ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਇਨਸਾਨੀਅਤ ਦੇ ਅਜ਼ੀਮ ਰਿਸ਼ਤੇ ਦੀ ਨਿਸ਼ਾਨੀ ਗੰਗਾ ਸਾਗਰ

Posted On October - 20 - 2019

ਗੁਰੂ ਗੋਬਿੰਦ ਸਿੰਘ ਜੀ ਨੇ ਰਾਏ ਕੱਲ੍ਹਾ ਨੂੰ ਗੰਗਾ ਸਾਗਰ ਦੀ ਬਖ਼ਸ਼ਿਸ਼ ਕੀਤੀ। ਇਸ ਸੁਰਾਹੀਨੁਮਾ ਬਰਤਨ ਨੂੰ ਉਸ ਦੇ ਪਰਿਵਾਰ ਨੇ ਪੀੜ੍ਹੀ ਦਰ ਪੀੜ੍ਹੀ ਪੂਰੀ ਸ਼ਰਧਾ ਨਾਲ ਸੰਭਾਲ ਰੱਖਿਆ ਹੈ। ਇਹ ਵੱਖ ਵੱਖ ਧਰਮਾਂ ਦੀ ਸਾਂਝ ਦੀ ਮਿਸਾਲ ਹੈ। ਅਜੋਕੇ ਅਸਹਿਣਸ਼ੀਲਤਾ ਦੇ ਮਾਹੌਲ ਵਿਚ ਇਸ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਹੈ। ਇਹ ਲੇਖ ਮਜ਼ਹਬੀ ਸਾਂਝ ਦੀ ਇਸ ਮਿਸਾਲ ਬਾਰੇ ਦੱਸਦਾ ਹੈ।

ਪ੍ਰਿੰ. ਸਰਵਣ ਸਿੰਘ
ਸ਼ਰਧਾ

ਸਾਡੇ ਖਾਨਦਾਨ ਦੇ ਵਡੇਰੇ ਰਾਏ ਕੱਲ੍ਹਾ ਦੀ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਗੰਗਾ ਸਾਗਰ ਇਨਸਾਨੀਅਤ ਦੇ ਅਜ਼ੀਮ ਰਿਸ਼ਤੇ ਦੀ ਪਵਿੱਤਰ ਨਿਸ਼ਾਨੀ ਹੈ ਜੋ ਅਸੀਂ ਤਿੰਨ ਸੌ ਸਾਲਾਂ ਤੋਂ ਸ਼ਰਧਾ ਨਾਲ ਸੰਭਾਲ ਰੱਖੀ ਹੈ।” ਇਹ ਰਾਏ ਕੱਲ੍ਹਾ ਦੇ ਨੌਵੇਂ ਵਾਰਸ ਰਾਏ ਅਜ਼ੀਜ਼ਉੱਲਾ ਖਾਂ ਦਾ ਕਹਿਣਾ ਹੈ।
ਰਾਏ ਅਜ਼ੀਜ਼ਉੱਲਾ ਖਾਂ ਪਾਕਿਸਤਾਨ ਪਾਰਲੀਮੈਂਟ ਦੇ ਮੈਂਬਰ ਰਹੇ ਹਨ ਅਤੇ ਲਾਹੌਰ ਕਾਲਜ ਵਿਚ ਪਾਕਿਸਤਾਨ ਦੇ ਅਜੋਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਪੜ੍ਹਦੇ ਤੇ ਖੇਡਦੇ ਰਹੇ ਹਨ। ਇਮਰਾਨ ਖ਼ਾਨ ਜਦੋਂ ਵੀ ਲਾਹੌਰ ਗੇੜਾ ਮਾਰਦਾ ਹੈ ਤਾਂ ਆਪਣੇ ਕਾਲਜੀਏਟ ਦੋਸਤ ਅਜ਼ੀਜ਼ਉੱਲਾ ਨੂੰ ਮਿਲੇ ਬਿਨਾਂ ਨਹੀਂ ਮੁੜਦਾ। ਇਨ੍ਹੀਂ ਦਿਨੀਂ ਕਰਤਾਰਪੁਰ ਜਾਣ ਦਾ ਜੋ ਲਾਂਘਾ ਖੁੱਲ੍ਹ ਰਿਹਾ ਹੈ ਉਹਦੇ ਪਿਛੋਕੜ ਵਿਚ ਇਮਰਾਨ ਖ਼ਾਨ ਦੇ ਦੋ ਦੋਸਤਾਂ ਰਾਏ ਅਜ਼ੀਜ਼ਉੱਲਾ ਤੇ ਨਵਜੋਤ ਸਿੰਘ ਸਿੱਧੂ ਦਾ ਵੀ ਹੱਥ ਹੈ। ਸਿੱਖਾਂ ਲਈ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਮੁਸਲਮਾਨਾਂ ਲਈ ਮੱਕੇ ਤੇ ਮਦੀਨੇ ਦੇ ਹੱਜ ਜਿੰਨੇ ਦੱਸਣ ਦੀ ਦਲੀਲ ਰਾਏ ਅਜ਼ੀਜ਼ਉੱਲਾ ਨੇ ਹੀ ਇਮਰਾਨ ਖ਼ਾਨ ਨੂੰ ਦਿੱਤੀ ਸੀ। ਰਾਏ ਅਜ਼ੀਜ਼ਉੱਲਾ ਗੁਰਮੁਖੀ ਪੜ੍ਹ ਲੈਂਦੇ ਹਨ ਜਿਸ ਕਰਕੇ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਤੋਂ ਪੂਰੇ ਜਾਣੂੰ ਹਨ।
ਮੈਂ ਨਿੱਕਾ ਹੁੰਦਾ ਸੁਣਦਾ ਸਾਂ ਕਿ ਰਾਏ ਕੱਲ੍ਹਾ ਦੇ ਵਾਰਸਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਬਖ਼ਸ਼ਿਆ ਗੰਗਾ ਸਾਗਰ ਹੈ ਜੀਹਦੇ ’ਚੋਂ ਰੇਤਾ ਕਿਰ ਜਾਂਦਾ ਹੈ, ਪਰ ਪਾਣੀ ਨਹੀਂ ਡੁੱਲ੍ਹਦਾ। 1947 ਤੋਂ ਪਹਿਲਾਂ ਰਾਏਕੋਟ ਦੇ ਮੋਹਤਬਰ ਖ਼ਾਨ ਬਹਾਦਰ ਰਾਏ ਅਨਾਇਤ ਖਾਂ ਆਪਣੀ ਹਵੇਲੀ ਵਿਚ ਦਿਨ ਸੁਦ ’ਤੇ ਗੰਗਾ ਸਾਗਰ ਦੇ ਦਰਸ਼ਨ ਕਰਵਾਉਂਦੇ ਸਨ। ਉੱਥੇ ਦੂਰ ਦੂਰ ਤੋਂ ਸੰਗਤਾਂ ਹੁੰਮਹੁਮਾ ਕੇ ਆਉਂਦੀਆਂ। ਅਸੀਂ ਗੰਗਾ ਸਾਗਰ ਦੀਆਂ ਹੈਰਾਨ ਕਰਨ ਵਾਲੀਆਂ ਸਾਖੀਆਂ ਸੁਣਦੇ। ਮੈਂ ਉਦੋਂ ਸੱਤਾਂ ਸਾਲਾਂ ਦਾ ਸਾਂ। ਮੇਰੇ ਮਨ ਵਿਚ ਰੀਝ ਜਾਗਦੀ, ‘ਕਾਸ਼! ਮੈਂ ਵੀ ਕਦੇ ਗੰਗਾ ਸਾਗਰ ਦੇ ਦਰਸ਼ਨ ਕਰ ਸਕਾਂ।’ ਸੱਠ ਸਾਲਾਂ ਬਾਅਦ ਆਖ਼ਰ ਦਰਸ਼ਨ ਹੋ ਹੀ ਗਏ ਤੇ ਹੋਏ ਵੀ ਬਹੁਤ ਨੇੜਿਓਂ। ਗੰਗਾ ਸਾਗਰ ਨੂੰ ਚੰਗੀ ਤਰ੍ਹਾਂ ਵੇਖਿਆ ਤੇ ਸ਼ਰਧਾ ਨਾਲ ਛੋਹਿਆ ਵੀ। ਰਾਏ ਅਜ਼ੀਜ਼ਉੱਲਾ ਨਾਲ ਗੱਲਬਾਤ ਕਰਨ ਦੇ ਮੌਕੇ ਵੀ ਮਿਲੇ ਅਤੇ ਉਨ੍ਹਾਂ ਦੀ ਪ੍ਰਾਹੁਣਚਾਰੀ ਵੀ ਮਾਣੀ। ਅੱਜਕੱਲ੍ਹ ਉਹ ਸਰਦੀਆਂ ਵਿਚ ਲਾਹੌਰ ਤੇ ਗਰਮੀਆਂ ’ਚ ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਲਾਹੌਰ ਵੀ ਮਿਲਿਆ ਅਤੇ ਸਰੀ ਤੇ ਟੋਰਾਂਟੋ ਵਿਚ ਵੀ। ਉਹ ਪੰਜਾਬੀ ਲੇਖਕਾਂ ਦੇ ਚੰਗੇ ਵਾਕਫ਼ ਹਨ ਤੇ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਰਹਿੰਦੇ ਹਨ। ਸਕੂਲ ਤੇ ਕਾਲਜ ਵਿਚ ਪੜ੍ਹਦਿਆਂ ਹਾਕੀ ਖੇਡਦੇ ਸਨ, ਹੁਣ ਗੋਲਫ਼ ਖੇਡਦੇ ਹਨ। ਨਵੀਂ ਦਿੱਲੀ ਵਿਚ ਹੋਈਆਂ ਏਸ਼ਿਆਈ ਖੇਡਾਂ ਅਤੇ ਭਾਰਤ ਵਿਚ ਖੇਡੇ ਗਏ ਕੁਝ ਇੰਡੋ-ਪਾਕਿ ਕ੍ਰਿਕਟ ਮੈਚ ਵੇਖਣ ਭਾਰਤ ਆਏ ਸਨ। 2004 ਵਿਚ ਛੋਟੇ ਸਾਹਿਬਜ਼ਾਦਿਆਂ ਦੇ ਤਿੰਨ ਸੌ ਸਾਲਾ ਸ਼ਹੀਦੀ ਦਿਹਾੜੇ ਸਮੇਂ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਗੰਗਾ ਸਾਗਰ ਵੀ ਭਾਰਤ ਵਿਚ ਲਿਆਏ ਸਨ।
ਗੰਗਾ ਸਾਗਰ ਤਾਂਬੇ ਦਾ ਸੁਰਾਹੀ ਵਰਗਾ ਬਰਤਨ ਹੈ ਜਿਸ ਵਿਚ 288 ਛੇਕ ਹਨ। ਉਸ ਦੇ ਇਕ ਪਾਸੇ ਕਮਾਨੀਦਾਰ ਹੱਥੀ ਤੇ ਦੂਜੇ ਪਾਸੇ ਕੇਤਲੀ ਵਾਂਗ ਟੂਟੀ ਲੱਗੀ ਹੈ। ਸਦੀਆਂ ਪੁਰਾਣੇ ਬਰਤਨ ਦੀ ਟੂਟੀ ਕੋਲ ਕੁਝ ਮੁਰੰਮਤ ਵੀ ਕੀਤੀ ਹੋਈ ਦਿਸਦੀ ਹੈ। ਸੁਰਾਹੀ ਵਰਗੇ ਇਸ ਬਰਤਨ ਦੀ ਲੰਮੀ ਗਰਦਨ ਉਪਰ ਧਾਤ ਦੀ ਜਾਲੀ ਲੱਗਾ ਦੋ ਕੁ ਇੰਚ ਦਾ ਮੂੰਹ ਹੈ ਜਿਸ ਉੱਤੇ ਟੋਪੀਦਾਰ ਢੱਕਣ ਲੱਗਾ ਹੋਇਆ ਹੈ। ਇਸ ਦੇ ਅੱਧ ਵਿਚਕਾਰ ਪੇਟ ਦੀ ਗੁਲਾਈ ਉੱਤੇ ਅਤੇ ਥੱਲੇ ਵਿਚ ਤਰਤੀਬਵਾਰ ਦੂਹਰੀਆਂ ਮੋਰੀਆਂ ਹਨ। ਇਨ੍ਹਾਂ ਮੋਰੀਆਂ ਵਿਚੋਂ ਰੇਤ ਕਿਰ ਜਾਂਦੀ ਹੈ ਜਦੋਂਕਿ ਤਰਲ ਪਦਾਰਥ ਨਹੀਂ ਡੁੱਲ੍ਹਦਾ। ਦੁੱਧ ਜਾਂ ਪਾਣੀ ਪਾਈਏ ਤਾਂ ਪਹਿਲਾਂ ਕੁਝ ਬੂੰਦਾਂ ਹੀ ਸਿੰਮਦੀਆਂ ਹਨ ਜੋ ਬਰਤਨ ਭਰ ਜਾਣ ’ਤੇ ਬੰਦ ਹੋ ਜਾਂਦੀਆਂ ਹਨ। ਇਸ ਦੀ ਚੌੜਾਈ ਅੱਧੇ ਫੁੱਟ ਤੋਂ ਵੱਧ ਤੇ ਉਚਾਈ ਇਕ ਫੁੱਟ ਤੋਂ ਘੱਟ ਹੈ। ਵਜ਼ਨ ਅੱਧਾ ਕੁ ਕਿਲੋਗਰਾਮ ਹੈ। ਗੰਗਾ ਸਾਗਰ ਵਰਗੇ ਹਿੰਦੂਤਵੀ ਨਾਂ ਅਤੇ ਇਸਲਾਮੀ ਸੁਰਾਹੀ ਦੀ ਬਣਤਰ ਵਾਲੇ ਬਰਤਨ ਦੇ ਨਿੱਕੇ ਨਿੱਕੇ ਛੇਕਾਂ ਵਿਚ ਦੀ ਆਰ-ਪਾਰ ਦਿਸਦਾ ਹੈ। ਇਹ ਬਰਤਨ ਕਿਸੇ ਕਾਰੀਗਰ ਨੇ ਕਮਾਲ ਦੀ ਕਾਰੀਗਰੀ ਨਾਲ ਬਣਾਇਆ ਹੈ ਜਿਸ ਬਾਰੇ ਪਤਾ ਨਹੀਂ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਕਦੋਂ ਆਇਆ? ਇਹ ਵੀ ਪਤਾ ਨਹੀਂ ਕਿ ਅਜਿਹਾ ਹੋਰ ਬਰਤਨ ਹੈ ਜਾਂ ਨਹੀਂ।
ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਇਹ ਅਦਭੁੱਤ ਬਰਤਨ, ਬਣਤਰ ਅਤੇ ਨਾਮ ਤੋਂ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦੀ ਸਾਂਝ ਦਾ ਪ੍ਰਤੀਕ ਹੈ। ਵੱਖ ਵੱਖ ਧਰਮਾਂ ਦੇ ਆਪਸੀ ਪਿਆਰ ਦੀ ਨਿਸ਼ਾਨੀ ਹੈ। ਮੁਸਲਮਾਨ ਲੋਟੇ ਨਾਲ ਉਜ਼ੂ ਕਰ ਕੇ ਨਮਾਜ ਅਦਾ ਕਰਦੇ ਹਨ, ਹਿੰਦੂਆਂ ਲਈ ਗੰਗਾ ਸਾਗਰ ਕੁੰਭ ਤੋਂ ਬਾਅਦ ਦੂਜਾ ਵੱਡਾ ਤੀਰਥ ਸਥਾਨ ਹੈ ਜੋ ਗੰਗਾ ਨਦੀ ਦੇ ਬੰਗਾਲ ਦੀ ਖਾੜੀ ਵਿਚ ਸਮਾਉਣ ਨਾਲ ਟਾਪੂ ਬਣਿਆ ਹੋਇਆ ਹੈ। ਉਸ ਟਾਪੂ ਦਾ ਖੇਤਰਫਲ 282 ਵਰਗ ਕਿਲੋਮੀਟਰ ਹੈ। ਮਾਘੀ ਮੌਕੇ ਲੱਖਾਂ ਲੋਕ ਗੰਗਾ ਸਾਗਰ ਦਾ ਇਸ਼ਨਾਨ ਕਰਦੇ ਹਨ। ਇਹ ਕੋਲਕਾਤਾ ਤੋਂ 142 ਕਿਲੋਮੀਟਰ ਦੂਰ ਹੈ। ਸਿੱਖਾਂ ਲਈ ਇਹ ਬਰਤਨ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਵਾਲੀ ਨਿਸ਼ਾਨੀ ਹੈ।
1947 ਦੇ ਉਜਾੜੇ ਵੇਲੇ ਰਾਏ ਕੱਲ੍ਹਾ ਦੇ ਵਾਰਸ ਰਾਏ ਇਨਾਇਤ ਖਾਂ ਬਾਕੀ ਸਾਰਾ ਕੁਝ ਪਿੱਛੇ ਛੱਡ ਕੇ ਗੁਰੂ ਜੀ ਦੀ ਬਖ਼ਸ਼ਿਸ਼ ਗੰਗਾ ਸਾਗਰ ਆਪਣੇ ਨਾਲ ਲੈ ਕੇ ਲਾਹੌਰ ਚਲੇ ਗਏ ਸਨ। ਰਸਤੇ ਵਿਚ ਮੁਸੀਬਤਾਂ ਸਨ, ਪਰ ਗੰਗਾ ਸਾਗਰ ਦੀ ਸੁਰੱਖਿਆ ਉਨ੍ਹਾਂ ਨੂੰ ਜਿੰਦ ਤੋਂ ਪਿਆਰੀ ਸੀ। ਉਨ੍ਹਾਂ ਨੇ ਜ਼ਿਲ੍ਹਾ ਲਾਇਲਪੁਰ ਤੇ ਮਿੰਟਗੁਮਰੀ ਵਿਚ ਜ਼ਮੀਨਾਂ ਖਰੀਦੀਆਂ, ਪਰ ਰਿਹਾਇਸ਼ ਲਾਹੌਰ ਦੇ ਮਾਡਲ ਟਾਊਨ ਵਿਚ ਰੱਖੀ। ਗੰਗਾ ਸਾਗਰ ਪਹਿਲਾਂ ਘਰ ਤੇ ਫਿਰ ਲੰਡਨ ਦੇ ਬੈਂਕ ਲੌਕਰ ਵਿਚ ਰੱਖ ਕੇ ਉਹਦੀ ਸ਼ਰਧਾ ਤੇ ਸਿਦਕ ਨਾਲ ਸੰਭਾਲ ਕੀਤੀ। 1951 ਵਿਚ ਜਨਮੇ ਅਜ਼ੀਜ਼ਉੱਲਾ ਅਜੇ ਡੇਢ ਸਾਲ ਦੇ ਸਨ ਕਿ ਉਹਦੇ ਦਾਦਾ ਰਾਏ ਇਨਾਇਤ ਖਾਂ ਫ਼ੌਤ ਹੋ ਗਏ। ਚਾਰ ਸਾਲ ਦੇ ਸਨ ਕਿ ਮਾਂ ਚੱਲ ਵਸੀ। ਸਾਢੇ ਛੇ ਸਾਲ ਦੇ ਹੋਏ ਤਾਂ ਵਾਲਦ ਵੀ ਚਲਾਣਾ ਕਰ ਗਏ। ਅਜ਼ੀਜ਼ਉੱਲਾ ਨੂੰ ਉਹਦੀ ਬਿਰਧ ਦਾਦੀ ਨੇ ਪਾਲਿਆ। ਉਸੇ ਨੇ ਗੰਗਾ ਸਾਗਰ ਦੀ ਅਹਿਮੀਅਤ ਅਜ਼ੀਜ਼ਉੱਲਾ ਨੂੰ ਦੱਸੀ। ਚੌਵੀ ਸਾਲ ਦੇ ਹੋਏ ਤਾਂ ਬਿਰਧ ਦਾਦੀ ਵੀ ਚਲਾਣਾ ਕਰ ਗਈ। ਅਜ਼ੀਜ਼ਉੱਲਾ ਦੇ ਦੱਸਣ ਮੂਜਬ ਦਾਦੀ ਦੇ ਜਿਊਂਦਿਆਂ ਉਹ ਕੇਵਲ ਦੋ ਵਾਰ ਗੰਗਾ ਸਾਗਰ ਨੂੰ ਛੂਹ ਸਕੇ।
ਅਪਰੈਲ 2001 ਵਿਚ ਆਲਮੀ ਪੰਜਾਬੀ ਕਾਨਫਰੰਸ ਸਮੇਂ ਸਾਨੂੰ ਕੁਝ ਲੇਖਕਾਂ ਨੂੰ ਲਾਹੌਰ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਸਬੱਬ ਨਾਲ ਰਾਏ ਅਜ਼ੀਜ਼ਉੱਲਾ ਖਾਂ ਨਾਲ ਮੁਲਾਕਾਤ ਹੋਈ। ਗੱਲਾਂ ਕਰਦਿਆਂ ਗੰਗਾ ਸਾਗਰ ਦੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ। ਨਾਲ ਇਹ ਸਾਂਝ ਵੀ ਨਿਕਲ ਆਈ ਕਿ ਉਨ੍ਹਾਂ ਦਾ ਵੱਡ ਵਡੇਰਾ ਸ਼ੇਖ਼ ਚੱਕੂ ਸਾਡੇ ਪਿੰਡ ਚਕਰ ਦਾ ਵਾਸੀ ਸੀ। ਇਸ ਸਾਂਝ ਨਾਲ ਅਸੀਂ ਗਰਾਈਂ ਬਣ ਗਏ।
ਮੇਰੇ ਨਾਲ ਚਕਰੋਂ ਮਾਸਟਰ ਸ਼ਿੰਗਾਰਾ ਸਿੰਘ ਵੀ ਲਾਹੌਰ ਗਿਆ ਸੀ। ਅਸੀਂ ਹੋਟਲ ਵਿਚ ਠਹਿਰੇ ਹੋਏ ਸਾਂ। ਅਗਲੇ ਦਿਨ ਸਾਡੇ ਲਈ ਫੋਨ ਆਇਆ। ਅੱਗੋਂ ਰਾਏ ਸਾਹਿਬ ਬੋਲ ਰਹੇ ਸਨ। ਉਨ੍ਹਾਂ ਦਾ ਨਿੱਘਾ ਸੱਦਾ ਸੀ ਕਿ ਅਸੀਂ ਸ਼ਾਮੀਂ ਉਨ੍ਹਾਂ ਦੇ ਘਰ ਪਧਾਰੀਏ, ਉਹ ਖ਼ੁਦ ਆ ਕੇ ਲੈ ਜਾਣਗੇ। ਆਪਸ ਵਿਚ ਪੇਂਡੂ ਹੋਣ ਦੀ ਸਾਂਝ ਬੜੀ ਵੱਡੀ ਗਿਣੀ ਜਾਂਦੀ ਹੈ। ਸੱਦਾ ਪ੍ਰਵਾਨ ਕਰਦਿਆਂ ਸਾਨੂੰ ਮਾਣ ਹੋਇਆ ਕਿ ਲਾਹੌਰ ਵਿਚ ਵੀ ਚਕਰੀਆਂ ਦੀ

ਪ੍ਰਿੰ. ਸਰਵਣ ਸਿੰਘ

ਅੰਗਲੀ ਸੰਗਲੀ ਰਲ ਗਈ ਹੈ ਤੇ ਉਹ ਵੀ ਰਾਏ ਅਜ਼ੀਜ਼ਉੱਲਾ ਖਾਂ ਵਰਗੇ ਮੋਹਤਬਰ ਇਨਸਾਨ ਨਾਲ!
ਸ਼ਾਮ ਨੂੰ ਖ਼ਾਨ ਸਾਹਿਬ ਸਾਨੂੰ ਆਪਣੇ ਘਰ ਲੈ ਗਏ। ਨਾਲ ਵਰਿਆਮ ਸਿੰਘ ਸੰਧੂ ਤੇ ਇਕ ਦੋ ਹੋਰ ਸੱਜਣ ਵੀ ਸਨ। ਮਾਡਲ ਟਾਊਨ ਵਿਚ ਉਨ੍ਹਾਂ ਦਾ ਘਰ ਬੜਾ ਖੁੱਲ੍ਹਾ-ਡੁੱਲ੍ਹਾ ਸੀ। ਘਰ ਵਿਚ ਖ਼ਾਨ ਦੀ ਭੂਆ, ਬੇਗਮ ਤੇ ਬੱਚੇ ਮੌਜੂਦ ਸਨ। ਖ਼ਾਨ ਦੀ ਭੂਆ ਸੱਤਰ ਸਾਲ ਤੋਂ ਵਡੇਰੀ ਹੋਣ ਕਰਕੇ ਰਾਏਕੋਟ ਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਸ ਨੇ ਉਹ ਸਾਰਾ ਕੁਝ ਦੱਸਿਆ ਕਿ ਕਿਵੇਂ ਸ਼ਰਧਾ ਨਾਲ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਜਾਂਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਤੇ ਸੰਗਤਾਂ ਵਿਚ ਕਿੰਨਾ ਸੇਵਾ ਭਾਵ ਤੇ ਪਿਆਰ ਸਤਿਕਾਰ ਸੀ। ਮੈਂ ਆਪਣੀ ਚਿਰੋਕਣੀ ਰੀਝ ਪੂਰੀ ਕਰਨ ਲਈ ਬੇਨਤੀ ਕੀਤੀ ਕਿ ਅਸੀਂ ਵੀ ਗੰਗਾ ਸਾਗਰ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਰਾਏ ਸਾਹਿਬ ਨੇ ਦੱਸਿਆ ਕਿ ਇਸ ਵੇਲੇ ਗੰਗਾ ਸਾਗਰ ਲੰਡਨ ਦੇ ਇਕ ਬੈਂਕ ਲੌਕਰ ਵਿਚ ਸੁਰੱਖਿਅਤ ਹੈ। ਫਿਰ ਉਨ੍ਹਾਂ ਨੇ ਗੰਗਾ ਸਾਗਰ ਤੇ ਆਪਣੇ ਪਰਿਵਾਰ ਦੇ ਪਿਛੋਕੜ ਨਾਲ ਸਬੰਧਿਤ ਕੁਝ ਪੜ੍ਹਨ ਸਮੱਗਰੀ ਸਾਨੂੰ ਦਿੱਤੀ। ਰਾਏ ਸਾਹਿਬ ਨੇ ਆਪਣਾ ਪਰਿਵਾਰਕ ਪਿਛੋਕੜ ਜਾਣਨ ਲਈ ਲਾਹੌਰ ਤੋਂ ਲੰਡਨ ਤਕ ਦੀਆਂ ਲਾਇਬ੍ਰੇਰੀਆਂ ਛਾਣੀਆਂ ਹੋਈਆਂ ਸਨ। 1904 ਵਿਚ ਪ੍ਰਕਾਸ਼ਿਤ ਹੋਏ ਪੰਜਾਬ ਡਿਸਟ੍ਰਿਕਟ ਗਜ਼ਟੀਅਰ ਲੁਧਿਆਣਾ ਭਾਗ ਪਹਿਲੇ ਵਿਚ ਦਰਜ ਸੀ ਕਿ ਬਾਰ੍ਹਵੀਂ ਸਦੀ ਵਿਚ ਮੋਕਲ ਚੰਦ ਨਾਂ ਦਾ ਰਾਜਪੂਤ ਜੈਸਲਮੇਰ ਦੇ ਇਲਾਕੇ ’ਚੋਂ ਉੱਠ ਕੇ ਪੰਜਾਬ ਵਿਚ ਆਇਆ ਤੇ ਉਸ ਨੇ ਪਿੰਡ ਚਕਰ ਦੀ ਮੋਹੜੀ ਗੱਡੀ। ਚੌਦ੍ਹਵੀਂ ਸਦੀ ’ਚ ਉਸ ਦੀ ਚੌਥੀ ਪੀੜ੍ਹੀ ਦੇ ਤੁਲਸੀ ਦਾਸ ਨੇ ਇਸਲਾਮ ਧਰਮ ਧਾਰਨ ਕਰ ਲਿਆ ਤੇ ਉਸ ਦਾ ਨਾਂ ਸ਼ੇਖ਼ ਚੱਕੂ ਰੱਖਿਆ ਗਿਆ। ਸ਼ੇਖ਼ ਚੱਕੂ ਦੀ ਸੱਤਵੀਂ ਪੀੜ੍ਹੀ ’ਚ ਰਾਏ ਕੱਲ੍ਹਾ ਪਹਿਲਾ ਹੋਇਆ ਜਿਸ ਨੂੰ ਸ਼ਹਿਨਸ਼ਾਹ ਅਲਾਊਦੀਨ ਨੇ ਚਕਰ ਦੇ ਆਲੇ-ਦੁਆਲੇ ਦਾ ਕਾਫ਼ੀ ਸਾਰਾ ਇਲਾਕਾ ਜਾਗੀਰ ਵਜੋਂ ਦੇ ਕੇ ‘ਰਾਏ’ ਦਾ ਖ਼ਿਤਾਬ ਬਖ਼ਸ਼ਿਆ। ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਾਏ ਕੱਲ੍ਹਾ ਪਹਿਲਾ ਨੇ 1478 ਵਿਚ ਪਿੰਡ ਤਲਵੰਡੀ ਰਾਏ ਬੰਨ੍ਹਿਆ।
ਰਾਏ ਕੱਲ੍ਹਾ ਦੀ ਪੀੜ੍ਹੀ ਅੱਗੇ ਤੁਰਦੀ ਹੋਈ ਰਾਏ ਕਮਾਲਉਦੀਨ ਪਹਿਲਾ, ਰਾਏ ਅਹਿਮਦ, ਰਾਏ ਕੱਲ੍ਹਾ ਦੂਜਾ, ਰਾਏ ਕਮਾਲਉਦੀਨ ਦੂਜਾ ਤੇ ਰਾਏ ਕੱਲ੍ਹਾ ਤੀਜਾ ਤਕ ਪੁੱਜੀ। ਰਾਏ ਅਹਿਮਦ ਨੇ 1648 ਵਿਚ ਰਾਏਕੋਟ ਬੱਧਾ। ਰਾਏ ਕਮਾਲਉਦੀਨ ਨੇ 1680 ਵਿਚ ਜਗਰਾਉਂ ਦੀ ਮੋਹੜੀ ਗੱਡੀ। ਇਹ ਸਭ ਸਿੱਖ ਗੁਰੂ ਸਾਹਿਬਾਨ ਦੇ ਸਮਕਾਲੀ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ’ਚੋਂ ਨਿਕਲੇ, ਰਾਏ ਕੱਲ੍ਹਾ ਤੀਜਾ ਰਾਏਕੋਟ ਰਿਆਸਤ ਦਾ ਮਾਲਕ ਸੀ। ਮੁਗ਼ਲ ਫ਼ੌਜਾਂ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ। ਮਾਛੀਵਾੜੇ ਦੇ ਜੰਗਲ ਵਿਚ ਗੁਰੂ ਜੀ ਨੂੰ ਗ਼ਨੀ ਖਾਂ ਤੇ ਨਬੀ ਖਾਂ ਮਿਲੇ ਜੋ ਘੋੜਿਆਂ ਦੇ ਵਪਾਰੀ ਅਤੇ ਬਹਾਵਲਪੁਰੀ ਉੱਚ ਦੇ ਪੀਰ ਦੇ ਚੇਲੇ ਸਨ। ਉਹ ਆਨੰਦਪੁਰ ਸਾਹਿਬ ਘੋੜੇ ਲੈ ਕੇ ਗਏ ਸਨ ਜਿਸ ਕਰਕੇ ਗੁਰੂ ਜੀ ਨੂੰ ਪਛਾਣਦੇ ਸਨ। ਸੰਕਟ ਸਮੇਂ ਉਨ੍ਹਾਂ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਵਾਲਾ ਪੁਸ਼ਾਕਾ ਪੁਆ ਕੇ ਪਲੰਘ ਉੱਤੇ ਬਿਠਾਇਆ ਤੇ ਫ਼ੌਜਾਂ ਦੇ ਘੇਰੇ ਵਿਚੋਂ ਨਿਕਲਦੇ ਗਏ। ਜੰਗਲ ਵਿਚੋਂ ਨਿਕਲ ਕੇ ਆਲਮਗੀਰ ਹੁੰਦੇ ਹੋਏ ਉਹ ਪਿੰਡ ਹੇਰ੍ਹਾਂ ਵਿਚ ਮਹੰਤ ਕਿਰਪਾਲ ਦਾਸ ਦੇ ਡੇਰੇ ਪੁੱਜੇ। ਉੱਥੋਂ ਗ਼ਨੀ ਖਾਂ ਤੇ ਨਬੀ ਖਾਂ ਵਾਪਸ ਚਲੇ ਗਏ। ਮਹੰਤ ਮੁਗ਼ਲਾਂ ਦੇ ਡਰ ਦਾ ਮਾਰਾ ਗੁਰੂ ਜੀ ਨੂੰ ਠਾਹਰ ਨਾ ਦੇ ਸਕਿਆ।
ਜਨਵਰੀ 1705 ਦੇ ਪਹਿਲੇ ਹਫ਼ਤੇ ਗੁਰੂ ਜੀ ਰਾਏਕੋਟ ਦੀ ਜੂਹ ਵਿਚ ਪਹੁੰਚੇ। ਉਸ ਸਮੇਂ ਗੁਰੂ ਜੀ ਨੂੰ ਠਾਹਰ ਦੇਣੀ ਮੁਗ਼ਲ ਰਾਜ ਦਾ ਕਹਿਰ ਝੱਲਣ ਨੂੰ ਸੱਦਾ ਦੇਣਾ ਸੀ। ਪਰ ਅਸ਼ਕੇ ਜਾਈਏ ਉਸ ਰੱਬੀ ਬੰਦੇ ਰਾਏ ਕੱਲ੍ਹੇ ਦੇ, ਜੀਹਨੇ ਸਮੇਂ ਦੀ ਸਰਕਾਰ ਦੇ ਕਹਿਰ ਦੀ ਪਰਵਾਹ ਨਾ ਕਰਦਿਆਂ ਗੁਰੂ ਜੀ ਨੂੰ ਸ਼ਰਧਾ ਨਾਲ ਨਿਵਾਸ ਦਿੱਤਾ ਅਤੇ ਆਪਣੇ ਵਿਸ਼ਵਾਸਪਾਤਰ ਨੂਰੇ ਮਾਹੀ ਨੂੰ ਗੁਰੂ ਜੀ ਦੀ ਟਹਿਲ ਸੇਵਾ ਵਿਚ ਲਾਇਆ। ਇਹ ਰਾਏ ਖਾਨਦਾਨ ਦਾ ਅਜਿਹਾ ਸ਼ੁਭ ਕਰਮ ਸੀ ਜਿਸ ਨੂੰ ਸਿੱਖ ਕਦੇ ਵੀ ਨਹੀਂ ਭੁਲਾ ਸਕਦੇ।

ਗੰਗਾ ਸਾਗਰ ਦੇ ਦਰਸ਼ਨ ਕਰਵਾਉਂਦੇ ਹੋਏ ਰਾਏ ਅਜ਼ੀਜ਼ਉੱਲਾ ਖਾਂ।

ਸਾਖੀ ਪ੍ਰਚਲਿਤ ਹੈ ਕਿ ਨੂਰਾ ਮਾਹੀ ਡੰਗਰ ਚਾਰ ਰਿਹਾ ਸੀ ਜਦੋਂ ਗੁਰੂ ਜੀ ਉੱਥੇ ਪੁੱਜੇ। ਉਨ੍ਹਾਂ ਨੇ ਜਲ ਜਾਂ ਦੁੱਧ ਛਕਣ ਦੀ ਇੱਛਾ ਪ੍ਰਗਟ ਕੀਤੀ। ਨੂਰੇ ਨੇ ਕਿਹਾ ਕਿ ਉਹਦੇ ਕੋਲ ਜਲ ਨਹੀਂ ਹੈ ਅਤੇ ਇਸ ਵੇਲੇ ਸ਼ਾਇਦ ਹੀ ਕੋਈ ਮੱਝ ਦੁੱਧ ਲਾਹੇ ਕਿਉਂਕਿ ਉਹ ਧਾਰਾਂ ਚੋਅ ਆਇਆ ਹੈ। ਨਾਲੇ ਉਸ ਕੋਲ ਕੋਈ ਬਰਤਨ ਵੀ ਨਹੀਂ ਜਿਸ ਵਿਚ ਦੁੱਧ ਚੋਇਆ ਜਾ ਸਕੇ। ਤਦ ਗੁਰੂ ਜੀ ਨੇ ਨੂਰੇ ਮਾਹੀ ਨੂੰ ਗੰਗਾ ਸਾਗਰ ਫੜਾਉਂਦਿਆਂ ਆਖਿਆ ਕਿ ਔਸ ਝੋਟੀ ਨੂੰ ਥਾਪੀ ਦੇ ਕੇ ਚੋਣ ਦੀ ਕੋਸ਼ਿਸ਼ ਕਰ। ਨੂਰੇ ਮਾਹੀ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਝੋਟੀ ਨੇ ਦੁੱਧ ਲਾਹ ਲਿਆ ਤੇ ਉਹ ਛੇਕਾਂ ਵਾਲੇ ਬਰਤਨ ਵਿਚੋਂ ਡੁੱਲ੍ਹਿਆ ਵੀ ਨਾ। ਉਹ ਭੱਜਾ ਭੱਜਾ ਆਪਣੇ ਮਾਲਕ ਰਾਏ ਕੱਲ੍ਹਾ ਪਾਸ ਪਹੁੰਚਾ ਤੇ ਆਖਣ ਲੱਗਾ ਆਪਣੇ ਕੋਲ ਕੋਈ ਰੱਬ ਦਾ ਬੰਦਾ ਆਇਆ ਹੈ। ਰਾਏ ਕੱਲ੍ਹਾ ਉਸੇ ਵੇਲੇ ਗੁਰੂ ਜੀ ਪਾਸ ਪੁੱਜਾ, ਸਿਜਦਾ ਕੀਤਾ ਤੇ ਆਪਣੇ ਪਾਸ ਸੁਰੱਖਿਅਤ ਠਹਿਰਨ ਦੀ ਬੇਨਤੀ ਕੀਤੀ ਜੋ ਗੁਰੂ ਜੀ ਨੇ ਮੰਨ ਲਈ। ਰਾਏ ਕੱਲ੍ਹਾ ਦਾ ਇਹ ਅਜਿਹਾ ਕਰਮ ਸੀ ਜਿਸ ਬਦਲੇ ਸਰਹਿੰਦ ਦਾ ਸੂਬੇਦਾਰ ਉਸ ਨੂੰ ਸਣਬੱਚੇ ਘਾਣੀ ਪੀੜ ਸਕਦਾ ਸੀ।
ਰਾਏ ਕੱਲ੍ਹੇ ਨੂੰ ਮਿਲਣ ਤਕ ਗੁਰੂ ਜੀ ਨੂੰ ਪਤਾ ਨਹੀਂ ਸੀ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨਾਲ ਕੀ ਭਾਣਾ ਵਰਤਿਆ ਹੈ? ਵੱਡੇ ਸਾਹਿਬਜ਼ਾਦੇ ਤਾਂ ਉਨ੍ਹਾਂ ਦੀਆਂ ਅੱਖਾਂ ਸਾਹਵੇਂ ਹੀ ਸ਼ਹੀਦ ਹੋ ਗਏ ਸਨ। ਗੁਰੂ ਜੀ ਦੇ ਕਹਿਣ ਉੱਤੇ ਰਾਏ ਕੱਲ੍ਹੇ ਨੇ ਆਪਣੇ ਭਰੋਸੇਯੋਗ ਨੌਕਰ ਨੂਰੇ ਮਾਹੀ ਨੂੰ ਸਰਹਿੰਦ ਭੇਜਿਆ ਤਾਂ ਜੋ ਗੁਰੂ ਜੀ ਦੇ ਪਰਿਵਾਰ ਦੀ ਕੋਈ ਉੱਘ ਸੁੱਘ ਮਿਲ ਸਕੇ। ਗੁਰੂ ਜੀ ਦੇ ਜੀਵਨ ਨਾਲ ਕਰਾਮਾਤਾਂ ਜੋੜਨ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਕਿਸੇ ਗ਼ੈਬੀ ਢੰਗ ਨਾਲ ਨਹੀਂ ਸਗੋਂ ਨੂਰੇ ਮਾਹੀ ਰਾਹੀਂ ਮਿਲੀ ਸੀ। ਉਸ ਵੇਲੇ ਗੁਰੂ ਜੀ ਦੇ ਦਿਲ ’ਤੇ ਜੋ ਬੀਤੀ ਉਹਦਾ ਅੰਦਾਜ਼ਾ ਸੰਵੇਦਨਸ਼ੀਲ ਵਿਅਕਤੀ ਹੀ ਲਾ ਸਕਦਾ ਹੈ। ਗੁਰੂ ਜੀ ਤੀਰ ਨਾਲ ਦੱਭ ਦੀ ਜੜ੍ਹ ਪੁੱਟਦਿਆਂ ਬੋਲੇ ਕਿ ਜੀਹਨੇ ਇਹ ਜ਼ੁਲਮ ਕੀਤਾ ਉਹਦੀ ਜੜ੍ਹ ਵੀ ਇਸੇ ਤਰ੍ਹਾਂ ਪੁੱਟੀ ਜਾਵੇਗੀ।
ਲੰਮੇ-ਜੱਟਪੁਰੇ ਤੋਂ ਮਹਿਦੀਆਣਾ ਤੇ ਚਕਰ ਨੂੰ ਚੱਲਣ ਤੋਂ ਪਹਿਲਾਂ ਗੁਰੂ ਜੀ ਨੇ ਰਾਏ ਕੱਲ੍ਹਾ ਦੀ ਇਨਸਾਨੀ ਹਮਦਰਦੀ, ਨਿਸ਼ਕਾਮ ਸੇਵਾ ਤੇ ਕੁਰਬਾਨੀ ਦੇ ਜਜ਼ਬੇ ਦੀ ਕਦਰ ਕਰਦਿਆਂ ਸ਼ੁਕਰਾਨੇ ਵਜੋਂ ਉਸ ਨੂੰ ਗੰਗਾ ਸਾਗਰ, ਤਲਵਾਰ ਤੇ ਰੇਹਲ ਤਿੰਨ ਵਸਤਾਂ ਪ੍ਰੇਮ ਸਹਿਤ ਦਿੱਤੀਆਂ। ਗੁਰੂ ਗੋਬਿੰਦ ਸਿੰਘ ਜੀ ਦੇ ਕਰਕਮਲਾਂ ਦੁਆਰਾ ਬਖ਼ਸ਼ੀਆਂ ਇਹ ਵਸਤਾਂ ਅਜ਼ੀਜ਼ਉੱਲਾ ਦੇ ਵੱਡ ਵਡੇਰਿਆਂ ਨੇ ਬੜੀ ਸ਼ਰਧਾ ਨਾਲ ਸੰਭਾਲ ਕੇ ਰੱਖੀਆਂ।

ਫਿਰ ਵੀ ਲਕੜੀ ਦੀ ਰੇਹਲ ਸਮੇਂ ਨਾਲ ਨਸ਼ਟ ਹੋ ਗਈ ਤੇ ਤਲਵਾਰ ਅੰਗਰੇਜ਼ ਹਾਕਮਾਂ ਨੇ ਹਥਿਆ ਲਈ। ਰਾਏ ਖਾਨਦਾਨ ਪਾਸ ਗੰਗਾ ਸਾਗਰ ਹੀ ਸੁਰੱਖਿਅਤ ਰਹਿ ਸਕਿਆ ਜਿਸ ਦੀ ਉਹ ਤਿੰਨ ਸੌ ਸਾਲਾਂ ਤੋਂ ਪੀੜ੍ਹੀ ਦਰ ਪੀੜ੍ਹੀ ਸੇਵਾ ਸੰਭਾਲ ਕਰਦਾ ਆ ਰਿਹਾ ਹੈ। ਰਾਏ ਸਾਹਿਬ ਦਾ ਕਹਿਣਾ ਹੈ ਕਿ ਗੰਗਾ ਸਾਗਰ ਦੀ ਥਾਂ ਜੇਕਰ ਗੁਰੂ ਜੀ ਮਿੱਟੀ ਦਾ ਪਿਆਲਾ ਵੀ ਬਖ਼ਸ਼ ਦਿੰਦੇ ਤਦ ਵੀ ਉਨ੍ਹਾਂ ਨੇ ਓਨੀ ਹੀ ਸ਼ਰਧਾ ਨਾਲ ਸੰਭਾਲੀ ਰੱਖਣਾ ਸੀ। ਗੰਗਾ ਸਾਗਰ ਦੀ ਵਡਿਆਈ ਉਸ ਨੇ ਅਦਭੁੱਤ ਬਰਤਨ ਹੋਣ ਵਿਚ ਨਹੀਂ ਸਗੋਂ ਗੁਰੂ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਣ ਵਿਚ ਹੈ।
ਰਾਏ ਕੱਲ੍ਹਾ ਤੀਜੇ ਨੂੰ ਬਖ਼ਸ਼ਿਆ ਗੰਗਾ ਸਾਗਰ ਰਾਏ ਅਲੀਆਸ, ਨੂਰ-ਉਨ-ਨਿਸਾ ਤੇ ਰਾਣੀ ਭਾਗਭਰੀ, ਰਾਏ ਇਮਾਮ ਬਖ਼ਸ਼, ਰਾਏ ਇਨਾਇਤ ਖ਼ਾਂ ਤੇ ਰਾਏ ਫ਼ਕੀਰਉੱਲਾ ਖ਼ਾਂ ਤੋਂ ਹੁੰਦਾ ਹੋਇਆ ਰਾਏ ਅਜ਼ੀਜ਼ਉੱਲਾ ਖ਼ਾਂ ਤਕ ਪੁੱਜਾ ਹੈ। ਕਈ ਪੀੜ੍ਹੀਆਂ ਤੋਂ ਰਾਏ ਪਰਿਵਾਰ ਇਕਲੌਤੇ ਪੁੱਤਰਾਂ ਦੇ ਰੂਪ ਵਿਚ ਹੀ ਵਿਗਸ ਰਿਹਾ ਹੈ। ਅਜ਼ੀਜ਼ਉੱਲਾ ਦੇ ਵੀ ਅੱਗੋਂ ਇਕੋ ਪੁੱਤਰ ਰਾਏ ਮੁਹੰਮਦ ਅਲੀ ਖ਼ਾਂ ਤੇ ਚਾਰ ਧੀਆਂ ਹਨ। ਚਾਰੇ ਧੀਆਂ ਵਿਆਹੁਣ ਪਿੱਛੋਂ ਅਗਸਤ 2019 ਵਿਚ ਅਲੀ ਖ਼ਾਂ ਦਾ ਵਿਆਹ ਕਰ ਦਿੱਤਾ ਗਿਆ।
ਗ਼ੌਰਤਲਬ ਕਿ 1947 ਤੋਂ ਸੰਤਾਲੀ ਸਾਲਾਂ ਬਾਅਦ 1994 ਵਿਚ ਇੰਗਲੈਂਡ ਦੀ ਸੰਗਤ ਨੂੰ ਪਹਿਲੀ ਵਾਰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਗਏ ਸਨ। ਉਦੋਂ ਦੇਸ ਪ੍ਰਦੇਸ ਦੇ ਐਡੀਟਰ ਤਰਸੇਮ ਸਿੰਘ ਪੁਰੇਵਾਲ ਨੇ ਮੈਗਜ਼ੀਨ ਦੇ ਮੋਮੀ ਸਰਵਰਕ ਉੱਤੇ ਗੰਗਾ ਸਾਗਰ ਦੀ ਤਸਵੀਰ ਛਾਪੀ ਸੀ ਜੋ ਸਿੱਖਾਂ ਨੇ ਘਰੋ ਘਰੀ ਸਜਾ ਲਈ। ਰਾਏ ਅਜ਼ੀਜ਼ਉੱਲਾ ਉਦੋਂ ਤੋਂ ਇੰਗਲੈਂਡ, ਆਸਟਰੇਲੀਆ, ਹਾਂਗਕਾਂਗ, ਅਮਰੀਕਾ ਤੇ ਕੈਨੇਡਾ ਆਦਿ ਮੁਲਕਾਂ ਵਿਚ ਸੰਗਤਾਂ ਨੂੰ ਗੰਗਾ ਸਾਗਰ ਦੇ ਦਰਸ਼ਨ ਕਰਵਾਉਂਦੇ ਆ ਰਹੇ ਹਨ। ਅੱਜਕੱਲ੍ਹ ਉਹ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ ਇਨਸਾਫ਼ ਪਾਰਟੀ ਦੇ ਮੈਂਬਰ ਹਨ। ਉਹ ਗੁਰੂ ਘਰਾਂ ਦੇ ਸ਼ਰਧਾਵਾਨ, ਨਿਮਰ, ਮਿੱਠਬੋਲੜੇ ਤੇ ਮਿਲਵਰਤਣ ਵਾਲੇ ਦਾਨੇ ਇਨਸਾਨ ਹਨ। ਜਦੋਂ ਉਹ ਗੰਗਾ ਸਾਗਰ ਟੋਰਾਂਟੋ ਲਿਆਏ ਸਨ ਤਾਂ ਮੈਂ ਵੀ ਖੁੱਲ੍ਹੇ ਦਰਸ਼ਨ ਕਰ ਲਏ ਸਨ ਅਤੇ ਰਾਏ ਸਾਹਿਬ ਦੇ ਮੂੰਹੋਂ ਪਰਿਵਾਰ ਦਾ ਪੂਰਾ ਪਿਛੋਕੜ ਜਾਣ ਲਿਆ ਸੀ।
ਰਾਏ ਅਜ਼ੀਜ਼ਉੱਲਾ ਦੀ ਮਨਸ਼ਾ ਹੈ ਕਿ ਉਹ ਗੰਗਾ ਸਾਗਰ ਮੁੜ ਰਾਏਕੋਟ ਦੀ ਹਵੇਲੀ ਵਿਚ ਲੈ ਕੇ ਜਾਣ, ਆਪਣੇ ਦਾਦੇ ਵਾਂਗ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਉਣ ਅਤੇ ਆਪਣੇ ਵੱਡ-ਵਡੇਰੇ ਦੇ ਪਿੰਡ ਚਕਰ ਵੀ ਜਾਣ। ਭਾਰਤ ਸਰਕਾਰ/ਪੰਜਾਬ ਸਰਕਾਰ/ਸ਼੍ਰੋਮਣੀ ਕਮੇਟੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਰਾਏ ਅਜ਼ੀਜ਼ਉੱਲਾ ਖਾਂ ਨੂੰ ਸੱਦਾ ਦੇ ਸਕਦੀ ਹੈ।
ਗੰਗਾ ਸਾਗਰ ਦੀ ਵਡਿਆਈ ਇਸ ਦੇ ਚਮਤਕਾਰੀ ਬਰਤਨ ਹੋਣ ਵਿਚ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਕਰਕਮਲਾਂ ਨਾਲ ਵਰੋਸਾਈ, ਮਜ਼ਹਬਾਂ ਦੀਆਂ ਹੱਦਾਂ ਤੋਂ ਉਪਰ ਉੱਠੀ, ਇਨਸਾਨੀ ਹਮਦਰਦੀ ਤੇ ਮੁਹੱਬਤ ਦੀ ਯਾਦਗਾਰੀ ਨਿਸ਼ਾਨੀ ਹੋਣ ਵਿਚ ਹੈ। ਕਰਤਾਰਪੁਰ ਲਾਂਘਾ, ਗੰਗਾ ਸਾਗਰ, ਰਾਏ ਕੱਲ੍ਹਾ ਤੇ ਭਾਈ ਕਨ੍ਹੱਈਏ ਵਾਲੇ ਅਮਲ ਹਿੰਦ-ਪਾਕਿ ਦਾ ਤਣਾਅ ਮੁਕਾ ਕੇ ਮੁਹੱਬਤ ਦੇ ਪੁਲ ਉਸਾਰ ਸਕਦੇ ਹਨ।


Comments Off on ਇਨਸਾਨੀਅਤ ਦੇ ਅਜ਼ੀਮ ਰਿਸ਼ਤੇ ਦੀ ਨਿਸ਼ਾਨੀ ਗੰਗਾ ਸਾਗਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.