ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਅਣਿਆਈ ਮੌਤ

Posted On October - 13 - 2019

ਸਵੈਂ ਪ੍ਰਕਾਸ਼
ਹਿੰਦੀ ਕਹਾਣੀ

ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਨੌਂਵੀਂ ’ਚ ਪੜ੍ਹਦਾ ਸੀ। ਸਾਡੀ ਜਮਾਤ ’ਚ ਅੰਮ੍ਰਿਤ ਲਾਲ ਨਾਮ ਦਾ ਇਕ ਮੁੰਡਾ ਹੁੰਦਾ ਸੀ। ਪਿਆਰ ਨਾਲ ਸਾਰੇ ਉਸ ਨੂੰ ਇੰਮੀ ਕਹਿੰਦੇ ਸਨ। ਇੰਮੀ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਉਹ ਨਾ ਸਿਰਫ਼ ਸਕੂਲ ਦੀ ਫੁੱਟਬਾਲ ਟੀਮ ਵਿਚ ਸ਼ਾਮਲ ਸੀ ਸਗੋਂ ਜ਼ਿਲ੍ਹੇ ਦੀ ਟੀਮ ਵਿਚ ਵੀ ਖੇਡ ਚੁੱਕਾ ਸੀ। ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਕਈ ਵਾਰ ਉਹ ਸਮੇਂ ’ਤੇ ਫੀਸ ਜਮ੍ਹਾਂ ਨਹੀਂ ਕਰਵਾ ਸਕਿਆ ਸੀ ਅਤੇ ਉਸ ਨੂੰ ਅਕਸਰ ਆਪਣੀ ਫੀਸ ਮੁਆਫ਼ ਕਰਵਾਉਣ ਲਈ ਕਦੇ ਕਿਸੇ ਦੇ ਅਤੇ ਕਦੇ ਕਿਸੇ ਦੇ ਪਿੱਛੇ ਘੁੰਮਦਾ ਦੇਖਿਆ ਜਾ ਸਕਦਾ ਸੀ। ਉਸ ਨੂੰ ਕਿਹਾ ਗਿਆ ਸੀ ਕਿ ਜਿਸ ਦਿਨ ਉਹ ਰਾਜ ਪੱਧਰੀ ਟੀਮ ਵਿਚ ਚੁਣਿਆ ਜਾਏਗਾ, ਉਸਦੀ ਫੀਸ ਮੁਆਫ਼ ਕਰ ਦਿੱਤੀ ਜਾਵੇਗੀ। ਨਤੀਜਾ ਇਹ ਨਿਕਲਿਆ ਕਿ ਸਕੂਲ ਤੋਂ ਬਾਅਦ ਹਨੇਰਾ ਹੋਣ ਤੱਕ ਉਹ ਸਕੂਲ ਦੇ ਮੈਦਾਨ ਵਿਚ ਖੇਡਦਾ ਰਹਿੰਦਾ- ਭਾਵੇਂ ਇਕੱਲਾ ਹੀ ਹੁੰਦਾ, ਮੈਦਾਨ ਦੇ ਦੌੜ ਕੇ ਚੱਕਰ ਲਾਉਂਦਾ ਰਹਿੰਦਾ।
ਇਕ ਦਿਨ ਸਵੇਰੇ ਸਵੇਰੇ ਪਤਾ ਲੱਗਿਆ ਕਿ ਇੰਮੀ ਦੇ ਪਿਤਾ ਜੀ ਦੀ ਮੌਤ ਹੋ ਗਈ ਹੈ। ਸਾਨੂੰ ਬੜਾ ਦੁੱਖ ਹੋਇਆ। ਪੂਰੀ ਕਲਾਸ ਨੂੰ ਪਾਲਾ ਮਾਰ ਗਿਆ। ਅੱਧੀ ਛੁੱਟੀ ਵੇਲੇ ਜਦੋਂ ਬਾਹਰ ਨਿਕਲੇ ਤਾਂ ਸੜਕ ’ਤੇ ਇੰਮੀ ਦੇ ਪਿਤਾ ਦੀ ਅੰਤਿਮ ਯਾਤਰਾ ਨਿਕਲ ਰਹੀ ਸੀ। ਸਭ ਤੋਂ ਅੱਗੇ ਇਕ ਆਦਮੀ ਇੰਮੀ ਦੀ ਬਾਂਹ ਫੜ ਕੇ ਤੁਰ ਰਿਹਾ ਸੀ। ਇੰਮੀ ਦੇ ਹੱੱਥ ਵਿਚ ਇਕ ਛਿੱਕਾ ਫੜਿਆ ਹੋਇਆ ਸੀ ਜਿਸ ’ਚ ਰੱਖੀ ਮਟਕੀ ’ਚੋਂ ਧੂੰਆਂ ਨਿਕਲ ਰਿਹਾ ਸੀ। ਪਿੱਛੇ ਪਿੱਛੇ ਉਸ ਦੇ ਪਿਤਾ ਦੀ ਅਰਥੀ ਤੇ ਅਰਥੀ ਪਿੱਛੇ ਚਲਦੇ ਵੀਹ ਪੱਚੀ ਲੋਕ।
ਤੀਜੇ ਦਿਨ ਸਾਡੀ ਜਮਾਤ ਦੇ ਵੱਡੇ ਮੁੰਡਿਆਂ- ਬਾਲਕਿਸ਼ਨ ਤੇ ਰਾਧੇ ਸ਼ਿਆਮ ਨੇ ਆਪਸ ਵਿਚ ਕੁਝ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਬੁਲਾ ਕੇ ਕਿਹਾ ਕਿ ਸਾਨੂੰ ਇੰਮੀ ਦੇ ਘਰ ਬੈਠਣ ਜਾਣਾ ਚਾਹੀਦਾ ਹੈ। ਉਸ ਸਮੇਂ ਮੈਨੂੰ ਨਹੀਂ ਸੀ ਪਤਾ ਕਿ ਬੈਠਣ ਜਾਣ ਦਾ ਮਤਲਬ ਅਫ਼ਸੋਸ ਕਰਨ ਜਾਣਾ ਹੁੰਦਾ ਹੈ। ਬਾਲ ਕਿਸ਼ਨ ਤੇ ਰਾਧੇ ਸ਼ਿਆਮ ਦੇ ਸੁਝਾਅ ਨਾਲ ਸਾਰੇ ਸਹਿਮਤ ਹੋ ਗਏ।
ਪਰ ਜਦੋਂ ਅਮੀਰ ਵਕੀਲ ਕੁਟੁੰਬਲੇ ਦੇ ਬੇਟੇ ਅਸ਼ੋਕ ਨੇ ਕਿਹਾ ਕਿ ਕੱਲ੍ਹ ਸਾਰੇ ਚਿੱਟੇ ਕੱਪੜੇ ਪਾ ਕੇ ਆਉਣਗੇ ਤਾਂ ਮਾਮਲਾ ਥੋੜ੍ਹਾ ਉਲਝ ਗਿਆ। ਸਾਰਿਆਂ ਕੋਲ ਚਿੱਟੀ ਪੈਂਟ-ਸ਼ਰਟ ਹੈ ਵੀ ਨਹੀਂ ਸੀ। ਜੇ ਇਕ ਦੋ ਕੋਲ ਸੀ ਵੀ ਤਾਂ ਸਾਫ਼ ਨਹੀਂ ਸੀ, ਜਾਂ ਫਟੀ ਹੋਈ ਸੀ। ਦੂਜੀ ਗੱਲ ਇਹ ਸੀ ਕਿ ਚਿੱਟੇ ਕੱਪੜੇ ਪਾਉਣ ਲਈ ਛੁੱਟੀ ਤੋਂ ਬਾਅਦ ਪਹਿਲਾਂ ਘਰ ਜਾਣਾ ਪੈਣਾ ਸੀ, ਫਿਰ ਘਰ ਵਾਲੇ ਜਾਣ ਦਿੰਦੇ ਜਾਂ ਨਾ। ਬਹੁਤੇ ਬੱਚਿਆਂ ਲਈ ਸਕੂਲ ਦੀ ਛੁੱਟੀ ਤੋਂ ਬਾਅਦ ਸਕੂਲ ਤੋਂ ਸਿੱਧਾ ਇੰਮੀ ਦੇ ਘਰ ਜਾਣਾ ਸੌਖਾ ਸੀ। ਉਂਜ ਵੀ ਉਸ ਦਾ ਘਰ ਸਕੂਲ ਤੋਂ ਜ਼ਿਆਦਾ ਦੂਰ ਨਹੀਂ ਸੀ।
ਇਉਂ ਅਗਲੇ ਦਿਨ ਅਸੀਂ ਸਕੂਲ ਤੋਂ ਸਿੱਧੇ ਇੰਮੀ ਦੇ ਘਰ ਗਏ- ਬੈਠਣ ਵਾਸਤੇ। ਇੰਮੀ ਦਾ ਘਰ ਬਹੁਤ ਸਾਰੇ ਦਰੱਖਤਾਂ ਨਾਲ ਘਿਰਿਆ ਹੋਇਆ ਇਕ ਖੰਡਰਨੁਮਾ, ਪਰ ਹਵਾਦਾਰ ਇਕ ਮੰਜ਼ਿਲਾ ਮਕਾਨ ਸੀ ਜੋ ਇਸ ਸਮੇਂ ਬਹੁਤ ਸੁੰਨਾ-ਸੁੰਨਾ ਲੱਗ ਰਿਹਾ ਸੀ। ਅਸੀਂ ਸੰਕੋਚ ਦੇ ਮਾਰੇ ਬਾਹਰ ਖੜ੍ਹੇ ਏਧਰ ਉਧਰ ਦੇਖ ਰਹੇ ਸਾਂ। ਏਨੀ ਦੇਰ ’ਚ ਇਕ ਵੱਡੀ ਉਮਰ ਦੀ ਕੁੜੀ ਨੇ ਸਾਨੂੰ ਦੇਖ ਕੇ ਪੁੱਛਿਆ, ‘‘ਕੀਹਨੂੰ ਮਿਲਣਾ ਹੈ? ਇੰਮੀ ਨੂੰ? ਆ ਜਾਓ, ਆ ਜਾਓ, ਇੰਮੀ…. ਤੇਰੇ ਦੋਸਤ ਆਏ ਨੇ।’’
ਬੋਲਦੀ ਬੋਲਦੀ ਲੜਕੀ ਮਕਾਨ ਦੇ ਪਿੱਛੇ ਚਲੀ ਗਈ।
ਅਸੀਂ ਹੌਲੀ ਹੌਲੀ ਚਲਦੇ ਚੁੱਪ-ਚਾਪ ਅੰਦਰ ਚਲੇ ਗਏ ਅਤੇ ਮਕਾਨ ਦੇ ਨੰਗੇ ਠੰਢੇ ਫਰਸ਼ ’ਤੇ ਇਕ ਦੂਜੇ ਵਿਚ ਫਸ ਕੇ ਪਲਾਥੀ ਮਾਰ ਕੇ ਬੈਠ ਗਏ। ਚਾਰ ਪੰਜ ਮਿੰਟ ਬਾਅਦ ਇੰਮੀ ਆਇਆ। ਆਪਣੇ ਨਾਪ ਤੋਂ ਕਿਤੇ ਛੋਟਾ ਗੁੱਛਾ-ਮੁੱਛਾ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਈ, ਚੋਪੜਿਆ ਹੋਇਆ ਸਿਰ ਤੇ ਪਿੱਛੇ ਛੋਟੀ ਜਿਹੀ ਬੋਦੀ। ਇੰਮੀ ਜ਼ੋਰ-ਜ਼ੋਰ ਨਾਲ ਬੋਲਦਾ ਹੋਇਆ ਅੰਦਰ ਆਇਆ, ‘‘ਮੈਂ ਸੋਚ ਹੀ ਰਿਹਾ ਸੀ ਕਿ ਸਕੂਲ ਤੋਂ ਕੋਈ ਨਾ ਕੋਈ ਆਏਗਾ ਜ਼ਰੂਰ। ਹੋਰ? ਕੀ ਹਾਲ ਹੈ? ਕਿਵੇਂ ਚੱਲ ਰਿਹਾ ਹੈ? ਕੀ ਕੱਲ੍ਹ ਹਿਸਾਬ ਦਾ ਟੈਸਟ ਹੋਇਆ ਸੀ? ਹੋਰ ਗਹਿਲੋਤ ਸਰ ਦੇ ਕੀ ਹਾਲ ਐ? ਜੇ ਸਟੇਟ ਵਿਚ ਸਿਲੈਕਟ ਕਰਵਾ ਦਿੰਦੇ ਤਾਂ ਘੱਟ ਤੋਂ ਘੱਟ ਜੁੱਤੇ ਤੇ ਜਰਸੀ ਤਾਂ ਮਿਲ ਜਾਂਦੀ, ਪਰ ਉਨ੍ਹਾਂ ਦੀਆਂ ਤਾਂ ਫਰਮਾਇਸ਼ਾਂ ਹੀ ਗਜ਼ਬ ਸਨ!! ਹਾਂ ਸੱਚ, ਭਾਰਗਵ ਆ ਰਿਹੈ? ਉਹਦੇ ਕੋਲ ਮੇਰੀ ਮੈਥ ਦੀ ਕਾਪੀ ਰਹਿ ਗਈ ਸੀ। ਖ਼ੈਰ! ਉਹਨੂੰ ਕਹਿਣਾ ਕਿ ਹੁਣ ਉਹ ਰੱਖ ਲਵੇ। ਹੁਣ ਮੈਨੂੰ ਉਸ ਦੀ ਲੋੜ ਨਹੀਂ।’’
‘‘ਤੇਰੇ ਪਿਤਾ ਜੀ ਨੂੰ ਕੀ ਹੋਇਆ ਸੀ ਇੰਮੀ?’’ ਅਸ਼ੋਕ ਨੇ ਪੁੱਛਿਆ।

ਸਵੈਂ ਪ੍ਰਕਾਸ਼

‘‘ਉਨ੍ਹਾਂ ਨੂੰ ਤਾਂ ਟੀਬੀ ਸੀ ਨਾ! ਬਹੁਤ ਦਿਨਾਂ ਤੋਂ ਸੀ,’’ ਇੰਮੀ ਨੇ ਇਸ ਤਰ੍ਹਾਂ ਕਿਹਾ ਜਿਵੇਂ ਇਹ ਗੱਲ ਹੋਰਾਂ ਦੀ ਤਰ੍ਹਾਂ ਸਾਨੂੰ ਵੀ ਪਤਾ ਹੋਣੀ ਚਾਹੀਦੀ ਸੀ। ਏਨੇ ਚਿਰ ਵਿਚ ਉਹੀ ਵੱਡੀ ਲੜਕੀ ਪਿੱਤਲ ਦੀ ਗੜਵੀ ਵਿਚ ਠੰਢਾ ਪਾਣੀ ਲੈ ਆਈ। ਨਾਲ ਪਿੱਤਲ ਦਾ ਗਲਾਸ ਵੀ। ਪਿਆਸ ਤਾਂ ਸਾਨੂੰ ਸਾਰਿਆਂ ਨੂੰ ਲੱਗੀ ਸੀ। ਸਾਰਿਆਂ ਨੇ ਪਾਣੀ ਪੀਤਾ।
ਫਿਰ ਪਿੱਛੇ ਕੁਝ ਸ਼ੋਰ ਸੁਣਾਈ ਦਿੱਤਾ ਤਾਂ ਇੰਮੀ ਉੱਠ ਕੇ ਦੇਖਣ ਗਿਆ ਤੇ ਤੁਰੰਤ ਮੁੜ ਆਇਆ। ਉਸ ਦੇ ਹੱਥ ਵਿਚ ਅੱਠ-ਦਸ ਅਮਰੂਦ ਸਨ। ‘‘ਅਮਰੂਦ ਖਾਉਗੇ? ਆਪਣੇ ਬਗੀਚੇ ਦੇ ਐ। ਲਓ ਖਾਓ। ਕਈ ਤਾਂ ਤੋਤੇ ਕੁਤਰ ਜਾਂਦੇ ਹਨ। ਤੁਹਾਨੂੰ ਪਤਾ ਹੈ ਤੋਤਿਆਂ ਦੇ ਕੁਤਰੇ ਹੋਏ ਅਮਰੂਦ ਬਹੁਤ ਮਿੱਠੇ ਹੁੰਦੇ ਐ! ਲਓ…’’ ਉਹ ਸਾਰਿਆਂ ਵੱਲ ਇਕ-ਇਕ ਅਮਰੂਦ ਸੁੱਟਦਾ ਗਿਆ, ਅਸੀਂ ਕੈਚ ਕਰਦੇ ਗਏ। ਸਮਝ ਨਹੀਂ ਆ ਰਿਹਾ ਸੀ ਖਾਈਏ ਕਿ ਨਾ ਖਾਈਏ, ਪਰ ਇੰਮੀ ਖ਼ੁਦ ਖਾ ਰਿਹਾ ਸੀ। ਸਾਨੂੰ ਸੰਕੋਚ ਕਰਦੇ ਵੇਖ ਕੇ ਬੇਪਰਵਾਹੀ ਨਾਲ ਬੋਲਿਆ, ‘‘ਖਾਓ ਯਾਰ, ਸਾਡੇ ਚਲਦੈ।’’
ਸੰਕੋਚ ਦੇ ਮਾਰੇ ਅਸੀਂ ਹੌਲੀ ਹੌਲੀ ਖਾਣ ਲੱਗੇ। ਅਮਰੂਦ ਮਿੱਠੇ ਸਨ। ਭੁੱਖ ਤਾਂ ਲੱਗੀ ਹੀ ਸੀ। ਇੰਮੀ ਬੋਲਿਆ, ‘‘ਤੋਤੇ ਐ ਨਾ, ਐਨੇ ਆਉਂਦੇ ਐ ਕਿ ਕੀ ਦੱਸਾਂ, ਖਾਣ ਤਾਂ ਖਾਣ ਕੋਈ ਗੱਲ ਨਹੀਂ, ਪਰ ਇਹ ਕੱਚਿਆਂ ਨੂੰ ਹੀ ਥੋੜ੍ਹਾ ਜਿਹਾ ਕੁਤਰ ਕੇ ਸੁੱਟ ਦਿੰਦੇ ਐ। ਅਸੀਂ ਜਾਲੀ ਵੀ ਵਿਛਾਈ ਤਾਂ ਭੈੜੇ ਜਾਲੀ ਨੂੰ ਹੀ ਕੱਟ ਗਏ। ਹੋਰ ਖਾਓਗੇ? ਛੱਡੋ ਯਾਰ… ਤੁਸੀਂ ਪਿੱਛੇ ਹੀ ਕਿਉਂ ਨਹੀਂ ਆ ਜਾਂਦੇ? ਆਪਾਂ ਪਿੱਛੇ ਹੀ ਚਲਦੇ ਹਾਂ। ਜੱਕੂ ਨੂੰ ਚੜ੍ਹਾ ਦਿਆਂਗੇ, ਉਹ ਤੋੜ-ਤੋੜ ਦਿੰਦਾ ਜਾਊਗਾ। ਕੋਈ ਹੋਰ ਨਾ ਚੜ੍ਹਿਉ। ਅਮਰੂਦ ਦੀਆਂ ਟਹਿਣੀਆਂ ਕੱਚੀਆਂ ਹੁੰਦੀਆਂ ਹਨ।’’ ਬੋਲਦੇ-ਬੋਲਦੇ ਹੀ ਉਹ ਤੁਰ ਪਿਆ। ਪਿੱਛੇ-ਪਿੱਛੇ ਅਸੀਂ…।
ਘਰ ਦੇ ਪਿਛਲੇ ਵਿਹੜੇ ਵਿਚ ਅਮਰੂਦਾਂ ਦੇ ਦੋ ਵੱਡੇ ਵੱਡੇ ਰੁੱਖ ਲੱਗੇ ਸਨ। ਫ਼ਲਾਂ ਨਾਲ ਲੱਦੇ ਪਏ ਸਨ। ਕੁਝ ਛੋਟੇ ਬੱਚੇ ਅਮਰੂਦ ਤੋੜ ਕੇ ਖਾ ਰਹੇ ਸਨ। ਸਾਨੂੰ ਦੇਖ ਕੇ ਉਹ ਭੱਜ ਗਏ। ਅਸੀਂ ਵੀ ਅਮਰੂਦ ਖਾਣ ਲੱਗੇ ਅਤੇ ਥੋੜ੍ਹੀ ਦੇਰ ਲਈ ਇਹ ਭੁੱਲ ਹੀ ਗਏ ਕਿ ਅਸੀਂ ਏਥੇ ਅਮਰੂਦ ਖਾਣ ਨਹੀਂ ਬੈਠਣ ਆਏ ਸੀ।
ਕੋਈ ਘੰਟੇ ਬਾਅਦ ਬਾਹਰ ਨਿਕਲਣ ਲੱਗੇ ਤਾਂ ਮੱਜੂ ਨੇ ਇੰਮੀ ਨੂੰ ਪੁੱਛਿਆ, ‘‘ਇੰਮੀ! ਤੂੰ ਸਕੂਲ ਕਦੋਂ ਆਏਂਗਾ?’’ ਉਹ ਬੋਲਿਆ, ‘‘ਹੁਣ ਨਹੀਂ ਆਊਂਗਾ।’’ ਰਾਧੇ ਸ਼ਿਆਮ ਨੇ ਪੁੱਛਿਆ, ‘‘ਤਾਂ ਫਿਰ ਕੀ ਕਰੇਂਗਾ?’’
ਉਹ ਬੋਲਿਆ, ‘‘ਸਬਜ਼ੀ ਦੀ ਰੇੜ੍ਹੀ ਲਾਵਾਂਗਾ। ਜਿੱਥੇ ਬਾਊ ਜੀ ਲਾਉਂਦੇ ਸੀ- ਭੰਡਾਰੀ ਮਿੱਲ ਦੇ ਸਾਹਮਣੇ- ਉੱਥੇ ਲਾਵਾਂਗਾ। ਚਾਚੇ ਹੋਰੀਂ ਪਿੰਡੋਂ ਸਬਜ਼ੀ ਲਿਆਉਂਦੇ ਹਨ। ਉਨ੍ਹਾਂ ਦੇ ਦੋਵੇਂ ਬੇਟੇ ਹੁਕਮਚੰਦ ਮਿੱਲ ਦੇ ਅੱਗੇ ਲਾਉਂਦੇ ਹਨ। ਮੈਂ ਏਧਰ ਲਾਊਂਗਾ। ਦਿਨ ਦੇ ਪੰਜਾਹ ਰੁਪਈਏ ਵੀ ਕਮਾ ਲਏ ਤਾਂ ਬਹੁਤ ਐ ਯਾਰ! ਮੈਂ ਆਂ ਅਤੇ ਮਾਂ ਐ। ਹੋਰ ਹੈ ਕੌਣ? ਇਕ ਭੈਣ ਸੀ ਉਹਦਾ ਵਿਆਹ ਕਰ’ਤਾ। ਵੈਸੇ ਵੀ ਆਦਮੀ ਪੜ੍ਹ ਲਿਖ ਕੇ ਵੀ ਕੀ ਕਰਦਾ ਹੈ? ਕੰਮ ਧੰਦਾ ਹੀ ਤਾਂ ਕਰਦਾ ਹੈ।’’
‘‘ਤੇ ਫੁੱਟਬਾਲ?’’ ਕਿਸੇ ਨੇ ਹੌਲੀ ਜਿਹੀ ਪੁੱਛਿਆ। ‘‘ਫੁੱਟਬਾਲ ਨਾਲ ਰੋਟੀ ਨਹੀਂ ਮਿਲਦੀ। ਸਮਝੇ?? ਕੋਈ ਕਿੰਨਾ ਵੀ ਵੱਡਾ ਪਲੇਅਰ ਹੋ ਜਾਵੇ…। ਸਮਝੇ? ਇਹ ਖੇਡ-ਖੂਡ ਸਭ ਭਰੇ ਢਿੱਡ ਵਾਲਿਆਂ ਦੀਆਂ ਗੱਲਾਂ ਨੇ।’’ ਇੰਮੀ ਚਿੜ ਗਿਆ, ‘‘ਹੋ ਜਾਓ ਪਲੇਅਰ, ਪਰ ਕੰਮ ਧੰਦਾ ਤਾਂ ਤੁਹਾਨੂੰ ਕਰਨਾ ਹੀ ਪੈਣਾ ਹੈ।’’
ਉਸ ਦੀ ਗੱਲ ਸੁਣ ਕੇ ਅਸੀਂ ਚੁੱਪ ਤੇ ਉਦਾਸ ਹੋ ਗਏ। ਲੱਗ ਰਿਹਾ ਸੀ ਜਿਵੇਂ ਉਹ ਸਾਨੂੰ ਨਹੀਂ, ਖ਼ੁਦ ਨੂੰ ਸਮਝਾ ਰਿਹਾ ਸੀ। ਬੋਲਦੇ ਸਮੇਂ ਉਸ ਦੀ ਆਵਾਜ਼ ਕੰਬ ਰਹੀ ਸੀ। ਲੱਗ ਰਿਹਾ ਸੀ ਜਿਵੇਂ ਕਿਸੇ ਵੀ ਪਲ ਉਹ ਰੋ ਪਵੇਗਾ। ਰਾਧੇ ਸ਼ਿਆਮ ਨੇ ਇੰਮੀ ਨੂੰ ਗਲ ਨਾਲ ਲਾ ਲਿਆ ਤੇ ਕਿਹਾ, ‘‘ਤੇਰੇ ਪਿਤਾ ਜੀ ਦੀ ਮੌਤ ਦਾ ਬਹੁਤ ਅਫ਼ਸੋਸ ਹੋਇਆ ਇੰਮੀ।’’ ਇੰਮੀ ਬੋਲਿਆ, ‘‘ਸਭ ਲਿਖਾ ਕੇ ਲਿਆਉਂਦੇ ਐ ਭਰਾ। ਜਦੋਂ ਖ਼ਤਮ ਹੋ ਜਾਂਦੀ ਐ ਤਾਂ ਹੋ ਜਾਂਦੀ ਐ। ਫਿਰ ਰੋਵੋ ਭਾਵੇਂ ਛਾਤੀ ਪਿੱਟੋ, ਚਾਹੇ ਕੁਝ ਵੀ ਕਰੋ।’’ ਉਹ ਆਪਣੀ ਉਮਰ ਤੋਂ ਬਹੁਤ ਵੱਡਾ ਲੱਗ ਰਿਹਾ ਸੀ ਅਤੇ ਇਕਦਮ ਵੱਡੇ ਬੰਦਿਆਂ ਵਾਂਗ ਬੋਲ ਰਿਹਾ ਸੀ। ਅਸੀਂ ਚੁੱਪ-ਚਾਪ ਮੂੰਹ ਲਟਕਾ ਕੇ ਬਾਹਰ ਨਿਕਲ ਆਏ ਅਤੇ ਵਾਪਸ ਆ ਗਏ।
ਚਾਰ ਪੰਜ ਸਾਲ ਬਾਅਦ ਇਕ ਸ਼ਾਮ ਕੁਝ ਬੱਚੇ ਸਕੂਲ ਦੇ ਮੈਦਾਨ ਵਿਚ ਫੁੱਟਬਾਲ ਖੇਡ ਰਹੇ ਸੀ ਕਿ ਮੀਂਹ ਆ ਗਿਆ, ਹਨੇਰਾ ਜਿਹਾ ਹੋ ਗਿਆ। ਪਰ ਖੇਡ ਬੰਦ ਨਹੀਂ ਹੋਈ। ਕੁਝ ਬੱਚੇ ਮੀਂਹ ਵਿਚ ਤਰ-ਬ-ਤਰ ਭਿੱਜਦੇ ਹੋਏ ਵੀ ਖੇਡ ਰਹੇ ਸਨ। ਅਚਾਨਕ ਇਕ ਲੰਮਾ ਚੌੜਾ ਆਦਮੀ ਪਤਾ ਨਹੀਂ ਕਿੱਥੋਂ ਆਇਆ ਅਤੇ ਬੱਚਿਆਂ ਨਾਲ ਖੇਡਣ ਲੱਗਾ। ਉਹ ਸਾਰਿਆਂ ਨੂੰ ਝਕਾਨੀ ਦੇ ਰਿਹਾ ਸੀ। ਉਸ ਨਾਲ ਲਟਕਣ, ਚਿੰਬੜਣ ਦੇ ਬਾਵਜੂਦ ਉਹ ਉਸ ਤੋਂ ਗੇਂਦ ਖੋਹਣ ਵਿਚ ਕਾਮਯਾਬ ਨਹੀਂ ਹੋ ਰਹੇ ਸਨ।
ਘੰਟੇ ਭਰ ਬਾਅਦ ਉਹ ਆਦਮੀ ਕੱਪੜੇ ਨਿਚੋੜਦਾ ਚੁੱਪ-ਚਾਪ ਉੱਧਰ ਚਲਾ ਗਿਆ ਜਿੱਥੇ ਸੜਕ ਕਿਨਾਰੇ ਇਕ ਸਬਜ਼ੀ ਦੀ ਰੇੜ੍ਹੀ ਤੇਜ਼ ਮੀਂਹ ਵਿਚ ਲਾਵਾਰਸਾਂ ਵਾਂਗ ਖੜ੍ਹੀ ਸੀ।

– ਪੰਜਾਬੀ ਰੂਪ: ਜਸਵੰਤ ਮੁਹਾਲੀ


Comments Off on ਅਣਿਆਈ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.