ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਆਪਣਾ ਕਮਰਾ

Posted On October - 13 - 2019

ਨਰਿੰਦਰ ਸਿੰਘ ਕਪੂਰ
ਸਵੈ-ਵਿਕਾਸ

ਹਰ ਘਰ ਵਿਚ ਇਕ ਹੋਰ ਕਮਰੇ ਦੀ ਲੋੜ ਹੁੰਦੀ ਹੈ। ਪਰਿਵਾਰ ਦੇ ਹਰ ਜੀਅ ਦੀ ਮੰਗ ਹੁੰਦੀ ਹੈ ਕਿ ਉਸ ਦਾ ਆਪਣਾ ਕਮਰਾ ਹੋਵੇ। ਆਪਣੇ ਘਰ ਨੂੰ ਉਡੀਕਦਿਆਂ ਮਨੁੱਖ ਦੀ ਜ਼ਿੰਦਗੀ ਦੇ ਕਈ ਦਹਾਕੇ ਗੁਜ਼ਰ ਜਾਂਦੇ ਹਨ। ਪਰ ਆਪਣਾ ਘਰ ਉਸਾਰਨ ਦੀ ਤਾਂਘ ਵਕਤ ਦੇ ਬੀਤਣ ਨਾਲ ਵਧਦੀ ਜਾਂਦੀ ਹੈ। ਪਿਤਾ ਦੇ ਮਕਾਨ ਵਿਚ ਧੀਆਂ-ਪੁੱਤਰਾਂ ਦਾ ਪਾਲਣ-ਪੋਸ਼ਣ ਕਰਦਿਆਂ ਘਰ ਤੰਗ ਹੋਈ ਜਾਂਦਾ ਹੈ। ਇਸ ਲਈ ਵਿਕਾਸ ਕਰਨ ਲਈ ਹਰ ਕਿਸੇ ਨੂੰ ਆਪਣਾ ਕਮਰਾ ਚਾਹੀਦਾ ਹੁੰਦਾ ਹੈ। ਪਰਿਵਾਰ ਦਾ ਘਰ ਪਰਿਵਾਰ ਦੀ ਸ਼ਖ਼ਸੀਅਤ ਦਾ ਚੌਖਟਾ ਬਣਦਾ ਹੈ ਜਿਸ ਅਨੁਸਾਰ ਚਰਿੱਤਰ ਦਾ ਨਿਰਮਾਣ ਹੁੰਦਾ ਹੈ, ਆਦਤਾਂ ਬਣਦੀਆਂ ਹਨ, ਸੋਚਾਂ ਉਸਰਦੀਆਂ ਹਨ, ਸੁਪਨੇ ਬੁਣੇ ਜਾਂਦੇ ਹਨ। ਘਰ ਦਾ ਆਕਾਰ, ਰੰਗ-ਰੂਪ, ਸਥਾਨ ਅਤੇ ਬਣਤਰ ਸਾਡੇ ਸਾਰਿਆਂ ਉਪਰ ਵਿਸ਼ਾਲ ਪ੍ਰਭਾਵ ਪਾਉਂਦੀ ਹੈ। ਜੇ ਤੁਹਾਡਾ ਆਪਣਾ ਘਰ ਨਹੀਂ ਹੈ ਅਤੇ ਤੁਸੀਂ ਕਿਰਾਏ ਦੇ ਮਕਾਨ ਵਿਚ ਰਹਿੰਦੇ ਹੋ ਤਾਂ ਗੁਜ਼ਾਰਾ ਤਾਂ ਹੁੰਦਾ ਰਹੇਗਾ, ਪਰ ਜਿਊਣ ਦਾ ਅਹਿਸਾਸ ਆਪਣੇ ਘਰ ਵਿਚ ਹੀ ਹੋਵੇਗਾ। ਜਿਨ੍ਹਾਂ ਲੋਕਾਂ ਦਾ ਸਮਾਜਿਕ ਵਿਹਾਰ ਢੁੱਕਵਾਂ ਨਹੀਂ ਹੁੰਦਾ, ਉਸ ਦਾ ਇਕ ਕਾਰਨ ਉਨ੍ਹਾਂ ਦੀ ਅਢੁੱਕਵੀਂ ਰਿਹਾਇਸ਼ ਹੁੰਦਾ ਹੈ। ਤੁਹਾਡਾ ਆਪਣਾ ਘਰ ਹੈ ਕਿ ਨਹੀਂ, ਇਸ ਤੋਂ ਪਤਾ ਲੱਗੇਗਾ ਕਿ ਤੁਹਾਡੇ ਜੀਵਨ ਵਿਚ ਸਫਲ ਹੋਣ ਦੀਆਂ ਸੰਭਾਵਨਾਵਾਂ ਹਨ ਕਿ ਨਹੀਂ। ਜੇ ਚਾਲ੍ਹੀ ਸਾਲ ਦੀ ਉਮਰ ਤਕ ਤੁਹਾਡੇ ਘਰ ਜਾਂ ਕਮਰੇ ਬਾਹਰ ਤੁਹਾਡੇ ਨਾਂ ਦੀ ਤਖਤੀ ਨਹੀਂ ਲੱਗੀ ਤਾਂ ਇਹ ਪ੍ਰਮਾਣ ਹੈ ਕਿ ਤੁਸੀਂ ਜ਼ਿੰਦਗੀ ਵਿਚ ਪਛੜੇ ਹੋਏ ਹੋ। ਅਫ਼ਸਰ ਜਾਂ ਅਧਿਕਾਰੀ ਨੂੰ ਉਸ ਦਾ ਕਮਰਾ ਕੱਜਦਾ ਹੈ, ਬਾਕੀ ਅਮਲਾ ਬਿਨਾਂ ਕੱਜਣ ਦੇ ਹਾਲ ਵਿਚ ਬੈਠਦਾ ਹੈ। ਜੇ ਤੁਸੀਂ ਕਿਸੇ ਅਦਾਰੇ ਦੇ ਮੁਖੀ ਹੋ ਤਾਂ ਅਦਾਰਾ ਭਾਵੇਂ ਛੋਟਾ ਹੋਵੇ, ਭਾਵੇਂ ਵੱਡਾ, ਉੱਥੇ ਸਭ ਕੁਝ ਤੁਹਾਡੇ ਦੱਸੇ-ਕਹੇ ਅਨੁਸਾਰ ਵਾਪਰੇਗਾ। ਅਹੁਦੇ ਦੇ ਵਧਣ ਨਾਲ ਤੁਹਾਡੇ ਕਮਰੇ ਦਾ ਆਕਾਰ ਵੱਡਾ ਹੁੰਦਾ ਜਾਵੇਗਾ ਅਤੇ ਸਹੂਲਤਾਂ ਤੇ ਅਮਲਾ ਵਧਦਾ ਜਾਵੇਗਾ। ਇਹ ਜੀਵਨ ਦੇ ਫੈਲਣ ਅਤੇ ਵਿਕਾਸ ਕਰਨ ਦਾ ਸਬੂਤ ਹੁੰਦਾ ਹੈ।
ਘਰ ਵਿਚ ਤੁਹਾਡਾ ਆਪਣਾ ਕਮਰਾ ਅਕਸਰ ਤੁਹਾਡੇ ਆਪਣੇ ਉਸਾਰੇ ਮਕਾਨ ਵਿਚ ਹੀ ਸੰਭਵ ਹੁੰਦਾ ਹੈ। ਘਰ ਵਿਚ ਕਮਰੇ ਤਾਂ ਕਈ ਹੁੰਦੇ ਹਨ, ਪਰ ਤੁਹਾਡਾ ਕਮਰਾ ਉਹ ਹੁੰਦਾ ਹੈ ਜਿਸ ਨੂੰ ਸਾਰੇ ਤੁਹਾਡਾ ਕਮਰਾ ਮੰਨਦੇ ਹਨ। ਸੰਸਾਰ ਸਾਡੇ ਜੀਵਨ ਦੀ ਪਿੱਠ-ਭੂਮੀ ਹੁੰਦਾ ਹੈ, ਪਰ ਤੁਹਾਡਾ ਕਮਰਾ ਤੁਹਾਡੇ ਜੀਵਨ ਦਾ ਫਰੇਮ ਹੁੰਦਾ ਹੈ। ਇਹ ਤੁਹਾਡੀ ਜ਼ਿੰਦਗੀ ਦੀ ਬੰਦਰਗਾਹ ਹੁੰਦਾ ਹੈ ਜਿੱਥੇ ਤੁਸੀਂ ਪਨਾਹ ਲੈਂਦੇ ਹੋ। ਆਪਣੇ ਕਮਰੇ ਤੋਂ ਭਾਵ ਹੈ ਜਿੱਥੇ ਤੁਹਾਨੂੰ ਸਾਹ ਸੌਖਾ ਆਉਂਦਾ ਹੈ, ਚੀਜ਼ਾਂ-ਵਸਤਾਂ ਤੁਹਾਡੀ ਚਾਹੀ ਤਰਤੀਬ ਅਨੁਸਾਰ ਰੱਖੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਈ ਅੱਗੇ-ਪਿੱਛੇ ਨਹੀਂ ਕਰਦਾ। ਆਪਣੇ ਕਮਰੇ ਵਿਚ ਅਸੀਂ ਆਪਣੀ ਰਫ਼ਤਾਰ ਨਾਲ ਜਿਉਂਦੇ-ਚੱਲਦੇ, ਰੁਕਦੇ, ਵਿਚਰਦੇ ਹਾਂ, ਕਿਸੇ ਦੇ ਮਗਰ ਲੱਗ ਕੇ ਨਹੀਂ ਤੇ ਨਾ ਹੀ ਕਿਸੇ ਦੇ ਅੱਗੇ ਹੋ ਕੇ। ਤੁਹਾਡਾ ਕਮਰਾ ਉਹ ਹੁੰਦਾ ਹੈ, ਜਿੱਥੇ ਤੁਸੀਂ, ਤੁਸੀਂ ਹੁੰਦੇ ਹੋ, ਕਿਸੇ ਦੀ ਨਕਲ ਤੋਂ ਮੁਕਤ, ਮੌਲਿਕ ਤੁਸੀਂ।
ਉਂਜ ਤਾਂ ਸਾਰਾ ਘਰ ਹੀ ਇਸਤਰੀ ਦਾ ਹੁੰਦਾ ਹੈ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਉਸ ਦਾ ਆਪਣਾ ਕੋਈ ਕਮਰਾ ਹੈ? ਵਾਸਤਵ ਵਿਚ ਸਾਰੇ ਘਰ ਦੀ ਪ੍ਰਬੰਧਕੀ ਜ਼ਿੰਮੇਵਾਰੀ ਇਸਤਰੀ ਦੀ ਹੁੰਦੀ ਹੈ, ਪਰ ਉਸ ਦਾ ਆਪਣਾ ਕੋਈ ਕਮਰਾ ਨਹੀਂ ਹੁੰਦਾ ਜਿੱਥੇ ਉਹ ਵਿਸ਼ਵਾਸ ਅਤੇ ਸੌਖ ਨਾਲ ਕੱਪੜੇ ਬਦਲ ਸਕੇ ਅਤੇ ਸਮੇਂ, ਅਵਸਰ ਅਤੇ ਲੋੜ ਅਨੁਸਾਰ ਵਿਚਰ ਸਕੇ। ਭਾਰਤ ਵਿਚ ਘਰ ਵਿਚ ਇਸਤਰੀ ਦਾ ਨਾ ਕੋਈ ਆਪਣਾ ਵਕਤ ਹੁੰਦਾ ਹੈ, ਨਾ ਹੀ ਆਪਣਾ ਸ਼ੌਕ। ਉਸ ਦਾ ਸਾਰਾ ਜੀਵਨ ਹੀ ਹੋਰਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦਿਆਂ ਲੰਘ ਜਾਂਦਾ ਹੈ। ਜਦੋਂ ਸਾਰਿਆਂ ਨੂੰ ਛੁੱਟੀ ਹੁੰਦੀ ਹੈ, ਉਸ ਦਿਨ ਇਸਤਰੀ ਦੇ ਕੰਮ ਅਤੇ ਰੁਝੇਵੇਂ ਵਧ ਜਾਂਦੇ ਹਨ। ਹਰੇਕ ਬੱਚਾ ਲਗਪਗ ਪੰਜ ਸਾਲ ਇਸਤਰੀ ਦਾ ਪੂਰਾ ਧਿਆਨ ਮੱਲੀ ਰੱਖਦਾ ਹੈ। ਇਸ ਕਾਰਨ ਇਸਤਰੀ ਦਾ ਮਾਨਸਿਕ ਵਿਕਾਸ ਨਹੀਂ ਹੁੰਦਾ ਅਤੇ ਜੋ ਵਿੱਦਿਆ ਉਸ ਨੇ ਪ੍ਰਾਪਤ ਕੀਤੀ ਹੁੰਦੀ ਹੈ, ਉਹ ਵੀ ਖੁਰ ਜਾਂਦੀ ਹੈ। ਕੰਮ-ਕਾਜੀ ਔਰਤਾਂ ਤਿੰਨ ਗੁਣਾਂ ਕੰਮ ਕਰਦੀਆਂ ਹਨ ਅਤੇ ਬਜ਼ੁਰਗਾਂ ਤੇ ਆਏ-ਗਏ ਦੀ ਦੇਖ-ਭਾਲ ਕਰਦੀਆਂ ਹਨ। ਅਸਲ ਵਿਚ ਘਰ ਵਿਚ ਆਪਣੇ ਕਮਰੇ ਦੀ ਸਭ ਤੋਂ ਵੱਧ ਲੋੜ ਇਸਤਰੀ ਨੂੰ ਹੁੰਦੀ ਹੈ, ਪਰ ਉਸ ਦੀ ਹਰ ਚੀਜ਼ ਉੱਤੇ ਹੋਰਾਂ ਨੇ ਕਬਜ਼ਾ ਕੀਤਾ ਹੁੰਦਾ ਹੈ। ਹਰ ਕੰਮ ਨੂੰ ਹਾਂ ਕਹਿਣ ਦੀ ਉਸ ਦੀ ਉਦਾਰਤਾ ਕਾਰਨ ਉਸ ਦਾ ਆਪਣਾ ਕੋਈ ਸਮਾਂ ਵੀ ਨਹੀਂ ਹੁੰਦਾ। ਅੰਗਰੇਜ਼ੀ ਨਾਵਲਕਾਰ ਵਰਜੀਨੀਆ ਵੁਲਫ ਨੇ ਇਸਤਰੀ ਦੀ ਆਪਣੇ ਕਮਰੇ ਦੀ ਲੋੜ ਉੱਤੇ ਇਕ ਲੰਮੀ ਵਾਰਤਕ ਰਚਨਾ ਕੀਤੀ ਹੈ ਜਿਸ ਦਾ ਕੇਂਦਰੀ ਭਾਵ ਇਹ ਹੈ ਕਿ ਜੇ ਇਸਤਰੀ ਨੇ ਕੁਝ ਮੁੱਲਵਾਨ ਕਰਨਾ-ਲਿਖਣਾ ਹੈ ਤਾਂ ਉਸ ਨੂੰ ਆਪਣੇ ਕਮਰੇ ਦੀ ਲੋੜ ਪਵੇਗੀ। ਉਸ ਦਾ ਕਥਨ ਹੈ ਕਿ ਇਸਤਰੀ ਵਿਕਾਸ ਉਦੋਂ ਕਰੇਗੀ, ਜਦੋਂ ਉਸ ਨੂੰ ਆਪਣਾ ਕਮਰਾ ਨਸੀਬ ਹੋਵੇਗਾ। ਇਸਤਰੀਆਂ ਨੇ ਜਿੰਨੀਆਂ ਵੀ ਰਚਨਾਵਾਂ ਕੀਤੀਆਂ ਹਨ, ਉਹ ਨਿਤਾ-ਪ੍ਰਤੀ ਦੇ ਰੁਝੇਵਿਆਂ ਵਿਚੋਂ ਸਮਾਂ ਚੁਰਾ ਕੇ ਹੀ ਕੀਤੀਆਂ ਹਨ ਅਤੇ ਉਨ੍ਹਾਂ ਦਾ ਆਪਣਾ ਕਮਰਾ ਹੋਵੇ ਤਾਂ ਉਹ ਹੋਰ ਵੀ ਵਧੇਰੇ ਮੁੱਲਵਾਨ ਰਚਨਾਵਾਂ ਦੇ ਸਕਦੀਆਂ ਹਨ। ਪ੍ਰਸਿੱਧ ਨਾਵਲਕਾਰ ਇਸਤਰੀਆਂ ਆਪਣੇ ਕਮਰੇ ਦੀ ਬਦੌਲਤ ਹੀ ਪ੍ਰਸਿੱਧ ਨਾਵਲ ਲਿਖਦੀਆਂ ਹਨ। ਸੇਲੀ ਵੋਲਫਸਨ ਵਿੱਜਰ ਕੋਲ ਆਪਣਾ ਕਮਰਾ ਸੀ। ਉਸ ਨੂੰ ਤਿੰਨ ਵਾਰੀ ਗਰਭ ਹੋਇਆ ਅਤੇ ਗਰਭ ਦੌਰਾਨ ਆਪਣੇ ਕਮਰੇ ਵਿਚ ਰਹਿਣ ਦੇ ਰਿਵਾਜ ਕਾਰਨ ਹਰੇਕ ਗਰਭ ਦੌਰਾਨ ਉਸ ਨੇ ਇਕ ਨਾਵਲ ਰਚਿਆ ਸੀ।

ਨਰਿੰਦਰ ਸਿੰਘ ਕਪੂਰ

ਘਰ ਦੀ ਬੈਠਕ ਜਾਂ ਡਰਾਇੰਗ-ਰੂਮ ਆਕਾਰ ਵਿਚ ਵੱਡਾ ਅਤੇ ਸਜਾਵਟ ਵਿਚ ਅੱਵਲ ਹੁੰਦਾ ਹੈ, ਪਰ ਇਹ ਪਰਿਵਾਰ ਦੇ ਕਿਸੇ ਜੀਅ ਦਾ ਕਮਰਾ ਨਹੀਂ ਹੁੰਦਾ। ਇਹ ਕਮਰਾ ਬਾਹਰਲਿਆਂ ਲਈ ਹੁੰਦਾ ਹੈ। ਇਸ ਦਾ ਸੁਭਾਓ ਰੇਲਵੇ ਸਟੇਸ਼ਨ ਜਾਂ ਬਾਜ਼ਾਰ ਵਾਲਾ ਹੁੰਦਾ ਹੈ ਜਿੱਥੇ ਦੀ ਰੌਣਕ ਨੂੰ ਥੋੜ੍ਹਾ ਚਿਰ ਹੀ ਮਾਣਿਆ ਜਾਂਦਾ ਹੈ। ਇਹ ਕੁਝ ਚਿਰ ਲਈ ਹੀ ਵਰਤਿਆ ਜਾਂਦਾ ਹੈ। ਹੁਣ ਆਉਣ-ਜਾਣ ਜਾਂ ਮਿਲਣ-ਮਿਲਾਉਣ ਦਾ ਕਾਰਜ ਹੋਟਲਾਂ ਜਾਂ ਕੌਫ਼ੀ ਹਾਊਸਾਂ ਜਾਂ ਸਾਂਝੀਆਂ ਥਾਵਾਂ ’ਤੇ ਹੀ ਕੀਤੇ ਜਾਣ ਕਾਰਨ, ਬੈਠਕ ਦਾ ਆਕਾਰ ਅਤੇ ਮਹੱਤਵ ਸੁੰਗੜਦਾ ਜਾ ਰਿਹਾ ਹੈ। ਯੂਰੋਪ ਦੇ ਕਈ ਘਰਾਂ ਵਿਚ ਡਰਾਇੰਗ-ਰੂਮ ਹੁੰਦਾ ਹੀ ਨਹੀਂ। ਘਰ ਦੇ ਜੀਅ ਖਾਣੇ ਦੀ ਮੇਜ਼ ’ਤੇ ਮਿਲਦੇ ਹਨ ਅਤੇ ਬਹੁਤਾ ਸਮਾਂ ਆਪਣੇ ਬੈੱਡਰੂਮ ਵਿਚ ਗੁਜ਼ਾਰਦੇ ਹਨ ਕਿਉਂਕਿ ਟੈਲੀਵਿਜ਼ਨ ਅਤੇ ਕੰਪਿਊਟਰ ਵੀ ਹੁਣ ਬੈੱਡਰੂਮ ਵਿਚ ਪਹੁੰਚ ਗਿਆ ਹੈ। ਯੂਰੋਪ ਵਿਚ ਘਰ ਛੋਟੇ ਹੁੰਦੇ ਹਨ। ਕਮਰਾ ਭਾਵੇਂ ਛੋਟਾ ਹੀ ਹੋਵੇ, ਪਰ ਹਰ ਕਿਸੇ ਦਾ ਵੱਖਰਾ ਆਪਣਾ ਕਮਰਾ ਹੁੰਦਾ ਹੈ। ਵਿਅਕਤੀਵਾਦੀ ਰੁਚੀ ਦੇ ਸ਼ਕਤੀਸ਼ਾਲੀ ਹੋਣ ਕਾਰਨ ਹੁਣ ਕੋਈ ਕਿਸੇ ਨਾਲ ਰਹਿਣ ਦੀ ਥਾਂ ਵੱਖਰੇ ਕਮਰੇ ਵਿਚ ਰਹਿਣ ਨੂੰ ਤਰਜੀਹ ਦਿੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਨਵੇਂ ਮਕਾਨਾਂ ਦੀ ਵਿਉਂਤਬੰਦੀ ਅਤੇ ਉਸਾਰੀ ਦਾ ਢੰਗ-ਤਰੀਕਾ ਬਦਲ ਗਿਆ ਹੈ। ਹੁਣ ਬੱਚਿਆਂ ਨੂੰ ਵੀ ਆਪਣਾ ਕਮਰਾ ਮਿਲਣ ਲੱਗ ਪਿਆ ਹੈ।
ਮਹੱਤਵਪੂਰਨ ਅਤੇ ਉਚੇਰੀ ਪੜ੍ਹਾਈ ਕਰਨ ਵਾਲਿਆਂ ਦਾ ਜੇ ਆਪਣਾ ਕਮਰਾ ਹੋਵੇ ਤਾਂ ਉਨ੍ਹਾਂ ਦੀ ਕਾਰਗੁਜ਼ਾਰੀ ਬਿਹਤਰ ਹੋ ਜਾਂਦੀ ਹੈ। ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਵਿਚ ਆਪਣਾ ਕਮਰਾ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਸੰਸਾਰ ਦੇ ਵਿਕਸਿਤ ਦੇਸ਼ਾਂ ਵਿਚ ਰਵਾਇਤ ਰਹੀ ਹੈ ਕਿ ਧੀ-ਪੁੱਤਰ ਦੇ ਦਸਵੇਂ ਜਨਮ ਦਿਨ ’ਤੇ ਉਸ ਨੂੰ ਵੱਖਰਾ ਕਮਰਾ ਦਿੱਤਾ ਜਾਂਦਾ ਰਿਹਾ ਹੈ ਅਤੇ ਖੁਸ਼ਹਾਲ ਪਰਿਵਾਰਾਂ ਵਿਚ ਉਸ ਨੂੰ ਨੌਕਰ-ਨੌਕਰਾਣੀ ਦਾ ਤੋਹਫ਼ਾ ਵੀ ਮਿਲਦਾ ਰਿਹਾ ਹੈ। ਇਨ੍ਹਾਂ ਕਾਰਨਾਂ ਅਤੇ ਸਹੂਲਤਾਂ ਕਾਰਨ ਯੂਰੋਪ ਦੇ ਪਤਵੰਤੇ ਪਰਿਵਾਰਾਂ ਵਿਚ ਜਦੋਂ ਵੀ ਕੋਈ, ਕਿਧਰੇ ਜਾਣ ਲਈ ਬਾਹਰ ਨਿਕਲਦਾ ਹੈ ਤਾਂ ਉਸ ਦਾ ਸਮੁੱਚਾ ਲਿਬਾਸ ਤੇ ਵਿਹਾਰ ਹਰ ਪੱਖੋਂ ਮਾਂਜਿਆਂ-ਸੰਵਾਰਿਆ ਅਤੇ ਢੁੱਕਵਾਂ ਹੁੰਦਾ ਹੈ। ਇਨ੍ਹਾਂ ਨੂੰ ਵੇਖ ਕੇ ਆਪ-ਮੁਹਾਰੇ ਮਹਿਸੂਸ ਹੁੰਦਾ ਹੈ ਕਿ ਇਹ ਸੰਸਥਾਵਾਂ, ਉਦਯੋਗ ਉਸਾਰਨ ਅਤੇ ਰਾਜ ਕਰਨ ਲਈ ਜੰਮੇ ਹਨ। ਭਾਰਤ ਵਿਚ ਕਲਕੱਤੇ ਵਿਚ ਰਾਬਿੰਦਰਨਾਥ ਟੈਗੋਰ ਦੇ ਦਾਦੇ ਅਤੇ ਪਿਤਾ ਦੇ ਖਾਨਦਾਨ ਦਾ ਕਈ ਹਵੇਲੀਆਂ ਵਾਲਾ ਮਹੱਲਾ ਹੀ ਆਪਣਾ ਸੀ। ਸਮੁੱਚਾ ਟੈਗੋਰ ਪਰਿਵਾਰ ਇਕ ਵਪਾਰਕ ਘਰਾਣਾ ਸੀ। ਟੈਗੋਰ ਦੇ ਪਿਤਾ ਅਤੇ ਦਾਦੇ ਨੇ ਲਗਪਗ ਡੇਢ ਸੌ ਵਿਦਿਆਰਥੀਆਂ ਨੂੰ ਆਪਣੇ ਵਜ਼ੀਫ਼ੇ ’ਤੇ ਇੰਗਲੈਂਡ ਪੜ੍ਹਨ ਲਈ ਭੇਜਿਆ ਸੀ। ਲਗਪਗ ਤਿੰਨ ਸੌ ਜੀਆਂ ਦੇ ਇਸ ਵਿਸ਼ਾਲ ਖਾਨਦਾਨ ਦਾ ਹਰੇਕ ਜੀਅ ਆਪਣੇ-ਆਪਣੇ ਖੇਤਰ ਦਾ ਮਾਹਿਰ ਸੀ, ਕੋਈ ਨਾਟਕਕਾਰ ਸੀ, ਕੋਈ ਸੰਗੀਤਕਾਰ ਅਤੇ ਜਿਹੜਾ ਵੀ ਨਿਵੇਕਲੀ ਯੋਗਤਾ ਦਾ ਪ੍ਰਮਾਣ ਦਿੰਦਾ ਸੀ, ਉਸ ਨੂੰ ਸਵੈ-ਵਿਕਾਸ ਲਈ ਆਪਣਾ ਕਮਰਾ ਮਿਲ ਜਾਂਦਾ ਸੀ। ਰਾਮਲੀਲ੍ਹਾ ਹਵੇਲੀਆਂ ਦੇ ਇਸ ਮਹੱਲੇ ਵਿਚ ਹੁੰਦੀ ਸੀ ਜਿਸ ਦੇ ਅਦਾਕਾਰ, ਸੰਗੀਤਕਾਰ, ਗਾਇਕ ਅਤੇ ਦਰਸ਼ਕ ਘਰ ਦੇ ਹੀ ਜੀਅ ਹੁੰਦੇ ਸਨ। ਪੰਜਾਬੀ ਸਾਹਿਤ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪ੍ਰੀਤ ਨਗਰ ਵਿਚ ਅਜਿਹਾ ਹੀ ਪ੍ਰਯੋਗ ਕਰਨ ਦਾ ਉਪਰਾਲਾ ਕੀਤਾ ਸੀ ਜਿਹੜਾ ਦੇਸ਼-ਵੰਡ ਦੀ ਭੇਟ ਚੜ੍ਹ ਗਿਆ ਸੀ।
ਆਪਣਾ ਕਮਰਾ ਵਿਅਕਤੀ ਲਈ ਤਾਂ ਹੀ ਸਹਾਈ ਹੁੰਦਾ ਹੈ ਜੇ ਉਸ ਦਾ ਕੋਈ ਮਨੋਰਥ ਹੋਵੇ। ਜੀਵਨ ਵਿਚ ਵਿਕਾਸ ਕਰਨ ਦਾ ਅਵਸਰ ਹਰ ਕਿਸੇ ਨੂੰ ਮਿਲਦਾ ਹੈ, ਪਰ ਚਰਿੱਤਰ ਦੀ ਕਮਜ਼ੋਰੀ ਅਤੇ ਨਿੱਜੀ ਆਦਤਾਂ ਵਿਚ ਪੱਛੜੇ ਹੋਣ ਕਾਰਨ ਹਰ ਕਿਸੇ ਲਈ ਵਿਕਾਸ ਜਾਰੀ ਰੱਖਣਾ ਸੰਭਵ ਨਹੀਂ ਹੁੰਦਾ। ਵਿਹਾਰ ਦੀਆਂ ਹੋਰ ਕਮਜ਼ੋਰੀਆਂ ਹੁੰਦੀਆਂ ਹਨ ਜਿਨ੍ਹਾਂ ਵੱਲ ਪਹਿਲਾਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਵਿਕਾਸ ਦੇ ਰਾਹ ਦੀਆਂ ਰੁਕਾਵਟਾਂ ਬਣ ਜਾਂਦੀਆਂ ਹਨ। ਚੰਗੀ ਤਰ੍ਹਾਂ ਜਿਊਣਾ ਸਭ ਗੱਲਾਂ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਫਰਾਂਸੀਸੀ ਫਿਲਾਸਫਰ ਅਸਤੇ ਨਾਵਲਕਾਰ ਸਾਰਤਰ ਅਤੇ ਸਿਮੋਨ ਦੀ ਜੋੜੀ ਵਿਸ਼ਵ-ਪ੍ਰਸਿੱਧ ਹੈ। ਇਹ ਵਿਆਹੇ ਹੋਏ ਨਹੀਂ ਸਨ, ਪਰ ਇਕੱਠੇ ਰਹਿੰਦੇ ਸਨ ਅਤੇ ਆਪਣੇ-ਆਪਣੇ ਕਮਰੇ ਵਿਚ ਪੜ੍ਹਦੇ-ਲਿਖਦੇ ਸਨ ਅਤੇ ਸ਼ਾਮ ਨੂੰ ਬੁਲਾਏ ਕਲਾਕਾਰਾਂ ਤੇ ਲੇਖਕਾਂ ਨਾਲ ਕਈ ਵਾਰੀ ਸਾਰੀ-ਸਾਰੀ ਰਾਤ ਆਪਣਾ ਚਿੰਤਨ ਸਾਂਝਾ ਕਰਦੇ ਸਨ। ਸਿਮੋਨ ਬੋਲਦੀ ਬਹੁਤ ਮਿੱਠਾ ਸੀ ਅਤੇ ਲਿਖਦੀ ਬਹੁਤ ਤਿੱਖਾ ਸੀ। ਸਾਰਤਰ ਦਾ ਫਰਾਂਸ ਉੱਤੇ ਹੀ ਨਹੀਂ, ਸਾਰੇ ਯੂਰੋਪ ਉੱਤੇ, ਭਾਰਤ ਦੇ ਵਿਦਵਾਨ ਹਲਕਿਆਂ ਵਿਚ ਵੀ, ਡੂੰਘਾ ਪ੍ਰਭਾਵ ਰਿਹਾ ਹੈ। ਸਾਰਤਰ ਦੀ ਸਾਖ ਅਤੇ ਪ੍ਰਭਾਵ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਫਰਾਂਸ ਦੇ ਇਕ ਲੇਖਕ ਜਾਂ ਜੇਨੇ ਦੀ ਉਮਰ ਕੈਦ ਦੀ ਸਜ਼ਾ ਉਸ ਸਮੇਂ ਦੇ ਰਾਸ਼ਟਰਪਤੀ ਜਨਰਲ ਡੀਗਾਲ ਨੇ ਸਾਰਤਰ ਦੇ ਕਹਿਣ ’ਤੇ ਮੁਆਫ਼ ਕਰ ਦਿੱਤੀ ਸੀ।
ਮਨੋਵਿਗਿਆਨਕ ਦ੍ਰਿਸ਼ਟੀ ਤੋਂ ਆਪਣੇ ਕਮਰੇ ਦੇ ਬੜੇ ਲਾਭ ਹੁੰਦੇ ਹਨ। ਇਸ ਨਾਲ ਮਨੁੱਖ ਵਿਚ ਕਲਾਕਾਰ, ਕਵੀ, ਸੰਗੀਤਕਾਰ, ਸਾਹਿਤਕਾਰ, ਚਿੱਤਰਕਾਰ, ਚਿੰਤਕ ਅਤੇ ਖੋਜੀ ਬਣਨ ਦੀਆਂ ਸੰਭਾਵਨਾਵਾਂ ਪੁੰਗਰਦੀਆਂ ਹਨ। ਆਪਣੇ ਕਮਰੇ ਦੀ ਇੱਛਾ ਉਹ ਵਿਅਕਤੀ ਹੀ ਕਰਦਾ ਹੈ ਜਿਸ ਨੇ ਕੁਝ ਮੁੱਲਵਾਨ ਕਰਨਾ ਹੁੰਦਾ ਹੈ। ਆਪਣਾ ਕਮਰਾ ਇਸ ਮੁੱਲਵਾਨ ਨੂੰ ਕਰਨ ਲਈ ਸੁਖਾਵਾਂ ਵਾਤਾਵਰਣ ਪ੍ਰਦਾਨ ਕਰਦਾ ਹੈ। ਇਹ ਇਕਾਂਤ ਸਿਰਜਦਾ ਹੈ ਜਿਸ ਦੀ ਲੋੜ ਸੋਚਵਾਨ ਅਤੇ ਸੂਖ਼ਮ ਬਿਰਤੀ ਵਾਲੇ ਵਿਅਕਤੀ ਨੂੰ ਪੈਂਦੀ ਹੈ। ਸਾਧਾਰਨ ਵਿਅਕਤੀ ਇਕੱਲਤਾ ਤੋਂ ਡਰਦਾ ਹੈ। ਆਪਣੇ ਕਮਰੇ ਵਿਚ ਕਾਹਲ ਨਹੀਂ ਹੁੰਦੀ। ਕਾਹਲਿਆਂ ਦੇ ਰਸਤੇ ਵਿਚ ਰੁਕਾਵਟਾਂ ਹੁੰਦੀਆਂ ਹਨ, ਇਹ ਆਪਣੇ ਕਮਰੇ ਤਕ ਅੱਪੜਦੇ ਹੀ ਨਹੀਂ। ਕੰਮ ਦਾ ਸੁਖਾਵਾਂ ਵਾਤਾਵਰਣ ਹੋਣ ਕਰਕੇ ਅਤੇ ਲੋੜੀਂਦੀਆਂ ਵਸਤਾਂ ਆਪਣੀ ਥਾਂ ’ਤੇ ਪਈਆਂ ਹੋਣ ਕਾਰਨ ਕੰਮ ਨੂੰ ਮੁਲਤਵੀ ਕਰਨ ਦੀ ਆਦਤ ਜਾਂਦੀ ਰਹਿੰਦੀ ਹੈ। ਆਪਣੇ ਕਮਰੇ ਕਾਰਨ ਫਜ਼ੂਲ ਕੰਮਾਂ ਨੂੰ ਨਾਂਹ ਕਹਿਣ ਦੀ ਦਲੇਰੀ ਉਪਜਦੀ ਹੈ। ਕਿਉਂਕਿ ਕੰਮ ਕਰਨ ਦੀ ਨੀਅਤ ਹੁੰਦੀ ਹੈ, ਸੋ ਵਕਤ ਕਦੇ ਨਹੀਂ ਘਟਦਾ। ਆਪਣੇ ਕਮਰੇ ਵਿਚ ਪ੍ਰਸੰਨ ਬਿਰਤੀ ਨਾਲ ਕੰਮ ਕੀਤੇ ਜਾਣ ਕਾਰਨ ਕੰਮਾਂ ਤੋਂ ਪ੍ਰਸੰਨਤਾ ਮਿਲਦੀ ਹੈ। ਪ੍ਰਸੰਨਤਾ ਠੀਕ ਕਾਰਜ ਕਰਨ ਵਿਚੋਂ ਉਪਜਦੀ ਹੈ। ਆਪਣੇ ਕਮਰੇ ਵਿਚ ਲੋਕ-ਪੱਖੀ ਅਤੇ ਇਨਸਾਨ ਦਾ ਸਿਰ ਉੱਚਾ ਕਰਨ ਵਾਲੀਆਂ ਰਚਨਾਵਾਂ ਉਪਜਣਗੀਆਂ, ਸੋਚਣ ਦੀ ਆਦਤ ਪਏਗੀ, ਜਿਉਂ-ਜਿਉਂ ਸੋਚ ਨਿਖਰੇਗੀ, ਸੋਚਾਂ ਸਪਸ਼ਟ, ਸਮੱਸਿਆਵਾਂ ਸਰਲ ਅਤੇ ਸੌਖੀਆਂ ਹੁੰਦੀਆਂ ਜਾਣਗੀਆਂ। ਭਾਵੇਂ ਮਨੁੱਖ ਸਭ ਕੁਝ ਨਹੀਂ ਬਣ ਸਕਦਾ ਅਤੇ ਸਭ ਕੁਝ ਨਹੀਂ ਕਰ ਸਕਦਾ, ਪਰ ਉਹ ਬਹੁਤ ਕੁਝ ਕਰ ਸਕਦਾ ਹੈ। ਸੁਕਰਾਤ ਆਪਣੇ ਇਕ ਕਮਰੇ ਵਾਲੇ ਘਰ ਵਿਚ ਹੀ ਲੋਕ-ਪ੍ਰਲੋਕ ਦੀ ਯਾਤਰਾ ਕਰ ਲੈਂਦਾ ਸੀ। ਨਾਨਕ ਸਿੰਘ ਨੇ ਪੰਜਾਬੀਆਂ ਨੂੰ ਪੜ੍ਹਨ ਦੀ ਆਦਤ ਪਾਈ ਅਤੇ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਕਮਰੇ ਵਿਚ ਸਿਰਜੀਆਂ ਰਚਨਾਵਾਂ ਨਾਲ ਚੰਗਾ ਸਾਹਿਤ ਪੜ੍ਹਨ ਦੀ ਜਾਗ ਲਾਈ ਸੀ ਤੇ ਸਮੁੱਚੇ ਪੰਜਾਬੀ ਸਾਹਿਤ ਉੱਤੇ ਆਪਣੀ ਛਾਪ ਛੱਡੀ ਸੀ। ਨਿਰਸੰਦੇਹ, ਆਪਣੇ ਕਮਰੇ ਵਿਚ ਤੁਸੀਂ ਆਰਾਮ ਵਧੇਰੇ ਕਰੋਗੇ, ਪਰ ਕੰਮ ਕਈ ਗੁਣਾਂ ਵੱਧ ਕਰੋਗੇ ਕਿਉਂਕਿ ਲੋੜੀਂਦੇ ਆਰਾਮ ਉਪਰੰਤ ਵਿਉਂਤ ਦੇ ਸਪਸ਼ਟ ਹੋਣ ਕਾਰਨ ਕੰਮ ਸਰਲ ਅਤੇ ਸਿੱਧਾ ਹੋ ਜਾਂਦਾ ਹੈ। ਨਾਵਲ ਤਿਆਰ ਹੋ ਜਾਂਦਾ ਹੈ, ਬਸ ਲਿਖਣ ਦਾ ਕੰਮ ਰਹਿ ਜਾਂਦਾ ਹੈ। ਜੇ ਘਰ ਵਿਚ ਆਪਣਾ ਵੱਖਰਾ ਕਮਰਾ ਸੰਭਵ ਨਹੀਂ ਤਾਂ ਕਿਸੇ ਕਮਰੇ ਦੇ ਕੋਨੇ ਨੂੰ ਆਪਣੀ ਠਾਹਰ ਬਣਾਇਆ ਜਾ ਸਕਦਾ ਹੈ। ਇਕ ਇਮਾਰਤ ਵਿਚ ਜਿੱਥੇ ਪੌੜੀਆਂ ਮੋੜ ਕੱਟਦੀਆਂ ਹਨ, ਉੱਥੇ ਥੋੜ੍ਹੀ ਜਿਹੀ ਖੁੱਲ੍ਹੀ ਥਾਂ ਨੂੰ ਇਕ ਲੇਖਕ ਨੇ ਆਪਣੇ ਕਮਰੇ ਦਾ ਰੂਪ ਦਿੱਤਾ ਹੋਇਆ ਸੀ। ਲੋੜ ਪੂਰੀ ਕਰਨ ਲਈ ਵਿਉਂਤ ਬਣ ਜਾਂਦੀ ਹੈ।
ਜੇ ਤੁਹਾਡਾ ਆਪਣਾ ਕਮਰਾ ਨਹੀਂ ਤਾਂ ਆਪਣੇ ਕਮਰੇ ਦੀ ਵਿਉਂਤ ਬਣਾਓ। ਆਪਣੀਆਂ ਤਰਜੀਹਾਂ ਦੀ ਮੁੜ ਵਿਉਂਤਬੰਦੀ ਕਰੋ। ਜਦੋਂ ਤਰਜੀਹਾਂ ਬਦਲ ਜਾਂਦੀਆਂ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਪਰਿਵਾਰ ਵਿਚ ਜੇ ਬਜ਼ੁਰਗ ਮਾਪੇ ਹਨ ਤਾਂ ਉਨ੍ਹਾਂ ਨੂੰ ਵੱਖਰੇ ਕਮਰੇ ਦੀ ਸਹੂਲਤ ਦਿਓ, ਉਨ੍ਹਾਂ ਦੀਆਂ ਅਸੀਸਾਂ ਤੁਹਾਡਾ ਰਾਹ ਪੱਧਰਾ ਕਰ ਦੇਣਗੀਆਂ। ਤੁਹਾਡਾ ਕਮਰਾ ਬਕਸਾ ਨਹੀਂ ਹੋਣਾ ਚਾਹੀਦਾ, ਇਹ ਤੁਹਾਡਾ ਸੰਸਾਰ ਹੋਣਾ ਚਾਹੀਦਾ ਹੈ। ਇਹ ਲੁਕਣ ਦੀ ਥਾਂ ਨਹੀਂ ਹੋਣੀ ਚਾਹੀਦੀ, ਇਹ ਬਾਹਰ ਜਾਣ ਲਈ ਤਿਆਰੀ ਦੀ ਥਾਂ ਹੋਣੀ ਚਾਹੀਦੀ ਹੈ। ਤੁਹਾਡੇ ਕਮਰੇ ਵਿਚਲਾ ਮਾਹੌਲ ਬਾਹਰਲੇ ਅਤੇ ਬਾਕੀ ਸੰਸਾਰ ਨਾਲੋਂ ਵੱਖਰਾ ਹੁੰਦਾ ਹੈ ਅਤੇ ਹੋਣਾ ਚਾਹੀਦਾ ਹੈ। ਇਹ ਤੁਹਾਡੀ ਆਤਮਾ ਦੀ ਠਾਹਰ ਅਤੇ ਕਲਪਨਾ ਮੰਡਲ ਵਿਚ ਵਿਚਰਨ ਲਈ ਕੁਤਬ ਮੀਨਾਰ ਦੀ ਸਿਖਰਲੀ ਮੰਜ਼ਿਲ ਹੋਣੀ ਚਾਹੀਦੀ ਹੈ। ਇਕ ਵਾਰੀ ਪ੍ਰਸਿੱਧ ਵਿਗਿਆਨੀ ਆਇੰਸਟਾਈਨ ਦੀ ਪਤਨੀ ਨੇ ਆਪਣੇ ਕਮਰੇ ਅੰਦਰਲੀ, ਆਪਣੀ ਹੀ ਦੁਨੀਆਂ ਵਿਚ ਵਿਚਰਨ ਵਾਲੇ ਪਤੀ ਨੂੰ ਕਿਧਰੇ ਘੁੰਮਣ-ਫਿਰਨ ਵਾਸਤੇ ਜਾਣ ਲਈ ਮਨਾਇਆ। ਜਦੋਂ ਉਹ ਚੱਲਣ ਲੱਗੇ ਤਾਂ ਆਇੰਸਟਾਈਨ ਨੇ ਪਤਨੀ ਨੂੰ ਪੁੱਛਿਆ ਕਿ ਕਿੱਥੇ ਚੱਲੀਏ? ਪਤਨੀ ਨੇ ਕਿਹਾ, ਤੁਸੀਂ ਆਪਣੀ ਪਸੰਦ ਵਾਲੀ ਥਾਂ ਚੱਲੋ ਤੇ ਆਇੰਸਟਾਈਨ ਲੰਮਾ ਗੇੜਾ ਲਾ ਕੇ ਆਪਣੇ ਕਮਰੇ ਵਿਚ ਪਹੁੰਚ ਕੇ ਕਹਿਣ ਲੱਗਾ: ਮੇਰੀ ਸਭ ਤੋਂ ਵੱਧ ਪਸੰਦ ਵਾਲੀ ਥਾਂ ਤਾਂ ਇਹ ਹੈ। ਪ੍ਰਸਿੱਧ ਰਸਾਇਣ ਵਿਗਿਆਨੀ ਦਮਿਤਰੀ ਮੈਂਡਲੇਅਰ ਨੂੰ ਮੁੱਢਲੇ ਕੀਮੀਆਈ ਤੱਤਾਂ ਦੀ ਲੜੀ ਦਾ ਸੁਪਨਾ ਆਪਣੇ ਕਮਰੇ ਵਿਚ ਆਇਆ ਸੀ ਅਤੇ ਜਾਗਣ ’ਤੇ ਉਸ ਨੇ ਰਸਾਇਣ ਵਿਗਿਆਨ ਦਾ ਜਗਤ ਪ੍ਰਸਿੱਧ ਪੀਰੀਆਡਿਕ ਟੇਬਲ ਦਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਸਾਰੇ ਤੱਤ ਸੰਗੀਤ ਦੀਆਂ ਸੁਰਾਂ ਵਾਂਗ ਇਕ-ਦੂਜੇ ਨਾਲ ਜੁੜੇ ਹੋਏ ਹਨ। ਬੀਥੋਵਨ ਦੀ ਇਕ ਜਾਣੂੰ ਇਸਤਰੀ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਤਾਂ ਉਹ ਅਫ਼ਸੋਸ ਕਰਨ ਗਿਆ। ਉਹ ਬੋਲਿਆ ਕੁਝ ਨਹੀਂ, ਉਸ ਦੇ ਕਮਰੇ ਵਿਚ ਇਕੱਲੇ ਬੈਠਿਆਂ ਉਸ ਨੇ ਆਪਣੇ ਸਾਜ਼ ਉੱਤੇ ਇਕ ਧੁਨ ਕੱਢੀ ਜਿਹੜੀ ਮਗਰੋਂ ਯੂਰੋਪ ਵਿਚ ਬੱਚੇ ਦੀ ਮੌਤ ਸਮੇਂ ਵਜਾਉਣ ਦਾ ਰਿਵਾਜ ਪੈ ਗਿਆ। ਪ੍ਰਸਿੱਧ ਰੋਮਾਂਟਿਕ ਕਵੀ ਕਾਲਰਿਜ ਨੂੰ ‘ਕੁਬਲਾ ਖਾਨ’ ਵਾਲੀ ਕਵਿਤਾ ਆਪਣੇ ਕਮਰੇ ਵਿਚ ਲੱਗ ਗਈ ਝਪਕੀ ਦੌਰਾਨ ਸੁੱਝੀ ਸੀ। ਆਪਣੇ ਕਮਰੇ ਵਿਚ ਵਿਚਰਦਿਆਂ ਸੰਗੀਤਕਾਰਾਂ ਨੂੰ ਧੁਨਾਂ, ਕਵੀਆਂ ਨੂੰ ਗੀਤ, ਚਿੱਤਰਕਾਰਾਂ ਨੂੰ ਚਿੱਤਰ ਅਤੇ ਚਿੰਤਕਾਂ ਨੂੰ ਸਿਧਾਂਤ ਸੁੱਝਦੇ ਹਨ। ਆਪਣਾ ਕਮਰਾ ਅਨੁਭਵਾਂ ਦੀ ਟਕਸਾਲ ਬਣ ਜਾਂਦਾ ਹੈ। ਆਪਣੇ ਕਮਰੇ ਅੰਦਰਲਾ ਖਿਲਾਰਾ ਆਪਣਾ ਪਾਇਆ ਹੋਣ ਕਰਕੇ ਪਰੇਸ਼ਾਨ ਨਹੀਂ ਕਰਦਾ। ਆਪਣੇ ਕਮਰੇ ਵਿਚ ਰੌਲਾ ਨਹੀਂ ਹੁੰਦਾ। ਭਾਵੇਂ ਰੌਲਾ ਹੋਵੇ, ਪਰ ਸਤਿਕਾਰ ਚੁੱਪ ਦਾ ਹੁੰਦਾ ਹੈ। ਆਪਣੇ ਕਮਰੇ ਵਿਚ ਕਿਸੇ ਬਨਾਵਟ ਜਾਂ ਪਾਖੰਡ ਦੀ ਲੋੜ ਨਹੀਂ ਪੈਂਦੀ।
ਆਪਣੇ ਕਮਰੇ ਵਿਚ ਵਿਚਰਨ ਦੇ ਆਪਣੇ ਲੰਮੇ ਅਨੁਭਵ ਦੇ ਆਧਾਰ ’ਤੇ ਮੈਂ ਸਿਫ਼ਾਰਸ਼ ਕਰਦਾ ਹਾਂ ਕਿ ਆਪਣੇ ਕਮਰੇ ਦਾ ਪ੍ਰਬੰਧ ਕਰੋ। ਆਪਣੀ ਕਲਪਨਾ ਨੂੰ ਵਿਸਤਾਰਨ ਲਈ, ਨਜ਼ਰ ਨੂੰ ਉੱਚੇ ਚੁੱਕਣ ਲਈ, ਅਨੁਭਵ ਨੂੰ ਡੂੰਘਾ ਕਰਨ ਲਈ, ਨਵੀਆਂ ਸੋਚਾਂ ਉਪਜਾਉਣ ਲਈ, ਜੀਵਨ ਦਾ ਪੱਧਰ ਸੁਧਾਰਨ ਲਈ, ਜਿਊਣ ਦੀ ਤਸੱਲੀ ਵਧਾਉਣ ਲਈ, ਆਪਣੇ ਲਈ ਅਤੇ ਪਰਿਵਾਰ ਦੇ ਹੋਰ ਜੀਆਂ ਲਈ ਆਪਣੇ-ਆਪਣੇ ਕਮਰੇ ਦਾ ਪ੍ਰਬੰਧ ਕਰੋ। ਜੀਵਨ ਦੀ ਸੇਧ ਸੁਧਰ ਜਾਵੇਗੀ, ਉਮਰ ਦੇ ਤੰਦਰੁਸਤ ਵਰ੍ਹੇ ਵਧ ਜਾਣਗੇ ਅਤੇ ਤੁਹਾਡੀਆਂ ਡੂੰਘਾਈਆਂ ਤੇ ਸਿਖਰਾਂ ਬਦਲ ਜਾਣਗੀਆਂ ਅਤੇ ਜਿਊਣ ਦੀ ਜਾਚ ਆ ਜਾਵੇਗੀ।


Comments Off on ਆਪਣਾ ਕਮਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.