ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਆਪੋ ਆਪਣੀ ਜੁਗਤ

Posted On October - 27 - 2019

ਜਗਦੀਸ਼ ਕੌਰ ਮਾਨ
ਆਪ ਬੀਤੀ

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਇਕ ਮਿਡਲ ਸਕੂਲ ਦੀ ਇੰਚਾਰਜ ਸਾਂ। ਮਿਡਲ ਸਕੂਲ ਵਿਚ ਮੁੱਖ ਅਧਿਆਪਕ ਦੀ ਆਸਾਮੀ ਨਹੀਂ ਹੁੰਦੀ। ਉਚੇਰੀ ਵਿੱਦਿਅਕ ਯੋਗਤਾ ਵਾਲੇ ਅਧਿਆਪਕਾਂ ਵਿਚੋਂ ਸੀਨੀਅਰ ਅਧਿਆਪਕ ਨੂੰ ਇੰਚਾਰਜ ਬਣਾ ਦਿੱਤਾ ਜਾਂਦਾ ਹੈ। ਬਹੁਤ ਸਮੇਂ ਤੋਂ ਮਿਡਲ ਸਕੂਲਾਂ ਦਾ ਕੰਮ ਇਉਂ ਹੀ ਚੱਲਦਾ ਆ ਰਿਹਾ ਸੀ ਕਿ ਅਚਾਨਕ ਹੀ ਮਹਿਕਮੇ ਦੀ ਕੁੰਭਕਰਨੀ ਨੀਂਦ ਖੁੱਲ੍ਹ ਗਈ। ਸਿੱਖਿਆ ਵਿਭਾਗ ਨੇ ਸੋਚ ਵਿਚਾਰ ਤੋਂ ਬਾਅਦ ਕਲੱਸਟਰ ਸਿਸਟਮ ਲਾਗੂ ਕਰ ਦਿੱਤਾ। ਦੋ ਦੋ ਮਿਡਲ ਸਕੂਲਾਂ ਦਾ ਪ੍ਰਬੰਧ ਕਿਸੇ ਨੇੜੇ ਪੈਂਦੇ ਹਾਈ ਸਕੂਲ ਦੇ ਹਵਾਲੇ ਕਰਕੇ ਕਲੱਸਟਰ ਬਣਾ ਦਿੱਤੇ ਗਏ।
ਸਾਡਾ ਸਕੂਲ ਵੀ ਡੇਢ ਕੁ ਮੀਲ ਦੀ ਦੂਰੀ ’ਤੇ ਪੈਂਦੇ ਇਕ ਹਾਈ ਸਕੂਲ ਨਾਲ ਜੋੜ ਦਿੱਤਾ ਗਿਆ। ਉਸ ਸਕੂਲ ਦੇ ਹੈੱਡਮਾਸਟਰ ਪਹਿਲੀ ਵਾਰ ਮੇਰੇ ਸਕੂਲ ਦੀ ਚੈਕਿੰਗ ’ਤੇ ਆਏ। ਮੈਂ ਬਾਹਰ ਹੀ ਖੜ੍ਹੀ ਸਾਂ। ਹੱਥ ਜੋੜ ਕੇ ਜੀ ਆਇਆਂ ਨੂੰ ਆਖਿਆ। ਮੇਰੀ ਸਤਿ ਸ੍ਰੀ ਅਕਾਲ ਦੀ ਮਾੜਾ ਜਿਹਾ ਸਿਰ ਹਿਲਾ ਕੇ ਜਵਾਬ ਦਿੱਤਾ। ਫਿਰ ਸਿੱਧੇ ਹੀ ਮੇਰੇ ਦਫ਼ਤਰ ਵਿਚ ਦਾਖ਼ਲ ਹੋਏ ਤੇ ਜਾਂਦਿਆਂ ਸਾਰ ਕਾਹਲੀ ਨਾਲ ਮੇਰੇ ਮੇਜ਼ ’ਤੇ ਪਏ ਅਧਿਆਪਕ ਹਾਜ਼ਰੀ ਰਜਿਸਟਰ ਨਾਲ ਮੁਲਾਕਾਤ ਕੀਤੀ। ਸਾਰੇ ਅਧਿਆਪਕ ਤੇ ਦਰਜਾ ਚਾਰ ਕਰਮਚਾਰੀ ਹਾਜ਼ਰ ਸਨ ਤੇ ਸਭ ਦੀ ਹਾਜ਼ਰੀ ਲੱਗੀ ਹੋਈ ਸੀ। ਸਫ਼ਾਈ ਸੇਵਕਾ ਵਾਲੇ ਖਾਨੇ ’ਤੇ ਆ ਕੇ ਉਨ੍ਹਾਂ ਨੂੰ ਨੁਕਸ ਕੱਢਣ ਵਾਸਤੇ ਨੁਕਤਾ ਲੱਭ ਹੀ ਗਿਆ।
‘‘ਆਹ ਭਾਈ ਬੀਬਾ! ਸਫ਼ਾਈ ਸੇਵਕਾ ਦੇ ਖਾਨੇ ਵਿਚ ਹਰ ਰੋਜ਼ ‘ਹਾਜ਼ਰ ਹੈ’ ਕੌਣ ਲਿਖਦੈ?’’ ਉਹ ਮੈਨੂੰ ਮੁਖਾਤਿਬ ਹੋਏ।
‘‘ਜੀ ਵੀਰ ਜੀ! ਉਹ ਵਿਚਾਰੀ ਅਨਪੜ੍ਹ ਔਰਤ ਹੈ, ਉਸ ਨੂੰ ਦਸਤਖ਼ਤ ਕਰਨੇ ਨਹੀਂ ਆਉਂਦੇ। ਇਸ ਲਈ ਹਰ ਰੋਜ਼ ਅੰਗੂਠਾ ਲਵਾਉਣ ਨਾਲੋਂ ਮੈਂ ਉਸ ਦੇ ਖਾਨੇ ਵਿਚ ਰੋਜ਼ ‘ਹਾਜ਼ਰ ਹੈ’ ਲਿਖ ਦਿੰਦੀ ਹਾਂ।’’ ਮੈਂ ਆਪਣੇ ਵੱਲੋਂ ਸਪਸ਼ਟੀਕਰਨ ਦਿੱਤਾ।
‘‘ਤੁਸੀਂ ਭਾਈ ਬੀਬਾ! ਇੱਥੇ ਨਿਆਣਿਆਂ ਨੂੰ ਪੜ੍ਹਾਉਣ ਆਉਂਦੇ ਹੋ। ਇਨ੍ਹਾਂ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਨਿਆਣਿਆਂ ਵਿਚ ਹੀ ਗਿਣ ਲਿਆ ਕਰੋ। ਇਸ ਬੀਬੀ ਨੂੰ ਦਸਤਖ਼ਤ ਕਰਨੇ ਸਿਖਾਉਣੇ ਸਮਝ ਲਵੋ ਤੁਹਾਡੀ ਡਿਊਟੀ ਵਿਚ ਹੀ ਸ਼ਾਮਲ ਹੈ। ਮੈਂ ਚਾਰ ਦਿਨਾਂ ਬਾਅਦ ਫਿਰ ਆਵਾਂਗਾ। ਉਦੋਂ ਇਸ ਬੀਬੀ ਦੀ ਆਪਣੇ ਹੱਥਾਂ ਨਾਲ ਲਾਈ ਹਾਜ਼ਰੀ ਮੈਂ ਚੈੱਕ ਕਰਕੇ ਜਾਵਾਂਗਾ।’’ ਉਹ ਹਦਾਇਤ ਦੇ ਕੇ ਸਕੂਟਰ ਸਟਾਰਟ ਕਰਕੇ ਚਲਦੇ ਬਣੇ।
ਮੈਂ ਸਫ਼ਾਈ ਸੇਵਕਾ ਨੂੰ ਕੋਲ ਸੱਦਿਆ ਤੇ ਕਿਹਾ, ‘‘ਸੁਣ ਲਿਐ ਤੂੰ ਹੈੱਡਮਾਸਟਰ ਸਾਹਿਬ ਕੀ ਕਹਿ ਕੇ ਗਏ ਹਨ? ਤੇਰਾ ਨਾਂ ਕਰਤਾਰ ਕੌਰ ਤਾਂ ਸੁਖਾਲਾ ਜਿਹਾ ਨਾਂ ਏ, ਕੋਈ ਬਹੁਤੀਆਂ ਸਿਹਾਰੀਆਂ ਬਿਹਾਰੀਆਂ ਦਾ ਵੀ ਚੱਕਰ ਨਹੀਂ, ਤਿੰਨਾਂ ਦਿਨਾਂ ਦੇ ਅੰਦਰ ਅੰਦਰ ਤੈਨੂੰ ਆਪਣਾ ਨਾਂ ਲਿਖਣਾ ਸਿੱਖਣਾ ਪੈਣੈ। ਦੇਖੀਂ ਕਿਤੇ ਮੈਨੂੰ ਝਿੜਕਾਂ ਨਾ ਪੁਆ ਦੇਵੀਂ।’’ ਮੈਂ ਉਸ ਨੂੰ ਤਾੜਨਾ ਕੀਤੀ।
‘‘ਬੀਬੀ ਜੀ ਤੁਸੀਂ ਆਪ ਸਿਆਣੇ ਓ, ਕਿਤੇ ਬੁੱਢੇ ਤੋਤੇ ਵੀ ਪੜ੍ਹਦੇ ਦੇਖੇ ਨੇ?’’ ਉਹਨੇ ਮੈਨੂੰ ਟਾਲਣ ਵਾਸਤੇ ਹੋਰ ਹੀ ਗੱਲ ਸੁਣ ਦਿੱਤੀ।
‘‘ਤੋਤੇ ਤੋਤੀ ਦਾ ਏਥੇ ਕੋਈ ਸਵਾਲ ਨਹੀਂ। ਤੈਨੂੰ ਦਸਤਖ਼ਤ ਕਰਨੇ ਤਾਂ ਸਿੱਖਣੇ ਹੀ ਪੈਣੇ ਹਨ।’’ ਮੈਂ ਸਖ਼ਤੀ ਨਾਲ ਕਿਹਾ।
‘‘ਚੰਗਾ ਜੀ ਦੇਖਦੇ ਆਂ ਫਿਰ,’’ ਉਹਨੇ ਅਣਮੰਨੇ ਜਿਹੇ ਮਨ ਨਾਲ ਜਵਾਬ ਦਿੱਤਾ।
‘‘ਹੁਣ ਦੇਖਣਾ ਕੀ ਐ, ਕਿਉਂ ਨਾ ਇਹ ਕੰਮ ਆਪਾਂ ਅੱਜ ਤੋਂ ਹੀ ਸ਼ੁਰੂ ਕਰ ਲਈਏ। ਤੂੰ ਇਉਂ ਕਰ, ਮੇਰੇ ਦਫ਼ਤਰ ’ਚੋਂ ਇਕ ਜੋੜਾ ਸਫ਼ੈਦ ਕਾਗਜ਼ਾਂ ਦਾ ਚੁੱਕ ਲਿਆ। ਇਕ ਪੈਨਸਿਲ ਤੇ ਹੇਠਾਂ ਰੱਖਣ ਲਈ ਰਜਿਸਟਰ ਵੀ ਲਿਆਵੀਂ।’’
ਮੈਂ ਦੋ ਜੁੜਵੇਂ ਕਾਗਜ਼ਾਂ ਨੂੰ ਸਿੱਧਾ ਕਰਕੇ ਪੈਨਸਿਲ ਨਾਲ ਤਿੰਨ ਸਿੱਧੇ ਖਾਨੇ ਵਾਹ ਦਿੱਤੇ। ਪਹਿਲੇ ਖਾਨੇ ਵਿਚ ਉਸ ਦਾ ਨਾਂ ਕਰਤਾਰ ਕੌਰ ਪੰਦਰਾਂ ਵੀਹ ਵਾਰ ਮੋਟਾ ਮੋਟਾ ਕਰਕੇ ਲਿਖ ਦਿੱਤਾ। ਦੂਜੇ ਖਾਨੇ ਵਿਚ ਉਸ ਦੇ ਬਰਾਬਰ ਹੀ ਦਾਣੇਦਾਰ ਅੱਖਰਾਂ ਵਿਚ ਉਸ ਦਾ ਨਾਂ ਲਿਖ ਦਿੱਤਾ ਤੇ ਤੀਜਾ ਖਾਨਾ ਖਾਲੀ ਛੱਡ ਦਿੱਤਾ। ਮੈਂ ਉਸ ਨੂੰ ਕਿਹਾ ਕਿ ਦੂਜੇ ਖਾਨੇ ਦੇ ਅੱਖਰਾਂ ਨੂੰ ਪੈਨਸਿਲ ਫੇਰ ਕੇ ਅੱਖਰ ਪੂਰੇ ਕਰੇ ਤੇ ਤੀਜੇ ਖਾਨੇ ’ਚ ਪਹਿਲੇ ਤੇ ਦੂਜੇ ਖਾਨੇ ਦੇ ਅੱਖਰਾਂ ਨੂੰ ਦੇਖ ਕੇ ਅੱਖਰ ਪਾਉਣ ਦੀ ਕੋਸ਼ਿਸ਼ ਕਰੇ। ਆਪੇ ਨਾਂ ਲਿਖਣਾ ਆ ਜਾਵੇਗਾ।
ਰੋਜ਼ ਹੀ ਮੈਂ ਉਸ ਦਾ ਅਭਿਆਸ ਕਰਵਾਉਂਦੀ। ਤਿੰਨ ਦਿਨ ਹੋ ਗਏ ਸਨ, ਪਰ ਸਿੱਖਣ ਦੀ ਭਾਵਨਾ ਦੀ ਅਣਹੋਂਦ ਕਰਕੇ ਉਸ ਨੂੰ ਆਪਣੇ ਨਾਂ ਦਾ ਪਹਿਲਾ ਅੱਖਰ ਵੀ ਪਾਉਣਾ ਨਹੀਂ ਸੀ ਆਇਆ।
‘‘ਬੀਬੀ ਜੀ, ਸੱਚ ਦੱਸਾਂ ਤਾਂ ਇਹ ਕੰਮ ਮੇਰੇ ਵੱਸ ਦਾ ਨਹੀਂ।’’
ਮੈਂ ਫ਼ਿਕਰਮੰਦ ਹੋ ਰਹੀ ਸਾਂ ਕਿ ਹੈੱਡਮਾਸਟਰ ਸਾਹਿਬ ਨੇ ਚੌਥੇ ਦਿਨ ਫਿਰ ਆ ਜਾਣਾ ਹੈ, ਹਾਜ਼ਰੀ ਰਜਿਸਟਰ ਵੀ ਜ਼ਰੂਰ ਚੈੱਕ ਕਰਨਗੇ, ਬੀਬੀ ਤਾਂ ਟੱਸ ਤੋਂ ਮੱਸ ਨਹੀਂ ਹੋ ਰਹੀ, ਹਾਏ ਰੱਬਾ ਹੁਣ ਕੀ ਕਰਾਂ!
ਮੈਂ ਪੰਜਾਬੀ ਮਾਸਟਰ ਗਿਆਨੀ ਕਰਤਾਰ ਸਿੰਘ ਨੂੰ ਸੱਦਿਆ ਤੇ ਇਸ ਕੰਮ ਦੀ ਜ਼ਿੰਮੇਵਾਰੀ ਸੰਭਾਲਣ ਵਾਸਤੇ ਕਿਹਾ।
‘‘ਮੈਡਮ ਜੀ, ਤੁਹਾਨੂੰ ਤਾਂ ਅੱਜ ਤਿੰਨ ਦਿਨ ਹੋ ਗਏ ਇਹਨੂੰ ਸਿਖਾਉਂਦਿਆਂ। ਅਜੇ ਤੀਕ ਇਹਨੂੰ ਆਪਣਾ ਨਾਂ ਲਿਖਣਾ ਵੀ ਨਹੀਂ ਆਇਆ, ਇਹਦੇ ਨਾਂ ਦੇ ਤਾਂ ਅੱਖਰ ਹੀ ਬੜੇ ਸੁਖਾਲੇ ਨੇ।’’
‘‘ਇਹ ਬੀਬੀ ਤਾਂ ਹਾਲੇ ਤੀਕ ਪਹਿਲਾ ਅੱਖਰ ਪਾਉਣਾ ਵੀ ਨਹੀਂ ਸਿੱਖੀ,’’ ਮੈਂ ਦੁਖੀ ਮਨ ਨਾਲ ਦੱਸਿਆ।
‘‘ਲਓ ਜੀ, ਮੈਂ ਤੁਹਾਡਾ ਹੁਕਮ ਤਾਂ ਨਹੀਂ ਮੋੜਦਾ, ਪਰ ਤੁਹਾਨੂੰ ਮੇਰੀ ਇਕ ਸ਼ਰਤ ਮੰਨਣੀ ਪਵੇਗੀ।’’
ਮੇਰੇ ਕੰਨ ਖੜ੍ਹੇ ਹੋ ਗਏ, ‘ਭਲਾ ਇਹ ਮੈਥੋਂ ਕਿਹੜੀ ਸ਼ਰਤ ਮੰਨਵਾਉਣਾ ਚਾਹੁੰਦਾ ਹੈ?’
‘‘ਹਾਂ ਦੱਸੋ ਕਿਹੜੀ ਸ਼ਰਤ ਹੈ?’’ ਮੈਂ ਜਕਦਿਆਂ ਪੁੱਛਿਆ।
ਇਸ ਵਾਰ ਉਹ ਖੁੱਲ੍ਹ ਕੇ ਹੱਸਦਿਆਂ ਬੋਲਿਆ, ‘‘ਤੁਸੀਂ ਕਹੋ ਕਿ ਮੈਂ ਤਾਂ ਹਾਰ ਗਈ।’’
‘‘ਹਾਰ’’ ਸ਼ਬਦ ਮੇਰੇ ਜ਼ਿਹਨ ਵਿਚ ਕਰੰਟ ਵਾਂਗ ਵੱਜਿਆ। ਫਿਰ ਮੈਂ ਹਾਸੇ ਵਿਚ ਹੀ ਕਹਿ ਦਿੱਤਾ, ‘‘ਮੈਂ ਤਾਂ ਹਾਰ ਕੇ ਹੀ ਤੁਹਾਨੂੰ ਸੱਦਿਆ ਹੈ।’’
‘‘ਚੱਲ ਕਰਤਾਰ ਕੁਰੇ, ਮੇਰੀ ਕੁਰਸੀ ਧੁੱਪੇ ਲੈ ਚੱਲ। ਤੂੰ ਆਪਣੇ ਕਾਗਜ਼ ਪੱਤਰ ਉੱਥੇ ਮੇਰੇ ਕੋਲ ਚੁੱਕ ਲਿਆ। ਤੈਨੂੰ ਪੜ੍ਹਣਾ ਲਿਖਣਾ ਸਿਖਾਈਏ।’’
ਘੰਟੇ ਕੁ ਬਾਅਦ ਗਿਆਨੀ ਜੀ ਮੇਰੇ ਕੋਲ ਆ ਕੇ ਕਹਿਣ ਲੱਗੇ, ‘‘ਲਓ ਮੈਡਮ ਜੀ, ਹੋ ਗਿਆ ਕੰਮ। ਕਰਤਾਰ ਕੁਰੇ, ਮੈਡਮ ਨੂੰ ਆਪਣਾ ਨਾਂ ਲਿਖ ਕੇ ਦਿਖਾ।’’
ਜਦੋਂ ਉਸ ਨੇ ਆਪਣਾ ਨਾਂ ਲਿਖ ਕੇ ਕਾਗਜ਼ ਮੇਰੇ ਮੂਹਰੇ ਰੱਖ ਦਿੱਤਾ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਮਾਸਟਰ ਜੀ ਜੇਤੂ ਅੰਦਾਜ਼ ਵਿਚ ਤੁਰੇ ਜਾ ਰਹੇ ਸਨ। ਮੈਂ ਪਿੱਛੋਂ ਕਰਤਾਰ ਕੌਰ ਨੂੰ ਝਿੜਕਣ ਲੱਗੀ, ‘‘ਨਾ ਮੈਨੂੰ ਤਿੰਨ ਦਿਨ ਹੋ ਗਏ ਤੇਰੇ ਨਾਲ ਟੱਕਰਾਂ ਮਾਰਦਿਆਂ। ਗਿਆਨੀ ਜੀ ਨੇ ਕਿਹੜੀ ਜਾਦੂ ਦੀ ਛੜੀ ਘੁਮਾ ਦਿੱਤੀ ਜੋ ਇਕ ਘੰਟੇ ਵਿਚ ਹੀ ਆਪਣਾ ਨਾਂ ਲਿਖਣਾ ਆ ਗਿਆ।’’
‘‘ਬੀਬੀ ਜੀ, ਮੈਂ ਮਾਸਟਰ ਜੀ ਮੂਹਰੇ ਵੀ ਕਈ ਵਾਰ ਗ਼ਲਤੀਆਂ ਕੀਤੀਆਂ। ਇਨ੍ਹਾਂ ਨੇ ਦੱਸਣਾ ਤੇ ਮੈਂ ਭੁੱਲ ਜਾਣਾ। ਫਿਰ ਮਾਸਟਰ ਜੀ ਨੇ ਮੈਨੂੰ ਪੂਰੇ ਗੁੱਸੇ ਨਾਲ ਤਾੜਿਆ, ‘ਕਰਤਾਰ ਕੁਰੇ, ਜੇ ਹੁਣ ਵੀ ਗ਼ਲਤ ਲਿਖਿਆ ਤਾਂ ਤੇਰੇ ਮੂੰਹ ’ਤੇ ਥੱਪੜ ਪਊ’। ਬੱਸ ਜੀ ਮੈਂ ਤਾਂ ਡਰ ਹੀ ਗਈ ਕਿ ਬੈਠੇ ਵੀ ਮੈਦਾਨ ’ਚ ਹਾਂ। ਜੇ ਸਭ ਸਾਹਮਣੇ ਮਾਸਟਰ ਜੀ ਨੇ ਥੱਪੜ ਮਾਰ ਦਿੱਤਾ ਤਾਂ ਮੇਰੀ ਕੀ ਰਹੂ। ਬਸ ਜੀ ਮੈਂ ਡਰ ਨਾਲ ਹੀ ਨਾਂ ਪਾਉਣਾ ਸਿੱਖ ਗਈ।’’
ਹੁਣ ਮੈਨੂੰ ਆਪਣੇ ਆਪ ’ਤੇ ਗੁੱਸਾ ਆ ਰਿਹਾ ਸੀ ਕਿ ਇਹ ਜੁਗਤ ਮੇਰੇ ਤੋਂ ਕਿਉਂ ਨਾ ਵਰਤੀ ਗਈ। ਅਧਿਆਪਕ ਨੂੰ ਤਾਂ ਮੌਕੇ ਮੁਤਾਬਿਕ ਹਰ ਤਰ੍ਹਾਂ ਦੇ ਦਾਅ-ਪੇਚ ਵਰਤਣੇ ਆਉਣੇ ਚਾਹੀਦੇ ਹਨ।

ਸੰਪਰਕ: 98722-21504


Comments Off on ਆਪੋ ਆਪਣੀ ਜੁਗਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.