ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਇਕ ਵਣਜਾਰਨ ਦੀ ਲੰਬੀ ਜੁਦਾਈ…

Posted On October - 19 - 2019

ਸੁਖਵਿੰਦਰ ਸਿੰਘ ਮੁੱਲਾਂਪੁਰ

ਦੇਸ਼ ਦੀ ਵੰਡ ਵੇਲੇ ਇਹ ਕਬੀਲਾ ਪਾਕਿਸਤਾਨ ਚਲਾ ਗਿਆ। ਉਸ ਸਮੇਂ ਰੇਸ਼ਮਾ ਮਹੀਨੇ ਕੁ ਦੀ ਸੀ। ਪਾਕਿਸਤਾਨ ਜਾ ਕੇ ਇਸ ਕਬੀਲੇ ਨੇ ਇਸਲਾਮ ਧਰਮ ਕਬੂਲ ਕਰ ਲਿਆ। ਰੇਸ਼ਮਾ ਨੂੰ ਛੋਟੀ ਹੁੰਦਿਆਂ ਹੀ ਗਾਉਣ ਦਾ ਸ਼ੌਕ ਸੀ। ਉਹ ਗੜਵੀ ਵਜਾ ਕੇ ਤੁਰੀ ਫਿਰਦੀ ਗਾਉਂਦੀ ਰਹਿੰਦੀ। ਇਕ ਦਿਨ ਇਨ੍ਹਾਂ ਦਾ ਕਾਫ਼ਲਾ ਹੈਦਰਾਬਾਦ (ਸਿੰਧ) ਗਿਆ। ਰੇਸ਼ਮਾ ਸੇਵਨ ਪਿੰਡ ਵਿਚ ਸ਼ਾਹ ਕਲੰਦਰ ਦੀ ਮਜ਼ਾਰ ’ਤੇ ਮੇਲੇ ਵਿਚ ਚਲੀ ਗਈ। ਉਦੋਂ ਉਹ ਬਾਰਾਂ ਸਾਲ ਦੀ ਸੀ। ਉਹ ਮੇਲੇ ਦੇ ਇਕੱਠ ਵਿਚ ਗੜਵੀ ਵਜਾ ਕੇ ਕਵਾਲੀ ‘ਦਮਾ ਦਮ ਮਸਤ ਕਲੰਦਰ’ ਗਾ ਰਹੀ ਸੀ। ਉੱਥੇ ਹੀ ਮੌਜੂਦ ਪਾਕਿਸਤਾਨ ਰੇਡੀਓ ਦਾ ਡਾਇਰੈਕਟਰ ਸਲੀਮ ਗਿਲਾਨੀ ਵੀ ਉਸਦੀ ਸੁਰੀਲੀ ਆਵਾਜ਼ ਸੁਣ ਕੇ ਹੈਰਾਨ ਹੋ ਗਿਆ। ਸਲੀਮ ਗਿਲਾਨੀ ਨੇ ਰੇਸ਼ਮਾ ਦਾ ਘਰ-ਬਾਰ ਪੁੱਛਿਆ ਤਾਂ ਉਸਨੇ ਦੱਸਿਆ, ‘ਸਾਡਾ ਕੋਈ ਟਿਕਾਣਾ ਨਹੀਂ, ਅਸੀਂ ਤੁਰ ਫਿਰ ਕੇ ਗੁਜ਼ਾਰਾ ਕਰਦੇ ਹਾਂ।’ ਸਲੀਮ ਗਿਲਾਨੀ ਨੇ ਆਪਣਾ ਪਤਾ ਰੇਸ਼ਮਾ ਨੂੰ ਦੇ ਕੇ ਕਿਹਾ, ‘ਤੁਸੀਂ ਕਰਾਚੀ ਰੇਡੀਓ ਸਟੇਸ਼ਨ ’ਤੇ ਆ ਕੇ ਗੀਤਾਂ ਦੀ ਰਿਕਾਰਡਿੰਗ ਕਰਵਾ ਸਕਦੇ ਹੋ।’
ਡੇਢ ਕੁ ਸਾਲ ਬਾਅਦ ਇਹ ਕਬੀਲਾ ਤੁਰਦਾ ਫਿਰਦਾ ਕਰਾਚੀ ਚਲਾ ਗਿਆ। ਰੇਸ਼ਮਾ, ਸਲੀਮ ਗਿਲਾਨੀ ਦਾ ਦਿੱਤਾ ਪਤਾ ਲੈ ਕੇ ਰੇਡੀਓ ਸਟੇਸ਼ਨ ’ਤੇ ਪਹੁੰਚ ਗਈ। ਰੇਸ਼ਮਾ ਨੂੰ ਮਿਲ ਕੇ ਸਲੀਮ ਗਿਲਾਨੀ ਬਹੁਤ ਖ਼ੁਸ਼ ਹੋਇਆ। ਜਦੋਂ ਸਟੂਡੀਓ ਵਿਚ ਉਸ ਨੂੰ ਗੀਤਾਂ ਦੀ ਰਿਕਾਡਿੰਗ ਕਰਵਾਉਣ ਲਈ ਕਿਹਾ ਤਾਂ ਰੇਸ਼ਮਾ ਨੇ ਜਵਾਬ ਦੇ ਦਿੱਤਾ, ‘ਮੈਂ ਕਦੇ ਬੰਦ ਕਮਰੇ ਵਿਚ ਗੀਤ ਨਹੀਂ ਗਾਇਆ। ਮੈਂ ਤਾਂ ਖੁੱਲ੍ਹੇ ਅਸਮਾਨ ਵਿਚ ਹੀ ਗਾ ਸਕਦੀ ਹਾਂ।’ ਪਰ ਸਲੀਮ ਗਿਲਾਨੀ ਨੇ ਉਸ ਨੂੰ ਸਮਝਾ ਕੇ ਸਟੂਡਿਓ ਵਿਚ ਰਿਕਾਰਡਿੰਗ ਕਰਵਾ ਲਈ। ਉੱਥੇ ਰੇਡੀਓ ਵਾਲਿਆਂ ਨੇ ਰੇਸ਼ਮਾ ਦੀ ਇਕ ਫੋਟੋ ਵੀ ਖਿੱਚ ਲਈ। ਰੇਸ਼ਮਾ ਨੇ ਇਸ ’ਤੇ ਗੁੱਸਾ ਕਰਦਿਆਂ ਕਿਹਾ, ‘ਸਾਡੇ ਕਬੀਲੇ ਵਿਚ ਫੋਟੋ ਖਿਚਵਾਉਣ ਨੂੰ ਬੁਰਾ ਮੰਨਦੇ ਹਨ, ਉਹ ਮੇਰੇ ਨਾਲ ਗੁੱਸਾ ਹੋਣਗੇ।’ ਰੇਸ਼ਮਾ ਦੇ ਗੀਤ ਜਦੋਂ ਰੇਡੀਓ ’ਤੇ ਲੋਕਾਂ ਨੇ ਸੁਣੇ ਤਾਂ ਹਰ ਪਾਸੇ ਰੇਸ਼ਮਾ ਰੇਸ਼ਮਾ ਹੋਣ ਲੱਗੀ, ਪਰ ਰੇਸ਼ਮਾ ਇਸ ਪ੍ਰਸਿੱਧੀ ਤੋਂ ਬੇਖ਼ਬਰ ਸੀ। ਸਲੀਮ ਗਿਲਾਨੀ ਨੇ ਰੇਸ਼ਮਾ ਨੂੰ ਫਿਰ ਲੱਭਣਾ ਚਾਹਿਆ। ਉਸਨੇ ਕਬੀਲਿਆਂ ਦੇ ਡੇਰਿਆਂ ’ਤੇ ਵੀ ਪੁੱਛ ਪੜਤਾਲ ਕੀਤੀ, ਪਰ ਉਸ ਦਾ ਪਤਾ ਨਾ ਲੱਗ ਸਕਿਆ ਕਿ ਉਹ ਕਿੱਥੇ ਚੱਲੀ ਗਈ?
ਗਿਲਾਨੀ ਨੇ ਰੇਸ਼ਮਾ ਦੀ ਫੋਟੋ ਅਖ਼ਬਾਰਾਂ ਰਸਾਲਿਆਂ ’ਤੇ ਛਪਵਾ ਦਿੱਤੀ ਕਿ ਇਸ ਕੁੜੀ ਨੂੰ ਲੱਭ ਕੇ ਲਿਆਉਣ ਵਾਲੇ ਨੂੰ 2000 ਰੁਪਏ ਇਨਾਮ ਦਿੱਤਾ ਜਾਵੇਗਾ। ਇਹ ਕਬੀਲਾ ਘੁੰਮਦਾ ਘੁੰਮਾਉਂਦਾ ਮੁਲਤਾਨ ਚਲਾ ਗਿਆ, ਉੱਥੇ ਰੇਸ਼ਮਾ ਨੇ ਆਪਣੀ ਫੋਟੋ ਇਕ ਰਸਾਲੇ ’ਤੇ ਦੇਖੀ। ਕਬੀਲਾ ਵੀ ਫੋਟੋ ਦੇਖ ਕੇ ਉਸ ਨਾਲ ਗੁੱਸੇ ਹੋਇਆ।
ਫੇਰ ਲੋਕਾਂ ਦੇ ਕਹਿਣ ’ਤੇ ਰੇਸ਼ਮਾ ਨੇ ਕਿਸੇ ਤੋਂ ਉਰਦੂ ਵਿਚ ਲਿਖਵਾ ਕੇ ਸਲੀਮ ਗਿਲਾਨੀ ਨੂੰ ਚਿੱਠੀ ਪਵਾ ਦਿੱਤੀ। ਚਿੱਠੀ ਦੇ ਉੱਤਰ ਵਿਚ ਸਲੀਮ ਗਿਲਾਨੀ ਨੇ ਕਿਹਾ ਕਿ ਉਹ ਇੱਥੇ ਰੇਡੀਓ ’ਤੇ ਆ ਕੇ ਫੇਰ ਗੀਤ ਗਾ ਸਕਦੀ ਹੈ। ਬਲਵੰਤ ਗਾਰਗੀ ਲਿਖਦਾ ਹੈ, ‘1969 ਵਿਚ ਰੇਸ਼ਮਾ ਦੇ ਪਹਿਲੇ ਗੀਤ ‘ਹਾਏ ਓ ਰੱਬਾ ਨਈਂਓ ਲੱਗਦਾ ਦਿਲ ਮੇਰਾ’ ਦੀ ਰਿਕਾਰਡਿੰਗ ਲੰਡਨ ਵਿਚ ਹੋਈ। ਉੱਥੋਂ ਇਹ ਗੀਤ ਭਾਰਤ ਆਇਆ ਤਾਂ ਸਾਰੇ ਪਾਸੇ ਅੱਗ ਲੱਗ ਗਈ। ਇਹੋ ਜਿਹੀ ਆਵਾਜ਼ ਜਿਸ ਵਿਚ ਜੰਗਲੀ ਕਬੀਲੇ ਦਾ ਹੁਸਨ ਅਤੇ ਦਿਲ ਨੂੰ ਖਿੱਚ ਪਾਉਣ ਵਾਲੀ ਹੂਕ ਸੀ ਜੋ ਕਦੇ ਨਹੀਂ ਸੀ ਸੁਣੀ ਕਿਸੇ ਨੇ।’
ਰੇਸ਼ਮਾ ਅਨਪੜ੍ਹ ਸੀ ਕਿਉਂਕਿ ਇਨ੍ਹਾਂ ਕਬੀਲਿਆਂ ਵਿਚ ਕੋਈ ਪੜ੍ਹਾਈ ਨਹੀਂ ਕਰਾਉਂਦਾ ਸੀ ਅਤੇ ਨਾ ਹੀ ਕਿਸੇ ਨੂੰ ਗਾਉਣ ਦੀ ਇਜਾਜ਼ਤ ਸੀ। ਇਸ ਕਰਕੇ ਰੇਸ਼ਮਾ ਨੇ ਕੋਈ ਸੰਗੀਤ ਲਈ ਉਸਤਾਦ ਨਹੀਂ ਧਾਰਿਆ ਤੇ ਨਾ ਹੀ ਕਿਸੇ ਕੋਲੋਂ ਕੋਈ ਸੁਰ ਤਾਲ ਸਿੱਖੀ ਸੀ। 1960 ਵਿਚ ਪਾਕਿਸਤਾਨ ਵਿਚ ਟੈਲੀਵਿਜ਼ਨ ਦੀ ਸੇਵਾ ਸ਼ੁਰੂ ਹੋ ਗਈ, ਫਿਰ ਉਸਨੇ ਟੈਲੀਵਿਜ਼ਨ ’ਤੇ ਵੀ ਗਾਉਣਾ ਸ਼ੁਰੂ ਕਰ ਦਿੱਤਾ। 1970-80 ਦੇ ਦਹਾਕੇ ਵਿਚ ਭਾਰਤ ਪਾਕਿਸਤਾਨ ਦੇ ਕਲਾਕਾਰ ਇਕ ਦੂਜੇ ਦੇ ਦੇਸ਼ ਵਿਚ ਜਾ ਕੇ ਗਾਉਣ ਲੱਗੇ ਤਾਂ ਉਸ ਸਮੇਂ ਰੇਸ਼ਮਾ ਭਾਰਤ ਵਿਚ ਆ ਕੇ ਗਾਉਂਦੀ ਰਹੀ।
1973 ਵਿਚ ਡਾਇਰੈਕਟਰ ਰਾਜ ਕਪੂਰ ਦੀ ਫ਼ਿਲਮ ਬੌਬੀ ਵਿਚ ਉਸਦੇ ਗਾਏ ਗੀਤ ‘ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ’ ਦਾ ਹਿੰਦੀ ਵਿਚ ਅਨੁਵਾਦ ਕਰਕੇ ਲਤਾ ਮੰਗੇਸ਼ਕਰ ਨੇ ਗਾਇਆ। 1983 ਵਿਚ ਸੁਭਾਸ਼ ਘਈ ਨੇ ‘ਹੀਰੋ’ ਫ਼ਿਲਮ ਬਣਾਈ। ਇਹ ਜੈਕੀ ਸ਼ਰੌਫ਼ ਦੀ ਪਹਿਲੀ ਫ਼ਿਲਮ ਸੀ ਅਤੇ ਇਸ ਵਿਚ ਸ਼ੰਮੀ ਕਪੂਰ, ਸ਼ਕਤੀ ਕਪੂਰ ਆਦਿ ਨੇ ਕੰਮ ਕੀਤਾ ਸੀ। ਇਸ ਫ਼ਿਲਮ ਵਿਚ ਗੀਤ ਗਾਉਣ ਲਈ ਰੇਸ਼ਮਾ ਭਾਰਤ ਆਈ। ਜਦੋਂ ਸੁਭਾਸ਼ ਘਈ ਨੇ ਰੇਸ਼ਮਾ ਨੂੰ ਗੀਤ ਦੀ ਰਿਕਾਰਡਿੰਗ ਲਈ ਸਟੂਡੀਓ ਵਿਚ ਜਾਣ ਲਈ ਕਿਹਾ ਤਾਂ ਰੇਸ਼ਮਾ ਨੇ ਕਿਹਾ ਮੈਂ ਇੱਥੇ ਹੀ ਗਾ ਦਿੰਦੀ ਹਾਂ। ਫਿਰ ਰਿਕਾਰਡਿੰਗ ਦਾ ਪ੍ਰਬੰਧ ਦਲੀਪ ਕੁਮਾਰ ਦੇ ਘਰ ਕੀਤਾ ਗਿਆ। ਪਰ ਪਿੱਛੋਂ ਬੰਬਈ ਦੇ ਮਹਿਬੂਬ ਸਟੂਡੀਓ ਵਿਚ ‘ਲੰਬੀ ਜੁਦਾਈ’ ਗੀਤ ਦੀ ਰਿਕਾਰਡਿੰਗ ਕੀਤੀ ਗਈ। ਇਹ ਫ਼ਿਲਮ ਅਤੇ ਗੀਤ ਬਹੁਤ ਚੱਲਿਆ। ਰੇਸ਼ਮਾ ਨੇ ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਲਈ ਗਾਇਆ।
ਉਹ ਇਹ ਗੱਲ ਬੜੇ ਮਾਣ ਨਾਲ ਕਹਿੰਦੀ ਸੀ ਕਿ ਪਾਕਿਸਤਾਨ ਅਤੇ ਭਾਰਤ ਨੇ ਮੈਨੂੰ ਰੱਜਵਾਂ ਪਿਆਰ ਦਿੱਤਾ। ਰੇਸ਼ਮਾ ਭਾਰਤ ਦੀ ਜੰਮਪਲ ਹੋਣ ਕਰਕੇ ਭਾਰਤ ਸਰਕਾਰ ਨੇ ਉਸ ਨੂੰ ਪੱਕੇ ਤੌਰ ’ਤੇ ਇੱਥੇ ਰਹਿਣ ਦੀ ਪੇਸ਼ਕਸ਼ ਕੀਤੀ, ਪਰ ਉਸਨੇ ਠੁਕਰਾ ਕੇ ਪਕਿਸਤਾਨ ਰਹਿਣਾ ਹੀ ਠੀਕ ਸਮਝਿਆ। ਉਹ ਪਾਕਿਸਤਾਨ ਦੀ ਪਹਿਲੀ ਔਰਤ ਲੋਕ ਕਲਾਕਾਰ ਸੀ।
ਜਨਵਰੀ 2006 ਵਿਚ ਜਦੋਂ ‘ਸਦਾ-ਏ-ਸਰਹੱਦ’ ਲਾਹੌਰ-ਅੰਮ੍ਰਿਤਸਰ ਬੱਸ ਸੇਵਾ ਸ਼ੁਰੂ ਹੋਈ ਤਾਂ ਲਾਹੌਰ ਤੋਂ ਪਹਿਲੀ ਆਉਣ ਵਾਲੀ ਬੱਸ ਵਿਚ 26 ਯਾਤਰੀ ਸਵਾਰ ਸਨ, ਉਨ੍ਹਾਂ ਵਿਚ ਰੇਸ਼ਮਾ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਸਨ। ਅਟਾਰੀ ਆ ਕੇ ਰੇਸ਼ਮਾ ਨੇ ‘ਲੰਬੀ ਜੁਦਾਈ’ ਗੀਤ ਗਾ ਕੇ ਦੋਹਾਂ ਦੇਸ਼ਾਂ ਵਿਚ ਖਿੱਚੀ ਲਕੀਰ ਦਾ ਸਰੋਤਿਆਂ ਵਿਚ ਵੈਰਾਗ ਛੇੜ ਦਿੱਤਾ।
ਉਸਨੇ ਬਹੁਤ ਗੀਤ ਗਾਏ ਉਨ੍ਹਾਂ ਵਿਚੋਂ ਜਿਹੜੇ ਸਦਾਬਹਾਰ ਹੋ ਗਏ, ਉਨ੍ਹਾਂ ਵਿਚ ਹਨ:
* ਚਾਰ ਦਿਨਾਂ ਦਾ ਪਿਆਰ ਓ ਰੱਬਾ
ਬੜੀ ਲੰਬੀ ਜੁਦਾਈ
* ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖੀਆਂ
* ਹਾਏ ਓ ਰੱਬਾ ਨਹੀਂਓ
ਲੱਗਦਾ ਦਿਲ ਮੇਰਾ
ਸੱਜਣਾ ਬਾਝ ਹੋਇਆ ਹਨੇਰਾ
ਹਾਏ ਓ ਰੱਬਾ ਨਹੀਂਓ ਲੱਗਦਾ ਦਿਲ ਮੇਰਾ
* ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸੀਆ ਬੋਲ ਭਾਵੇਂ ਨਾ ਬੋਲ
* ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ
ਮਾਹੀਆ ਮੈਨੂੰ ਯਾਦ ਆਂਵਦਾ
ਰੇਸ਼ਮਾ ਨੇ ਅਮਰੀਕਾ, ਕੈਨੇਡਾ, ਰੂਸ, ਭਾਰਤ, ਇੰਗਲੈਂਡ, ਡੈਨਮਾਰਕ, ਰੁਮਾਨੀਆ, ਤੁਰਕੀ, ਨਾਰਵੇ, ਉਜ਼ਬੇਕਿਸਤਾਨ ਆਦਿ ਦੇਸ਼ਾਂ ਵਿਚ ਜਾ ਕੇ ਗਾਇਆ। ਉਸ ਨੇ ਪੰਜਾਬੀ, ਹਿੰਦੀ, ਊਰਦੂ, ਸਿੰਧੀ, ਰਾਜਸਥਾਨੀ, ਪਹਾੜੀ ਡੋਗਰੀ, ਪਸਤੋ ਵਿਚ ਕੱਵਾਲੀਆਂ ਤੇ ਗੀਤ ਗਾਏ। ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਰੇਸ਼ਮਾ ਨੂੰ ‘ਸਿਤਾਰ-ਏ-ਇਮਤਿਆਜ਼’, ‘ਫਖ਼ਰ-ਏ-ਪਾਕਿਸਤਾਨ’ ਅਤੇ ‘ਲੀਜੈਂਡਜ਼ ਆਫ ਪਾਕਿਸਤਾਨ’ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। 3 ਨਵੰਬਰ 2013 ਨੂੰ ਗਲੇ ਦੇ ਕੈਂਸਰ ਨਾਲ ਲਾਹੌਰ ਦੇ ਇੱਛਰਾਂ ਮੁਹੱਲੇ ਵਿਚ ਰਹਿਣ ਵਾਲੀ ਰੇਸ਼ਮਾ ਲਾਹੌਰ ਦੇ ਸਥਾਨਕ ਹਸਪਤਾਲ ਵਿਚ ਦਮ ਤੋੜ ਗਈ। ਇਸ ਤਰ੍ਹਾਂ ਚਾਹੁਣ ਵਾਲੇ ਸਰੋਤਿਆਂ ਨੂੰ ਇਹ ਸੱਚ ਕਰ ਗਈ ‘ਚਾਰ ਦਿਨਾਂ ਦਾ ਪਿਆਰ ਓ ਰੱਬਾ ਬੜੀ ਲੰਬੀ ਜੁਦਾਈ।’
ਸੰਪਰਕ: 99141-84794


Comments Off on ਇਕ ਵਣਜਾਰਨ ਦੀ ਲੰਬੀ ਜੁਦਾਈ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.