ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਆਵਾਰਾ ਪਸ਼ੂਆਂ ਦੀ ਦਹਿਸ਼ਤ

Posted On October - 22 - 2019

ਰਮੇਸ਼ਵਰ ਸਿੰਘ

ਤਿੰਨ ਕੁ ਦਹਾਕੇ ਪਹਿਲਾਂ ਗਾਵਾਂ ਦੇਸੀ ਸਨ, ਉਨ੍ਹਾਂ ਦੇ ਵੱਛੜੇ ਬਲਦ ਬਣ ਕੇ ਖੇਤਾਂ ਦਾ ਕੰਮ ਸੰਭਾਲਦੇ ਸਨ। ਵੱਛੀਆਂ ਹਮੇਸ਼ਾ ਵਾਂਗ ਗਾਵਾਂ ਬਣ ਜਾਂਦੀਆਂ ਸਨ। ਦੁੱਧ ਦਾ ਸਮਾਂ ਲੰਘਾ ਚੁੱਕੀਆਂ ਮੱਝਾਂ ਤੇ ਕੱਟੇ ਵਪਾਰੀਆਂ ਨੂੰ ਵੇਚ ਦਿੱਤੇ ਜਾਂਦੇ ਸਨ ਜਿਸ ਨਾਲ ਆਪਣਾ ਦੇਸ਼ ਚੰਗਾ ਪੈਸਾ ਕਮਾਉਂਦਾ ਸੀ। ਫਿਰ ਗਾਵਾਂ ਤੇ ਮੱਝਾਂ ਦੀ ਦੋਗਲੀ ਨਸਲ ਬਣਾਉਣ ਲਈ ਬਾਹਰਲੇ ਦੇਸ਼ਾਂ ਤੋਂ ਟੀਕੇ ਮੰਗਾ ਕੇ ਲਗਾਏ ਜਾਣੇ ਸ਼ੁਰੂ ਕਰ ਦਿੱਤੇ। ਨਵੇਂ ਟੀਕੇ ਰਾਹੀਂ ਪੈਦਾ ਹੋਏ ਵੱਛੜੇ ਖੇਤੀ ਦੇ ਕੰਮ ਆਉਣ ਦੇ ਯੋਗ ਨਹੀਂ ਹਨ। ਦੂਜਾ ਹੁਣ ਯੁੱਗ ਵੀ ਟਰੈਕਟਰਾਂ ਦਾ ਆ ਗਿਆ ਹੈ। ਅਜਿਹੇ ਵਿਚ ਵੱਛੜੇ ਬੇਕਾਰ ਹੋ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਸੜਕਾਂ ’ਤੇ ਆਵਾਰਾ ਛੱਡਣਾ ਸ਼ੁਰੂ ਕਰ ਦਿੱਤਾ।
ਸਰਕਾਰ ਨੇ ਬੀਫ ਬਣਾਉਣ ’ਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਸਰਕਾਰਾਂ ਨੇ ਗਾਵਾਂ ਨੂੰ ਧਾਰਮਿਕ ਮਸਲਾ ਬਣਾ ਦਿੱਤਾ ਹੈ। ਪਹਿਲਾਂ ਤਾਂ ਇਹ ਵੀ ਹੁੰਦਾ ਸੀ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਆਵਾਰਾ ਕੁੱਤਿਆਂ ਨੂੰ ਸਾਲ ਵਿਚ ਇਕ ਵਾਰ ਜ਼ਹਿਰ ਦੇ ਕੇ ਮਰਵਾ ਦਿੱਤਾ ਜਾਂਦਾ ਸੀ। ਫਿਰ ਸਰਕਾਰ ਨੇ ਇਸਨੂੰ ਇਕ ਗੰਭੀਰ ਮਸਲਾ ਬਣਾਉਂਦੇ ਹੋਏ ਆਵਾਰਾ ਪਸ਼ੂਆਂ ਦੇ ਮਾਰਨ ਜਾਂ ਕੱਟਣ ’ਤੇ ਪਾਬੰਦੀ ਲਗਾ ਦਿੱਤੀ, ਪਰ ਅੱਗੇ ਉਨ੍ਹਾਂ ਦੀ ਸੰਭਾਲ ਲਈ ਕੀ ਕਰਨਾ ਹੈ? ਇਸ ਸਬੰਧੀ ਕਾਨੂੰਨ ਵਿਚ ਕੁਝ ਖ਼ਾਸ ਹੁਕਮ ਨਹੀਂ ਹਨ। ਜੰਗਲ ਨੇੜਲੇ ਇਲਾਕਿਆਂ ਵਿਚ ਸੂਰ ਬਹੁਤ ਹਨ, ਇਨ੍ਹਾਂ ਆਵਾਰਾ ਪਸ਼ੂਆਂ ਨੇ ਖੇਤਾਂ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ ਤੇ ਕੁੱਤਿਆਂ ਨੇ ਲੋਕਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਹੁਣ ਅਕਸਰ ਰੋਜ਼ਾਨਾ ਢੱਠੇ ਸੜਕ ’ਤੇ ਆ ਜਾਂਦੇ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਕੁੱਤੇ ਕਿੰਨੇ ਹੀ ਬੱਚਿਆਂ ਤੇ ਬੁੱਢਿਆਂ ਨੂੰ ਮਾਰ ਰਹੇ ਹਨ, ਪਰ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਚੁੱਪ ਧਾਰੀ ਹੋਈ ਹੈ। ਕਿਤੇ ਗਾਂ ਮਰੀ ਹੋਈ ਮਿਲ ਜਾਵੇ ਤਾਂ ਕਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ ਤਾਂ ਉਹ ਧਰਨਿਆਂ ਤਕ ਉਤਰ ਆਉਂਦੇ ਹਨ। ਧਾਰਮਿਕ ਮਸਲੇ ਵਿਚ ਕੋਈ ਵਿਅਕਤੀ ਮਰ ਜਾਵੇ ਤਾਂ ਉਸ ਲਈ ਸਾਲਾਂ ਬੱਧੀ ਧਰਨੇ ਜ਼ਰੂਰ ਲੱਗਦੇ ਹਨ, ਪਰ ਜਦੋਂ ਕੋਈ ਆਵਾਰਾ ਪਸ਼ੂਆਂ ਜਾਂ ਕੁੱਤਿਆਂ ਰਾਹੀਂ ਮਰਦਾ ਹੈ ਤਾਂ ਉਸ ਦੀ ਕੋਈ ਪੁੱਛ ਨਹੀਂ ਹੈ।
ਹੁਣ ਪਿੰਡਾਂ ਤੇ ਸ਼ਹਿਰਾਂ ਦੇ ਇਹ ਹਾਲਾਤ ਬਣ ਗਏ ਹਨ ਕਿ ਰਾਤਾਂ ਨੂੰ ਸੜਕਾਂ ਅਤੇ ਗਲੀਆਂ ਵਿਚ ਢੱਠਿਆਂ ਤੇ ਕੁੱਤਿਆਂ ਦਾ ਪਹਿਰਾ ਹੁੰਦਾ ਹੈ। ਇੱਥੋਂ ਕਿਸੇ ਵੀ ਆਦਮੀ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਪਤਾ ਨਹੀਂ ਇਹ ਕਦੋਂ ਕਿਸ ਨੂੰ ਮਾਰ ਦੇਣ ਜਾਂ ਵੱਢ ਲੈਣ। ਮੌਜੂਦਾ ਸਰਕਾਰ ਨੇ ਸਫ਼ਾਈ ਨੂੰ ਪਹਿਲ ਦਿੱਤੀ ਹੋਈ ਹੈ, ਪਰ ਸੜਕਾਂ ਤੇ ਗਲੀਆਂ ਵਿਚ ਪਸ਼ੂਆਂ ਤੇ ਕੁੱਤਿਆਂ ਦਾ ਕੀਤਾ ਗਿਆ ਮਲ-ਮੂਤਰ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ। ਇਸ ਸਬੰਧੀ ਸਭ ਚੁੱਪ ਹਨ। ਫ਼ਸਲਾਂ ਉਜਾੜਨ ਕਾਰਨ ਕਿਸਾਨ ਦੁਖੀ ਹਨ, ਦੁੱਖ ਦੇ ਮਾਰੇ ਉਹ ਆਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਸਾਹਮਣੇ ਜਾਂ ਗਊਸ਼ਾਲਾ ਵਿਚ ਲੈ ਕੇ ਆਉਂਦੇ ਹਨ, ਪਰ ਉਨ੍ਹਾਂ ਨੂੰ ਕਿਤੇ ਵੀ ਕੋਈ ਥਾਂ ਨਹੀਂ ਦਿੱਤੀ ਜਾਂਦੀ।
ਆਵਾਰਾ ਕੁੱਤਿਆਂ ਦੀ ਪੈਦਾਵਾਰ ਰੋਕਣ ਲਈ ਖੱਸੀ ਕਰਨ ਦੀ ਨੀਤੀ ਬਣਾਈ ਗਈ ਹੈ, ਪਰ ਹਕੀਕਤ ਵਿਚ ਕੁਝ ਵੀ ਨਹੀਂ, ਬਸ ਅਖ਼ਬਾਰਾਂ ਵਿਚ ਹੀ ਅਜਿਹਾ ਪੜ੍ਹਨ ਨੂੰ ਮਿਲਦਾ ਹੈ। ਸੱਚਾਈ ਇਹ ਹੈ ਕਿ ਪੰਜਾਬ ਦੇ ਕਿਸੇ ਪਿੰਡ ਜਾਂ ਸ਼ਹਿਰ ਵਿਚ ਖੱਸੀ ਕਰਨ ਦੀ ਪ੍ਰਕਿਰਿਆ ਅਜੇ ਤਕ ਸ਼ੁਰੂ ਹੀ ਨਹੀਂ ਕੀਤੀ ਗਈ। ਪ੍ਰਸ਼ਾਸਨ ਨੂੰ ਜੇਕਰ ਕੋਈ ਇਸ ਸਬੰਧੀ ਸਵਾਲ ਕਰਦਾ ਹੈ ਤਾਂ ਉਨ੍ਹਾਂ ਦਾ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਇਹ ਕੰਮ ਕਰਨ ਲਈ ਸਾਡੇ ਕੋਲ ਤਕਨੀਕੀ ਸੰਦ ਨਹੀਂ ਹਨ। ਜਲਦੀ ਹੀ ਫੰਡ ਆਉਣ ’ਤੇ ਇਨ੍ਹਾਂ ਨੂੰ ਮੰਗਵਾ ਕੇ ਕੰਮ ਸ਼ੁਰੂ ਕੀਤਾ ਜਾਵੇਗਾ।
ਸਰਕਾਰ ਨੇ ਕਾਨੂੰਨ ਪਸ਼ੂਆਂ ਦੇ ਹੱਕ ਵਿਚ ਤਾਂ ਬਣਾ ਦਿੱਤਾ, ਪਰ ਇਸਦੇ ਸਿੱਟੇ ਕਿੰਨੇ ਗੰਭੀਰ ਨਿਕਲਣਗੇ, ਇਸਦਾ ਉਨ੍ਹਾਂ ਨੇ ਕੋਈ ਹੱਲ ਨਹੀਂ ਦੱਸਿਆ। ਹਿੰਦੂ ਧਰਮ ਵਿਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ,ਪਰ ਵੇਚਾਰੀਆਂ ਦਾ ਸੜਕਾਂ/ਗਲੀਆਂ ’ਤੇ ਕੀ ਹਸ਼ਰ ਹੋ ਰਿਹਾ ਹੈ, ਇਸ ਨੂੰ ਦੇਖਦੇ ਹੋਏ ਇਸ ਸਮੱਸਿਆ ਦਾ ਯੋਗ ਹੱਲ ਕੱਢਿਆ ਜਾਵੇ। ਢੱਠੇ ਵੀ ਗਊ ਜਾਤੀ ਵਿਚੋਂ ਹਨ, ਉਨ੍ਹਾਂ ਦਾ ਜੋ ਬੁਰਾ ਹਾਲ ਹੈ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਗਲੀਆਂ ਵਿਚ ਗਾਵਾਂ ਨੂੰ ਗੰਦ ਤੇ ਪਲਾਸਟਿਕ ਦੇ ਲਿਫ਼ਾਫ਼ੇ ਖਾਂਦਿਆਂ ਆਮ ਵੇਖਿਆ ਜਾਂਦਾ ਹੈ। ਇਸ ਸਬੰਧੀ ਸਰਕਾਰਾਂ ਤੇ ਪ੍ਰਸ਼ਾਸਨ ਸਭ ਚੁੱਪ ਹਨ। ਇਨ੍ਹਾਂ ਦਾ ਯੋਗ ਹੱਲ ਕੱਢਣਾ ਸਮੇਂ ਦੀ ਵੱਡੀ ਲੋੜ ਹੈ।

ਸੰਪਰਕ: 99148-80392


Comments Off on ਆਵਾਰਾ ਪਸ਼ੂਆਂ ਦੀ ਦਹਿਸ਼ਤ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.