ਆਈਸੀਐੱਮਆਰ ਦੇ ਸੀਨੀਅਰ ਵਿਗਿਆਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ !    ਸਿਰਸਾ ਵਿੱਚ ਕਰੋਨਾ ਦੇ 28 ਨਵੇਂ ਕੇਸ ਸਾਹਮਣੇ ਆਉਣ ਨਾਲ ਦਹਿਸ਼ਤ !    ਕੇਜਰੀਵਾਲ ਵੱਲੋਂ ਦਿੱਲੀ ਦੀਆਂ ਹੱਦਾਂ ਸੀਲ ਕਰਨ ਦਾ ਐਲਾਨ !    ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    

ਇਮਰਾਨ ਦੇ ਦਾਅਵੇ ਅਤੇ ਅਸਲੀਅਤ…

Posted On October - 7 - 2019

ਕਸ਼ਮੀਰ ਮੁੱਦੇ ਨੇ ਭਾਰਤੀ ਮੀਡੀਆ ਵਾਂਗ ਪਾਕਿਸਤਾਨੀ ਮੀਡੀਆ ਨੂੰ ਵੀ ਸਰਕਾਰੀ ਢੰਡੋਰਚੀ ਬਣਾ ਦਿੱਤਾ ਹੈ। ਜਿਵੇਂ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੀਆਂ ‘ਕਾਮਯਾਬੀਆਂ’ ਨੂੰ ਭਾਰਤੀ ਮੀਡੀਆ ਲਗਾਤਾਰ ਸਲਾਹੁੰਦਾ ਆਇਆ ਹੈ, ਤਿਵੇਂ ਹੀ ਇਮਰਾਨ ਖ਼ਾਨ ਦੀ ਹਾਲੀਆ ਅਮਰੀਕਾ ਫੇਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਉਸ ਦੀ ਤਕਰੀਰ ਨੂੰ ਪਾਕਿਸਤਾਨੀ ਮੀਡੀਆ ਵੱਲੋਂ ਵੀ ਵੱਡੀ ਕੂਟਨੀਤਕ ਕਾਮਯਾਬੀ ਵਜੋਂ ਨਿਰੰਤਰ ਸਰਾਹਿਆ ਜਾ ਰਿਹਾ ਹੈ। ਜੇਕਰ ਪਾਕਿਸਤਾਨੀ ਮੀਡੀਆ ਵਿਚਲੇ ਇਮਰਾਨ ਦੇ ਖ਼ੈਰਖਾਹਾਂ ਦੇ ਦਾਅਵਿਆਂ ’ਤੇ ਯਕੀਨ ਕੀਤਾ ਜਾਵੇ ਤਾਂ ਇਹੋ ਜਾਪੇਗਾ ਕਿ ਇਮਰਾਨ ਖ਼ਾਨ ਪਹਿਲਾ ਪਾਕਿਸਤਾਨੀ ਵਜ਼ੀਰੇ ਆਜ਼ਮ ਹੈ ਜਿਹੜਾ ਕਸ਼ਮੀਰ ਬਾਰੇ ਪਾਕਿਸਤਾਨੀ ਪੱਖ, ਪੱਛਮੀ ਮੁਲਕਾਂ ਨੂੰ ਸਹੀ ਢੰਗ ਨਾਲ ਸਮਝਾਉਣ ਵਿਚ ਕਾਮਯਾਬ ਹੋਇਆ। ਜਦੋਂ ਮੀਡੀਆ, ਅਤੇ ਇਕ ਹੱਦ ਤਕ ਲੋਕ ਸੋਚ ਉੱਤੇ ਇਸ ਕਿਸਮ ਦੀ ਸੌੜੀ ਹੁੱਬਲਵਤਨੀ ਭਾਰੂ ਹੋਵੇ, ਉਦੋਂ ਅਸਲੀਅਤ ਦਾ ਆਈਨਾ ਦਿਖਾਉਣ ਵਾਲਿਆਂ ਨੂੰ ਵੀ ਖਾਮੋਸ਼ੀ ਅਖ਼ਤਿਆਰ ਕਰਨ ਵਿਚ ਆਪਣਾ ਭਲਾ ਜਾਪਦਾ ਹੈ। ਫਿਰ ਵੀ ਕੋਈ ਨਾ ਕੋਈ ਹਰਿਓ ਬੂਟ ਅਜਿਹਾ ਬਚ ਹੀ ਜਾਂਦਾ ਹੈ ਜੋ ‘ਸੱਚ ਸੁਣਾਇਸੀ’ ਵਾਲੀ ਸੋਚ ’ਤੇ ਅਮਲ ਕਰਦਾ ਹੈ। ਅਜਿਹਾ ਫ਼ਰਜ਼ ਪਾਕਿਸਤਾਨੀ ਹਫ਼ਤਾਵਾਰੀ ‘ਫਰਾਈਡੇਅ ਟਾਈਮਜ਼’ ਦਾ ਮਾਲਕ ਤੇ ਸੰਪਾਦਕ ਨਜਮ ਸੇਠੀ ਨਿਭਾ ਰਿਹਾ ਹੈ। ਪੰਜ ਅਕਤੂਬਰ ਦੇ ਅੰਕ ਵਿਚਲੇ ਆਪਣੇ ਮਜ਼ਮੂਨ ‘ਜਮਹੂਰੀਅਤ ਦਾ ਵਾਸਤਾ’ ਵਿਚ ਨਜਮ ਨੇ ਲਿਖਿਆ ਕਿ ਇਮਰਾਨ, ਨਿਊਯਾਰਕ ਤੋਂ ਜੇਤੂ ਨਾਇਕ ਵਜੋਂ ਨਹੀਂ ਪਰਤਿਆ। ਉਹ ਕਸ਼ਮੀਰ ਬਾਰੇ ਕੂਟਨੀਤੀ ਦੇ ਖੇਤਰ ਵਿਚ ਭਾਰਤ ਨੂੰ ਪਸਤ ਨਹੀਂ ਕਰ ਸਕਿਆ। ਉਸ ਨੇ ਅਲ-ਕਾਇਦਾ ਦੀ ਪੈਦਾਇਸ਼ ਵਿਚ ਪਾਕਿਸਤਾਨ ਦਾ ਹੱਥ ਹੋਣ ਦਾ ਸੱਚ ਕਬੂਲਣ ਦੀ ਜੁਰੱਅਤ ਦਿਖਾਈ, ਪਰ ਇਹੋ ਜੁਰੱਅਤ ਪਹਿਲਾਂ ਪਰਵੇਜ਼ ਮੁਸ਼ੱਰਫ਼ ਵਰਗਾ ਤਾਨਾਸ਼ਾਹ ਵੀ ਦਿਖਾ ਚੁੱਕਾ ਹੈ। ਉਸ ਨੇ ਜਦੋਂ ਸੰਯੁਕਤ ਰਾਸ਼ਟਰ ਮਹਾਂ ਸਭਾ (ਯੂਐੱਨਜੀਏ) ਨੂੰ ਸੰਬੋਧਨ ਕੀਤਾ ਤਾਂ ਹਾਲ ਅੱਧਾ ਖਾਲੀ ਸੀ। ਉਸ ਨੇ ਭਾਰਤ ਖ਼ਿਲਾਫ਼ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਦੇ ਕੇ ਪਾਕਿਸਤਾਨੀ ਹਿੱਤਾਂ ਨੂੰ ਸੱਟ ਮਾਰੀ। ਉਸ ਦੇ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਭਾਰਤ ਨੇ ਕਸ਼ਮੀਰ ਵਾਦੀ ਵਿਚੋਂ ਬੰਦਸ਼ਾਂ ਨਹੀਂ ਹਟਾਈਆਂ ਅਤੇ ਨਾ ਹੀ ਆਲਮੀ ਸੰਸਥਾ ਨੇ ਭਾਰਤ ’ਤੇ ਕੋਈ ਸਖ਼ਤੀ ਕੀਤੀ ਹੈ। ਉਸ ਨੇ ਜਿਸ ਕਿਸਮ ਦਾ ਜੰਗਬਾਜ਼ਾਨਾ ਰੁਖ਼ ਅਪਣਾਇਆ, ਉਸ ਕਾਰਨ ਭਾਰਤ ਨਾਲ ਗੱਲਬਾਤ ਦੀਆਂ ਸੰਭਾਵਨਾਵਾਂ ਮੱਧਮ ਹੀ ਨਹੀਂ ਪਈਆਂ, ਬਲਕਿ ਕਰੀਬ ਕਰੀਬ ਖ਼ਤਮ ਹੀ ਹੋ ਗਈਆਂ ਹਨ। ਉਸ ਨੇ ਕਸ਼ਮੀਰ ਮੁੱਦੇ ਨੂੰ ਕਸ਼ਮੀਰੀਆਂ ਦੇ ਆਜ਼ਾਦੀ ਸੰਘਰਸ਼ ਦੀ ਥਾਂ ਇਸਲਾਮੀ ਪਾਕਿਸਤਾਨ ਤੇ ਹਿੰਦੂ ਭਾਰਤ ਦਰਮਿਆਨ ਵਿਚਾਰਧਾਰਾਈ ਤੇ ਸਿਆਸੀ ਟੱਕਰ ਦਾ ਜਾਮਾ ਪਹਿਨਾ ਦਿੱਤਾ। ਕੂਟਨੀਤਕ ਪੱਧਰ ’ਤੇ ਵੀ ਤੁਰਕੀ ਦੇ ਹੁਕਮਰਾਨ ਰਈਸਪ ਤਈਅਪ ਅਰਦੋਗਨ ਤੇ ਮਲੇਸ਼ੀਆ ਦੇ ਹਾਕਮ ਮਹਾਤਿਰ ਮੁਹੰਮਦ ਨਾਲ ਇਮਰਾਨ ਦੀਆਂ ਜੱਫੀਆਂ ਅਤੇ ਅਮਰੀਕਾ ਤੇ ਇਰਾਨ ਦਰਮਿਆਨ ਵਿਚੋਲਗਿਰੀ ਕਰਨ ਦੀ ਉਸ ਦੀ ਪੇਸ਼ਕਸ਼ ਨੇ ਸਾਊਦੀ ਯੁਵਰਾਜ ਮੁਹੰਮਦ ਬਿਨ ਸਲਮਾਨ ਨੂੰ ਨਾਰਾਜ਼ ਕੀਤਾ। ਸਲਮਾਨ ਨੇ ਆਪਣੀ ਨਾਖ਼ੁਸ਼ੀ ਆਪਣੇ ਪ੍ਰਾਈਵੇਟ ਜੈੱਟ ਵਿਚੋਂ ਪਾਕਿਸਤਾਨੀ ਵਫ਼ਦ ਨੂੰ ਖ਼ਾਰਿਜ ਕਰ ਕੇ ਪ੍ਰਗਟਾਈ। ਅਸਲੀਅਤ ਤਾਂ ਇਹ ਹੈ ਕਿ ਕਸ਼ਮੀਰੀ ਲੋਕਾਂ ਦੇ ਮਨੁੱਖੀ ਹੱਕਾਂ ਦੇ ਘਾਣ ਦੀ ਪਾਕਿਸਤਾਨੀ ਦੁਹਾਈ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ 1971 ਵਿਚ ਪੂਰਬੀ ਪਾਕਿਸਤਾਨੀਆਂ (ਹੁਣ ਬੰਗਲਾਦੇਸ਼ੀਆਂ) ਦੇ ਕਤਲੇਆਮ ਦੀਆਂ ਯਾਦਾਂ ਤਾਜ਼ਾ ਕਰਵਾ ਕੇ ਕਾਣਾ ਕਰ ਦਿੱਤਾ। ਸ਼ੇਖ਼ ਹਸੀਨਾ ਨੇ ਮਹਾਂ ਸਭਾ ਨੂੰ ਚੇਤੇ ਕਰਵਾਇਆ ਕਿ ਪਾਕਿਸਤਾਨ ਨੇ ਉਸ ਨਸਲਕੁਸ਼ੀ ਲਈ ਅਜੇ ਤਕ ਮੁਆਫ਼ੀ ਨਹੀਂ ਮੰਗੀ।
ਅਜਿਹੀਆਂ ਖਰੀਆਂ-ਖੋਟੀਆਂ ਤੋਂ ਬਾਅਦ ਨਜਮ ਸੇਠੀ ਨੇ ਆਪਣੀਆਂ ਦਲੀਲਾਂ ਦਾ ਮੂੰਹ ਭਾਰਤ ਵੱਲ ਮੋੜਿਆ ਹੈ ਅਤੇ ਲਿਖਿਆ ਹੈ ਕਿ ਨਰਿੰਦਰ ਮੋਦੀ ਨੇ ਕਸ਼ਮੀਰ ਤਾਂ ਹਥਿਆ ਲਿਆ ਹੈ, ਪਰ ਨਾਲ ਹੀ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਆਪ ਹੀ ਕਰ ਦਿੱਤਾ ਹੈ।
ਕਸ਼ਮੀਰ ਦੀ ਤਾਲਾਬੰਦੀ ਨੇ ਪੂਰੀ ਦੁਨੀਆਂ ਦਾ ਧਿਆਨ ਇਸ ਖਿੱਤੇ ਦੀ ਹਾਲਤ ਉੱਤੇ ਕੇਂਦਰਿਤ ਕਰ ਦਿੱਤਾ ਹੈ। ਇਸ ਨੇ ‘‘ਕਸ਼ਮੀਰ ਵਿਚੋਂ ਭਾਰਤ-ਪੱਖੀ ਭਾਵਨਾਵਾਂ ਦਾ ਸਫ਼ਾਇਆ ਤਾਂ ਕੀਤਾ ਹੀ ਹੈ, ਨਾਲ ਹੀ ਭਾਰਤ ਦੇ 20 ਕਰੋੜ ਮੁਸਲਮਾਨਾਂ ਵਿਚ ਵੀ ਅਸੁਰੱਖਿਆ ਤੇ ਬੇਵਿਸਾਹੀ ਵਧਾਈ ਹੈ। ਉਪਰੋਂ ਦੁਨੀਆਂ ਦੀ ਸਭ ਤੋਂ ਵੱਡੀ ਸੈਕੂਲਰ ਜਮਹੂਰੀਅਤ ਵਾਲਾ ਭਾਰਤੀ ਅਕਸ ਵੀ ਦਾਗ਼ਦਾਰ ਹੋ ਗਿਆ ਹੈ।’’ ਮਜ਼ਮੂਨ ਅਨੁਸਾਰ ਭਾਰਤ ਦੀ ਆਰਥਿਕ ਤਾਕਤ ਨੂੰ ਸਲਾਮਾਂ ਭਾਵੇਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ, ਪਰ ਇਹ ‘‘ਇਖਲਾਕੀ ਤੌਰ ’ਤੇ ਹਮੇਸ਼ਾਂ ਕਟਹਿਰੇ ’ਚ ਹੀ ਰਹੇਗਾ। ਕਸ਼ਮੀਰ ਨੂੰ ਜਬਰੀ ਹਥਿਆਉਣ ਦਾ ਇਹ ਖ਼ਮਿਆਜ਼ਾ ਇਸ ਨੂੰ ਲਗਾਤਾਰ ਭੁਗਤਣਾ ਪਵੇਗਾ।’’
ਮੁਸ਼ੱਰਫ਼ ਦੀ ਵਾਪਸੀ?
ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੇ ਸੰਕੇਤ ਦਿੱਤਾ ਹੈ ਕਿ ਉਹ ਵਤਨ ਪਰਤਣ ਅਤੇ ਕੌਮੀ ਸਿਆਸਤ ਵਿਚ ਸਰਗਰਮ ਹੋਣ ਦੀ ਤਿਆਰੀ ਕਰ ਰਿਹਾ ਹੈ। ਸੰਯੁਕਤ ਅਰਬ ਅਮੀਰਾਤ (ਯੂਏਈ), ਜਿੱਥੇ ਉਸ ਨੇ ਸਿਆਸੀ ਪਨਾਹ ਲਈ ਹੋਈ ਹੈ, ਤੋਂ ਵੀਡੀਓ ਲਿੰਕ ਰਾਹੀਂ ਆਪਣੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐੱਮਐੱਲ) ਦੇ ਕਾਰਕੁਨਾਂ ਨੂੰ 6 ਅਕਤੂਬਰ ਨੂੰ ਸੰਬੋਧਨ ਕਰਿਦਆਂ ਮੁਸ਼ੱਰਫ਼ ਨੇ ਕਿਹਾ ਕਿ ਏਪੀਐੱਮਐੱਲ ਨੂੰ ਹੁਣ ਵੱਧ ਸਰਗਰਮ ਹੋ ਜਾਣਾ ਚਾਹੀਦਾ ਹੈ ਅਤੇ ਕੌਮੀ ਸਿਆਸਤ ਵਿਚ ਵੱਧ ਅਸਰਦਾਰ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਹੁਣ ਸਿਹਤਮੰਦ ਹੈ। ਕੌਮੀ ਸਿਆਸਤ ਵਿਚ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲ- ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਕਮਜ਼ੋਰ ਪੈ ਜਾਣ ਕਾਰਨ ਜੋ ਖਲਾਅ ਪੈਦਾ ਹੋਇਆ ਹੈ, ਉਹ ਏਪੀਐੱਮਐੱਲ ਭਰ ਸਕਦੀ ਹੈ। ਇਸੇ ਲਈ ਉਹ ਵਤਨ ਵਾਪਸੀ ਦੀਆਂ ਤਿਆਰੀਆਂ ਕਰ ਰਿਹਾ ਹੈ। ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਅਨੁਸਾਰ ਮੁਸ਼ੱਰਫ਼ ਖ਼ਿਲਾਫ਼ 2006 ਵਿਚ ਕੌਮੀ ਸੰਵਿਧਾਨ ਮੁਅੱਤਲ ਕਰਨ ਕਰਕੇ ਦੇਸ਼-ਧਰੋਹ ਦਾ ਮੁਕੱਦਮਾ ਚੱਲ ਰਿਹਾ ਹੈ। ਇਸ ਮੁਕੱਦਮੇ ਵਿਚ ਮੌਤ ਦੀ ਸਜ਼ਾ ਦੀ ਮੱਦ ਸ਼ਾਮਲ ਹੈ। ਇਸੇ ਮੱਦ ਕਾਰਨ ਮੁਸ਼ੱਰਫ਼ ਦੇ ਛੇਤੀ ਵਤਨ ਵਾਪਸੀ ਦੇ ਐਲਾਨ ਨੂੰ ਰਾਜਸੀ ਹਲਕਿਆਂ ਵੱਲੋਂ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ।
* * *
ਲਾਹੌਰ ਅਤੇ ਹੜ੍ਹ
ਸ਼ਹਿਰ ਲਾਹੌਰ ਉੱਤੇ ਹਕੂਮਤ-ਇ-ਪਾਕਿਸਤਾਨ ਦੀ ਹਮੇਸ਼ਾਂ ਹੀ ਮਿਹਰੇ-ਨਜ਼ਰ ਰਹੀ ਹੈ। ਮੁਲਕ ਦੇ ਸਭ ਤੋਂ ਵੱਡੇ ਮਹਾਂਨਗਰ ਕਰਾਚੀ ਦੇ ਮੁਕਾਬਲੇ ਇਸ ਦੂਜੇ ਸਭ ਤੋਂ ਵੱਡੇ ਮਹਾਂਨਗਰ ਨੂੰ ਸਰਕਾਰੀ ਫੰਡਾਂ ਦੀ ਤੋਟ ਨਾਲ ਕਦੇ ਵੀ ਨਹੀਂ ਜੂਝਣਾ ਪਿਆ। ਅਜਿਹੀ ਮਿਹਰੇ-ਨਜ਼ਰ ਦੇ ਬਾਵਜੂਦ ਹਰ ਮੌਨਸੂਨ ਦੌਰਾਨ ਲਾਹੌਰ, ਨਰਕ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸੇ ਪ੍ਰਸੰਗ ਨੂੰ ਲੈ ਕੇ ਇਸ ਸ਼ੁੱਕਰਵਾਰ ਨੂੰ ਲਾਹੌਰ ਪਾਲਿਸੀ ਐਕਸਚੇਂਜ ਨੇ ਇਕ ਵਿਚਾਰ-ਚਰਚਾ ਕਰਵਾਈ। ਅੰਗਰੇਜ਼ੀ ਰੋਜ਼ਨਾਮੇ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਵਿਚਾਰ-ਚਰਚਾ ਦੌਰਾਨ ਵਾਟਰ ਐਂਡ ਸੈਨੀਟੇਸ਼ਨ ਏਜੰਸੀ, ਲਾਹੌਰ (ਵਾਸਾ) ਦੇ ਮੈਨੇਜਿੰਗ ਡਾਇਰੈਕਟਰ ਜ਼ਾਹਿਦ ਅਜ਼ੀਜ਼ ਨੂੰ ਕੁਝ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਬੂਲਿਆ ਕਿ ਨਿਕਾਸ ਪ੍ਰਣਾਲੀ ਵਿਚ ਨਿਰੰਤਰ ਤਬਦੀਲੀਆਂ ਤੇ ਸੁਧਾਰ ਕੀਤੇ ਜਾਣ ਦੇ ਬਾਵਜੂਦ ਹਰ ਮੀਂਹ ਦੌਰਾਨ ਲਾਹੌਰ ਮਹਾਂਨਗਰ ਦੇ ਬਹੁਤੇ ਇਲਾਕਿਆਂ ਵਿਚ ਹੜ੍ਹ ਵਾਲੀ ਸਥਿਤੀ ਪੈਦਾ ਹੋਣ ਦੀ ਸਮੱਸਿਆ ਹੱਲ ਨਹੀਂ ਹੋ ਸਕੀ। ਉਨ੍ਹਾਂ ਮੰਨਿਆ ਕਿ ਮਸਲਾ, ਜਲ ਨਿਕਾਸੀ ਦੇ ਕੁਦਰਤੀ ਰਾਹ ਬੰਦ ਹੋਣ ਦਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਬਹੁਤਾ ਕੁਝ ਕੀਤੇ ਜਾਣ ਦੀ ਸੰਭਾਵਨਾ ਫਿਲਹਾਲ ਰੱਦ ਕਰ ਦਿੱਤੀ ਅਤੇ ਕਿਹਾ ਕਿ ਕੁਦਰਤੀ ਰਾਹ ਖੋਲ੍ਹਣ ਲਈ ਸੈਂਕੜੇ ਇਮਾਰਤਾਂ ਢਾਹੁਣੀਆਂ ਪੈਣਗੀਆਂ। ਅਜਿਹਾ ਕਰਨਾ ਹਾਲ ਦੀ ਘੜੀ ਸੰਭਵ ਨਹੀਂ। ਉਂਜ, ਉਨ੍ਹਾਂ ਨੇ ‘ਕਈ ਕੁਝ ਸੁਖਾਵਾਂ’ ਕਰਨ ਦੀ ਉਮੀਦ ਜ਼ਰੂਰ ਬੰਨ੍ਹਾਈ। ਇਹ ਸਭ ਸੁਣ ਕੇ ਇਕ ਪੈਨਲਿਸਟ ਡਾ. ਫੌਜ਼ੀਆ ਪਰਵੀਨ ਨੇ ਟਿੱਪਣੀ ਕੀਤੀ: ‘‘ਚਲੋ ਆਪਾਂ ਇਸ ਵਿਚਾਰ ਚਰਚਾ ਨੂੰ ਹੁਣ ਕੁਝ ਸੁਖਾਵਾਂ ਹੋਣ ਤਕ ਮੁਲਤਵੀ ਕਰ ਦਿੰਦੇ ਹਾਂ।’’ ਇਹ ਟਿੱਪਣੀ ਸੁਣਦਿਆਂ ਹੀ ਲੋਕ ਉੱਠਣੇ ਸ਼ੁਰੂ ਹੋ ਗਏ ਅਤੇ ਸੰਚਾਲਕ ਅਹਿਮਦ ਰਫ਼ੀ ਆਲਮ ਨੂੰ ਇਹ ਪ੍ਰੋਗਰਾਮ ਫ਼ੌਰੀ ਤੌਰ ’ਤੇ ਸਮੇਟਣਾ ਪੈ ਗਿਆ।
* * *
ਬਾਰੀ ਸਟੂਡੀਓ ਦੀ ਦੁਰਦਸ਼ਾ
ਲਾਹੌਰ ਦੇ ਬਾਰੀ ਸਟੂਡੀਓਜ਼ ਦੀ ਦੁਰਦਸ਼ਾ ਨੂੰ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ ਇਕ ਵਡੇਰੇ ਫੋਟੋ ਟੀਚਰ ਰਾਹੀਂ ਪੇਸ਼ ਕੀਤਾ ਹੈ। ਮੁਲਤਾਨ ਰੋਡ ’ਤੇ ਸਥਿਤ ਇਹ ਸਟੂਡੀਓ ਕਦੇ ਪਾਕਿਸਤਾਨੀ ਫਿਲਮ ਸਨਅਤ ਦੀ ਸ਼ਾਨ-ਓ-ਅਜ਼ਮਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਪਰ ਹੁਣ ਇਹ ਖੰਡਰ ਬਣਦਾ ਜਾ ਰਿਹਾ ਹੈ। ਇਹ ਸਟੂਡੀਓ 1950ਵਿਆਂ ਵਿਚ ਫਿਲਮ ਨਿਰਮਾਤਾ ਮਲਿਕ ਬਾਰੀ ਨੇ ਸਥਾਪਿਤ ਕੀਤਾ ਸੀ। ਸਟੂਡੀਓ ਤਾਂ ਕੀ, ਇਹ ਆਪਣੇ ਆਪ ਵਿਚ ਪੂਰਾ ਸ਼ਹਿਰ ਸੀ। ਅੱਧੀ ਦਰਜਨ ਤੋਂ ਵੱਧ ਹਾਲ, ਦਰਜਨ ਮੇਕ-ਅਪ ਰੂਮ, ਦਰਜਨ ਤੋਂ ਵੱਧ ਡਰੈਸਿੰਗ ਰੂਮ, ਪੱਕੇ ਤੌਰ ’ਤੇ ਸਥਾਪਿਤ ਫਿਲਮ ਸੈੱਟ, ਫਿਲਮ ਪ੍ਰਾਸੈਸਿੰਗ ਲੈਬ, ਕਈ ਵੱਡੇ ਵੱਡੇ ਬਗੀਚੇ। ਫਿਲਮ ਸ਼ੂਟਿੰਗ, ਸੰਪਾਦਨ ਤੇ ਪੋਸਟ ਪ੍ਰੋਡਕਸ਼ਨ ਲਈ ਲੋੜੀਂਦੀਆਂ ਸਾਰੀਆਂ ਸੁਵਿਧਾਵਾਂ ਤੇ ਸਾਜ਼ੋ-ਸਾਮਾਨ ਨਾਲ ਲੈਸ ਸੀ ਇਹ ਸਟੂਡੀਓ। ਹੁਣ ਬਹੁਤੀਆਂ ਸੁਵਿਧਾਵਾਂ ਗਾਇਬ ਹਨ। ਇਮਾਰਤਾਂ ਜਰਜਰ ਹੋ ਚੁੱਕੀਆਂ ਹਨ। ਬਗ਼ੀਚੇ ਗਾਇਬ ਹੋ ਚੁੱਕੇ ਹਨ। ਸਟੂਡੀਓ ਨੂੰ ਸਭਿਆਚਾਰਕ ਜਾਂ ਕਾਰੋਬਾਰੀ ਮੇਲਿਆਂ ਲਈ ਵੱਧ ਵਰਤਿਆ ਜਾਂਦਾ ਹੈ, ਫਿਲਮਾਂ ਜਾਂ ਟੀਵੀ ਡਰਾਮਿਆਂ ਦੀ ਸ਼ੂਟਿੰਗ ਲਈ ਘੱਟ।
ਸਟੂਡੀਓ ਦੇ ਕੁਝ ਮੁਲਾਜ਼ਮਾਂ, ਜਿਨ੍ਹਾਂ ਦੇ ਟੱਬਰਾਂ ਦਾ ਡੇਰਾ ਵੀ ਸਟੂਡੀਓ ਦੇ ਅਹਾਤੇ ਦੇ ਅੰਦਰ ਹੀ ਹੈ, ਦਾ ਦਾਅਵਾ ਹੈ ਕਿ ਦੁਰਦਸ਼ਾ ਲਈ ਕਾਰੋਬਾਰੀ ਮੰਦੀ ਘੱਟ ਤੇ ਬਦਰੂਹਾਂ ਦਾ ਵਾਸਾ ਵੱਧ ਜ਼ਿੰਮੇਵਾਰ ਹੈ। ਮਲਿਕ ਅਕਬਰ ਨਾਮੀ ਵਿਅਕਤੀ, ਜੋ ਕਦੇ ਫਿਲਮਾਂ ਲਈ ਐਕਸਟਰਾ ਸਪਲਾਇਰ ਹੁੰਦਾ ਸੀ, ਦੱਸਦਾ ਹੈ ਕਿ ਮਲਿਕ ਬਾਰੀ ਦੇ ਫ਼ੌਤ ਹੋਣ ਤੇ ਪਾਕਿਸਤਾਨੀ ਫਿਲਮ ਸਨਅਤ ਉੱਤੇ ਮੰਦੀ ਹਾਵੀ ਹੋਣ ਮਗਰੋਂ ਬਾਰੀ ਦੇ ਵਾਰਸਾਂ ਨੇ ਸਟੂਡੀਓ ਵੇਚਣ ਦਾ ਯਤਨ ਕੀਤਾ, ਪਰ ਕਈ ਕਾਨੂੰਨੀ ਝਮੇਲੇ ਪੈਦਾ ਹੋ ਗਏ ਜੋ ਹੁਣ ਵੀ ਜਾਰੀ ਹਨ। ਸਟੂਡੀਓ ਦੀ ਉਸਾਰੀ ਤੋਂ ਪਹਿਲਾਂ ਇਸ ਥਾਂ ’ਤੇ ਪੂਰਾ ਪਿੰਡ ਹੁੰਦਾ ਸੀ। ਸਟੂਡੀਓ ਦੀ ਖਾਤਿਰ ਇਹ ਪਿੰਡ ਉਜਾੜਨਾ ਪਿਆ। ਉਸ ਤੋਂ ਬਾਅਦ ਕਈ ਮੰਦੀਆਂ ਘਟਨਾਵਾਂ ਵਾਪਰਨ ਲੱਗੀਆਂ। ਨਾਮਵਰ ਫਿਲਮ ਅਦਾਕਾਰ ਸੁਲਤਾਨ ਰਾਹੀ ਦਰਖ਼ਤ ’ਤੇ ਚੜ੍ਹਿਆ, ਪਰ ਉਸ ਦਾ ਸਰੀਰ ਆਕੜ ਗਿਆ। ਬੜੀ ਮੁਸ਼ਕਲ ਨਾਲ ਹੇਠਾਂ ਲਾਹਿਆ ਗਿਆ। ਵਿਆਹ ਦਾ ਦ੍ਰਿਸ਼ ਫਿਲਮਾਉਂਦਿਆਂ ਇਕ ਹੀਰੋਇਨ ਦੀ ਡੋਲੀ ਵਿਚੋਂ ਡਿੱਗਣ ਕਾਰਨ ਲੱਤ ਟੁੱਟ ਗਈ। ਭੇਤ-ਭਰੇ ਢੰਗ ਨਾਲ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ। ਇਹ ਸਭ ਕੁਝ ਦੇਖ ਕੇ ਸਟੂਡੀਓ ਦੇ ਵਿਹੜੇ ਵਿਚ ਹਜ਼ਰਤ ਜਨਾਬ ਗ਼ਾਇਬ ਸ਼ਾਹ ਵਲੀ ਹੈਦਰੀ ਕਲੰਦਰੀ ਦੀ ਦਰਗਾਹ ਸਥਾਪਿਤ ਕੀਤੀ ਗਈ। ਪਰ ਉੱਥੇ ਮੁਰੀਦਾਂ ਦੀ ਵਧਦੀ ਆਮਦ ਸਟੂਡੀਓ ਦੇ ਕਰਿੰਦਿਆਂ ਲਈ ਸਿਰਦਰਦੀ ਬਣ ਗਈ। ਫਿਰ ਵੀਡੀਓ ਕੈਸੇਟਾਂ ਦੀ ਆਮਦ ਨਾਲ ਫਿਲਮਾਂ ਦੀ ਮੰਦਹਾਲੀ ਦਾ ਦੌਰ ਸ਼ੁਰੂ ਹੋ ਗਿਆ। ਲਿਹਾਜ਼ਾ, ਮਲਿਕ ਬਾਰੀ ਦੀ ਸਟੂਡੀਓ ’ਚੋਂ ਦਿਲਚਸਪੀ ਖ਼ਤਮ ਹੋ ਗਈ। ਹੁਣ ਸਟੂਡੀਓ ਵੀ ਵੀਰਾਨ ਹੈ ਅਤੇ ਦਰਗਾਹ ਵੀ, ਪਰ ਸਟੂਡੀਓ ਦੇ ਕੁਝ ਕਰਿੰਦਿਆਂ ਦੇ ਦਿਮਾਗ਼ ’ਤੇ ਫਿਲਮੀ ਭੂਤ ਅਜੇ ਵੀ ਸਵਾਰ ਹੈ। ਉਨ੍ਹਾਂ ਦੀ ਚਾਲ-ਢਾਲ ਤੇ ਕਾਰ-ਵਿਹਾਰ ਉੱਤੇ ਫਿਲਮੀਪੁਣਾ ਹਾਵੀ ਹੈ। ਸਟੂਡੀਓ ਵਾਂਗ ਉਹ ਵੀ ਅਤੀਤ ਦੀ ਗ਼ੁਲਾਮੀ ਤੋਂ ਮੁਕਤ ਨਹੀਂ ਹੋ ਰਹੇ।
– ਪੰਜਾਬੀ ਟ੍ਰਿਬਿਊਨ ਫੀਚਰ


Comments Off on ਇਮਰਾਨ ਦੇ ਦਾਅਵੇ ਅਤੇ ਅਸਲੀਅਤ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.