕ ਕੰਮ ਕੀਤਾ।’’ ਪਰ ਉਹ ਚੁੱਪ ਰਿਹਾ। ਸੁਰਜਨ ਸਿੰਘ ਵੱਲੋਂ ਕਈ ਵਰ੍ਹੇ ਪਹਿਲਾਂ ਨੱਪੇ ਤਿੰਨ ਕਿੱਲੇ ਉਸ ਦੀ ਹਿੱਕ ’ਚ ਰੜਕਣ ਲੱਗੇ ਸਨ।
ਉਦੋਂ ਬਲਦੇਵ ਤੇ ਸੁਖਦੇਵ ਅਜੇ ਗੱਭਰੂ ਨਹੀਂ ਸੀ ਹੋਏ। ਉਨ੍ਹਾਂ ਦੇ ਬਾਪ ਅਮਰ ਸਿੰਘ ਦੀ ਸੁਰਜਨ ਨਾਲ ਬੜੀ ਗੂੜ੍ਹੀ ਯਾਰੀ ਸੀ। ਦੋਵੇਂ ਪਿਆਲੇ ਦੇ ਸਾਂਝੀ। ਅਮਰ ਸਿੰਘ ਨੇ ਧੀ ਦੇ ਵਿਆਹ ਸਮੇਂ ਸੁਰਜਨ ਤੋਂ ਵਿਆਜੂ ਪੈਸੇ ਫੜੇ ਸਨ। ਪੈਸੇ ਦੇਣ ਲੱਗਿਆਂ ਸੁਰਜਨ ਨੇ ਸੁਖਦੇਵ ਹੋਰਾਂ ਦੇ ਬਾਪ ਤੋਂ ਪਰੋਨੋਟ ’ਤੇ ਤਿੰਨ ਕਿੱਲੇ ਗਹਿਣੇ ਲਿਖਾ ਲਏ। ਫਿਰ ਕਈ ਵਰ੍ਹੇ ਖੇਤਾਂ ’ਚ ਮਿੱਟੀ ਨਾਲ ਮਿੱਟੀ ਹੋਇਆ ਸਾਰਾ ਪਰਿਵਾਰ ਸੁਰਜਨ ਕਿਆਂ ਦੇ ਪੈਸੇ ਮੋੜਦਾ ਰਿਹਾ, ਪਰ ਉਸ ਦੇ ਪਰੋਨੋਟਾਂ ’ਤੋਂ ਅਮਰ ਸਿੰਘ ਦਾ ਨਾਵਾਂ ਸਾਫ਼ ਨਾ ਹੋ ਸਕਿਆ। ਅਮਰ ਸਿੰਘ ਨੂੰ ਤਾਂ ਪਰੋਨੋਟਾਂ ਦੀ ਲੰਘਦੀ ਜਾਂਦੀ ਮਿਆਦ ਦਾ ਵੀ ਪਤਾ ਨਹੀਂ ਲੱਗਾ ਤੇ ਨਾ ਹੀ ਸੁਰਜਨ ਨੇ ਇਹਦੇ ਬਾਰੇ ਕਦੇ ਯਾਦ ਕਰਾਇਆ ਸੀ। ਉਸ ਨੂੰ ਤਾਂ ਉਦੋਂ ਹੀ ਪਤਾ ਲੱਗਾ ਸੀ ਜਦੋਂ ਸੁਰਜਨ ਸਿੰਘ ਨੇ ਕਚਹਿਰੀ ’ਚ ਤਹਿਸੀਲਦਾਰ ਅੱਗੇ ਪੈਸੇ ਭਰ ਕੇ ਜ਼ਮੀਨ ਆਪਣੇ ਨਾਂ ਬੈਅ ਕਰਵਾ ਲਈ ਤੇ ਇਨ੍ਹਾਂ ਤਿੰਨ ਕਿੱਲਿਆਂ ’ਚ ਟਰੈਕਟਰ ਆਣ ਵਾੜਿਆ। ਅਮਰ ਸਿੰਘ ਯਾਰੀ ਦੇ ਮਿਹਣੇ ਵੀ ਮਾਰਦਾ ਰਿਹਾ ਤੇ ਆਪਣੇ ਨਾਲ ਹੋਏ ਧੱਕੇ ਬਾਰੇ ਪਰ੍ਹੇ ਪੰਚਾਇਤ ’ਚ ਵੀ ਰੌਲਾ ਪਾਉਂਦਾ ਰਿਹਾ। ਕੁਝ ਨਹੀਂ ਸੀ ਹੋਇਆ। ਸੁਰਜਨ ਸਿੰਘ ਦੇ ਘਰੋਂ ਮਹਿੰਗੀ ਸ਼ਰਾਬ ਪੀ ਕੇ ਮੁਰਗੇ ਖਾਣ ਵਾਲੀ ਪੰਚਾਇਤ ਨੇ ਥੋੜ੍ਹੇ ਬਹੁਤੇ ਹੋਰ ਪੈਸੇ ਦਿਵਾ ਕੇ ਗੱਲ ਨਿਬੇੜ ਦਿੱਤੀ ਸੀ।
‘‘ਮੇਰੇ ਆਖੇ ਲੱਗੇਂ ਤਾਂ ਛੱਡ ਖਹਿੜਾ ਪੜ੍ਹਾਈਆਂ-ਪੜੂਈਆਂ ਦਾ। ਕੋਈ ਫਾਇਦਾ ਨਹੀਂ। ਬਿਜਨੈੱਸ ’ਚ ਪਾ ਦੇ ਮੁੰਡੇ ਨੂੰ।’’ ਤੁਰਨ ਦੀ ਤਿਆਰੀ ਕਰਦਿਆਂ ਬਲਦੇਵ ਨੇ ਆਖਿਆ ਸੀ। ‘‘ਬਾਈ, ਤੇਰੇ ਵਰਗੇ ਬਿਜਨੈੱਸ ਤਾਂ ਅਸੀਂ ਕਿੱਥੋਂ ਕਰਲਾਂਗੇ?’’ ਸੁਖਦੇਵ ਦੀ ਗੱਲ ਅਣਸੁਣੀ ਕਰਦਿਆਂ ਬਲਦੇਵ ਸਿੰਘ ਸੁਸਾਇਟੀ ਵੱਲ ਨੂੰ ਤੁਰ ਗਿਆ ਸੀ। ਅੱਜਕੱਲ੍ਹ ਉਹ ਪਿੰਡ ਦੀ ਖੇਤੀਬਾੜੀ ਸੁਸਾਇਟੀ ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਸੀ।
‘‘ਤੇਰੇ ਵੱਸ ਦੀ ਗੱਲ ਨਹੀਂ, ਤੇਰਾ ਖ਼ੂਨ ਚਿੱਟਾ ਹੋ ਗਿਆ। ਪੈਸਾ ਈ ਮੁੱਖ ਹੋ ਗਿਆ ਤੇਰੇ ਵਾਸਤੇ। ਪੈਸੇ ਵਾਸਤੇ ਤਾਂ ਤੂੰ ਕੁੜੀ ਨੂੰ ਹੋਰ ਵੀ ਦੋ ਥਾਈਂ ਵਿਆਹ ਸਕਦੈਂ। ਪਿੰਡ ਕੀ, ਆਲੇ ਦੁਆਲੇ ਦੇ ਕਈ ਕਈ ਪਿੰਡ ਜਾਣਦੇ ਤੇਰੀ ਭੱਦਰਕਾਰੀ ਨੂੰ। ਮੁੰਡੇ ਵਾਲਿਆਂ ਨੇ ਸਾਰਾ ਖਰਚਾ ਕਰ ਕੇ ਕੁੜੀ ਨੂੰ ਕੈਨੇਡਾ ਭੇਜਿਆ ਸੀ ਪੜ੍ਹਨ ਵਾਸਤੇ। ਤੇਰੇ ਕੋਲ ਤਾਂ ਸਿਰ ਦੀ ਜੂੰ ਵੀ ਹੈਨੀ ਸੀ ਲਾਉਣ ਨੂੰ। ਕੈਨੇਡਾ ਪਹੁੰਚਦਿਆਂ ਹੀ ਕੁੜੀ ਮੁੱਕਰ ਗਈ। ਮੁੰਡੇ ਨੂੰ ਸੱਦਣ ਤੋਂ ਇਨਕਾਰੀ ਹੋਗੀ। ਮੁੱਕਰੀ ਨਹੀਂ, ਤੁਸੀਂ ਤੀਵੀਂ ਤੇ ਖਸਮ ਨੇ ਰਲ ਕੇ ਮੁਕਰਾ ਦਿੱਤੀ। ਮੁੰਡੇ ਵਾਲੇ ਵਿਚਾਰੇ ਰੌਲਾ ਪਾਉਂਦੇ ਰਹਿ ਗਏ। ਬਥੇਰੀਆਂ ਪੰਚਾਇਤਾਂ ਇਕੱਠੀਆਂ ਕੀਤੀਆਂ, ਪਰ ਕੋਈ ਨਿਆਂ ਨਹੀਂ ਮਿਲਿਆ ਅਗਲਿਆਂ ਨੂੰ। ਤੁਸੀਂ ਪੈਰਾਂ ’ਤੇ ਪਾਣੀ ਹੀ ਨਹੀਂ ਪੈਣ ਦਿੱਤਾ- ਅਖੇ ਜੀ ਕੀ ਕਰੀਏ ਜਦੋਂ ਕੁੜੀ ਹੀ ਮੁੱਕਰ ਗਈ। ਅਖੇ ਸਾਡੀ ਕੁੜੀ ਨੂੰ ਕਿਧਰੋਂ ਪਤਾ ਲੱਗ ਗਿਆ, ਥੋਡਾ ਮੁੰਡਾ ਤਾਂ ਨਸ਼ੇ ਕਰਦਾ। ਹੁਣ ਸਾਰੀ ਉਮਰ ਦਾ ਰੋਗ ਕਿੱਥੋਂ ਸਹੇੜ ਲਏ ਆਪਣੇ ਗਲ਼? ਮੁੰਡੇ ਵਾਲਿਆਂ ਦੇ ਪੈਸੇ ਮੋੜਨ ਤੋਂ ਵੀ ਨੰਗਾ ਚਿੱਟਾ ਜਵਾਬ ਦੇਤਾ। ਅਖੇ ਜਦੋਂ ਕੁੜੀ ਕਮਾਉਣ ਲੱਗ ਗਈ ਆਪੇ ਮੋੜ ਦੇਊ। ਐਹੋ ਜਿਹੀਆਂ ਤਾਂ ਕਰਤੂਤਾਂ ਥੋਡੀਆਂ ਵੱਡੇ ਸਰਦਾਰਾਂ ਦੀਆਂ। ਏਥੇ ਕਿਹੜਾ ਬੱਸ ਕਰਤੀ। ਜਿੱਥੇ ਕੁੜੀ ਦੂਜੀ ਥਾਂ ਮੰਗੀ ਉੱਥੋਂ ਵੀ ਤੀਹ ਲੱਖ ਝੋਲੀ ਪੁਆ ਲਿਆ। ਕਾਗਜ਼ੀ ਪੱਤਰੀਂ ਵਿਆਹ। ਨਿਰਾ-ਪੁਰਾ ਵਪਾਰ। ਪੱਕੀ ਹੋ ਕੇ ਹੁਣ ਜਿਹੜਾ ਵਿਆਹ ਕਰਵਾ ਕੇ ਗਈ ਹੈ, ਸੁਣਨ ’ਚ ਤਾਂ ਆਇਆ ਬਈ ਚਾਲੀ ਲੱਖ ’ਚ ਸੌਦਾ ਹੋਇਆ। ਅਜੇ ਵੀ ਪਤਾ ਨ੍ਹੀ ਵਿਆਹ ਅਸਲ ਐ ਕਿ…?’’ ਬਲਦੇਵ ਸਿੰਘ ਦੇ ਤੁਰ ਜਾਣ ਬਾਅਦ ਵੀ ਸੁਖਦੇਵ ਕਿੰਨਾ ਚਿਰ ਮੂੰਹ ’ਚ ਹੀ ਬੁੜਬੁੜ ਕਰਦਾ ਰਿਹਾ ਸੀ।
* * *
ਬਲਦੇਵ ਸਿੰਘ ਪਿੰਡ ਦੀ ਸੁਸਾਇਟੀ ਦਾ ਪ੍ਰਧਾਨ ਬਣ ਗਿਆ। ਉਸ ਦੀ ਮਹਿੰਦਰਾ ਜੀਪ ਅੱਗੇ ਅੰਗਰੇਜ਼ੀ ਅੱਖਰਾਂ ’ਚ ‘ਪ੍ਰਧਾਨ ਐਗਰੀਕਲਚਰ ਸੁਸਾਇਟੀ’ ਦੀ ਚਮਕਦੀ ਪਲੇਟ ਲੱਗ ਗਈ। ਪਿੱਤਲ ਦੇ ਅੱਖਰਾਂ ਵਾਲੀ ਵੱਡੀ ਪਲੇਟ ਵਾਲੀ ਜੀਪ ਦਿਨ ’ਚ ਪਿੰਡੋ-ਸ਼ਹਿਰ ਤੇ ਸ਼ਹਿਰੋਂ-ਪਿੰਡ ਦੇ ਚੱਕਰ ਲਾਉਂਦੀ ਰਹਿੰਦੀ। ਜੀਪ ਕਦੇ ਥਾਣੇ, ਕਦੇ ਕਚਹਿਰੀ ਤੇ ਕਦੇ ਹਲਕਾ ਵਿਧਾਇਕ ਦੇ ਬਾਰ ਮੂਹਰੇ ਖੜ੍ਹੀ ਦਿਖਾਈ ਦਿੰਦੀ। ਬਲਦੇਵ ਸਿੰਘ ਅੱਜਕੱਲ੍ਹ ਐੱਮਐੱਲਏ ਸਾਹਬ ਦਾ ਪੂਰਾ ਚਹੇਤਾ ਬਣਿਆ ਪਿਆ ਸੀ। ਉਸ ਦੇ ਪਿੰਡ ਦਾ ਅਗਲਾ ਸਰਪੰਚ ਬਣ ਜਾਣ ਦੀ ਚਰਚਾ ਵੀ ਗਲੀਆਂ ’ਚੋਂ ਹੁੰਦੀ ਹੋਈ ਮੁਹੱਲਿਆਂ ਤੇ ਘਰਾਂ ’ਚ ਪਹੁੰਚ ਰਹੀ ਸੀ। ਪਿੰਡ ਦੇ ਚੱਲਦੇ ਫਿਰਦੇ ਤੇ ਚੱਕ ਥੱਲ ਕਰਨ ਦੇ ਮਾਹਰ ਬਹੁਤ ਸਾਰੇ ਬੰਦੇ ਉਸ ਦੇ ਘਰ ਗੇੜਾ ਮਾਰਨ ਲੱਗੇ ਸਨ।
ਬਲਦੇਵ ਸਿੰਘ ਦੁੱਧ ਚਿੱਟੇ ਕੱਪੜੇ ਪਾ ਬਗਲਾ ਬਣ ਕੇ ਪਿੰਡ ’ਚੋਂ ਦੀ ਲੰਘਦਾ ਤਾਂ ਬੁਲਾਉਣ ਲਈ ਬਹੁਤ ਸਾਰੇ ਹੱਥ ਉੱਠਣ ਲੱਗੇ। ਉਹ ਆਪਣੇ ਆਪ ਨੂੰ ਪਿੰਡ ਦਾ ਬਹੁਤ ਹੀ ਅਹਿਮ ਵਿਅਕਤੀ ਹੋਣ ਦਾ ਅਹਿਸਾਸ ਕਰਦਾ ਰਹਿੰਦਾ। ਆਪਣੀ ਦਿਨੋ ਦਿਨ ਹੁੰਦੀ ਤਰੱਕੀ ਨਾਲ ਉਹ ਨਸ਼ਿਆਇਆ ਰਹਿੰਦਾ। ਸ਼ਹਿਰ ਵਿਚਲੀ ਦੁਕਾਨ ਵੀ ਪੂਰੀ ਵਧੀਆ ਚੱਲ ਰਹੀ ਸੀ। ਹੁਣ ਤਾਂ ਉਹ ਉਨ੍ਹਾਂ ਦਿਨਾਂ ਨੂੰ ਯਾਦ ਵੀ ਨਹੀਂ ਸੀ ਕਰਨਾ ਚਾਹੁੰਦਾ ਜਦੋਂ ਉਸ ਕੋਲ ਕੇਵਲ ਢਾਈ ਕਿੱਲੇ ਜ਼ਮੀਨ ਸੀ। ਜ਼ਿੰਦਗੀ ਪ੍ਰਤੀ ਉਸ ਨੂੰ ਕੋਈ ਰੰਜ ਨਹੀਂ ਸੀ ਰਿਹਾ।
ਬਲਦੇਵ ਸਿੰਘ ਨੂੰ ਜੇ ਕੋਈ ਰੰਜ ਸੀ ਤਾਂ ਛੋਟੇ ਭਰਾ ਸੁਖਦੇਵ ਨਾਲ। ਉਸ ਵੱਲੋਂ ਕੀਤੇ ਜਾਂਦੇ ਮਿਹਨਤ ਮੁਸ਼ੱਕਤ ਵਾਲੇ ਕੰਮਾਂ ਨੂੰ ਕੰਮੀਆਂ ਕੰਮੀਣਾਂ ਵਾਲੇ ਕੰਮ ਆਖਦਿਆਂ ਉਹ ਬੁਰਾ ਭਲਾ ਬੋਲਦਾ ਰਹਿੰਦਾ, ‘‘ਆਵਦੇ ਖੇਤਾਂ ’ਚ ਸਬਜ਼ੀ ਭਾਜੀ ਲਾਉਣੀ ਮਾੜੀ ਗੱਲ ਨ੍ਹੀ, ਪਰ ਰਿਕਸ਼ਾ ਰੇਹੜੀ ’ਤੇ ਲੱਦ ਕੇ ਮੰਡੀ ’ਚ ਜਾ ਖੜ੍ਹਨਾ, ਏਹ ਭਲਾ ਕੀ ਗੱਲ ਹੋਈ? ਸ਼ਰਮ ਆਉਂਦੀ ਐ ਜਦੋਂ ਕੋਈ ਆ ਕੇ ਦੱਸਦਾ ਕਿ ਪ੍ਰਧਾਨ ਸਾਬ੍ਹ ਆਪਣਾ ਦੇਬੂ ਮੰਡੀ ’ਚ ਰੇਹੜੀ ਲਾਈ ਖੜ੍ਹੈ। ਅਖੇ ਜੀ ਕਿਰਤ ਕਰਦਾਂ। ਕੀ ਫਾਇਦਾ ਐਹੋ ਜ੍ਹੀ ਕਿਰਤ ਦਾ?’’
ਬਲਦੇਵ ਸਿੰਘ ਸਿੱਧਾ ਤਾਂ ਸੁਖਦੇਵ ਨੂੰ ਸਬਜ਼ੀ ਵੇਚਣ ਵਾਲਾ ਕੰਮ ਛੱਡ ਦੇਣ ਲਈ ਨਾ ਆਖਦਾ, ਪਰ ਆਪਣੀਆਂ ਸਾਂਝੀਆਂ ਰਿਸ਼ਤੇਦਾਰੀਆਂ ’ਚ ਗੁੱਭ ਗੁਲਾਟ ਕੱਢਦਾ ਤੇ ਸੁਖਦੇਵ ਨੂੰ ਸਮਝਾਉਣ ਲਈ ਆਖਦਾ।
‘‘ਬਾਈ ਸੁਖਦੇਵ! ਪ੍ਰਧਾਨ ਦਾ ਭਰਾ ਐਂ ਹੁਣ ਤੂੰ। ਹਾਅ ਕੰਮ ਤਾਂ ਸ਼ੋਭਾ ਜਿਆ ਨ੍ਹੀ ਦਿੰਦਾ। ਉੱਥੇ ਈ ਤੂੰ ਖੜ੍ਹਾ ਹੁੰਨੈ ਰੇਹੜੀ ਲੈਕੇ ਉੱਥੇ ਈ ਆਪਣੇ ਪਿੰਡ ਆਲੇ ਕੰਮੀ ਕੰਮੀਣ ਖੜ੍ਹੇ ਹੁੰਦੇ ਐ।’’ ਤਲਵੰਡੀ ਵਾਲੀ ਭੈਣ ਨੇ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
‘‘ਬੀਬੀ ਸਰਜੀਤ! ਪ੍ਰਧਾਨ ਨੂੰ ਕਹੋ ਸਾਡੇ ਘਰੇ ਸਾਲ ਭਰ ਦੇ ਦਾਣੇ ਸਿੱਟ ਜਾਇਆ ਕਰੇ। ਸਾਰੇ ਜੀਆਂ ਦਾ ਲੀੜਾ ਲੱਤਾ ਬਣਵਾ ਦਿਆ ਕਰੇ ਚੜ੍ਹੇ ਸਿਆਲ। ਜੁਆਕਾਂ ਦੀ ਪੜ੍ਹਾਈ ਦੇ ਖਰਚੇ ਤਾਰ ਦਿਆ ਕਰੇ। ਦਸ ਵੀਹ ਹਜ਼ਾਰ ਦੇ ਦਿਆ ਕਰੇ ਰਿਸ਼ਤੇਦਾਰੀਆਂ ’ਚ ਆਉਣ ਜਾਣ ਵਾਸਤੇ ਕਿਰਾਇਆ ਭਾੜਾ। ਹੋਰ ਕੀ ਚਾਹੀਦਾ? ਕੁੱਛ ਨ੍ਹੀ… ਛੱਡ ਦਿੰਨਾ ਅੱਜ ਈ ਇਹ ਕੰਮ ਜੇ ਜ਼ਿਆਦਾ ਈ ਸ਼ਰਮ ਆਉਂਦੀ ਆਪਣੇ ਲੀਡਰ ਨੂੰ।’’ ਸੁਖਦੇਵ ਨੇ ਵੱਡੀ ਭੈਣ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਅਧੂਰੀ ਛੱਡੀ ਗੱਲ ਪੂਰੀ ਕੀਤੀ।
‘‘ਜਿੱਥੋਂ ਤੱਕ ਖੜ੍ਹਨ ਖੜ੍ਹਾਉਣ ਦੀ ਗੱਲ ਐ, ਮੈਂ ਭੋਰਾ ਪਾਸੇ ਹੋ ਕੇ ਖੜ੍ਹ ਜਿਆ ਕਰੂ ਕੰਮੀ ਕੰਮੀਣਾਂ ਤੋਂ। ਫੇਰ ਤਾਂ ਠੀਕ ਐ ਨਾ?’’
‘‘ਤੂੰ ਤਾਂ ਗੱਲ ਦਾ ਵਲਾਅ ਪਾਉਨੈ। ਮੇਰਾ ਕਹਿਣ ਦਾ ਮਤਲਬ ਸੀ ਜਾਣੀਦਾ ਕੰਮ ਕੁਛ ਜਚਦਾ ਜਿਆ ਨ੍ਹੀ।’’
‘‘ਬੀਬੀਏ ਭੈਣੇ! ਕੰਮ ਤਾਂ ਉਹੀ ਜਚਦਾ ਹੁੰਦੈ ਜਿਹੜਾ ਟੱਬਰ ਦੇ ਜੀਆਂ ਮੂੰਹ ਬੁਰਕੀ ਪਾਵੇ। ਬਾਕੀ ਸਾਰਾ ਕੁਛ ਤਾਂ ਫਲੂਲੀਆਂ ਈ ਹੁੰਦੀਆਂ। ਆਪਣੀ ਬਥੇਰੀ ਜਨਤਾ ਮਾਰੀ ਜਾਂਦੀ ਫਲੂਲੀਆਂ।’’ ਸੁਖਦੇਵ ਸਿੰਘ ਦੀਆਂ ਕੋਰੀਆਂ ਕਰਾਰੀਆਂ ਸੁਣ ਕੇ ਭੈਣ ਕੰਨ ਵਲ੍ਹੇਟਦੀ ਤੁਰ ਗਈ ਸੀ।
‘‘ਭੈਣ ਜੀ, ਆਵਦੇ ਬਾਈ ਪ੍ਰਧਾਨ ਸਾਬ੍ਹ ਨੂੰ ਇਹ ਵੀ ਦੱਸਦੀਂ, ਜਿਵੇਂ ਉਹ ਸੁਰਜਨ ਆੜਤੀਏ ਵਰਗੇ ਯਾਰਾਂ ਜੁੱਟਾਂ ਨਾਲ ਪਿਆਲਾ ਸਾਂਝਾ ਕਰਦੈ, ਉਵੇਂ ਮੈਂ ਵੀ ਸਬਜ਼ੀਆਂ ਵੇਚਣ ਵਾਲੇ ਕੰਮੀ ਕੰਮੀਣਾਂ ਨਾਲ ਗਿਲਾਸੀ ਖੜਕਾ ਲੈਨਾ।’’ ਸੁਖਦੇਵ ਦੇ ਬੋਲ ਤੁਰੀ ਜਾਂਦੀ ਸੁਰਜੀਤ ਕੌਰ ਦੇ ਨਾਲ ਜਾ ਰਲੇ ਸਨ।
ਬਲਦੇਵ ਸਿੰਘ ਨੂੰ ਅਸਲ ਤਕਲੀਫ਼ ਤਾਂ ਉਸ ਦਿਨ ਹੋਈ ਸੀ ਜਿਸ ਦਿਨ ਭਤੀਜੀ ਰਮਨ ਸ਼ਹਿਰ ਦੇ ਕਿਸੇ ਬਿਊਟੀ ਪਾਰਲਰ ’ਤੇ ਜਾਣ ਲੱਗੀ ਸੀ। ਉਹ ਕਈ ਦਿਨ ਅੰਦਰੇ ਅੰਦਰ ਕ੍ਰਿੱਝਦਾ ਰਿਹਾ ਸੀ। ‘‘ਕਮਲ ਤਾਂ ਵੇਖ ਕੀ ਕੁੱਟਿਆ ਇਨ੍ਹਾਂ ਨੇ। ਆਪ ਤਾਂ ਕੰਮੀ ਕਮੀਣਾਂ ਵਾਲਾ ਕੰਮ ਕਰਦਾ ਈ ਸੀ ਅੱਗਿਓਂ ਕੁੜੀ ਵੀ ਕੰਜਰਾਂ ਵਾਲੇ ਕਿੱਤੇ ’ਚ ਪਾਤੀ। ਸਬਜ਼ੀ ਭਾਜੀ ਵਾਲੇ ਕੰਮ ਨਾਲ ਤਾਂ ਕੁਛ ਬਣਿਆ ਨ੍ਹੀ, ਹੁਣ ਬਿਊਟੀ ਪਾਰਲਰ ਦੀ ਕਮਾਈ ਨਾਲ ਪਾਉਣਗੇ ਕੋਠੀਆਂ।’’
‘‘ਗੱਲ ਸੁਣਲਾ ਮੇਰੀ! ਤੈਨੂੰ ਕੋਈ ਲੋੜ ਨ੍ਹੀ ਕਿਸੇ ਦੀ ਕਿਸੇ ਗੱਲ ’ਚ ਆਉਣ ਦੀ। ਜੀਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀਆਂ ਬੰਨੂ। ਜਿੱਦਣ ਟੇਂਗਰੀ ਨੇ ਕੋਈ ਚੰਦ ਚਾੜ੍ਹਤਾ ਫੇਰ ਅੱਖਾਂ ’ਚ ਘਸੁੰਨ ਦੇ ਦੇ ਕੇ ਰੋਣਗੇ। ਤੈਨੂੰ ਆਖਤਾ ਵ੍ਹੀ ਤੂੰ ਨ੍ਹੀ ਆਉਣਾ ਉਨ੍ਹਾਂ ਦੀ ਕਿਸੇ ਗੱਲ ’ਚ।’’ ਪ੍ਰੀਤੋ ਨੇ ਘਰਵਾਲੇ ਬਲਦੇਵ ਸਿੰਘ ਨੂੰ ਬੁਰੀ ਤਰ੍ਹਾਂ ਵਰਜ ਦਿੱਤਾ ਸੀ।
‘‘ਇਹ ਕੋਈ ਇੱਜ਼ਤ ਵਾਲਾ ਕੰਮ ਐ? ਪਰਸ ਪਾ ਕੇ ਸ਼ਹਿਰ ਤੁਰ ਜਾਂਦੀ ਐ, ਕੀ ਪਤਾ ਕੀ ਕਰਦੀ ਫਿਰਦੀ ਓਥੇ। ਏਹਨੂੰ ਸਰਦਾਰ ਸੁਖਦੇਵ ਸਿਉਂ ਨੂੰ ਤਾਂ ਕਿਸੇ ਨੇ ਕੀ ਆਖਣਾ? ਲੋਕਾਂ ਨੇ ਛਿੱਥੀਆਂ ਤਾਂ ਮੇਰੇ ਮੂੰਹ ’ਚ ਦੇਣੀਆਂ। ਜੇ ਕੋਈ ਉੱਨੀ ਇੱਕੀ ਗੱਲਬਾਤ ਹੋਗੀ ਬੇਜ਼ਤੀ ਤਾਂ ਆਪਣੀਓ ਹੋਣੀ ਐ।’’
‘‘ਅੱਗੇ ਕਿੰਨੀਆਂ ਕੁ ਮੰਨੀਆਂ ਤੇਰੀਆਂ ਉਨ੍ਹਾਂ ਨੇ? ਚੁੱਪ ਕਰਕੇ ਬਹਿਜਾ ਘਰੇ। ਐਵੇਂ ਨਾ ਆਵਦਾ ਮੂੰਹ ਗੰਦਾ ਕਰੀਂ।’’
ਬਲਦੇਵ ਸਿੰਘ ਦਾ ਜੀਅ ਤਾਂ ਕਰਦਾ ਸੀ ਕਿ ਛੋਟੇ ਭਰਾ ਦੇ ਘਰ ਜਾ ਕੇ ਰਮਨ ਨੂੰ ਬਿਊਟੀ ਪਾਰਲਰ ਦੇ ਕੰਮ ਤੋਂ ਹਟਾ ਲੈਣ ਬਾਰੇ ਆਖੇ, ਪਰ ਪ੍ਰੀਤੋ ਦੀ ਘੂਰ ਤੋਂ ਡਰਦਿਆਂ ਚੁੱਪ ਵੱਟ ਗਿਆ ਸੀ। ਉਂਜ, ਉਹ ਚਾਹੁੰਦਾ ਸੀ ਕਿ ਸੁਖਦੇਵ ਉਸ ਨੂੰ ਰਾਹ ਖੇੜ੍ਹੇ ਮਿਲ ਪਏ ਤੇ ਉਹ ਰਮਨ ਨੂੰ ਬਿਊਟੀ ਪਾਰਲਰ ਤੋਂ ਹਟਾ ਕੇ ਕੋਈ ਹੋਰ ਕੰਮ ਲਾਉਣ ਬਾਰੇ ਆਖੇ। ਉਸ ਨੇ ਤਾਂ ਦੇਣ ਵਾਲੇ ਸੁਝਾਅ ਬਾਰੇ ਵੀ ਸੋਚ ਰੱਖਿਆ ਸੀ। ਬਲਦੇਵ ਨੂੰ ਬਹੁਤੇ ਦਿਨ ਉਡੀਕ ਨਹੀਂ ਸੀ ਕਰਨੀ ਪਈ। ਸੁਖਦੇਵ ਸਾਈਕਲ ਧਰੂਹੀ ਆਉਂਦਾ ਪਿੰਡ ਦੀ ਫਿਰਨੀ ’ਤੇ ਮਿਲ ਗਿਆ ਸੀ।
‘‘ਛੋਟੇ ਭਾਈ, ਤੇਰੇ ਨਾਲ ਗੱਲ ਕਰਨੀ ਸੀ ਕੋਈ ਜਰੂਰੀ।’’
‘‘ਵੱਡਾ ਭਰਾ ਏਂ, ਤੈਨੂੰ ਪੁੱਛਣ ਦੀ ਲੋੜ ਪੈਣੀ ਐ?’’
‘‘ਮੈਂ ਸੁਣਿਆ ਆਪਣੀ ਰਮਨਜੀਤ ਸ਼ਹਿਰ ਜਾਂਦੀ ਐ ਪਾਰਲਰ-ਪੂਰਲਰ ਦਾ ਕੰਮ ਸਿੱਖਣ?’’
‘‘ਸੁਣਿਆ ਤਾਂ ਤੂੰ ਠੀਕ ਈ ਐ ਬਾਈ। ਸੋਚਿਆ ਸਿੱਖ ਕੇ ਐਥੇ ਪਿੰਡ ਈ ਕੰਮ ਚਲਾ ਲਊ ਮਾੜਾ ਮੋਟਾ। ਹੁਣ ਤਾਂ ਪਿੰਡਾਂ ’ਚ ਵੀ ਵਿਆਹਾਂ ਸ਼ਾਦੀਆਂ ’ਤੇ ਬਥੇਰਾ ਕੰਮ ਚੱਲ ਜਾਂਦੈ।’’
‘‘ਇਹ ਕਿਹੜੇ ਕੰਮਾਂ ’ਚੋਂ ਕੰਮ ਐ? ਚੰਗਾ ਕੰਮ ਐ?’’
‘‘ਕੰਮ ਵੀ ਕੋਈ ਚੰਗਾ ਮਾੜਾ ਹੁੰਦੈ?’’ ਜਵਾਬ ਦੇਣ ਦੀ ਥਾਂ ਸੁਖਦੇਵ ਸਿੰਘ ਨੇ ਉਲਟਾ ਸਵਾਲ ਕਰ ਦਿੱਤਾ ਸੀ।
ਇਹ ਸੁਣ ਕੇ ਬਲਦੇਵ ਸਿੰਘ ਨੂੰ ਧੱਕਾ ਜਿਹਾ ਲੱਗਾ। ਉਸ ਨੇ ਤਾਂ ਸੋਚਿਆ ਸੀ ਕਿ ਸੁਖਦੇਵ ਪੁੱਛੇਗਾ, ‘‘ਹੋਰ ਫਿਰ ਕੀ ਕਰਾਈਏ ਬਾਈ?’’ ਤੇ ਉਹ ਜਵਾਬ ’ਚ ਕੁੜੀ ਨੂੰ ਆਈਲੈਟਸ ਕਰਾਉਣ ਦਾ ਸੁਝਾਅ ਦੇਵੇਗਾ ਤੇ ਬਾਹਰ ਭੇਜਣ ਲਈ ਹੋਣ ਵਾਲਾ ਖਰਚਾ ਕਿਸੇ ਮੁੰਡੇ ਵਾਲਿਆਂ ਤੋਂ ਕਰਵਾਉਣ ਦੀ ਜ਼ਿੰਮੇਵਾਰੀ ਵੀ ਲੈ ਲਵੇਗਾ।
‘‘ਆਹ ਪਾਰਲਰ-ਪੂਰਲਰ ਵਾਲੇ ਕੰਮ ਨਾਲ ਇੱਜ਼ਤ ਨ੍ਹੀ ਬਣਦੀ। ਚੱਜ ਹਾਲ ਦੇ ਕੰਮ ਕਰਵਾਈਦੇ ਹੁੰਦੇ ਧੀ ਧਿਆਣੀ ਤੋਂ।’’ ਵੱਡੇ ਭਰਾ ਦੀ ਗੱਲ ਸੁਣ ਕੇ ਸੁਖਦੇਵ ਨੂੰ ਗੁੱਸਾ ਚੜ੍ਹ ਗਿਆ ਸੀ। ਉਹ ਕਿੰਨਾ ਹੀ ਚਿਰ ਗਹੁ ਨਾਲ ਵੱਡੇ ਭਰਾ ਦੀਆਂ ਅੱਖਾਂ ’ਚ ਵੇਖਦਾ ਰਿਹਾ ਸੀ।
‘‘ਸਾਊ, ਜਿਹੜੇ ਕੰਮ ਤੂੰ ਕਰਾਏ ਐ ਧੀ-ਧਿਆਣੀ ਤੋਂ, ਇੱਜ਼ਤ ਤਾਂ ਉਹਦੇ ਨਾਲ ਵੀ ਨ੍ਹੀ ਬਣਦੀ।’’ ਆਖਦਿਆਂ ਸੁਖਦੇਵ ਸਿੰਘ ਨੇ ਸਾਈਕਲ ਰੋੜ੍ਹ ਲਿਆ ਸੀ। ਬਲਦੇਵ ਸਿੰਘ ਨੂੰ ਭਰੇ ਚੁਰਾਹੇ ’ਚ ਆਪਣਾ ਆਪ ਨੰਗਾ ਹੋ ਗਿਆ ਜਾਪਿਆ। ਠੰਢ ਦੇ ਦਿਨਾਂ ’ਚ ਉਸ ਦੇ ਮੱਥੇ ’ਤੇ ਪਸੀਨਾ ਵਗ ਆਇਆ ਸੀ।
ਸੰਪਰਕ: 98726-40994


Comments Off on ਇੱਜ਼ਤ ਵਾਲਾ ਕੰਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.